ਛਾਲ਼ਾਂ ਮਾਰਦੀ ਮੰਜ਼ਲ ਵੱਲ ਵਧ ਰਹੀ ਮੁਟਿਆਰ : ਦਲਜੀਤ ਕੌਰ ਦਿਲ
ਪੰਜਾਬ ਦੇ ਜਿਲਾ ਮੋਗਾ ਦੀ ਜੰਮਪਲ ਅਤੇ ਅੱਜ-ਕਲ ਫ਼ਰੀਦਕੋਟ ਵਿਖੇ ਸਹੁਰੇ ਘਰ ਖ਼ੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰ ਰਹੀ ਦਲਜੀਤ ਕੌਰ ਦਿਲ ਨੂੰ ਲਿਖਣ ਦਾ ਸ਼ੌਂਕ ਬਚਪਨ ਤੋਂ ਹੀ ਜਾਗ ਪਿਆ ਸੀ। ਜੋ ਵੀ ਕੋਈ ਹਾਦਸਾ ਵਾਪਰਨਾ, ਉਸ ਨੇ ਆਪਣੀ ਡਾਇਰੀ ਤੇ ਲਿਖ਼ ਕੇ ਰੱਖ ਲੈਣਾ। ਗੱਲਬਾਤ ਕਰਦਿਆਂ ਦਲਜੀਤ ਨੇ ਕਿਹਾ,”ਅਸੀਂ ਮਾਪਿਆਂ ਘਰ ਤਿੰਨ ਭੈਣਾਂ ਹੀ ਹਾਂ, ਭਰਾ ਕੋਈ ਨਹੀਂ ਸੀ। ਸਾਡੀ ਦਾਦੀ ਸਾਨੂੰ ਅਤੇ ਸਾਡੀ ਮਾਂ ਨੂੰ ਚੰਗਾ ਨਹੀਂ ਸਮਝਦੀ ਸੀ, ਕਿਉਂਕਿ ਉਹ ਪੋਤੇ ਦੀ ਚਾਹਤ ਰੱਖਦੀ ਸੀ ਅਤੇ ਇਹ ਚਾਹਤ ਉਸਦੀ ਕਦੇ ਪੂਰੀ ਨਾ ਹੋ ਸਕੀ। ਬਸ ਇਹੀ ਕਾਰਣ ਸੀ ਸਾਡੀ ਦਾਦੀ ਦਾ ਸਾਡੇ ਨਾਲ ਫ਼ਰਕ ਕਰਨਾ ਅਤੇ ਸਾਡੀ ਮਾਂ ਤੋਂ ਮਜਦੂਰਾਂ ਵਾਂਗ ਕੰਮ ਲੈਣਾ। ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਸਨ ਜੋ ਮੇਰੇ ਕੋਮਲ ਮਨ ਨੂੰ ਕੁਰੇਦਦੀਆਂ ਰਹਿੰਦੀਆਂ ਸਨ। ਮੈਂ ਸੋਚੀ ਜਾਣਾ ਅਤੇ ਕੁੱਝ ਲਿਖ ਲੈਣਾ : ਬਾਅਦ ‘ਚ ਫਿਰ ਪਾੜ ਦੇਣਾ।”
ਦਲਜੀਤ ਨੇ 12-ਵੀਂ ਤੋਂ ਬਾਅਦ ਡੀ. ਐਮ.ਸੀ., ਲੁਧਿਆਣਾ ਵਿਖੇ ਨਰਸਿੰਗ ਦੀ ਪੜਾਈ ਕੀਤੀ ਅਤੇ ਹੁਣ ਉਹ ਸਰਕਾਰੀ ਹਸਪਤਾਲ ਫ਼ਰੀਦਕੋਟ ਵਿਖੇ ਨਰਸਿੰਗ-ਅਫ਼ਸਰ ਦੀ ਨੌਕਰੀ ਕਰ ਰਹੀ ਹੈ। ਦਲਜੀਤ ਦੱਸਦੀ ਹੈ ਕਿ ਬਚਪਨ ਦਾ ਸਫ਼ਰ ਉਸ ਦਾ ਕੁੱਝ ਵਧੀਆ ਨਹੀਂ ਸੀ, ਜਿਸਨੂੰ ਲੈ ਕੇ ਉਹ ਕੁੱਝ ਪ੍ਰੇਸ਼ਾਨ ਵੀ ਸੀ। ਉਸ ਨੂੰ ਮਨ ਦੀ ਭੜਾਸ ਕੱਢਣ ਦਾ ਕਦੀ ਵੀ ਕੋਈ ਮੌਕਾ ਨਹੀਂ ਸੀ ਮਿਲਿਆ। 2016 ਵਿੱਚ ਉਸ ਨੇ ਸੋਸ਼ਲ-ਮੀਡੀਆ ਉਤੇ ਇੱਕ ਗਰੁੱਪ ਜੁਆਇੰਨ ਕੀਤਾ,” ਸਕਾਰਾਤਮਕ ਸੋਚ।” ਮਈ 2016 ਵਿੱਚ ਉਸ ਨੇ ਆਪਣੀ ਜ਼ਿੰਦਗੀ ਦੀ ਸੱਚੀ ਕਹਾਣੀ ਲਿਖ ਕੇ ਗਰੁੱਪ ਵਿਚ ਪਾ ਕੇ ਲੋਕਾਂ ਅੱਗੇ ਰੱਖੀ, ਜਿਸਨੂੰ ਦੇਸ਼-ਵਿਦੇਸ਼ ਵਿੱਚੋਂ ਐਸਾ ਭਰਵਾਂ ਹੁੰਗਾਰਾ ਮਿਲਿਆ ਕਿ ਉਸਤੋਂ ਬਾਅਦ ਉਹ ਲਿਖਣ ਖੇਤਰ ਵਿਚ ਖੁੱਲ ਕੇ ਮੈਦਾਨ ਵਿਚ ਆ ਨਿੱਤਰੀ। ਦਿਲ ਜਿਆਦਤਰ ਅੱਜ-ਕਲ ਦੇ ਖੋ ਰਹੇ ਰਿਸ਼ਤਿਆਂ ਬਾਰੇ ਹੀ ਲਿਖਦੀ ਹੈ। ਪ੍ਰਭਾਵਸ਼ਾਲੀ ਅਤੇ ਸੁਨੇਹਾ ਦਿੰਦੀਆਂ ਕਵਿਤਾਵਾਂ ਦੁਆਰਾ ਕੁੱਜੇ ਵਿਚ ਸਮੁੰਦਰ ਬੰਦ ਕਰਨ ਦੀ ਮੁਹਾਰਿਤ ਉਸਦਾ ਹਾਸਲ ਹੈ। ਛਪਾਈ ਲਈ ਤਿਆਰ ਹੋ ਰਹੇ ਉਸ ਦੀ ਪੁਸਤਕ ਦੇ ਖਰੜੇ ਵਿਚੋਂ ਇਕ ਕਵਿਤਾ ਦੇਖੋ:
”ਮੈਨੂੰ ਬਿਖਰੀ ਹੋਈ ਨੂੰ ਕਿਸੇ
ਪਿਰੋਣ ਦੀ ਕੋਸ਼ਿਸ਼ ਨਹੀਂ ਕੀਤੀ
ਅਤੇ ਮੇਰਾ ਯਕੀਨ ਕਰਨਾ
ਰਿਸ਼ਤਿਆਂ ਨੂੰ ਪਿਰੋਣ ਅਤੇ ਸਿੰਜੋਣ ਵਿੱਚ
ਮੈਂ ਮੁਹਾਰਿਤ ਹਾਸਿਲ ਰੱਖਦੀ ਸੀ!”
ਦਲਜੀਤ ਦਿਲ ਦੀ ਇਕ ਹੋਰ ਸੋਚ-ਉਡਾਰੀ ਦਾ ਨਮੂਨਾ ਦੇਖੋ :
ਐ ! ਮਕਾਨਾਂ ਵਿੱੱਚ ਰਹਿਣ ਵਾਲੇ ਇਨਸਾਨ!
ਠੰਡ ਵੀ ਤੇਰੇ ਲਈ ਅਤੇ ਬਾਰਿਸ਼ ਵੀ ਤੇਰੇ ਲਈ
ਸਾਡਾ ਕੀ ਐ ?
ਵੈਸੇ ਤਾਂ ਅਸੀਂ ਰਹੀਆਂ ਹੀ ਨਹੀਂ
ਪਰ, ਜੋ ਬਚੀਆਂ-ਖੁਚੀਆਂ ਹਾਂ
ਲੁਕਦੀਆਂ-ਫਿਰਦੀਆਂ ਹਾਂ
ਤੇਰੇ ਹੀ ਸੰਦ-ਵਲੇਵਿਆਂ ਦੇ ਓਹਲੇ-ਸ਼ੋਹਲੇ!”
ਕੈਨੇਡਾ ਵਿਚ ਸਟੱਡੀ ਕਰ ਰਹੇ ਜੁੜਵੇਂ ਬੇਟਾ-ਬੇਟੀ ਦੀ ਮਾਂ ਦਲਜੀਤ ਦਾ ਔਰਤ ਵਰਗ ਬਾਰੇ ਮੰਨਣਾ ਹੈ ਕਿ ਔਰਤ ਚਾਹੇ ਨੌਕਰੀ-ਪੇਸ਼ੇ ਵਾਲੀ ਵੀ ਕਿਉਂ ਨਾ ਹੋਵੇ, ਪਰ ਸਮਾਜ ਦੀਆਂ ਨਜ਼ਰਾਂ ਵਿਚ ਔਰਤ, ਔਰਤ ਹੀ ਰਹਿੰਦੀ ਹੈ। ਇਕ ਸਵਾਲ ਦਾ ਜੁਵਾਬ ਦਿੰਦਿਆਂ ਦਲਜੀਤ ਨੇ ਕਿਹਾ, ”ਅੱਜ-ਕੱਲ ਦੇ ਕਲਚਰ ਬਾਰੇ ਮੇਰਾ ਖ਼ਿਆਲ ਹੈ ਕਿ ਲੋਕਾਂ ਨੂੰ ਭੜਕਾਉਣ ‘ਚ ਲਿਖਾਰੀ ਦਾ ਅਤੇ ਗਾਉਣ ਵਾਲੇ ਦਾ ਬਰਾਬਰ ਹੀ ਰੋਲ ਹੁੰਦਾ ਹੈ। ਗਾਇਕ ਤਾਂ ਉਹੀ ਗਾਉਂਦਾ ਹੈ ਜੋ ਉਸਨੂੰ ਦਿੱਤਾ ਜਾਂਦਾ ਹੈ, ਪਰ ਗਾਇਕ ਆਪਣੀ ਗਾਇਕੀ ਦੇ ਨਾਲ-ਨਾਲ ਸਭ ਹੱਦਾਂ-ਬੰਨੇ ਪਾਰ ਕਰ ਜਾਂਦਾ ਹੈ। ਉਹ ਹਥਿਆਰ ਦਿਖਾ ਕੇ ਮੁੰਡਿਆਂ ਨੂੰ ਉਕਸਾ ਜਾਂਦਾ ਹੈ ਅਤੇ ਸ਼ਾਰਟ ਕੱਪੜੇ ਪਾ ਕੇ ਕੁੜੀਆਂ ਨੂੰ ਉਕਸਾ ਜਾਂਦਾ ਹੈ।” ਦਿਲ ਦੱਸਦੀ ਹੈ ਕਿ ਸਕੂਲ ਟਾਈਮ ‘ਚ ਉਹ ਖੋ ਖੋ ਦੀ ਖਿਡਾਰਨ ਸੀ ਅਤੇ ਕਾਲਜ ਟਾਈਮ ‘ਚ ਗਾਇਕੀ ਅਤੇ ਨਿਸ਼ਾਨੇਬਾਜੀ ਉਸ ਦੇ ਸ਼ੌਂਕ ਸਨ। ਇਹੀ ਵਜਾ ਹੈ ਕਿ ਅੱਜ ਵੀ ਉਹ ਵਧੀਆ ਗਾ ਲੈਂਦੀ ਹੈ। 2018 ਵਿੱਚ ਉਸ ਨੇ ਇੱਕ ਫ਼ੈਸ਼ਨ-ਸ਼ੋਅ ਈਵੈਂਟ ਵਿੱਚ ਵੀ ਭਾਗ ਲਿਆ ਸੀ।
ਜਿਸ ਸਰਗਰਮੀ ਨਾਲ ਸਾਹਿਤਕ ਤੇ ਸੱਭਿਆਚਾਰਕ ਖੇਤਰ ਵਿਚ ਇਹ ਮੁਟਿਆਰ ਦਲਜੀਤ ਕੌਰ ਦਿਲ ਮੰਜ਼ਲ ਵੱਲ ਛਾਲ਼ਾਂ ਮਾਰਦੀ ਵਧ ਰਹੀ ਹੈ, ਉਹ ਦਿਨ ਦੂਰ ਨਹੀ ਜਦੋ ਇਸ ਮੁਟਿਆਰ ਦਾ ਨਾਂ ਬੱਚੇ-ਬੱਚੇ ਦੀ ਜ਼ੁਬਾਨ ਉਤੇ ਚੜਿਆ ਹੋਵੇਗਾ। ਮੇਰੀ ਦਿਲੀ ਫ਼ਰਿਆਦ ਅੱਲਾ ਨੇੜੇ ਹੋ ਕੇ ਸੁਣੇ ਅਤੇ ਮਹਿਕਾਂ-ਖ਼ੁਸ਼ਬੂਆਂ ਵੰਡਦਾ ਉਹ ਸੂਰਜ ਜਲਦੀ ਆ ਚੜੇ !
-ਪ੍ਰੀਤਮ ਲੁਧਿਆਣਵੀ, ਚੰਡੀਗੜ, 9876428641
ਸੰਪਰਕ : ਦਲਜੀਤ ਕੌਰ ਦਿਲ, ਫ਼ਰੀਦਕੋਟ।