ਬੋਰਿਸ ਦਾ ਪਹਿਲਾ ਦਿਨ ਗੁਜਰਾਤ ’ਚ ਲੰਘਿਆ; ਮੋਦੀ ਨਾਲ ਮੁਲਾਕਾਤ ਅੱਜ

ਅਹਿਮਦਾਬਾਦ/ਨਵੀਂ ਦਿੱਲੀ: ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਭਾਰਤ ਦੀ ਦੋ ਰੋਜ਼ਾ ਫੇਰੀ ਤਹਿਤ ਅੱਜ ਗੁਜਰਾਤ ਪੁੱਜੇ। ਅਹਿਮਦਾਬਾਦ ਹਵਾਈ ਅੱਡੇ ਤੋਂ ਸ਼ਹਿਰ ਦੇ ਹੋਟਲ ਤੱਕ ਚਾਰ ਕਿਲੋਮੀਟਰ ਦੇ ਰਸਤੇ ’ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਹਵਾਈ ਅੱਡੇ ’ਤੇ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਅਤੇ ਰਾਜਪਾਲ ਅਚਾਰੀਆ ਦੇਵਵ੍ਰਤ ਨੇ ਸਵਾਗਤ ਕੀਤਾ। ਇਸ ਮੌਕੇ ਸੂਬੇ ਦੇ ਸੀਨੀਅਰ ਅਧਿਕਾਰੀ ਅਤੇ ਮੰਤਰੀ ਵੀ ਮੌਜੂਦ ਸਨ। ਜੌਹਨਸਨ ਨੇ ਬਰਤਾਨਵੀ ਫਰਮ ਵੱਲੋਂ ਹਲੋਲ ਵਿੱਚ ਖੋਲ੍ਹੀ ਗਈ ਨਵੀਂ ਜੇਸੀਬੀ ਫੈਕਟਰੀ ਦਾ ਉਦਘਾਟਨ ਕੀਤਾ। ਉਹ ਯੂਨੀਵਰਸਿਟੀ ਆਫ ਐਡਿਨਬਰਗ ਦੇ ਸਹਿਯੋਗ ਨਾਲ ਕੰਮ ਕਰ ਰਹੀ ਬਾਇਓਟੈਕਨਾਲੋਜੀ ਯੂਨੀਵਰਸਿਟੀ ਵੀ ਗਏ। ਜੌਹਨਸਨ ਭਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਗੇ ਤੇ ਇਸ ਦੌਰਾਨ ਦੋਵੇਂ ਮੁਲਕ ਰੱਖਿਆ, ਸਾਫ਼ ਤੇ ਨਵਿਆਉਣਯੋਗ ਊਰਜਾ, ਵਾਤਾਵਰਨ, ਸਾਫਟਵੇਅਰ ਇੰਜਨੀਅਰਿੰਗ, ਸਿਹਤ ਤੇ ਹੋਰ ਕਈ ਅਹਿਮ ਖੇਤਰਾਂ ਵਿੱਚ ਦੁਵੱਲੇ ਵਪਾਰਕ ਸਮਝੌਤਿਆਂ ਨੂੰ ਸਹੀਬੰਦ ਕਰਨਗੇ। ਇਸ ਮੁਲਾਕਾਤ ਦੌਰਾਨ ਭਾਰਤ-ਯੂਕੇ ਮੁਕਤ ਵਪਾਰ ਸਮਝੌਤੇ ਤੇ ਯੂਕਰੇਨ ਸੰਕਟ ’ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਯੂਕੇ ਹਾਈ ਕਮਿਸ਼ਨ ਨੇ ਕਿਹਾ ਕਿ ਯੂਕੇ-ਭਾਰਤ ਦੁਵੱਲੇ ਕਰਾਰ ਤਹਿਤ ਇਕ ਅਰਬ ਪੌਂਡ ਤੋਂ ਵੱਧ ਦਾ ਨਿਵੇਸ਼ ਹੋਵੇਗਾ।

ਇਸ ਤੋਂ ਪਹਿਲਾਂ ਹਾਈ ਕਮਿਸ਼ਨ ਨੇ ਜੌਹਨਸਨ ਦੇ ਹਵਾਲੇ ਨਾਲ ਕਿਹਾ, ‘‘ਮੈਂ ਭਾਰਤ ਪੁੱਜ ਗਿਆ ਹਾਂ। ਮੈਂ ਕਈ ਸੰਭਾਵਨਾਵਾਂ ਵੇਖ ਸਕਦਾ ਹਾਂ, ਜਿਸ ਨੂੰ ਸਾਡੇ ਦੋਵੇਂ ਮਹਾਨ ਮੁਲਕ ਮਿਲ ਕੇ ਹਾਸਲ ਕਰ ਸਕਦੇ ਹਨ। ਨੈਕਸਟ-ਜੈਨਰੇਸ਼ਨ 5ਜੀ ਟੈਲੀਕਾਮ ਤੇ ਆਰਟੀਫਿਸ਼ਲ ਇੰਟੈਲੀਜੈਂਸ ਤੋਂ ਸਿਹਤ ਖੋਜ ਤੇ ਨਵਿਆਉਣਯੋਗ ਊਰਜਾ ਵਿੱਚ ਨਵੀਂ ਭਾਈਵਾਲੀ ਹੋਵੇ- ਯੂਕੇ ਤੇ ਭਾਰਤ ਕੁੱਲ ਆਲਮ ਦੀ ਅਗਵਾਈ ਕਰ ਰਹੇ ਹਨ।’’ ਬਰਤਾਨਵੀ ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਡੀ ਮਜ਼ਬੂਤ ਭਾਈਵਾਲੀ ਸਾਡੇ ਲੋਕਾਂ ਲਈ ਰੁਜ਼ਗਾਰ ਅਤੇ ਅੱਗੇ ਵਧਣ ਦੇ ਮੌਕੇ ਪੈਦਾ ਕਰ ਰਹੀ ਹੈ ਤੇ ਆਉਂਦੇ ਸਾਲਾਂ ਵਿੱਚ ਇਸ ਭਾਈਵਾਲੀ ਨੇ ਹੋਰ ਮਜ਼ਬੂਤ ਹੋਣਾ ਹੈ।’’ ਜੌਹਨਸਨ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਗੇ। -ਪੀਟੀਆਈ

ਯੂਕਰੇਨ ਮੁੱਦਾ ਕੂਟਨੀਤਕ ਪੱਧਰ ’ਤੇ ਪਹਿਲਾਂ ਹੀ ਵਿਚਾਰਨ ਦਾ ਦਾਅਵਾ
ਹਲੋਲ(ਗੁਜਰਾਤ):ਬੋਰਿਸ ਜੌਹਨਸਨ ਨੇ ਅੱਜ ਕਿਹਾ ਕਿ ਉਹ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਯੂਕਰੇਨ ਜੰਗ ਦੇ ਮੁੱਦੇ ’ਤੇ ਪਹਿਲਾਂ ਹੀ ਕੂਟਨੀਤਕ ਪੱਧਰ ’ਤੇ ਗੱਲਬਾਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਰੇ ਇਸ ਤੱਥ ਨੂੰ ਸਮਝਦੇ ਹਨ ਕਿ ਭਾਰਤ ਤੇ ਰੂਸ ‘ਇਤਿਹਾਸਕ ਪੱਖੋਂ ਇਕ ਦੂਜੇ ਨਾਲ ਬਿਲਕੁੱਲ ਵੱਖਰਾ ਸਬੰਧ’ ਰੱਖਦੇ ਹਨ। ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਦੇ ਹਲੋਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੌਹਨਸਨ ਨੇ ਕਿਹਾ, ‘‘ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੂਟਨੀਤਕ ਪੱਧਰ ’ਤੇ ਪਹਿਲਾਂ ਹੀ ਯੂਕਰੇਨ ਮੁੱਦਾ ਵਿਚਾਰ ਚੁੱਕੇ ਹਾਂ। ਅਸਲ ਵਿੱਚ ਉਨ੍ਹਾਂ (ਭਾਰਤ) ਨੇ ਯੂਕਰੇਨ ਦੇ ਬੂਚਾ ਸ਼ਹਿਰ ਵਿੱਚ (ਰੂਸੀ ਫੌਜ ਵੱਲੋਂ ਕੀਤੇ) ਜ਼ੁਲਮਾਂ ਦੀ ਜ਼ੋਰਦਾਰ ਢੰਗ ਨਾਲ ਨਿਖੇਧੀ ਕੀਤੀ ਹੈ।’’ ਜੌਹਨਸਨ ਇਥੇ ਨਵੀਂ ਜੇਸੀਬੀ ਫੈਕਟਰੀ ਦੇ ਉਦਘਾਟਨ ਲਈ ਆਏ ਸਨ।

ਭਗੌੜੇ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹਾਉਣ ਦੀ ਲੋੜ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ੁੱਕਰਵਾਰ ਨੂੰ ਆਪਣੇ ਬਰਤਾਨਵੀ ਹਮਰੁਬਤਾ ਬੋਰਿਸ ਜੌਹਨਸਨ ਨਾਲ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਅੱਜ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਵਿੱਤੀ ਘੁਟਾਲਿਆਂ ਦੇ ਭਗੌੜਿਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜਾਉਣ ਦੀ ਲੋੜ ਅਤੇ ਭਾਰਤ ਵਿਰੋਧੀ ਸਟੈਂਡ ਦੀ ਪੈਰਵੀ ਕਰਨ ਵਾਲੇ ਵਿਅਕਤੀ ਵਿਸ਼ੇਸ਼ ਤੋਂ ਦਰਪੇਸ਼ ਸੁਰੱਖਿਆ ਫ਼ਿਕਰਾਂ ਨੂੰ ਲਗਾਤਾਰ ਉਭਾਰਦਾ ਆਇਆ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗ਼ਚੀ ਨੇ ਇਹ ਟਿੱਪਣੀਆਂ ਅੱਜ ਪੱਤਰਕਾਰਾਂ ਵੱਲੋਂ ਭਗੌੜੇ ਕਾਰੋਬਾਰੀ ਵਿਜੈ ਮਾਲਿਆ ਤੇ ਖਾਲਿਸਤਾਨ ਬਾਰੇ ਪੁੱਛੇ ਸਵਾਲਾਂ ਨੂੰ ਲੈ ਕੇ ਕੀਤੀ। ਪੱਤਰਕਾਰਾਂ ਨੇ ਬਾਗ਼ਚੀ ਨੂੰ ਪੁੱਛਿਆ ਸੀ ਕਿ ਕੀ ਭਾਰਤ ਮੋਦੀ-ਜੌਹਨਸਨ ਮੁਲਾਕਾਤ ਦੌਰਾਨ ਇਨ੍ਹਾਂ ਦੋਵਾਂ ਮੁੱਦਿਆਂ ਨੂੰ ਯੂਕੇ ਅੱਗੇ ਰੱਖੇਗਾ।

ਮਹਾਤਮਾ ਗਾਂਧੀ ‘ਅਸਾਧਾਰਨ ਮਨੁੱਖ’: ਜੌਹਨਸਨ
ਅਹਿਮਦਾਬਾਦ: ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਕਿ ਮਹਾਤਮਾ ਗਾਂਧੀ ‘ਅਸਾਧਾਰਨ ਮਨੁੱਖ’ ਸਨ, ਜਿਨ੍ਹਾਂ ਕੁੱਲ ਆਲਮ ਨੂੰ ਬਦਲਣ ਲਈ ਲੋਕਾਂ ਨੂੰ ਸੱਚ ਤੇ ਅਹਿੰਸਾ ਦੇ ਸਿਧਾਂਤਾਂ ’ਤੇ ਚੱਲਣ ਲਈ ਲਾਮਬੰਦ ਕੀਤਾ। ਭਾਰਤ ਦੀ ਦੋ ਰੋਜ਼ਾ ਫੇਰੀ ਲਈ ਸਿੱਧੇ ਗੁਜਰਾਤ ਪੁੱਜੇ ਜੌਹਨਸਨ ਸਾਬਰਮਤੀ ਆਸ਼ਰਮ ਵੀ ਗਏ। ਉਨ੍ਹਾਂ ਹਰਿਦੈ ਕੁੰਜ, ਜਿੱਥੇ ਗਾਂਧੀ ਜੀ ਰਹਿੰਦੇ ਸਨ, ਵਿੱਚ ਪਏ ਚਰਖੇ ’ਤੇ ਵੀ ਹੱਥ ਅਜ਼ਮਾਇਆ। ਸਾਬਰਮਤੀ ਆਸ਼ਰਮ ਸਾਂਭ-ਸੰਭਾਲ ਤੇ ਯਾਦਗਾਰੀ ਟਰੱਸਟ ਨੇ ਜੌਹਨਸਨ ਨੂੰ ਦੋ ਕਿਤਾਬਾਂ ਵੀ ਭੇਟ ਕੀਤੀਆਂ। ਜੌਹਨਸਨ ਪਹਿਲੇ ਬਰਤਾਨਵੀ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਸਾਬਰਮਤੀ ਆਸ਼ਰਮ ਦਾ ਦੌਰਾ ਕੀਤਾ। 1947 ਮਗਰੋਂ ਉਹ ਗੁਜਰਾਤ ਆਉਣ ਵਾਲੇ ਵੀ ਪਹਿਲੇ ਬ੍ਰਿਟਿਸ਼ ਪੀਐੱਮ ਹਨ। -ਪੀਟੀਆਈ

ਗੌਤਮ ਅਡਾਨੀ ਨੂੰ ਮਿਲੇ ਜੌਹਨਸਨ
ਅਹਿਮਦਾਬਾਦ: ਬੋਰਿਸ ਜੌਹਨਸਨ ਨੇ ਅੱਜ ਸਨਅਤਕਾਰ ਗੌਤਮ ਅਡਾਨੀ ਨਾਲ ਵੀ ਮੁਲਾਕਾਤ ਕੀਤੀ। ਇਹ ਮੀਟਿੰਗ ਅਹਿਮਦਾਬਾਦ ਸ਼ਹਿਰ ਦੇ ਬਾਹਰਵਾਰ ਸ਼ਾਂਤੀਗ੍ਰਾਮ ਵਿੱਚ ਅਡਾਨੀ ਗਰੁੱਪ ਦੇ ਆਲਮੀ ਹੈੱਡਕੁਆਰਟਰ ’ਤੇ ਹੋਈ। ਅਡਾਨੀ ਨੇ ਮਗਰੋਂ ਟਵੀਟ ਕੀਤਾ, ‘‘ਗੁਜਰਾਤ ਆਉਣ ਵਾਲੇ ਯੂਕੇ ਦੇ ਪਹਿਲੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਮੇਜ਼ਬਾਨੀ ਮਾਣ ਵਾਲੀ ਗੱਲ ਸੀ। ਵਾਤਾਵਰਨ ਤੇ ਟਿਕਾਊ ਏਜੰਡੇ ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਨਵਿਆਉਣਯੋਗ, ਗ੍ਰੀਨ ਐੱਚ2 ਤੇ ਨਵੀਂ ਊਰਜਾ ਜਿਹੇ ਖੇਤਰਾਂ ਵੱਲ ਧਿਆਨ ਦਿੱਤਾ ਜਾਣਾ ਹੈ, ਦੀ ਹਮਾਇਤ ਕਰਕੇ ਖੁਸ਼ ਹਾਂ। ਰੱਖਿਆ ਤੇ ਐਰੋਸਪੇਸ ਤਕਨੀਕਾਂ ਦੀ ਮੁੜ ਸਿਰਜਣਾ ਲਈ ਯੂਕੇ ਕੰਪਨੀਆਂ ਨਾਲ ਮਿਲ ਕੇ ਕੰਮ ਕਰਾਂਗੇ।’’ ਸੂਤਰਾਂ ਨੇ ਕਿਹਾ ਕਿ ਜੌਹਨਸਨ-ਅਡਾਨੀ ਮੁਲਾਕਾਤ ਦੌਰਾਨ ਊਰਜਾ ਤਬਦੀਲੀ, ਕਲਾਈਮੇਟ ਐਕਸ਼ਨ, ਐਰੋਸਪੇਸ ਤੇ ਰੱਖਿਆ ਜਿਹੇ ਅਹਿਮ ਖੇਤਰਾਂ ਵਿੱਚ ਤਾਲਮੇਲ ਬਾਰੇ ਵੀ ਚਰਚਾ ਹੋਈ। ਅਡਾਨੀ ਨੇ ਲੰਡਨ ਵਿੱਚ 28 ਜੂਨ ਨੂੰ ਹੋਣ ਵਾਲੀ ਭਾਰਤ-ਯੂਕੇ ਕਲਾਈਮੇਟ ਸਾਇੰਸ ਐਂਡ ਟੈਕਨਾਲੋਜੀ ਸਮਿੱਟ ਲਈ ਜੌਹਨਸਨ ਨੂੰ ਸੱਦਾ ਦਿੱਤਾ। ਅਡਾਨੀ ਇਸ ਤੋਂ ਪਹਿਲਾਂ ਪਿਛਲੇ ਸਾਲ ਅਕਤੂੁਬਰ ਵਿੱਚ ਜੌਹਨਸਨ ਨੂੰ ਮਿਲੇ ਸਨ। –

Leave a Reply

Your email address will not be published. Required fields are marked *