ਤ੍ਰਿਪੜੀ ਸਕੂਲ ਦੀ ਕੰਪਿਊਟਰ ਲੈਬ ਪੰਜਾਬ ਭਰ’ਚ ਅਵੱਲ
ਪਟਿਆਲਾ-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਤ੍ਰਿਪੜੀ (ਪਟਿਆਲਾ) ਦੀ ਕੰਪਿਊਟਰ ਲੈਬ ਪੰਜਾਬ ਭਰ ਵਿੱਚ ਪਹਿਲੇ ਸਥਾਨ’ਤੇ ਆਈ ਹੈ ਅਤੇ ਇਸ ਨੂੰ ਬੈਸਟ ਆਈ.ਸੀ.ਟੀ. ਲੈਬ ਐਵਾਰਡ ਮਿਲਿਆ ਹੈ।ਇਹ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਡਾ.ਨਰਿੰਦਰ ਕੁਮਾਰ ਨੇ ਦੱਸਿਆ ਕਿ ਈ-ਸਕੂਲ ਕੁਇਜ਼ ਵੱਲੋਂ ਪੰਜਾਬ ਭਰ ਵਿੱਚ ਕੰਪਿਊਟਰ ਲੈਬ ਦੇ ਮੁਕਾਬਲੇ ਕਰਵਾਏ ਗਏ ਸਨ, ਜਿਨ੍ਹਾਂ ਵਿੱਚ ਅੱਡ-ਅੱਡ ਸਕੂਲਾਂ ਨੇ ਹਿੱਸਾ ਲਿਆ।ਸੰਸਥਾ ਦੇ ਚੀਫ਼ ਕੋਆਰਡੀਨੇਟਰ ਸ਼੍ਰੀ ਪਰਮਵੀਰ ਸਿੰਘ ਵੱਲੋਂ ਜਾਰੀ ਪ੍ਰਸ਼ੰਸਾ ਸਰਟੀਫਿਕੇਟ ਅਨੁਸਾਰ ਸ.ਸ.ਸ.ਸ.ਤ੍ਰਿਪੜੀ ਦੀ ਕੰਪਿਊਟਰ ਲੈਬ ਸਾਰੇ ਮਾਨਕਾਂ ਤੇ ਖਰੀ ਉਤਰੀ ਹੈ।ਇਹ ਕੰਪਿਊਟਰ ਲੈਬ ਅੰਤਾਂ ਦੀ ਸੋਹਣੀ, ਸੂਚਨਾਦਾਇਕ ਅਤੇ ਉੱਤਮ ਹੈ।ਸੰਸਥਾ ਨੇ ਸਕੂਲ ਪ੍ਰਿੰਸੀਪਲ ਅਤੇ ਕੰਪਿਊਟਰ ਫੈਕਲਟੀ ਦੀ ਸਮਰਪਣ ਭਾਵਨਾ ਅਤੇ ਲਗਾਤਾਰ ਮਿਹਨਤ ਕਰਨ ਦੇ ਜਜ਼ਬੇ ਦੀ ਤਾਰੀਫ਼ ਕੀਤੀ ਹੈ।
ਪ੍ਰਿੰਸੀਪਲ ਨੇ ਇਹ ਸਟੇਟ ਐਵਾਰਡ ਜਿੱਤਣ’ਤੇ ਸਕੂਲ ਦੀ ਕੰਪਿਊਟਰ ਫੈਕਲਟੀ ਸ਼੍ਰੀਮਤੀ ਰਵਿੰਦਰ ਕੌਰ, ਅਨੁਦੀਪ ਕੌਰ, ਗਗਨਦੀਪ ਕੌਰ, ਗੁਰਪ੍ਰੀਤ ਕੌਰ,ਰਜਨੀ ਬਾਲਾ ਅਤੇ ਭੁਪਿੰਦਰ ਕੌਰ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਸਹਾਰਿਆ। ਜ਼ਿਕਰਯੋਗ ਹੈ ਕਿ ਸਕੂਲ ਦੀ ਕੰਪਿਊਟਰ ਲੈਬ ਵਿੱਚ ਛੇਵੀਂ ਤੋਂ ਬਾਰ੍ਹਵੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਕੰਪਿਊਟਰ ਸਬੰਧੀ ਸਾਰੀ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਇਸ ਵਿੱਚ ਵਿਦਿਆਰਥੀਆਂ ਲਈ ਸਿੱਖਿਆ ਪੱਖੋਂ ਹਰ ਸਹੂਲਤ ਮੌਜੂਦ ਹੈ।ਸਕੂਲ ਸਟਾਫ਼ ਦੇ ਬਾਕੀ ਮੈਬਰਾਂ ਨੇ ਵੀ ਇਸ ਮੌਕੇ ਟੀਮ ਕੰਪਿਊਟਰ ਲੈਬ ਨੂੰ ਵਧਾਈ ਦਿੱਤੀ।