ਵੜਿੰਗ ਦੇ ਅਹੁਦਾ ਸੰਭਾਲਣ ਮੌਕੇ ‘ਸਭ ਅੱਛਾ’ ਹੋਣ ਦਾ ਸੁਨੇਹਾ ਨਾ ਦੇ ਸਕੀ ਕਾਂਗਰਸ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਵੜਿੰਗ ਦੇ ਅੱਜ ਇੱਥੇ ਹੋਏ ਤਾਜਪੋਸ਼ੀ ਸਮਾਗਮ ਦੌਰਾਨ ਪਾਰਟੀ ਅੰਦਰ ‘ਸਭ ਅੱਛਾ’ ਨਾ ਹੋਣ ਦਾ ਸੰਕੇਤ ਮਿਲਿਆ ਹੈ। ਪੰਜਾਬ ਵਿਧਾਨ ਚੋਣਾਂ ਹਾਰਨ ਮਗਰੋਂ ਪਾਰਟੀ ਦੀ ਕਮਾਨ ਸੰਭਾਲਣ ਵਾਲੇ ਰਾਜਾ ਵੜਿੰਗ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ‘ਥ੍ਰੀ-ਡੀ ਮੰਤਰ’ ਦਿੱਤਾ ਜਿਸ ਤਹਿਤ ਉਨ੍ਹਾਂ ਅਨੁਸ਼ਾਸਨ (ਡਿਸਿਪਲਿਨ), ਸਮਰਪਣ (ਡਿਵੋਸ਼ਨ) ਤੇ ਸੰਵਾਦ (ਡਾਇਲਾਗ) ਨੂੰ ਪਾਰਟੀ ਦੇ ਚੰਗੇਰੇ ਭਵਿੱਖ ਦਾ ਰਾਹ ਦੱਸਿਆ। ਸੀਨੀਅਰ ਕਾਂਗਰਸ ਆਗੂ ਸੁਨੀਲ ਜਾਖੜ ਨੇ ਸਮਾਗਮ ਤੋਂ ਜਦਕਿ ਨਵਜੋਤ ਸਿੰਘ ਸਿੱਧੂ ਨੇ ਸਮਾਗਮ ਦੀ ਸਟੇਜ ਤੋਂ ਦੂਰੀ ਬਣਾਈ ਰੱਖੀ। ਨਵਜੋਤ ਸਿੱਧੂ ਅੱਜ ਕਾਂਗਰਸ ਭਵਨ ਦੇ ਕਮਰੇ ਅੰਦਰ ਹੀ ਬੈਠੇ ਰਹੇ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਸਮਾਗਮਾਂ ’ਚੋਂ ਗੈਰਹਾਜ਼ਰ ਸਨ। ਮੁੱਖ ਭਾਸ਼ਨ ’ਚ ਰਾਜਾ ਵੜਿੰਗ ਨੇ ਕਿਹਾ ਕਿ ਕੋਈ ਵੀ ਵਿਅਕਤੀ, ਕਾਰੋਬਾਰ ਜਾਂ ਸੰਗਠਨ ਅਨੁਸ਼ਾਸਨ ਤੋਂ ਬਿਨਾਂ ਵੱਧ-ਫੁੱਲ ਨਹੀਂ ਸਕਦਾ।

ਉਨ੍ਹਾਂ ਕਿਹਾ ਕਿ ਸਮਰਪਣ ਦੀ ਭਾਵਨਾ ਨਾਲ ਕਾਮਯਾਬੀ ਮਿਲਦੀ ਹੈ ਅਤੇ ਜੋ ਵਿਅਕਤੀ ਆਪਣੀ ਮਰਜ਼ੀ ਕਰਦੇ ਹਨ, ਉਹ ਵੀ ਅੱਗੇ ਨਹੀਂ ਵੱਧ ਸਕਦੇ। ਵੜਿੰਗ ਨੇ ਕਿਹਾ ਕਿ ਉਨ੍ਹਾਂ ਦਾ ਕੋਈ ਧੜਾ ਨਹੀਂ ਬਲਕਿ ਕਾਂਗਰਸ ਹੀ ਧੜਾ ਹੈ। ਉਹ ਸਭ ਨੂੰ ਨਾਲ ਲੈ ਕੇ ਚੱਲਣਗੇ ਅਤੇ ਕਾਂਗਰਸ ਨੂੰ ਕਮਜ਼ੋਰ ਕਰਨ ਵਾਲਿਆਂ ਨਾਲ ਨਜਿੱਠਣ ਲਈ ਅਨੁਸ਼ਾਸਨ ਨੂੰ ਸਖ਼ਤੀ ਨਾਲ ਲਾਗੂ ਕਰਨਗੇ। ਨਵਜੋਤ ਸਿੱਧੂ ਦੀ ਰਾਜਪਾਲ ਨਾਲ ਮਿਲਣੀ ’ਤੇ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਖੁੱਲ੍ਹਾ ਮੰਚ ਹੈ ਅਤੇ ਕੋਈ ਵੀ ਕਿਤੇ ਵੀ ਆਪਣੀ ਗੱਲ ਰੱਖ ਸਕਦਾ ਹੈ ਪਰ ਕੋਈ ਕਦਮ ਕਾਂਗਰਸ ਨੂੰ ਕਮਜ਼ੋਰ ਕਰਨ ਵਾਲਾ ਨਾ ਹੋਵੇ। ਕੋਈ ਅਜਿਹਾ ਕਰੇਗਾ ਤਾਂ ਉਸ ਖ਼ਿਲਾਫ਼ ਕਾਰਵਾਈ ਹੋਵੇਗੀ। ਉਨ੍ਹਾਂ ਸੁਨੀਲ ਜਾਖੜ ਦੇ ਮਾਮਲੇ ’ਚ ਕਿਹਾ ਕਿ ਉਹ ਆਦਰਯੋਗ ਨੇਤਾ ਹਨ ਅਤੇ ਜਿੱਥੋਂ ਤੱਕ ਅਨੁਸ਼ਾਸਨੀ ਕਾਰਵਾਈ ਦਾ ਸਵਾਲ ਹੈ, ਉਹ ਹਾਈ ਕਮਾਨ ਦਾ ਅਧਿਕਾਰ ਖੇਤਰ ਹੈ। ਵੜਿੰਗ ਨੇ ਕਿਹਾ ਕਿ ਉਹ ਨਿਵੇਕਲੀ ਕਾਂਗਰਸ ਬਣਾਉਣਗੇ ਅਤੇ ਆਖਰੀ ਦਮ ਤੱਕ ਲੜਾਈ ਲੜਨਗੇ। ਰਾਜਾ ਵੜਿੰਗ ਨੇ ਕਾਂਗਰਸ ਭਵਨ ’ਚ ਜਦੋਂ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਿਆ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਾਇਆ। ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਨ ਨੇ ਵੀ ਆਪਣਾ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਸਮਾਰੋਹਾਂ ਤੋਂ ਪਹਿਲਾਂ ਕਾਂਗਰਸ ਭਵਨ ਪੁੱਜੇ ਅਤੇ ਵਾਪਸ ਚਲੇ ਗਏ। ਉਹ ਕੁਝ ਸਮੇਂ ਮਗਰੋਂ ਮੁੜ ਕਾਂਗਰਸ ਭਵਨ ਆਏ ਤੇ ਇੱਕ ਦਫਾ ਉਨ੍ਹਾਂ ਰਾਜਾ ਵੜਿੰਗ ਨੂੰ ਜੱਫੀ ਵੀ ਪਾਈ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ ਮਾਫੀਆ ਕਰਕੇ ਹਾਰੀ ਹੈ ਅਤੇ ਇਹ ਚੰਦ ਬੰਦਿਆਂ ਦਾ ਕਾਰੋਬਾਰ ਚੱਲ ਰਿਹਾ ਸੀ। ਉਹ ਪੰਜਾਬ ਦੀ ਹੋਂਦ ਦੀ ਲੜਾਈ ਲੜ ਰਹੇ ਹਨ। ਜਦੋਂ ਪੰਜਾਬ ਮਾਫੀਆ ਮੁਕਤ ਹੋਵੇਗਾ, ਉਦੋਂ ਮੁੜ ਉੱਠ ਖੜ੍ਹਾ ਹੋਵੇਗਾ। ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਨੂੰ ਸੱਤਾ ’ਚ ਵਾਪਸੀ ਲਈ ਰਾਹ ਤਲਾਸ਼ਣੇ ਹੋਣਗੇ। ਨੈਤਿਕ ਇਮਾਨਦਾਰੀ ਵਾਲੇ ਚਿਹਰੇ ਹੀ ਪ੍ਰੇਰਕ ਬਣ ਸਕਦੇ ਹਨ। ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਉੱਪ ਨੇਤਾ ਡਾ. ਰਾਜ ਕੁਮਾਰ ਚੱਬੇਵਾਲ, ਸ਼ਮਸ਼ੇਰ ਸਿੰਘ ਦੂਲੋ, ਰਜਿੰਦਰ ਕੌਰ ਭੱਠਲ, ਚਰਨਜੀਤ ਚੰਨੀ, ਜਸਬੀਰ ਡਿੰਪਾ ਤੇ ਗੁਰਜੀਤ ਔਜਲਾ, ਸੁਖਪਾਲ ਖਹਿਰਾ, ਬਰਿੰਦਰ ਢਿੱਲੋਂ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹਾਜ਼ਰ ਸਨ। ਸਮਾਗਮ ਤੋਂ ਬਾਅਦ ਸੰਸਦ ਮੈਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਕਾਂਗਰਸ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹੋਈ ਹਾਰ ਦੇ ਕਾਰਨਾਂ ਦੇ ਚਿੰਤਨ ਦੀ ਲੋੜ ਹੈ।

ਚੰਨੀ ਨੇ ਕੀਤਾ ਸਿੱਧੂ ’ਤੇ ਤਨਜ਼
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇੱਥੇ ਕਿਹਾ ਕਿ ਤਤਕਾਲੀ ਮੁੱਖ ਮੰਤਰੀ ਹੋਣ ਕਾਰਨ ਉਹ ਪੰਜਾਬ ਚੋਣਾਂ ’ਚ ਹੋਈ ਹਾਰ ਦੀ ਜ਼ਿੰਮੇਵਾਰੀ ਲੈਂਦੇ ਹਨ ਪ੍ਰੰਤੂ ਤਤਕਾਲੀ ਪ੍ਰਧਾਨ ਜਾਂ ਹੋਰਨਾਂ ਦੀ ਜ਼ਿੰਮੇਵਾਰੀ ਬਾਰੇ ਉਹ ਕੁਝ ਨਹੀਂ ਕਹਿਣਗੇ। ਉਨ੍ਹਾਂ ਕਿਹਾ ਕਿ ਹੁਣ ਨਵੇਂ ਪ੍ਰਧਾਨ ਰਾਜਾ ਵੜਿੰਗ ਤੋਂ ਆਸ ਹੈ ਕਿ ਉਹ ਪਾਰਟੀ ਨੂੰ ਅੱਗੇ ਲਿਜਾਣਗੇ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਵੀ ਕਿਹਾ ਕਿ ਕਿਸੇ ਦੀ ਵੀ ਹੋਂਦ ਪਾਰਟੀ ਤੋਂ ਬਿਨਾਂ ਨਹੀਂ ਹੈ।

ਅਨੁਸ਼ਾਸਨੀ ਪੈਮਾਨਾ ਇੱਕ ਹੋਵੇ: ਸਿੱਧੂ
ਨਵਜੋਤ ਸਿੱਧੂ ਨੇ ਅੱਜ ਕਿਹਾ ਕਿ ਕਾਂਗਰਸ ’ਚ ਅਨੁਸ਼ਾਸਨ ਦਾ ਪੈਮਾਨਾ ਸਭ ਲਈ ਇੱਕੋ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਆਪਣੇ ਭਰਾ ਨੂੰ ਖੜ੍ਹਾ ਕਰਦਾ ਹੈ, ਕੋਈ ਕਾਰਵਾਈ ਨਹੀਂ ਹੁੰਦੀ ਪਰ ਹੋਰਾਂ ਨੂੰ ਟੰਗ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਨੁਸ਼ਾਸਨ ਇੱਕ ਧੜੇ ਲਈ ਨਹੀਂ ਬਲਕਿ ਸਭ ਲਈ ਇੱਕ ਹੋਣਾ ਚਾਹੀਦਾ ਹੈ।

ਕੋਈ ਸ਼ਖਸ ਪਾਰਟੀ ਤੋਂ ਵੱਡਾ ਨਹੀਂ: ਚੌਧਰੀ
ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਅੱਜ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਕਿ ਪੰਜਾਬ ’ਚ ਕਾਂਗਰਸੀ ਆਗੂਆਂ ਦੀ ਬਿਆਨਬਾਜ਼ੀ ਕਰਕੇ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸ਼ਖਸ ਪਾਰਟੀ ਤੋਂ ਵੱਡਾ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਵੀ ਪਾਰਟੀ ਦਾ ਨੁਕਸਾਨ ਕਰੇਗਾ, ਉਸ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਹੋਵੇਗੀ।

Leave a Reply

Your email address will not be published. Required fields are marked *