ਚੀਨ ਨੇ ਕਿਹਾ, ਭਾਰਤ ਕਿਸੇ ਗ਼ਲਤਫ਼ਹਿਮੀ ’ਚ ਨਾ ਰਹੇ

ਪੇਈਚਿੰਗ: ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਦੋਸ਼ ਲਾਇਆ ਹੈ ਕਿ 15 ਜੂਨ ਦੀ ਸ਼ਾਮ ਨੂੰ ਭਾਰਤੀ ਜਵਾਨਾਂ ਨੇ ਦੋਵਾਂ ਧਿਰਾਂ ਦੇ ਫ਼ੌਜੀ ਅਧਿਕਾਰੀਆਂ ਵਿਚਾਲੇ ਬਣੀ ਸਹਿਮਤੀ ਤੋੜ ਕੇ ਅਸਲ ਕੰਟਰੋਲ ਰੇਖਾ ਪਾਰ ਕੀਤੀ। ਇਸੇ ਕਾਰਨ ਹਿੰਸਕ ਟਕਰਾਅ ਹੋਇਆ। ਵਾਂਗ ਨੇ ਕਿਹਾ ਕਿ ਭਾਰਤੀ ਫ਼ੌਜ ਦੀ ਇਸ ‘ਖ਼ਤਰਨਾਕ ਕਾਰਵਾਈ ਨੇ ਸਰਹੱਦੀ ਵਿਵਾਦ ਟਾਲਣ ਲਈ ਬਣੇ ਸਮਝੌਤੇ ਤੇ ਕੌਮਾਂਤਰੀ ਸਬੰਧਾਂ ਦੇ ਨੇਮਾਂ ਦੀ ਗੰਭੀਰ ਉਲੰਘਣਾ ਕੀਤੀ।’ ਉਨ੍ਹਾਂ ਮੰਗ ਕੀਤੀ ਕਿ ਭਾਰਤ ਇਸ ਘਟਨਾ ਦੀ ‘ਗਹਿਰਾਈ ਨਾਲ ਜਾਂਚ’ ਕਰਵਾਏ ਤੇ ਜ਼ਿੰਮੇਵਾਰੀ ਤੈਅ ਕਰੇ ਤਾਂ ਕਿ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਵਾਪਰੇ। ਚੀਨੀ ਵਿਦੇਸ਼ ਮੰਤਰੀ ਨੇ ਨਾਲ ਹੀ ਕਿਹਾ ਕਿ ਭਾਰਤ ਅਸਲ ਕੰਟਰੋਲ ਰੇਖਾ ਲਾਗੇ ਤਾਇਨਾਤ ਆਪਣੇ ਫ਼ੌਜੀਆਂ ਨੂੰ ਸਖ਼ਤੀ ਨਾਲ ਕਾਬੂ ਕਰੇ। ਉਨ੍ਹਾਂ ਕਿਹਾ ਕਿ ਭਾਰਤ ਮੌਜੂਦਾ ਸਥਿਤੀ ਦਾ ਗਲਤ ਅੰਦਾਜ਼ਾ ਨਾ ਲਾਏ ਤੇ ਚੀਨ ਵੱਲੋਂ ਆਪਣੇ ਇਲਾਕੇ ਦੀ ਰਾਖੀ ਲਈ ਚੁੱਕੇ ਜਾ ਸਕਣ ਵਾਲੇ ਕਦਮਾਂ ਬਾਰੇ ਕਿਸੇ ਗਲਤਫ਼ਹਿਮੀ ਵਿਚ ਨਾ ਰਹੇ।