ਪੁਲਿਸ ਨੇ ਰੋਕੇ ਚੰਡੀਗੜ੍ਹ ਵੱਲ ਵਧਦੇ ਕਿਸਾਨ

ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਵੱਲੋਂ ਗੰਨੇ ਦੀ ਬਕਾਇਆ ਰਕਮ ਨਾ ਦੇਣ ਸਣੇ ਹੋਰ ਕਿਸਾਨੀ ਮੰਗਾਂ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਅੱਜ ਕਿਸਾਨ ਜਥੇਬੰਦੀਆਂ ਨੇ ਇੱਥੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਦਾ ਇਸ ਗੱਲ ਤੋਂ ਖ਼ਫ਼ਾ ਹੋ ਗਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨਾਂ ਨੂੰ ਮਿਲੇ ਬਿਨਾਂ ਹੀ ਦਿੱਲੀ ਲਈ ਰਵਾਨਾ ਹੋ ਗਏ। ਇਸ ਕਾਰਨ ਕਿਸਾਨਾਂ ਨੇ ਚੰਡੀਗੜ੍ਹ ਵੱਲ ਕੂਚ ਕਰ ਦਿੱਤਾ। ਕਿਸਾਨ ਫੇਜ਼-7 ਦੇ ਚੌਕ ਅਤੇ ਅੱਗੇ ਸ਼ਰਾਬ ਦੇ ਠੇਕੇ ਨੇੜੇ ਪੁਲੀਸ ਵੱਲੋਂ ਕੀਤੀ ਬੈਰੀਕੇਡਿੰਗ ਤੋੜ ਕੇ ਵਾਈਪੀਐਸ ਚੌਕ ਤੋਂ ਅੱਗੇ ਨਿਕਲ ਗਏ। ਇਸ ਤੋਂ ਅੱਗੇ ਪੁਲੀਸ ਨੇ ਜਬਰਦਸਤ ਬੈਰੀਕੇਡਿੰਗ ਕਰ ਕੇ ਕਿਸਾਨਾਂ ਦਾ ਰਾਹ ਡੱਕ ਲਿਆ। ਇਸ ਕਾਰਨ ਕਿਸਾਨ ਮੁੱਖ ਸੜਕ ਜਾਮ ਕਰ ਕੇ ਧਰਨੇ ਤੇ ਬੈਠ ਗਏ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਜਾਣਕਾਰੀ ਅਨੁਸਾਰ ਪੰਜਾਬ ਭਰ ਚੋਂ ਅੱਜ ਸਵੇਰ ਤੋਂ ਕਿਸਾਨ ਵੱਡੇ ਕਾਫ਼ਲਿਆਂ ਰਾਹੀਂ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਪਹੁੰਚਣੇ ਸ਼ੁਰੂ ਹੋ ਗਏ। ਇੱਥੇ ਕਿਸਾਨ ਯੂਨੀਅਨ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ, ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ, ਸੁਖਵਿੰਦਰ ਸਿੰਘ ਖੋਸਾ, ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ) ਦੇ ਪ੍ਰਧਾਨ ਇੰਦਰਜੀਤ ਸਿੰਘ, ਸੁੱਚਾ ਸਿੰਘ, ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਪਾਲ ਸਿੰਘ, ਹਰਪਾਲ ਸਿੰਘ ਸੰਘਾ, ਬੀਕੇਯੂ ਪੰਜਾਬ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ, ਕੰਢੀ ਏਰੀਆ ਸੰਘਰਸ਼ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਅਤੇ ਬੀਕੇਯੂ ਮਾਝਾ ਦੇ ਪ੍ਰਧਾਨ ਕੰਵਲਜੀਤ ਸਿੰਘ ਤੇ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂ ਮੌਜੂਦ ਹਨ। ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਰਾਜਵਿੰਦਰ ਕੌਰ ਨੇ ਆਪਣੇ ਜਥੇ ਨਾਲ ਸ਼ਮੂਲੀਅਤ ਕੀਤੀ। | ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਇਹ ਨਾ ਸਮਝੇ ਕਿ ਉਹ ਬੈਰੀਕੇਡ ਨਹੀਂ ਤੋੜ ਸਕਦੇ ਪਰ ਉਹ ਸ਼ਾਂਤਮਈ ਧਰਨਾ ਦੇਣ ਆਏ ਹਨ। ਉਨ੍ਹਾਂ ਕਿਹਾ ਕਿ ਲੋੜ ਪਈ ਤਾਂ ਚੰਡੀਗੜ ਦੀ ਹੱਦ ਤੇ ਵੀ ਦਿੱਲੀ ਵਾਂਗ ਪੱਕਾ ਮੋਰਚਾ ਲਾਇਆ ਜਾਵੇਗਾ। ਉਹ ਘਰਾਂ ਤੋਂ ਰਾਸ਼ਨ ਪਾਣੀ ਲੈ ਕੇ ਆਏ ਹਨ।
ਉਨ੍ਹਾਂ ਕਿਸਾਨੀ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਐਤਕੀਂ ਕਣਕ ਦਾ ਝਾੜ ਘੱਟ ਰਹਿਣ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ, ਇਸ ਲਈ ਕਿਸਾਨਾਂ ਨੂੰ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ। ਝੋਨੇ ਦੀ ਲਵਾਈ ਲਈ 10 ਜੂਨ ਤੋਂ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ। ਮੂੰਗੀ, ਮੱਕੀ ਅਤੇ ਬਾਸਮਤੀ ਨੂੰ ਘੱਟੋ-ਘੱਟ ਸਮਰਥਨ ਮੁੱਲ ‘ਤੇ ਖ਼ਰੀਦਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਕਿਸਾਨਾਂ ਨੂੰ ਉਜਾੜਨ ਦੀ ਕਾਰਵਾਈ ਰੋਕੀ ਜਾਵੇ, ਕਰਜ਼ੇ ਵਿੱਚ ਫਸੇ ਕਿਸਾਨਾਂ ਦੇ ਵਾਰੰਟ ਅਤੇ ਕੁਰਕੀਆਂ ਬੰਦ ਕਰਨ ਅਤੇ ਦੋ ਲੱਖ ਤੱਕ ਦੇ ਕਰਜ਼ੇ ਮੁਆਫ਼ ਕੀਤੇ ਜਾਣ।

ਮੁੱਖ ਮੰਤਰੀ ਪੈਨਲ ਮੀਟਿੰਗ ਦਾ ਸਮਾਂ ਤੈਅ ਕਰਨ: ਦਰਸ਼ਨ ਪਾਲ ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਦਰਸ਼ਨ ਪਾਲ ਨੇ ਦੇਰ ਸ਼ਾਮ ਮੀਡੀਆ ਨਾਲ ਗੱਲਬਾਤ ਦੌਰਾਨ ਐਲਾਨ ਕੀਤਾ ਕਿ ਕਿਸਾਨ ਭਲਕੇ ਬੁੱਧਵਾਰ ਤੋਂ ਸੰਘਰਸ਼ ਤੇਜ਼ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਸਬਰ ਦੀ ਹੋਰ ਪ੍ਰੀਖਿਆ ਨਾ ਲਵੇ ਅਤੇ ਅੰਨਦਾਤਾ ਦੀਆਂ ਜਾਇਜ਼ ਮੰਗਾਂ ਤੁਰੰਤ ਮੰਨੀਆਂ ਜਾਣ। ਮੁੱਖ ਮੰਤਰੀ ਭਗਵੰਤ ਨਾਲ ਜਲਦੀ ਪੈਨਲ ਮੀਟਿੰਗ ਦਾ ਸਮਾਂ ਤੈਅ ਕਰਨ। ਅਜਿਹਾ ਨਾ ਹੋਣ ‘ਤੇ ਕਿਸਾਨਾਂ ਵੱਲੋਂ ਹੋਰਨਾਂ ਲਾਂਘਿਆਂ ਰਾਹੀਂ ਚੰਡੀਗੜ੍ਹ ਵੱਲ ਕੂਚ ਕਰ ਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।

Leave a Reply

Your email address will not be published. Required fields are marked *