ਦਿਨੋਂ ਦਿਨ ਮਹਿੰਗਾਈ ਦਾ ਵਾਇਰਸ ਹੋ ਰਿਹਾ ਕੰਟਰੋਲ ਤੋਂ ਬਾਹਰ-ਮਨਪ੍ਰੀਤ ਸਿੰਘ ਮੰਨਾ

ਕੋਰੋਨਾ ਵਾਇਰਸ ਨਾਲੋਂ ਵੀ ਇਕ ਵਾਇਰਸ ਇਸ ਵੇਲੇ ਦੇਸ਼ ਦੇ ਵਿਚ ਬਹੁਤ ਹੀ ਖਤਰਨਾਕ ਰੂਪ ਲੈ ਕੇ ਸਾਹਮਣੇ ਆਇਆ ਹੈ, ਜਿਸਦੇ ਫੈਲਣ ਦੀ ਰਫਤਾਰ ਕੋਰੋਨਾ ਨਾਲੋਂ ਵੀ ਕਿਤੇ ਜਿਆਦਾ ਤੇਜ਼ ਦਿਖਾਈ ਦੇ ਰਹੀ ਹੈ। ਪੈਟਰੋਲੀਅਮ ਪਦਾਰਥਾਂ ਦੀ ਕੀਮਤਾਂ ਜਿਸ ਤਰਾਂ ਨਾਲ ਦਿਨੋਂ ਦਿਨ ਵੱਧ ਰਹੀਆਂ ਹਨ ਉਹ ਦਿਨ ਦੂਰ ਨਹੀਂ ਜਦੋਂ ਪੈਟਰੋਲ ਤੇ ਡੀਜ਼ਲ 100 ਰੁਪਏ ਲੀਟਰ ਹੋਵੇਗਾ, ਜੇਕਰ ਇਸ ਤੋਂ ਕਿਤੇ ਜਿਆਦਾ ਵੱਧ ਜਾਵੇ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ। ਜਿਸ ਤਰਾਂ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਇਸੇ ਤਰਾਂ ਮਹਿੰਗਾਈ ਦਾ ਵਾਇਰਸ ਵੀ ਜਨਤਾ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨ ਵਿਚ ਅੜਿਕਾ ਬਣਦਾ ਜਾ ਰਿਹਾ ਹੈ। ਕੋਰੋਨਾ ਦੀ ਚਪੇਟ ਵਿਚ ਆ ਕੇ ਪਹਿਲਾਂ ਹੀ ਅਧਮਰੀ ਹੋਈ ਜਨਤਾ ਨੂੰ ਮਹਿੰਗਾਈ ਦਾ ਵਾਇਰਸ ਡੰਗਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਮਹਿੰਗਾਈ ਦੇ ਇਸ ਵਾਇਰਸ ਦੇ ਵੱਧਣ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਧਿਰ ਦੀ ਭੂਮਿਕਾ ਸਵਾਲਾਂ ਦੇ ਘੇਰੇ ਵਿਚ ਹੈ। ਪਹਿਲਾਂ ਗੱਲ ਕਰਦੇ ਹਾਂ ਸਰਕਾਰ ਦੀ। ਵੋਟਾਂ ਦੇ ਸਮੇਂ ਜਨਤਾ ਨੂੰ ਮਹਿੰਗਾਈ ਤੋਂ ਮੁਕਤ ਅਤੇ ਸਾਰੀ ਸਹੂਲਤਾਂ ਪ੍ਰਦਾਨ ਕਰਨ ਦੇ ਵਾਅਦੇ ਕਰਕੇ ਸੱਤਾ ਹਾਸਲ ਕਰਨ ਵਾਲੀ ਸਰਕਾਰ ਨੇ ਪੈਟਰੋਲਿਅਮ ਪਦਾਰਥਾਂ ਦੀਆਂ ਕੀਮਤਾਂ ਘਟਾਉਣ ਤੇ ਵਧਾਉਣ ਦੇ ਅਧਿਕਾਰ ਤੇਲ ਕੰਪਨੀਆਂ ਨੂੰ ਦੇ ਕੇ ਆਪਣੀ ਜਵਾਬਦੇਹੀ ਤੋਂ ਆਪਣਾ ਮੂੰਹ ਮੋੜ ਲਿਆ ਕਿ ਜਦੋਂ ਮਹਿੰਗਾਈ ਵੱਧੇਗੀ ਤਾਂ ਇਹ ਕਹਿ ਕੇ ਪਲਾ ਚਾੜ ਲਿਆ ਜਾਵੇਗਾ ਕਿ ਅਸੀਂ ਕੁਝ ਨਹੀਂ ਕਰ ਰਹੇ, ਇਹ ਸਾਰਾ ਮਾਮਲਾ ਹੁਣ ਸਾਡੇ ਹਥੋਂ ਬਾਹਰ ਹੈ। ਕਹਿਣ ਦਾ ਭਾਵ ਜਨਤਾ ਦੀ ਰਾਖੀ ਕਰਨ ਦਾ ਠੇਕਾ ਤੇਲ ਕੰਪਨੀਆਂ ਨੂੰ ਦੇ ਦਿੱਤਾ ਜਿਨਾਂ ਨੂੰ ਪੈਸੇ ਤੋਂ ਸਿਵਾਏ ਹੋਰ ਕੁਝ ਨਜ਼ਰ ਨਹੀਂ ਆਉਂਦਾ, ਜਨਤਾ ਜਾਵੇ ਜਿਥੇ ਮਰਜ਼ੀ, ਅਸੀਂ ਤਾਂ ਆਪਣਾ ਵਾਧਾ ਘਾਟਾ ਪੂਰਾ ਕਰਨਾ ਹੈ, ਜਿਸ ਦੇ ਚਲਦਿਆਂ ਅੱਜ ਮਹਿੰਗਾਈ ਸਤਵੇਂ ਆਸਮਾਨ ਤੇ ਪਹੰੁਚ ਗਈ ਹੈ। ਮਹਿੰਗਾਈ ਦਾ ਧੂਰਾ ਜੇਕਰ ਕਿਹਾ ਜਾਵੇ ਤਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਤੇ ਨਿਰਭਰ ਕਰਦਾ ਹੈ, ਜਦੋਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਇਸਦੇ ਨਾਲ ਹੀ ਖਾਣ ਪੀਣ ਦੀਆਂ ਕੀਮਤਾਂ ਆਪਣੇ ਆਪ ਹੀ ਵੱਧ ਜਾਦੀਆਂ ਹਨ, ਜਿਸ ’ਤੇ ਕੰਟਰੋਲ ਕਰਨਾ ਇਸ ਵੇਲੇ ਬਹੁਤ ਹੀ ਔਖਾ ਹੋ ਗਿਆ ਹੈ। ਸਰਕਾਰ ਨੇ ਆਪਣੇ ਹੱਥੋਂ ਸਭ ਕੁਝ ਆਪਣੇ ਹਥੋਂ ਦੂਸਰੇ ਦੇ ਹੱਥ ਦੇ ਕੇ ਆਪ ਸਾਇਡ ’ਤੇ ਹੋ ਗਈ। ਗੱਲ ਕਰੀਏ ਵਿਰੋਧੀ ਧਿਰ ਦੀ। ਵਿਰੋਧੀ ਧਿਰ ਦਾ ਕੰਮ ਹੁੰਦਾ ਹੈ ਕਿ ਉਹ ਸਰਕਾਰ ਦੇ ਚੰਗੇ ਕੰਮਾ ਵਿਚ ਉਸਦਾ ਸਾਥ ਦੇਵੇ ਅਤੇ ਜਨਤਾ ਵਿਰੋਧੀ ਤੇ ਮਰਿਆਦਾ ਤੋਂ ਬਾਹਰ ਵਾਲੇ ਕੰਮਾਂ ਦਾ ਡਟ ਕੇ ਵਿਰੋਧ ਕਰੇ ਜਦੋਂ ਕੇਂਦਰ ਸਰਕਾਰ ਨੇ ਤੇਲ ਦੀਆਂ ਕੀਮਤਾਂ ਦੇ ਅਧਿਕਾਰ ਤੇਲ ਕੰਪਨੀਆਂ ਨੂੰ ਦੇਣ ਦੀ ਗੱਲ ਕੀਤੀ ਉਦੋਂ ਤਾਂ ਥੋੜਾ ਬਹੁਤ ਵਿਰੋਧ ਹੋਇਆ ਪਰੰਤੂ ਬਾਅਦ ਦੇ ਵਿਚ ਵਿਰੋਧੀ ਧਿਰਾਂ ਬਿਲਕੁੱਲ ਹੀ ਸਾਂਤ ਹੋ ਕੇ ਬੈਠ ਗਈਆਂ। ਹੁਣ ਤੇਲ ਦੀਆਂ ਕੀਮਤਾਂ ਵਿਚ ਪਿਛਲੇ ਕੁਝ ਦਿਨਾਂ ਦੇ ਵਿਚ ਇਨਾਂ ਵਾਧਾ ਹੋਇਆ ਕਿ ਕੀਮਤਾਂ 100 ਰੁਪਏ ਹੋਣ ਦੇ ਕਰੀਬ ਹੀ ਹਨ ਪਰੰਤੂ ਵਿਰੋਧੀ ਧਿਰ ਹੁਣ ਵੀ ਬਿਲਕੁੱਲ ਹੀ ਸਾਂਤ ਹੋ ਕੇ ਬੈਠੀ ਹੈ, ਜਿਸ ਨਾਲ ਕੁਝ ਸਮਝ ਨਹੀਂ ਆ ਰਿਹਾ। ਇਹ ਵੀ ਗੱਲ ਕਹੀ ਜਾ ਸਕਦੀ ਹੈ ਕਿ ਵਿਰੋਧੀ ਧਿਰ ਵੀ ਇਸ ਵੇਲੇ ਆਪਣੀ ਡਿੳੂਟੀ ਤੋਂ ਪਿਛੇ ਹੱਟ ਰਹੀ ਹੈ। ਜਨਤਾ ਨੂੰ ਸਰਕਾਰ ਤੋਂ ਇਸ ਵੇਲੇ ਕੋਈ ਉਮੀਦ ਦਿਖਾਈ ਨਹੀਂ ਦੇ ਰਹੀ ਹੈ ਲੇਕਿਨ ਵਿਰੋਧੀ ਧਿਰ ਤੋਂ ਵੀ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦੇ ਰਹੀ। ਜੇਕਰ ਇਹੋ ਹਾਲਾਤ ਰਹੇ ਤਾਂ ਆਉਣ ਵਾਲੇਂ ਸਮੇਂ ਦੇ ਵਿਚ ਹਾਲਾਤ ਆਪੇ ਤੋਂ ਬਾਹਰ ਹੋ ਜਾਣਗੇ, ਜਿਸਦੀ ਜਿਮੇਵਾਰੀ ਸਰਕਾਰ ਤੇ ਵਿਰੋਧੀ ਧਿਰ ਦੀ ਹੋਵੇਗੀ। ਜਨਤਾ ਇਸ ਵੇਲੇ ਸੋਚਣ ਲਈ ਮਜਬੂਰ ਹੋ ਗਈ ਹੈ ਕਿ ਦਿਨੋਂ ਦਿਨ ਵਧ ਰਹੀ ਮਹਿੰਗਾਈ ਆਖਰ ਕਿਥੇ ਜਾ ਕੇ ਰੁਕੇਗੀ। ਹੁਣ ਜੇਕਰ ਹਾਲਾਤ ਦੇਖੇ ਜਾਣ ਤਾਂ ਜਿਥੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ ਨਾਲ ਨਾਲ ਬਾਕੀ ਖਾਣ ਪੀਣ ਵਾਲੀਆਂ ਚੀਜਾਂ ਦੀਆਂ ਕੀਮਤਾਂ ਵਿਚ ਦਿਨੋਂ ਦਿਨ ਰਫਤਾਰ ਫੜਦੀਆਂ ਜਾ ਰਹੀਆਂ ਹਨ, ਇਨਾਂ ਹਾਲਾਤਾਂ ਦੇ ਵਿਚ ਜਨਤਾ ਦੇ ਨਾਲ ਨਾਲ ਵਾਪਾਰੀ ਵਰਗ ਤੇ ਕਰਮਚਾਰੀ ਵਰਗ ਬਹੁਤ ਹੀ ਪਰੇਸ਼ਾਨੀ ਦੇ ਆਲਮ ਦੇ ਵਿਚ ਹੈ, ਜਿਸ ’ਤੇ ਕੰਟਰੋਲ ਕਰਨ ਲਈ ਸਰਕਾਰ ਨੂੰ ਜਲਦ ਹੀ ਸਖਤ ਤੋਂ ਸਖਤ ਕਦਮ ਚੁੱਕਣੇ ਪੈਣਗੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ, ਇਸਦੇ ਲਈ ਹੀ ਵਿਰੋਧੀ ਧਿਰ ਨੂੰ ਵੀ ਇਸਦੇ ਲਈ ਤਗੜਾ ਸੰਘਰਸ਼ ਕਰ ਸਰਕਾਰ ਨੂੰ ਆਪਦੇ ਲਏ ਗਲਤ ਫੈਸਲਿਆਂ ਨੂੰ ਬਦਲਣ ਅਤੇ ਲੋਕਾਂ ਨੂੰ ਸੁੱਖ ਸਹੁੂਲਤਾਂ ਦੇਣ ਲਈ ਮਜ਼ਬੂਰ ਕਰਨਾ ਪੈਣਾ ਹੈ। ਸਰਕਾਰ ਨੂੰ ਜਨਤਾ ਦੇ ਬਾਰੇ ਵਿਚ ਸੋਚਣਾ ਚਾਹੀਦਾ ਹੈ ਕਿ ਇਸ ਵੇਲੇ ਕੋਰੋਨਾ ਵਾਇਰਸ ਦੇ ਚਲਦਿਆਂ ਜਨਤਾ ਪਹਿਲਾਂ ਹੀ ਬਹੁਤ ਸਹਿਮੀ ਹੋਈ ਹੈ ਦੂਸਰਾ ਮਹਿੰਗਾਈ ਦਾ ਵਾਇਰਸ ਜਨਤਾ ਦੇ ਜਿਉਣ ਦੀਆਂ ਉਮੀਦਾਂ ਨੂੰ ਘੁਣ ਵਾਂਗ ਖਾ ਰਿਹਾ ਹੈ। ਸਰਕਾਰ ਨੂੰ ਜਲਦੀ ਤੋਂ ਜਲਦੀ ਇਸ ਵਲ ਧਿਆਨ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *