ਨਾਜਾਇਜ਼ ਅਸਲੇ ਦੇ ਕਾਰੋਬਾਰੀ ਬਣ ਰਹੇ ਕ੍ਰਿਮੀਨਲ ਕੇਸਾਂ ’ਚ ਭਗੌੜੇ, ਫੇਸਬੁੱਕ ਜ਼ਰੀਏ ਇੰਝ ਵੇਚ ਰਹੇ ਨੇ ਹਥਿਆਰ

ਜਲੰਧਰ : ਪੰਜਾਬ ਵਿਚ ਲਗਾਤਾਰ ਹੋ ਰਹੇ ਕਤਲ ਅਤੇ ਗੋਲ਼ੀਕਾਂਡ ਪੁਲਸ ਲਈ ਸਿਰਦਰਦ ਬਣ ਰਹੇ ਹਨ। ਵਧੇਰੇ ਕਤਲਾਂ ਵਿਚ ਦੇਸੀ ਹਥਿਆਰ ਹੀ ਵਰਤੇ ਗਏ। ਪੰਜਾਬ ਵਿਚ ਦੇਸੀ ਹਥਿਆਰ ਵਧੇਰੇ ਉੱਤਰ ਪ੍ਰਦੇਸ਼ (ਯੂ. ਪੀ.) ਅਤੇ ਮੱਧ ਪ੍ਰਦੇਸ਼ (ਐੱਮ. ਪੀ.) ਤੋਂ ਆ ਰਹੇ ਹਨ। ਇਨ੍ਹਾਂ ਦੀ ਖ਼ਪਤ ਕੁਝ ਸਮੇਂ ਵਿਚ ਇੰਨੀ ਵਧ ਗਈ ਹੈ ਕਿ ਜਿਹੜਾ ਹਥਿਆਰ ਪਹਿਲਾਂ 15 ਤੋਂ 20 ਹਜ਼ਾਰ ਰੁਪਏ ਦਾ ਖ਼ਰੀਦ ਕੇ ਪੰਜਾਬ ਵਿਚ 25 ਤੋਂ 30 ਹਜ਼ਾਰ ਵਿਚ ਵੇਚਿਆ ਜਾਂਦਾ ਸੀ, ਉਸ ਦੀ ਖ਼ਰੀਦ ਹੁਣ 30 ਤੋਂ 35 ਹਜ਼ਾਰ ਰੁਪਏ ਹੋ ਗਈ ਹੈ। ਪੰਜਾਬ ਦੇ ਅੰਦਰ ਵਧੇਰੇ ਕ੍ਰਿਮੀਨਲ ਕੇਸਾਂ ਵਿਚ ਭਗੌੜੇ ਐਲਾਨੇ ਮੁਲਜ਼ਮ ਹੀ ਆਪਣਾ ਖ਼ਰਚਾ ਕੱਢਣ ਲਈ ਯੂ. ਪੀ./ਐੱਮ. ਪੀ. ਤੋਂ ਹਥਿਆਰ ਖ਼ਰੀਦ ਕੇ ਪੰਜਾਬ ਵਿਚ ਸਪਲਾਈ ਕਰ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਹਥਿਆਰ ਉਹ ਬੱਸਾਂ ਅਤੇ ਟਰੇਨਾਂ ਵਿਚ ਲਿਆਉਂਦੇ ਹਨ। ਜਿਉਂ ਹੀ ਹਥਿਆਰ ਪੰਜਾਬ ਵਿਚ ਆਉਂਦਾ ਹੈ ਤਾਂ ਵੱਖ-ਵੱਖ ਦੇਸੀ ਹਥਿਆਰਾਂ ਦੀਆਂ ਤਸਵੀਰਾਂ ਖਿੱਚ ਕੇ ਜਾਅਲੀ ਆਈ. ਡੀ. ਤਿਆਰ ਕਰਕੇ ਫੇਸਬੁੱਕ ’ਤੇ ਪਾ ਦਿੱਤੀਆਂ ਜਾਂਦੀਆਂ ਹਨ। ਫੇਸਬੁੱਕ ਜ਼ਰੀਏ ਹਥਿਆਰ ਵੇਚ ਦਿੱਤੇ ਜਾਂਦੇ ਹਨ।

ਜਲੰਧਰ ਦੀ ਗੱਲ ਕਰੀਏ ਤਾਂ ਸ਼ਹਿਰ ਵਿਚ ਕੁਝ ਸਮੇਂ ਅੰਦਰ ਜਿੰਨੇ ਵੀ ਕਤਲ ਜਾਂ ਗੋਲ਼ੀਕਾਂਡ ਹੋਏ, ਉਨ੍ਹਾਂ ਸਾਰਿਆਂ ਵਿਚ ਦੇਸੀ ਹਥਿਆਰ ਹੀ ਵਰਤੇ ਗਏ। ਭਗੌੜਿਆਂ ਤੋਂ ਇਲਾਵਾ ਯੂ. ਪੀ. ਅਤੇ ਐੱਮ. ਪੀ. ਦੇ ਲੋਕ ਵੀ ਪੰਜਾਬ ਵਿਚ ਹਥਿਆਰ ਸਪਲਾਈ ਕਰਨ ਦਾ ਕੰਮ ਕਰ ਰਹੇ ਹਨ। ਲਗਭਗ ਡੇਢ ਸਾਲ ਪਹਿਲਾਂ ਸੀ. ਆਈ. ਏ. ਸਟਾਫ਼-1 ਨੇ ਬਸਤੀ ਬਾਵਾ ਖੇਲ ਵਿਚ ਰਹਿੰਦੇ ਸੂਰਜ ਨੂੰ ਕਾਬੂ ਕੀਤਾ ਸੀ। ਪੁਲਸ ਨੇ ਉਸ ਦੀ ਚੇਨ ਬ੍ਰੇਕ ਕਰਕੇ ਕੁੱਲ 17 ਹਥਿਆਰ ਬਰਾਮਦ ਕੀਤੇ ਸਨ। ਸੂਰਜ ਜਲੰਧਰ ਹੀ ਨਹੀਂ, ਸਗੋਂ ਗੁਰਦਾਸਪੁਰ, ਪਠਾਨਕੋਟ ਸਮੇਤ ਕਈ ਸ਼ਹਿਰਾਂ ਵਿਚ ਹਥਿਆਰ ਸਪਲਾਈ ਕਰ ਚੁੱਕਾ ਸੀ।
ਇਸੇ ਤਰ੍ਹਾਂ ਕਿਸ਼ਨਪੁਰਾ ਦੇ ਅਭੀ ਨਾਂ ਦੇ ਨੌਜਵਾਨ ਨੂੰ ਵੀ ਸੀ. ਆਈ. ਏ. ਸਟਾਫ-1 ਨੇ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਦੇਸੀ ਹਥਿਆਰ ਬਰਾਮਦ ਕੀਤੇ ਸਨ। ਉਹ ਵੀ ਫੇਸਬੁੱਕ ਜ਼ਰੀਏ ਹੀ ਪੰਜਾਬ ਵਿਚ ਦੇਸੀ ਹਥਿਆਰ ਵੇਚਦਾ ਸੀ। ਸੀ. ਆਈ. ਏ. ਸਟਾਫ਼ ਦੀ ਇਨਵੈਸਟੀਗੇਸ਼ਨ ਵਿਚ ਵੀ ਇਹੀ ਗੱਲ ਸਾਹਮਣੇ ਆਈ ਸੀ ਕਿ ਉਹ ਟਰੇਨਾਂ ਅਤੇ ਬੱਸਾਂ ਜ਼ਰੀਏ ਹੀ ਅਸਲਾ ਲਿਆਉਂਦੇ ਸਨ। ਯੂ. ਪੀ. ਅਤੇ ਐੱਮ. ਪੀ. ਤੋਂ ਆਸਾਨੀ ਨਾਲ ਆਟੋਮੈਟਿਕ ਸਮੇਤ ਹਰ ਤਰ੍ਹਾਂ ਦਾ ਦੇਸੀ ਹਥਿਆਰ ਮਿਲ ਜਾਂਦਾ ਹੈ।

Leave a Reply

Your email address will not be published. Required fields are marked *