ਹੁਣ ਅਜਮੇਰ ਸਰੀਫ਼ ਦਰਗਾਹ ‘ਤੇ ਵੀ ਹਿੰਦੂ ਮੰਦਰ ਹੋਣ ਦਾ ਦਾਅਵਾ!

ਅਜਮੇਰ : ਗਿਆਨਵਾਪੀ, ਤਾਜ ਮਹਿਲ ਅਤੇ ਕੁਤੁਬ ਮੀਨਾਰ ਤੋਂ ਬਾਅਦ ਹੁਣ ਅਜਮੇਰ ਵਿੱਚ ਸਥਿਤ ਖਵਾਜਾ ਗਰੀਬ ਨਵਾਜ਼ ਦੀ ਦਰਗਾਹ ਨੂੰ ਵੀ ਹਿੰਦੂ ਮੰਦਰ ਹੋਣ ਦਾ ਦਾਅਵਾ ਕਰ ਦਿੱਤਾ ਗਿਆ ਹੈ। ਇਸ ਸਬੰਧੀ ਦਿੱਲੀ ਦੀ ਸੰਸਥਾ ਨੇ ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਨੂੰ ਪੱਤਰ ਲਿਖ ਕੇ ਪੁਰਾਤੱਤਵ ਵਿਭਾਗ ਤੋਂ ਸਰਵੇਖਣ ਕਰਵਾਉਣ ਦੀ ਮੰਗ ਕੀਤੀ ਹੈ। ਜਥੇਬੰਦੀ ਵੱਲੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਲਿਖੇ ਪੱਤਰ ਤੋਂ ਬਾਅਦ ਦਰਗਾਹ ਵਿੱਚ ਹਲਚਲ ਤੇਜ਼ ਹੋ ਗਈ ਹੈ। ਏਡੀਐਮ ਸਿਟੀ ਭਾਵਨਾ ਗਰਗ ਨੇ ਵੀਰਵਾਰ ਨੂੰ ਦਰਗਾਹ ਦਾ ਦੌਰਾ ਕੀਤਾ। ਇਸ ਦੇ ਨਾਲ ਹੀ ਦਰਗਾਹ ਦੇ ਆਲੇ-ਦੁਆਲੇ ਵੱਡੀ ਗਿਣਤੀ ‘ਚ ਪੁਲਸ ਬਲ ਵੀ ਤਾਇਨਾਤ ਕੀਤੇ ਗਏ ਹਨ।
ਮਹਾਰਾਣਾ ਪ੍ਰਤਾਪ ਸੈਨਾ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਦਿੱਲੀ ਦੇ ਰਹਿਣ ਵਾਲੇ ਰਾਜਵਰਧਨ ਸਿੰਘ ਪਰਮਾਰ ਨਾਂ ਦੇ ਵਿਅਕਤੀ ਨੇ ਮਹਾਰਾਣਾ ਪ੍ਰਤਾਪ ਸੈਨਾ ਦੇ ਰਾਸ਼ਟਰੀ ਪ੍ਰਧਾਨ ਵਜੋਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਇਹ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਅਜਮੇਰ ਵਿੱਚ ਖਵਾਜਾ ਗਰੀਬ ਨਵਾਜ਼ ਦੀ ਦਰਗਾਹ ਪਹਿਲਾਂ ਹਿੰਦੂ ਮੰਦਰ ਸੀ। ਉਨ੍ਹਾਂ ਲਿਖਿਆ ਹੈ ਕਿ ਪੁਰਾਤੱਤਵ ਵਿਭਾਗ ਵੱਲੋਂ ਸਰਵੇਖਣ ਕਰਵਾਇਆ ਜਾਵੇ, ਜਿਸ ਵਿੱਚ ਤੁਹਾਨੂੰ ਉੱਥੇ ਹਿੰਦੂ ਮੰਦਰ ਹੋਣ ਦੇ ਪੁਖਤਾ ਸਬੂਤ ਮਿਲ ਜਾਣਗੇ।
ਦਰਗਾਹ ਦਾ ਇਤਿਹਾਸ 900 ਸਾਲ ਪੁਰਾਣਾ
ਹਾਲ ਹੀ ਵਿੱਚ ਖਵਾਜਾ ਗਰੀਬ ਨਵਾਜ਼ ਦਾ 810ਵਾਂ ਉਰਸ ਮਨਾਇਆ ਗਿਆ ਹੈ। ਇਸ ਦੇ ਨਾਲ ਹੀ ਦਰਗਾਹ ਦੇ ਮਾਹਿਰਾਂ ਅਨੁਸਾਰ ਇਸ ਦਾ ਇਤਿਹਾਸ 900 ਸਾਲ ਪੁਰਾਣਾ ਹੈ ਪਰ ਇਤਿਹਾਸ ਵਿੱਚ ਅੱਜ ਤੱਕ ਅਜਿਹਾ ਕੋਈ ਠੋਸ ਦਾਅਵਾ ਨਹੀਂ ਕੀਤਾ ਗਿਆ ਕਿ ਦਰਗਾਹ ਹਿੰਦੂ ਮੰਦਰ ਨੂੰ ਢਾਹ ਕੇ ਬਣਾਈ ਗਈ ਸੀ।