ਖੁਫ਼ੀਆ ਵਿਭਾਗ ਦੀ ਰਿਪੋਰਟ ਦੇ ਬਾਵਜੂਦ ਪੁਲਿਸ ਨੇ ਸਿੰਗਲੇ ਨੂੰ ਨੱਥ ਨਹੀਂ ਪਾਈ

ਪਟਿਆਲਾ : ਪਟਿਆਲਾ ਵਿਚ ਫ਼ਿਰਕੂ ਭੜਕਾਹਟ ਪੈਦਾ ਕਰਨ ਵਾਲਾ ਸ਼ਿਵ ਸੈਨਾ (ਬਾਲ ਠਾਕਰੇ) ਦਾ ਪ੍ਰਧਾਨ ਹਰੀਸ਼ ਸਿੰਗਲਾ ਲੰਬੇ ਸਮੇਂ ਤੋਂ ਅਜਿਹੀਆਂ ਸਰਗਰਮੀਆਂ ਕਰਕੇ ਸੁਰਖੀਆਂ ’ਚ ਰਿਹਾ ਹੈ। ਖ਼ੁਫ਼ੀਆ ਵਿਭਾਗ ਵੱਲੋਂ ਉਸ ਦਾ ਕੱਚਾ ਚਿੱਠਾ ਤਿਆਰ ਕਰਕੇ ਕਈ ਵਾਰੀ ਪੁਲੀਸ ਅਧਿਕਾਰੀਆਂ ਤੇ ਗ੍ਰਹਿ ਵਿਭਾਗ ਨੂੰ ਭੇਜਿਆ ਜਾ ਚੁੱਕਾ ਹੈ, ਪਰ ਉਸ ਖ਼ਿਲਾਫ਼ ਕਿਸੇ ਵੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਸਗੋਂ ਇਸ ਨੂੰ ਸਰਕਾਰੀ ਗੱਡੀ ਤੇ ਸੁਰੱਖਿਆ ਗਾਰਦ ਦੇ ਰੱਖੀ ਹੈ। ਖ਼ੁਫ਼ੀਆ ਵਿਭਾਗ ਦੇ ਸੂਤਰਾਂ ਅਨੁਸਾਰ ‌ਹਰੀਸ਼ ਸਿੰਗਲਾ ਪਹਿਲਾਂ ਸ਼ਿਵ ਸੈਨਾ (ਹਿੰਦੁਸਤਾਨ) ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨਾਲ ਰਹਿੰਦਾ ਸੀ। ਦੋਵਾਂ ਵਿੱਚ ਮਤਭੇਦ ਕਰ ਕੇ ਇਸ ਨੇ ਸ਼ਿਵ ਸੈਨਾ ਬਾਲ ਠਾਕਰੇ 2007 ਵਿਚ ਜੁਆਇਨ ਕੀਤੀ ਸੀ। ਉਹ ਲਗਾਤਾਰ ਜੰਮੂ ਕਸ਼ਮੀਰ ਮੁੱਦੇ ’ਤੇ, ਪੰਜਾਬ ਵਿਚ ਅਤਿਵਾਦੀਆਂ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਖ਼ਿਲਾਫ਼ ਬਿਆਨਬਾਜ਼ੀ ਕਰਦਾ ਹੈ। ਉਸ ਨੇ 14 ਦਸੰਬਰ 2007 ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚੋਂ ਫ਼ੋਟੋ ਹਟਾਏ ਜਾਣ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ। ਇਸ ਸਬੰਧ ਵਿਚ ਥਾਣਾ ਕੋਤਵਾਲੀ ਪੁਲੀਸ ਨੇ ਉਸ ਨੂੰ 14 ਦਸੰਬਰ 2007 ਨੂੰ ਹੀ ਗ੍ਰਿਫ਼ਤਾਰ ਕਰ ਲਿਆ ਸੀ। ਖ਼ੁਫ਼ੀਆ ਵਿਭਾਗ ਨੇ ਅਜੇ ਇਕ ਮਹੀਨਾ ਪਹਿਲਾਂ ਗ੍ਰਹਿ ‌‌ਵਿਭਾਗ ਨੂੰ ਸ਼ਿਵ ਸੈਨਾ ਆਗੂ ਬਾਰੇ ਰਿਪੋਰਟ ਭੇਜੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ‌ਹਰੀਸ਼ ਸਿੰਗਲਾ ਸਿੱਖਾਂ ਤੇ ਹਿੰਦੂਆਂ ਵਿਚ ਫ਼ਸਾਦ ਪੈਦਾ ਕਰ ਸਕਦਾ ਹੈ, ਲਿਹਾਜ਼ਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Leave a Reply

Your email address will not be published. Required fields are marked *