ਪੰਜਾਬ ‘ਚ ਇਸ ਦਿਨ ਆਵੇਗਾ ਮੌਨਸੂਨ, ਕਈ ਸ਼ਹਿਰਾਂ ‘ਚ ਬਾਰਿਸ਼ ਤੋਂ ਬਾਅਦ ਡਿੱਗਿਆ ਪਾਰਾ

ਲੁਧਿਆਣਾ : ਪੰਜਾਬ ਵਿੱਚ ਪੱਛਮੀ ਗੜਬੜੀ (Western Disturbance) ਕਾਰਨ ਪਿਛਲੇ ਚਾਰ ਦਿਨ ਮੀਂਹ ਪੈਣ ਤੋਂ ਬਾਅਦ ਬੁੱਧਵਾਰ ਨੂੰ ਧੁੱਪ ਨਿਕਲ ਆਈ। ਮੌਸਮ ਕਾਫੀ ਸੁਹਾਵਣਾ ਹੋ ਗਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਬੂੰਦਾਬਾਂਦੀ ਤੇ ਮੀਂਹ ਪਿਆ। ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਕਈ ਜ਼ਿਲ੍ਹਿਆਂ ‘ਚ ਸਵੇਰੇ ਅੱਠ ਵਜੇ ਤਾਪਮਾਨ 17 ਤੋਂ 20 ਡਿਗਰੀ ਸੈਲਸੀਅਸ ਰਿਹਾ।

ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅੱਜ ਵੀ ਕਈ ਜ਼ਿਲ੍ਹਿਆਂ ‘ਚ ਮੀਂਹ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਅਨੁਸਾਰ ਪੰਜਾਬ ‘ਚ 28 ਜੂਨ ਤੋਂ ਬਾਅਦ ਕਦੇ ਵੀ ਮੌਨਸੂਨ ਆ ਸਕਦਾ ਹੈ।

ਜੂਨ ‘ਚ ਔਸਤ ਨਾਲੋਂ ਜ਼ਿਆਦਾ ਹੋਈ ਬਾਰਿਸ਼, 4 ਦਿਨਾਂ ‘ਚ 30.5mm ਹੋਈ ਬਾਰਿਸ਼

ਮੌਸਮ ਕੇਂਦਰ ਚੰਡੀਗਡ਼੍ਹ ਅਨੁਸਾਰ ਸੋਮਵਾਰ ਅੱਧੀ ਰਾਤ ਪਿੱਛੋਂ ਤੋਂ ਮੰਗਲਵਾਰ ਸ਼ਾਮ ਪੰਜ ਵਜੇ ਤਕ ਪਿਛਲੇ 24 ਘੰਟਿਆਂ ਦੌਰਾਨ ਚੰਡੀਗਡ਼੍ਹ ’ਚ 41 ਮਿਲੀਮੀਟਰ ਬਾਰਿਸ਼ ਹੋਈ ਜਦਕਿ ਤਾਪਮਾਨ 33 ਡਿਗਰੀ ਸੈਲਸੀਅਸ ਰਿਹਾ। ਇਸੇ ਤਰ੍ਹਾਂ ਗੁਰਦਾਸਪੁਰ ’ਚ 58.4 ਐੱਮਐੱਮ, ਲੁਧਿਆਣੇ ’ਚ 5 ਐੱਮਐੱਮ, ਨਵਾਂਸ਼ਹਿਰ ’ਚ 22.6 ਐੱਮਐੱਮ, ਫ਼ਤਹਿਗਡ਼੍ਹ ਸਾਹਿਬ ’ਚ 14 ਐੱਮਐੱਮ, ਮੁਕਤਸਰ ’ਚ 20 ਐੱਮਐੱਮ, ਹੁਸ਼ਿਆਰਪੁਰ ’ਚ 16.5 ਐੱਮਐੱਮ, ਜਲੰਧਰ ’ਚ 3.5 ਐੱਮਐੱਮ ਤੇ ਕਪੂਰਥਲਾ ’ਚ 4 ਐੱਮਐੱਮ ਬਾਰਿਸ਼ ਦਰਜ ਕੀਤੀ ਗਈ।

ਮੌਸਮ ਕੇਂਦਰ ਚੰਡੀਗਡ਼੍ਹ ਦੇ ਨਿਰਦੇਸ਼ਕ ਡਾ. ਮਨਮੋਹਨ ਸਿੰਘ ਅਨੁਸਾਰ ਪੰਜਾਬ ’ਚ ਪਿਛਲੇ ਚਾਰ ਦਿਨਾਂ ’ਚ ਚੰਗੀ ਬਾਰਿਸ਼ ਹੋਈ ਹੈ ਜਿਸ ਦਾ ਝੋਨੇ ਤੇ ਮੱਕੀ ਦੇ ਨਾਲ-ਨਾਲ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਕਾਫ਼ੀ ਲਾਭ ਹੋਵੇਗਾ। ਪੰਜਾਬ ਵਿੱਚ ਆਮ ਤੌਰ ’ਤੇ ਜੂਨ ਵਿੱਚ 30.4 ਮਿਲੀਮੀਟਰ ਮੀਂਹ ਪੈਂਦਾ ਹੈ ਜਦੋਂਕਿ ਇਸ ਵਾਰ 30.5 ਮਿਲੀਮੀਟਰ ਮੀਂਹ ਪਿਆ ਹੈ। ਚੂੰਕਿ ਬਾਰਿਸ਼ ਰੁਕ-ਰੁਕ ਦੇ ਹੋਈ ਹੈ ਇਸ ਨਾਲ ਧਰਤੀ ਹੇਠਲਾ ਵੀ ਪਾਣੀ ਰਿਚਾਰਚ ਹੋਵੇਗਾ। ਡਾ. ਸਿੰਘ ਅਨੁਸਾਰ ਬੁੱਧਵਾਰ ਨੂੰ ਉੱਤਰੀ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ’ਚ ਮੌਸਮ ਸਾਫ਼ ਹੋ ਜਾਵੇਗਾ। ਹਾਲਾਂਕਿ ਵਿਚ-ਵਿਚ ਬੱਦਲ ਆਉਂਦੇ ਰਹਿਣਗੇ। ਉੱਤਰੀ ਪੰਜਾਬ ’ਚ ਬਾਰਿਸ਼ ਦੇ ਆਸਾਰ ਹਨ।

ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਕੁਝ ਸਮੇਂ ਤੋਂ ਕੜਾਕੇ ਦੀ ਗਰਮੀ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਸੀ। ਜ਼ਿਲ੍ਹੇ ਵਿੱਚ ਜੂਨ ਮਹੀਨੇ 28 ਫੀਸਦੀ ਜ਼ਿਆਦਾ ਮੀਂਹ ਪਿਆ ਹੈ। ਮੌਨਸੂਨ 28 ਜੂਨ ਤੋਂ ਬਾਅਦ ਸੂਬੇ ਵਿੱਚ ਪਹੁੰਚਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *