ਅਸੀਂ ਤਾਂ ਸ਼ਾਂਤੀ ਦੇ ਪੁਜਾਰੀ ਹਾਂ: ਮੋਦੀ

ਨਵੀਂ ਦਿੱਲੀ : ਲੱਦਾਖ ਦੀ ਗਲਵਾਨ ਵਾਦੀ ਵਿਚ ਭਾਰਤੀ ਤੇ ਚੀਨੀ ਸੈਨਾ ਵਿਚਾਲੇ ਹੋਏ ਹਿੰਸਕ ਟਕਰਾਅ ’ਤੇ ਪਹਿਲੀ ਪ੍ਰਤੀਕਿਰਿਆ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਸ਼ਾਂਤੀ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਫ਼ੌਜੀ ਜਵਾਨਾਂ ਦਾ ਬਲਿਦਾਨ ਬੇਕਾਰ ਨਹੀਂ ਜਾਵੇਗਾ। ਕਰੋਨਾਵਾਇਰਸ ਸੰਕਟ ਬਾਰੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫ਼ਰੰਸ ਦੇ ਦੂਜੇ ਦਿਨ ਮੋਦੀ ਨੇ ਕਿਹਾ ਕਿ ਭਾਰਤ ‘ਆਪਣੀ ਅਖੰਡਤਾ ਤੇ ਖ਼ੁਦਮੁਖਤਿਆਰੀ’ ਨਾਲ ਕਦੇ ਸਮਝੌਤਾ ਨਹੀਂ ਕਰੇਗਾ। ਮੁਲਕ ਆਪਣੇ ਆਤਮ ਸਨਮਾਨ ਤੇ ਜ਼ਮੀਨ ਦੇ ਹਰ ਇੰਚ ਦੀ ਰਾਖ਼ੀ ਪੂਰੇ ਜ਼ੋਰ ਨਾਲ ਕਰੇਗਾ। ਪ੍ਰਧਾਨ ਮੰਤਰੀ ਮੋਦੀ ਦੀ ਪ੍ਰਤੀਕਿਰਿਆ ਭਾਰਤੀ ਤੇ ਚੀਨੀ ਫ਼ੌਜ ਵਿਚਾਲੇ ਗਲਵਾਨ ਵਾਦੀ ’ਚ ਹੋਏ ਹਿੰਸਕ ਟਕਰਾਅ ਤੋਂ ਦੋ ਦਿਨ ਬਾਅਦ ਆਈ ਹੈ।

ਮੋਦੀ ਨੇ ਕਿਹਾ ‘ਭਾਰਤ ਸ਼ਾਂਤੀ ਪਸੰਦ ਮੁਲਕ ਹੈ, ਅਸੀਂ ਹਮੇਸ਼ਾ ਆਪਣੇ ਗੁਆਂਢੀਆਂ ਨਾਲ ਦੋਸਤਾਨਾ ਢੰਗ ਨਾਲ ਨੇੜੇ ਹੋ ਕੇ ਕੰਮ ਕੀਤਾ ਹੈ ਤੇ ਆਪਸੀ ਸਹਿਯੋਗ ਨੂੰ ਪਹਿਲ ਦਿੱਤੀ ਹੈ। ਭਾਰਤ ਨੇ ਹਮੇਸ਼ਾ ਗੁਆਂਢੀਆਂ ਦਾ ਵਿਕਾਸ ਤੇ ਭਲਾਈ ਮੰਗੀ ਹੈ। ਅਸੀਂ ਕਿਸੇ ਨੂੰ ਕਦੇ ਨਹੀਂ ਉਕਸਾਇਆ, ਪਰ ਜੇ ਕੋਈ ਸਾਨੂੰ ਭੜਕਾਏਗਾ ਤਾਂ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦ ਵੀ ਸਮਾਂ ਆਇਆ ਹੈ, ਅਸੀਂ ਆਪਣੀ ਤਾਕਤ ਤੇ ਸਮਰੱਥਾ ਸਾਬਿਤ ਕੀਤੀ ਹੈ।’ ਸ਼ਹੀਦਾਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹਾਦਰ ਜਵਾਨਾਂ ਨੇ ਮੁਲਕ ਦੀ ਰਾਖੀ ਕਰਦਿਆਂ ਵੱਡਾ ਬਲਿਦਾਨ ਦਿੱਤਾ ਹੈ। ਸਾਰਾ ਮੁਲਕ ਸ਼ਹੀਦਾਂ ਦੇ ਨਾਲ ਖੜ੍ਹਾ ਹੈ। ਵੀਡੀਓ ਕਾਨਫ਼ਰੰਸ ਵਿਚ ਹਿੱਸਾ ਲੈਣ ਵਾਲਿਆਂ ਨੇ ਸ਼ਹੀਦਾਂ ਦੇ ਸਨਮਾਨ ’ਚ ਦੋ ਮਿੰਟ ਦਾ ਮੌਨ ਵੀ ਧਾਰਿਆ। ਮੋਦੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਵਖ਼ਰੇਵਿਆਂ ਨੂੰ ਵਿਵਾਦ ਨਾ ਬਣਨ ਦਿੱਤਾ ਜਾਵੇ, ਪਰ ਮੁਲਕ ਦੀ ਅਖੰਡਤਾ ਤੇ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਹੋ ਸਕਦਾ। ਮੁਲਕ ਦੀ ਰਾਖੀ ਕਰਨ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ। ਇਸ ਬਾਰੇ ਕਿਸੇ ਨੂੰ ਕੋਈ ਸ਼ੱਕ-ਭਰਮ ਨਹੀਂ ਹੋਣਾ ਚਾਹੀਦਾ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਦੇਸ਼ ਲਈ ਬਲਿਦਾਨ ਦੇਣ ਵਾਲੇ ਸ਼ਹੀਦਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ। -ਪੀਟੀਆਈ

ਜਵਾਨਾਂ ਦੀ ਸ਼ਹੀਦੀ ਬੇਹੱਦ ਦੁਖਦਾਈ ਤੇ ਨਿਰਾਸ਼ਾਜਨਕ: ਰਾਜਨਾਥ

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਗਲਵਾਨ ਵਾਦੀ ਵਿਚ ਭਾਰਤੀ ਫ਼ੌਜ ਦੇ ਜਵਾਨਾਂ ਦੀ ਸ਼ਹੀਦੀ ਨੂੰ ਬੇਹੱਦ ਦੁਖਦਾਈ ਤੇ ਨਿਰਾਸ਼ਾਜਨਕ ਦੱਸਿਆ ਹੈ। ਚੀਨੀ ਫ਼ੌਜ ਨਾਲ ਹਿੰਸਕ ਝੜਪ ਵਿਚ ਸ਼ਹੀਦ ਹੋਏ 20 ਜਵਾਨਾਂ ਨੂੰ ਰੱਖਿਆ ਮੰਤਰੀ ਨੇ ਅੱਜ ਸ਼ਰਧਾਂਜਲੀ ਭੇਟ ਕੀਤੀ। ਰਾਜਨਾਥ ਨੇ ਕਿਹਾ ਕਿ ਭਾਰਤੀ ਜਵਾਨਾਂ ਨੇ ਡਿਊਟੀ ਦੌਰਾਨ ਮਿਸਾਲੀ ਬਹਾਦਰੀ ਤੇ ਦ੍ਰਿੜ੍ਹਤਾ ਦਾ ਸਬੂਤ ਦਿੰਦਿਆਂ ਫ਼ੌਜ ਦੀਆਂ ਸਰਵੋਤਮ ਰਵਾਇਤਾਂ ਨੂੰ ਬਰਕਰਾਰ ਰੱਖਦਿਆਂ ਆਪਣੀ ਜਾਨ ਕੁਰਬਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਲਕ ਇਨ੍ਹਾਂ ਦੀ ਬਹਾਦਰੀ ਤੇ ਕੁਰਬਾਨੀ ਨੂੰ ਕਦੇ ਨਹੀਂ ਭੁੱਲੇਗਾ। ਰਾਜਨਾਥ ਨੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਮੁੱਚਾ ਦੇਸ਼ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਦੇਸ਼ ਨੂੰ ਜਵਾਨਾਂ ਦੀ ਬਹਾਦਰੀ ਤੇ ਹੌਸਲੇ ਉਤੇ ਮਾਣ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਵਾਸੀ ਲੱਦਾਖ ਵਿਚ ਮੁਲਕ ਖ਼ਾਤਰ ਜਾਨਾਂ ਵਾਰਨ ਵਾਲੇ ਜਵਾਨਾਂ ਦੇ ਹਮੇਸ਼ਾ ਕਰਜ਼ਦਾਰ ਰਹਿਣਗੇ। -ਪੀਟੀਆਈ

Leave a Reply

Your email address will not be published. Required fields are marked *