ਅੰਗਹੀਣ ਹੋਣ ਦੇ ਬਾਵਜੂਦ ਵੀ ਅੰਗਹੀਣ ਨਹੀ : ਗੁਰਿੰਦਰ ਚੱਕਲਾਂ
ਬੰਦਾ ਸਰੀਰ ਦੇ ਕਿਸੇ ਅੰਗ ਪੱਖੋਂ ਬੇਸ਼ੱਕ ਅੰਗਹੀਣ ਹੋਵੇ ਤਾਂ ਚੱਲ ਜਾਏਗਾ, ਪਰ ਸੋਚ ਪੱਖੋਂ ਅੰਗਹੀਣ ਨਹੀ ਹੋਣਾ ਚਾਹੀਦਾ। ਉਸਦੀ ਸੋਚਣੀ ਹਮੇਸ਼ਾ ਹਾਂ-ਪੱਖੀ ਸਾਕਾਰਤਮਕ ਹੋਣੀ ਚਾਹੀਦੀ ਹੈ। ਉਹ ਫਿਰ ਕਿੱਧਰੇ ਵੀ ਮਾਰ ਨਹੀ ਖਾਂਦਾ ਜ਼ਿੰਦਗੀ ਵਿਚ। ਇਹ ਗੱਲ ਸਿੱਧ ਕਰ ਵਿਖਾਈ ਹੈ, ਜਿਲਾ ਰੂਪਨਗਰ ਵਿਚ ਪੈਂਦੇ ਪਿੰਡ ਚੱਕਲਾਂ ਦੇ ਪਿਓ ਤੇ ਪੁੱਤਰ ਨੇ। ਕਰਨੈਲ ਚੰਨੀ ਨਾਂ ਦੇ ਰੋਜ਼ਗਾਰ ਵਿਭਾਗ ਪੰਜਾਬ ਵਿਚੋਂ ਜੂਨੀਅਰ ਸਹਾਇਕ ਸੇਵਾ-ਮੁਕਤ ਹੋਏ ਗੀਤਕਾਰ ਨੂੰ ਜਿੱਥੇ ਅਧਰੰਗ ਦੀ ਬੀਮਾਰੀ ਨੇ ਦਹਾਕਿਆਂ ਤੋਂ ਮੰਜੇ ਨਾਲ ਜੋੜੀ ਰੱਖਿਆ ਹੈ, ਪਰ ਉਹ ਅੱਜ ਤੱਕ ਵੀ ਗੀਤ ਲਿਖਣੋ ਨਹੀ ਰੁਕਿਆ, ਉਸੇ ਤਰਾਂ ਅੱਗੋਂ ਉਸ ਦਾ ਬੇਟਾ ਗੁਰਿੰਦਰ ਚੱਕਲਾਂ ਵੀ ਪੋਲੀਓ ਦੀ ਮਾਰ ਪੈਣ ਕਰ ਕੇ ਸਰੀਰ ਦੇ ਸੱਜੇ ਪਾਸੇ, ਸੱਜੀ ਲੱਤ ਅਤੇ ਸੱਜੀ ਬਾਂਹ ਤੋਂ ਅੱਸੀ ਪ੍ਰਸੈਂਟ ਅੰਗਹੀਣ ਹੋਣ ਦੇ ਬਾਵਜੂਦ ਵੀ ਸੋਚਣੀ ਪੱਖੋਂ ਨਾਕਾਰਾਤਮਕ ਨਹੀ ਹੈ। ਹੋਰ-ਤਾਂ-ਹੋਰ ਮਾਤਾ ਅਮਰਜੀਤ ਕੌਰ ਦੇ ਇਸ ਲਾਡਲੇ ਨੂੰ ਪੋਲੀਓ ਦੀ ਬਚਪਨ ਵਿਚ ਹੀ ਹੋਈ ਸ਼ਿਕਾਇਤ ਕਾਰਨ ਬੇਸ਼ੱਕ ਪੰਜਵੀ ਤੱਕ ਹੀ ਪੜਨਾ ਨਸੀਬ ਹੋ ਸਕਿਆ ਸੀ, ਪਰ ਫਿਰ ਵੀ ਉਸਦੀ ਨੀਤ ਨੂੰ ਮੁਰਾਦ ਲਾਂਉਂਦਿਆਂ ਉਸ ਦੀ ਕਲਮੀ-ਕਲਾ ਨੂੰ ਜਿਊਂਦਾ-ਜਾਗਦਾ ਰੱਖਣ ਲਈ ਮਾਲਕ ਆਪ ਆਣ ਸਹਾਈ ਹੋਇਆ। ਮਾਲਕ ਨੇ ਸਤਵੀਰ ਕੌਰ ਨਾਂ ਦੀ ਅੱਠ ਜਮਾਤਾਂ ਪੜੀ ਹੋਈ ਉਸ ਨੂੰ ਜੀਵਨ-ਸਾਥਣ ਦੇ ਰੂਪ ਵਿਚ ਐਸੀ ਬਖ਼ਸ਼ੀਸ਼ ਕੀਤੀ, ਜਿਸ ਨੇ ਕਿ ਕਲਮੀ ਖੇਤਰ ਵਿਚ ਵੀ ਆਪਣੇ ਪਤੀ ਦਾ ਸਾਥ ਦੇਣ ਲਈ ਪੂਰੀ ਤਰਾਂ ਕਮਰ ਕੱਸ ਲਏ। ਇਕ ਸਵਾਲ ਦਾ ਜੁਵਾਬ ਦਿੰਦਿਆਂ ਗੁਰਿੰਦਰ ਚੱਕਲਾਂ ਦੀ ਧਰਮ-ਪਤਨੀ ਸਤਵੀਰ ਨੇ ਕਿਹਾ, ”ਮੈਂ ਅੱਜ ਤੱਕ ਆਪਣੇ ਜੀਵਨ-ਸਾਥੀ ਵਲੋਂ ਬੋਲ ਕੇ ਲਿਖਵਾਏ ਦੋ ਸੌ ਦੇ ਕਰੀਬ ਗੀਤ ਡਾਇਰੀ ਉਤੇ ਲਿਖ ਚੁੱਕੀ ਹਾਂ। ਮੈਂਨੂੰ ਇਸ ਕਾਰਜ ਵਿਚ ਕਦੀ ਵੀ ਅਕਾਵਟ ਜਾਂ ਥਕਾਵਟ ਮਹਿਸੂਸ ਨਹੀ ਹੁੰਦੀ, ਬਲਕਿ ਚਾਅ ਚੜਦਾ ਅਤੇ ਮੈਨੂੰ ਗੌਰਵ ਮਹਿਸੂਸ ਹੁੰਦਾ ਕਿ ਮੇਰਾ ਸਹੁਰਾ-ਪਿਤਾ ਅਤੇ ਮੇਰਾ ਜੀਵਨ-ਸਾਥੀ ਦੋਨੋ ਹੀ ਇਕ ਚੰਗੇ ਮਾਰਗ ਉਤੇ ਤੁਰੇ ਹੋਏ ਹਨ।”
ਗੁਰਿੰਦਰ ਦੀ ਕਲਮ ਦਾ ਨਮੂਨਾ ਦੇਖੋ :
ਕੁੜੀ ਜੰਮੀ ਤੇ ਦਿੰਦਾ ਨਾ ਕੋਈ ਵਧਾਈ,
ਕੁੱਖ ਵਿਚ ਕਤਲ ਕਰਾ ਦਿੰਦੀ ਮਾਂ-ਜਾਈ।
ਇਕ ਦਿਨ ਅਲੋਪ ਹੋ ਜਾਣੀ ਤਸਵੀਰ ਕੁੜੀਆਂ ਦੀ,
ਐਨੀ ਮਾੜੀ ਕਾਹਤੋਂ ਲਿਖਦੈਂ ਰੱਬਾ ਤਕਦੀਰ ਕੁੜੀਆਂ ਦੀ।
ਗੁਰਿੰਦਰ ਚੱਕਲਾਂ ਦੇ ਗੀਤ, ”ਦੇਸੀ” ਜੱਸ ਰਿਕਾਰਡਿੰਗ ਕੰਪਨੀ ਦੁਆਰਾ ਬੀ. ਬਲਵੀਰ ਫੌਜੀ ਦੀ ਅਵਾਜ਼ ਵਿਚ ਅਤੇ ਗੀਤ, ”ਚਿੱਟਾ ” ਮੀਤ ਦਿਓਲ ਦੀ ਅਵਾਜ਼ ਵਿਚ ਮਾਰਕੀਟ ਵਿਚ ਆ ਚੁੱਕੇ ਹਨ, ਜਦ ਕਿ ਅੱਧੀ ਦਰਜਨ ਦੇ ਕਰੀਬ ਹੋਰ ਗੀਤ ਉਪਰੋ-ਥਲੀ ਉਹ ਮਾਰਕੀਟ ਵਿਚ ਉਤਾਰ ਰਿਹਾ ਹੈ।
ਚੰਡੀਗੜ ਯੂਨੀਵਰਸਿਟੀ, ਘੜੂੰਆਂ ਵਿਖੇ ਸਟੋਰ ਵਿਚ ਹੈਲਪਰ ਦੇ ਤੌਰ ਤੇ ਡਿਯੂਟੀਆਂ ਨਿਭਾ ਰਹੇ ਗੁਰਿੰਦਰ ਨੂੰ ਜਿੱਥੇ ਉਸ ਦੀ ਹਿੰਮਤ, ਹੌਸਲੇ ਅਤੇ ਦਲੇਰੀ ਦੀ ਦਾਦ ਦੇਣੀ ਬਣਦੀ ਹੈ, ਉਥੇ ਓਸਦੇ ਉਸਤਾਦ-ਪਿਤਾ ਅਤੇ ਉਸ ਦੀ ਧਰਮ-ਪਤਨੀ ਸਤਵੀਰ ਕੌਰ ਦੀ ਤਪੱਸਿਆ ਨੂੰ ਵੀ ਅੱਖੋਂ ਪ੍ਰੋਖੇ ਨਹੀ ਕੀਤਾ ਜਾ ਸਕਦਾ। ਸ਼ਾਇਦ ਗੁਰਿੰਦਰ ਅੱਜ ”ਗੁਰਿੰਦਰ ਚੱਕਲਾਂ” ਬਣ ਕੇ ਹਵਾ ਵਿਚ ਨਾ ਗੂੰਜ਼ ਰਿਹਾ ਹੁੰਦਾ, ਜੇਕਰ ਨਿਮਰਤਾ, ਸਾਦਗੀ ਅਤੇ ਵਫ਼ਾਦਾਰੀ ਦੀ ਮੂਰਤ ਸਤਵੀਰ ਉਸ ਨੂੰ ਜੀਵਨ-ਸਾਥਣ ਦੇ ਰੂਪ ਵਿਚ ਨਾ ਮਿਲਦੀ। ਰੱਬ ਕਰੇ ! ਇਸ ”ਤ੍ਰਿਵੇਣੀ” ਨੂੰ ਮੇਰਾ ਓਹ ਪ੍ਰਵਰਦਗਾਰ ਇਸੇ ਤਰਾਂ ਪੰਜਾਬੀ ਮਾਂ-ਬੋਲੀ ਦਾ ਸਿਰ ਉੱਚਾ ਕਰਦੇ ਰਹਿਣ ਦਾ ਹੋਰ ਵੀ ਬਲ ਬਖ਼ਸ਼ਦਾ ਰਵੇ ! ਆਮੀਨ !
-ਪ੍ਰੀਤਮ ਲੁਧਿਆਣਵੀ, ਚੰਡੀਗੜ, 9876428641
ਸੰਪਰਕ : ਗੁਰਿੰਦਰ ਚੱਕਲਾਂ , 78376-32776, 99146-58847