ਪੰਜਾਬ ਵਿੱਚ ਇਕ ਦਿਨ ’ਚ ਆਏ 127 ਨਵੇਂ ਕੇਸ
ਚੰਡੀਗੜ੍ਹ : ਪੰਜਾਬ ਵਿੱਚ ਕਰੋਨਾਵਾਇਰਸ ਦੇ ਲਗਾਤਾਰ ਵਧਦੇ ਮਾਮਲਿਆਂ ਦੌਰਾਨ ਮੌਤਾਂ ਦਾ ਸਿਲਸਿਲਾ ਵੀ ਜਾਰੀ ਹੈ। ਬੀਤੇ 24 ਘੰਟਿਆਂ ਦੌਰਾਨ 127 ਸੱਜਰੇ ਮਾਮਲਿਆਂ ਨਾਲ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 3267 ਹੋ ਗਈ ਹੈ ਜਦਕਿ ਚਾਰ ਵਿਅਕਤੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜ਼ਿੰਦਗੀ ਦੀ ਜੰਗ ਹਾਰ ਗਏ। ਸੂਬੇ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 71 ਹੋ ਗਈ ਹੈ। ਲੁਧਿਆਣਾ ਅਤੇ ਹੋਰ ਥਾਵਾਂ ’ਤੇ ਵੀ ਮੌਤਾਂ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ ਪਰ ਹਾਲ ਦੀ ਘੜੀ ਸਿਹਤ ਵਿਭਾਗ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਸੂਬੇ ਵਿੱਚ ਪਿਛਲੇ ਦੋ ਹਫ਼ਤਿਆਂ ਦੌਰਾਨ ਸੱਜਰੇ ਮਾਮਲਿਆਂ ਵਿੱਚ ਇੱਕੋ ਦਿਨ ਦਾ ਇਹ ਸਭ ਤੋਂ ਵੱਡਾ ਵਾਧਾ ਮੰਨਿਆ ਜਾ ਰਿਹਾ ਹੈ। ਚਿੰਤਾਜਨਕ ਗੱਲ ਇਹ ਵੀ ਹੈ ਕਿ ਪੰਜਾਬ ਵਿੱਚ ਮੌਤ ਦਰ ਵੱਧ ਕੇ 2.1 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਮੌਤ ਦਰ ਵਿੱਚ ਆਉਂਦੇ ਦਿਨਾਂ ਦੌਰਾਨ ਵਾਧਾ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਸੂਬੇ ਦੇ 12 ਜ਼ਿਲ੍ਹਿਆਂ ਵਿੱਚ ਸੱਜਰੇ ਮਾਮਲੇ ਪਾਏ ਗਏ ਹਨ। 2612 ਮਾਮਲੇ ਤਾਂ 11 ਜ਼ਿਲ੍ਹਿਆਂ ਵਿੱਚ ਹੀ ਦੇਖੇ ਜਾ ਸਕਦੇ ਹਨ। ਅੰਮ੍ਰਿਤਸਰ ਵਿੱਚ ਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਜ਼ਿਲ੍ਹੇ ਵਿੱਚ ਵਾਇਰਸ ਕਾਰਨ ਹੁਣ ਤੱਕ 21 ਵਿਅਕਤੀ ਦਮ ਤੋੜ ਚੁੱਕੇ ਹਨ। ਬੀਤੇ 24 ਘੰਟਿਆਂ ਦੌਰਾਨ ਲੁਧਿਆਣਾ ਵਿੱਚ 33, ਜਲੰਧਰ ਵਿੱਚ 23, ਅੰਮ੍ਰਿਤਸਰ ਵਿੱਚ 20, ਸੰਗਰੂਰ ਵਿੱਚ 15, ਪਟਿਆਲਾ ਵਿੱਚ 10, ਮੁਹਾਲੀ ਵਿੱਚ 11, ਪਠਾਨਕੋਟ, ਕਪੂਰਥਲਾ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਵਿੱਚ 2-2, ਮੋਗਾ, ਰੋਪੜ, ਗੁਰਦਾਸਪੁਰ, ਫਰੀਦਕੋਟ, ਤਰਨਤਾਰਨ, ਫਤਿਹਗੜ੍ਹ ਸਾਹਿਬ ਅਤੇ ਨਵਾਂਸ਼ਹਿਰ ਵਿੱਚ ਇੱਕ-ਇੱਕ ਮਾਮਲਾ ਸਾਹਮਣੇ ਆਇਆ ਹੈ। ਜਿਨ੍ਹਾਂ 11 ਜ਼ਿਲ੍ਹਿਆਂ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਹਨ, ਉਨ੍ਹਾਂ ’ਚ ਅੰਮ੍ਰਿਤਸਰ ਵਿੱਚ 633, ਜਲੰਧਰ ਵਿੱਚ 347 , ਲੁਧਿਆਣਾ ਵਿੱਚ 387, ਗੁਰਦਾਸਪੁਰ ਵਿੱਚ 169, ਤਰਨਤਾਰਨ ਵਿੱਚ 168, ਪਟਿਆਲਾ ਵਿੱਚ 169, ਮੁਹਾਲੀ ਵਿੱਚ 175, ਪਠਾਨਕੋਟ 145, ਹੁਸ਼ਿਆਰਪੁਰ ਵਿੱਚ 141, ਸੰਗਰੂਰ ਵਿੱਚ 158, ਅਤੇ ਨਵਾਂਸ਼ਹਿਰ ਵਿੱਚ ਪੀੜਤਾਂ ਦੀ ਗਿਣਤੀ 120 ਤੱਕ ਪਹੁੰਚ ਗਈ ਹੈ। ਸੂਬੇ ਦੇ ਬਾਕੀ ਜ਼ਿਲ੍ਹਿਆਂ ਵਿੱਚ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 100 ਤੋਂ ਥੱਲੇ ਹੈ। ਹੁਣ ਤੱਕ 2343 ਵਿਅਕਤੀਆਂ ਨੇ ਕਰੋਨਾ ’ਤੇ ਫਤਿਹ ਵੀ ਹਾਸਲ ਕੀਤੀ ਹੈ ਤੇ 87 ਵਿਅਕਤੀ ਅੱਜ ਹੀ ਸਿਹਤਯਾਬ ਹੋਏ ਹਨ। ਇਸ ਸਮੇਂ 753 ਵਿਅਕਤੀ ਇਲਾਜ ਅਧੀਨ ਹਨ।
1,88699 ਕੁੱਲ ਟੈਸਟ
2,343 ਠੀਕ ਹੋਏ ਮਰੀਜ਼
71 ਕੁੱਲ ਮੌਤਾਂ