ਗੁਜਰਾਤ ਅਤੇ ਹਿਮਾਚਲ ਦੀਆਂ ਚੋਣਾਂ ਹਾਰ ਰਹੀ ਹੈ ਕਾਂਗਰਸ: ਪ੍ਰਸ਼ਾਂਤ ਕਿਸ਼ੋਰ

ਪਟਨਾ:ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ’ਚ ਹਾਰ ਦਾ ਸਾਹਮਣਾ ਕਰ ਰਹੀ ਹੈ। ਭਾਜਪਾ ਸ਼ਾਸਿਤ ਇਨ੍ਹਾਂ ਦੋਵੇਂ ਸੂਬਿਆਂ ’ਚ ਸਾਲ ਦੇ ਅਖੀਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ‘ਆਈ-ਪੈਕ’ ਦੇ ਬਾਨੀ ਨੇ ਇਹ ਵੀ ਕਿਹਾ ਕਿ ਕਾਂਗਰਸ ਚਿੰਤਨ ਸ਼ਿਵਿਰ ’ਚ ਕੋਈ ਅਰਥ-ਭਰਪੂਰ ਟੀਚਾ ਹਾਸਲ ਨਹੀਂ ਕਰ ਸਕੀ ਹੈ। ਕਿਸ਼ੋਰ ਨੇ ਟਵੀਟ ਕਰਕੇ ਕਿਹਾ,‘‘ਮੈਨੂੰ ਉਦੈਪੁਰ ਚਿੰਤਨ ਸ਼ਿਵਿਰ ਦੇ ਸਿੱਟੇ ਬਾਰੇ ਟਿੱਪਣੀ ਕਰਨ ਲਈ ਵਾਰ-ਵਾਰ ਆਖਿਆ ਗਿਆ ਹੈ। ਮੇਰੇ ਵਿਚਾਰ ਨਾਲ ਇਹ ਸ਼ਿਵਿਰ ਮੌਜੂਦਾ ਹਾਲਾਤ ਨੂੰ ਹੋਰ ਲੰਬਾ ਖਿੱਚਣ ਅਤੇ ਕਾਂਗਰਸ ਲੀਡਰਸ਼ਿਪ ਨੂੰ ਕੁਝ ਸਮਾਂ ਦੇਣ ਤੋਂ ਇਲਾਵਾ ਕੁਝ ਹੋਰ ਸਾਰਥਕ ਹਾਸਲ ਕਰਨ ’ਚ ਨਾਕਾਮ ਰਿਹਾ। ਘੱਟ ਤੋਂ ਘੱਟ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣਾਂ ’ਚ ਹਾਰ ਤੱਕ ਤਾਂ ਕੁਝ ਵੀ ਹਾਸਲ ਨਹੀਂ ਹੋਣਾ ਹੈ।’’ ਜ਼ਿਕਰਯੋਗ ਹੈ ਕਿ ਕਾਂਗਰਸ ’ਚ ਨਵੀਂ ਰੂਹ ਪਾਉਣ ਲਈ ਪਿਛਲੇ ਦਿਨੀਂ ਕਿਸ਼ੋਰ ਨੂੰ ਕਾਂਗਰਸ ’ਚ ਸ਼ਾਮਲ ਕੀਤੇ ਜਾਣ ਦੀ ਤਜਵੀਜ਼ ਸੀ ਪਰ ਇਹ ਯੋਜਨਾ ਅੱਗੇ ਨਹੀਂ ਵਧ ਸਕੀ ਸੀ।

Leave a Reply

Your email address will not be published. Required fields are marked *