ਕੀ ਸੁਖਦੇਵ ਸਿੰਘ ਢੀਂਡਸਾ ਬਾਦਲ ਦੀ ਲੰਕਾ ਢਾਹ ਸਕੇਗਾ ? ਉਜਾਗਰ ਸਿੰਘ
ਪੰਜਾਬੀ ਦੀ ਇਕ ਕਹਾਵਤ ਹੈ ਕਿ ”ਘਰ ਦਾ ਭੇਤੀ ਲੰਕਾ ਢਾਏ”। ਸੁਖਦੇਵ ਸਿੰਘ ਢੀਂਡਸਾ ਪਰਕਾਸ ਸਿੰਘ ਬਾਦਲ ਦੇ ਅਕਾਲੀ ਪਰਿਵਾਰ ਦੇ ਘਰ ਦੇ ਅੰਦਰੂਨੀ ਘੇਰੇ ਦਾ ਮੈਂਬਰ ਰਿਹਾ ਹੈ। ਕਹਿਣ ਤੋਂ ਭਾਵ ਉਹ ਬਾਦਲ ਦੇ ਘਰ ਦਾ ਭੇਤੀ ਹੈ। ਇਹ ਕਹਾਵਤ ਜੇਕਰ ਸੱਚੀ ਹੋ ਗਈ ਤਾਂ ਬਾਦਲ ਅਕਾਲੀ ਦਲ ਨੂੰ ਦਰਕਿਨਾਰ ਕਰ ਸਕਦਾ ਹੈ ਕਿਉਂਕਿ ਘਰ ਦੇ ਭੇਤੀ ਨੂੰ ਘਰ ਦੀਆਂ ਸਾਰੀਆਂ ਚੋਰ ਮੋਰੀਆਂ ਦੀ ਜਾਣਕਾਰੀ ਹੁੰਦੀ ਹੈ। ਅਕਾਲੀ ਦਲ ਨੂੰ ਹੋਂਦ ਵਿਚ ਆਇਆਂ ਲਗਪਗ100 ਸਾਲ ਹੋ ਗਏ ਹਨ। ਉਦੋਂ ਤੋਂ ਹੀ ਪਾਰਟੀ ਵਿਚ ਧੜੇਬੰਦੀ ਲਗਾਤਾਰ ਜ਼ਾਰੀ ਹੈ। ਪਾਰਟੀ ਵਿਚ ਉਤਰਾਅ ਚੜ੍ਹਾਅ ਵੀ ਬਥੇਰੇ ਆਉਂਦੇ ਰਹੇ। ਪਾਰਟੀ ਦੁਫਾੜ ਵੀ ਹੁੰਦੀ ਰਹੀ ਪ੍ਰੰਤੂ ਲੀਡਰਸ਼ਿਪ ਦੀ ਕਾਰਗੁਜ਼ਾਰੀ ਵਿਚ ਇਤਨਾ ਨਿਘਾਰ ਕਦੀਂ ਵੀ ਨਹੀਂ ਆਇਆ ਜਿਤਨਾ ਇਸ ਵਕਤ ਆਇਆ ਹੋਇਆ ਹੈ। ਹਾਲਾਂ ਕਿ ਇਕ ਵਾਰ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨੇ ਆਪਣੇ ਹਂੀ ਉਦੋਂ ਦੇ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਦੇ ਕਥਿਤ ਭਰਿਸਟਾਚਾਰ ਵਿਰੁਧ ਰਾਜਪਾਲ ਨੂੰ ਲਿਖ ਕੇ ਦੇ ਦਿੱਤਾ ਸੀ। ਅਕਾਲੀ ਪਾਰਟੀ ਦਾ ਆਧਾਰ ਮੁੱਖ ਤੌਰ ਤੇ ਧਾਰਮਿਕ ਹੈ ਕਿਉਂਕਿ ਇਹ ਪਾਰਟੀ ਜਦੋਂ ਹੋਂਦ ਵਿਚ ਆਈ ਸੀ ਉਦੋਂ ਇਸਦਾ ਮੁੱਖ ਕੰਮ ਗੁਰਦੁਆਰਾ ਸਾਹਿਬਾਨ ਦੀ ਵੇਖ ਰੇਖ ਕਰਨਾ ਸੀ। ਇਥੋਂ ਤੱਕ ਕਿ ਅਕਾਲੀ ਦਲ ਨੂੰ ਬਣਾਉਣ ਲਈ ਸਲਾਹ ਮਸ਼ਵਰਾ ਕਰਨ ਲਈ ਸਾਰੀਆਂ ਮੀਟਿੰਗਾਂ ਅਕਾਲ ਤਖ਼ਤ ਉਪਰ ਹੀ ਹੁੰਦੀਆਂ ਰਹੀਆਂ। ਪਹਿਲੀ ਵਿਧਾਨ ਸਭਾ ਚੋਣ ਅਕਾਲੀ ਦਲ ਨੇ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਲੜੀ ਸੀ ਕਿਉਂਕਿ ਅਕਾਲੀ ਦਲ ਸਿਆਸੀ ਪਾਰਟੀ ਦੇ ਤੌਰ ਤੇ ਰਜਿਸਟਰ ਹੀ ਨਹੀਂ ਸੀ। ਪਰਕਾਸ਼ ਸਿੰਘ ਬਾਦਲ ਪਹਿਲੀ ਵਾਰ ਵਿਧਾਨ ਸਭਾ ਦਾ ਮੈਂਬਰ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਹੀ ਲੜਿਆ ਸੀ। ਉਦੋਂ ਕਾਂਗਰਸ ਨਾਲ ਅਕਾਲੀ ਦਲ ਦਾ ਸਮਝੌਤਾ ਸੀ। ਉਸ ਸਮਝੌਤੇ ਦੇ ਵਿਰੋਧ ਵਿਚ ਵੀ ਅਕਾਲੀ ਦਲ ਦੋਫਾੜ ਹੋਇਆ ਸੀ। ਪਰਕਾਸ ਸਿੰਘ ਬਾਦਲ ਨੇ ਸਿਆਸੀ ਲਾਭ ਲੈਣ ਲਈ ਅਕਾਲੀ ਦਲ ਨੂੰ ਮੋਗਾ ਵਿਖੇ 1998 ਵਿਚ ਕਾਨਫਰੰਸ ਕਰਕੇ ਪੰਜਾਬੀ ਪਾਰਟੀ ਬਣਾਉਣ ਦਾ ਵਿਖਾਵਾ ਕੀਤਾ। ਚਲੋ ਇਹ ਵੀ ਕੋਈ ਮਾੜੀ ਗੱਲ ਨਹੀਂ ਜੇਕਰ ਪਾਰਟੀ ਆਪਣਾ ਅਕਸ ਧਰਮ ਨਿਰਪੱਖ ਬਣਾਉਣਾ ਚਾਹੁੰਦੀ ਹੈ ਪ੍ਰੰਤੂ ਇਸ ਸਮੇਂ ਅਕਾਲੀ ਦਲ ਆਪਣੇ ਮੁੱਖ ਅਸੂਲ ਤੋਂ ਹੀ ਪਿਛੇ ਖਿਸਕ ਗਿਆ ਹੈ। ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣਾ ਨਵਾਂ ਅਕਾਲੀ ਦਲ ਡੈਮੋਕਰੈਟਿਕ ਬਣਾਉਣ ਨਾਲ ਅਕਾਲੀ ਦਲ ਦੇ ਸਿਆਸੀ ਹਲਕਿਆਂ ਵਿਚ ਇਹ ਕਿਆਸ ਅਰਾਈਆਂ ਸ਼ੁÐਰੂ ਹੋ ਗਈਆਂ ਹਨ ਕਿ ਕੀ ਸੁਖਦੇਵ ਸਿੰਘ ਢੀਂਡਸਾ ਦਾ ਅਕਾਲੀ ਦਲ ਬਾਦਲ ਦੀ ਲਲੰਕ ਢਾਹੁਣ ਵਿਚ ਸਫਲ ਹੋਵੇਗਾ ? ਸ਼ਰੋਮਣੀ ਅਕਾਲੀ ਦਲ ਜਿਸ ਉਪਰ ਇਸ ਸਮੇਂ ਬਾਦਲ ਪਰਿਵਾਰ ਦਾ ਕਬਜ਼ਾ ਹੈ, ਉਸ ਵਿਚੋਂ ਪਹਿਲਾਂ ਹੀ ਬਹੁਤ ਸਾਰੇ ਸੀਨੀਅਰ ਨੇਤਾ ਵਖਰੇ ਹੋ ਚੁੱਕੇ ਹਨ ਅਤੇ ਕੁਝ ਸੀਨੀਅਰ ਨੇਤਾਵਾਂ ਨੇ ਹੁਣੇ ਜਿਹੇ ਸੁਖਦੇਵ ਸਿੰਘ ਢੀਂਡਸਾ ਦਾ ਪੱਲਾ ਫੜ ਲਿਆ ਹੈ। ਇਸ ਤੋਂ ਇਕ ਗੱਲ ਤਾਂ ਸ਼ਪਸ਼ਟ ਹੈ ਕਿ ਬਾਦਲ ਦਲ ਨੂੰ ਖੋਰਾ ਲੱਗ ਚੁੱਕਿਆ ਹੈ। ਇਸ ਖੋਰੇ ਦੇ ਮੁਖ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਵਿਖੇ ਪੁਲਿਸ ਦੀ ਗੋਲੀ ਨਾਲ ਦੋ ਵਿਅਕਤੀਆਂ ਦੇ ਮਾਰੇ ਜਾਣਾ, ਬੇਅਦਬੀ ਦੀ ਅਕਾਲੀ ਰਾਜ ਵਿਚ ਸਹੀ ਪੜਤਾਲ ਨਾ ਹੋਣਾ, ਅਕਾਲ ਤਖ਼ਤ ਦੀ ਦੁਰਵਰਤੋਂ ਕਰਕੇ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੁਆਉਣਾ, ਗੈਂਗਸਟਰਾਂ ਨੂੰ ਸ਼ਹਿ ਦੇਣਾ, ਪਰਿਵਾਰਵਾਦ ਦਾ ਪਾਰਟੀ ਤੇ ਭਾਰੂ ਪੈਣਾ ਅਤੇ ਸੀਨੀਅਰ ਨੇਤਾਵਾਂ ਨੂੰ ਅਣਡਿਠ ਕਰਨਾ ਆਦਿ ਹਨ। ਇਸ ਕਰਕੇ ਅਕਾਲੀ ਦਲ ਵਿਚ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਘੁਸਰ ਮੁਸਰ ਹੋ ਰਹੀ ਸੀ।
ਇਹ ਦੂਜੀ ਵਾਰ ਹੋਇਆ ਹੈ ਕਿ ਬਾਦਲ ਵਾਲੇ ਅਕਾਲੀ ਦਲ ਦਾ ਸਭ ਤੋਂ ਸੀਨੀਅਰ ਨੇਤਾ ਜਿਹੜਾ ਲੰਮਾ ਸਮਾਂ ਬਾਦਲ ਦਾ ਖਾਸਮ ਖਾਸ ਅਤੇ ਕਈ ਵਾਰ ਵਿਧਾਨ ਸਭਾ, ਲੋਕ ਸਭਾ ਅਤੇ ਰਾਜ ਸਭਾ ਦਾ ਮੈਂਬਰ ਪੰਜਾਬ ਅਤੇ ਕੇਂਦਰ ਵਿਚ ਮੰਤਰੀ ਰਿਹਾ ਹੋਵੇ, ਬਾਦਲ ਪਰਿਵਾਰ ਤੋਂ ਵੱਖ ਹੋਇਆ ਹੋਵੇ। ਇਸ ਤੋਂ ਪਹਿਲਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਵੀ ਖਾਲਸਾ ਪੰਥ ਦੀ 300 ਸਾਲਾ ਸ਼ਤਾਬਦੀ ਦੇ ਮੌਕੇ ਬਾਦਲ ਨਾਲ ਅਣਬਣ ਹੋਣ ਕਰਕੇ ਪਰਕਾਸ਼ ਸਿੰਘ ਬਾਦਲ ਨੇ ਸ਼ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਲਾਹ ਕੇ ਪਾਰਟੀ ਵਿਚੋਂ ਕੱਢ ਦਿੱਤਾ ਸੀ। ਫਿਰ ਟੌਹੜਾ ਸਾਹਿਬ ਨੇ ਵੱਖਰੇ ਹੋ ਕੇ ਆਪਣਾ ਸਰਬਹਿੰਦ ਅਕਾਲੀ ਦਲ ਬਣਾਇਆ ਸੀ। ਪ੍ਰੰਤੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਪਰਕਾਸ ਸਿੰਘ ਬਾਦਲ ਦੇ ਕਦੀਂ ਵੀ ਢੀਂਡਸਾ ਜਿਤਨਾ ਨਜ਼ਦੀਕ ਨਹੀਂ ਰਿਹਾ ਸੀ। ਭਾਵੇਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਸਿਆਸੀ ਕੱਦ ਬੁੱਤ ਬਹੁਤ ਉਚਾ, ਇਮਾਨਦਾਰ ਅਤੇ ਧਾਰਮਿਕ ਵਿਅਕਤੀ ਵਾਲਾ ਵੀ ਸੀ ਤਾਂ ਵੀ ਪੰਜਾਬ ਦੇ ਲੋਕਾਂ ਨੇ ਉਸਦਾ ਸਾਥ ਨਹੀਂ ਦਿੱਤਾ ਸੀ। ਪ੍ਰੰਤੂ ਜਥੇਦਾਰ ਟੌਹੜਾ ਅਕਾਲੀ ਦਲ ਨੂੰ ਹਰਾਉਣ ਵਿਚ ਸਫਲ ਹੋ ਗਿਆ ਸੀ। ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਡੈਮੋਕਰੈਟਿਕ ਤੋਂ ਪਹਿਲਾਂ ਹੀ ਅਨੇਕ ਅਕਾਲੀ ਦਲ ਬਣੇ ਹੋਏ ਹਨ, ਜਿਨ੍ਹਾਂ ਵਿਚ ਯੂਨਾਈਟਡ ਅਕਾਲੀ ਦਲ, ਰਵੀਇੰਦਰ ਸਿੰਘ ਦਾ ਅਕਾਲੀ ਦਲ 1920, ਸਿਮਰਨਜੀਤ ਸਿੰਘ ਦਾ ਅਕਾਲੀ ਦਲ ਅੰਮ੍ਰਿਤਸਰ , ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਅਕਾਲੀ ਦਲ ਟਕਸਾਲੀ, ਦਲਜੀਤ ਸਿੰਘ ਬਿੱਟੂ ਦਾ ਅਕਾਲੀ ਦਲ ਅਤੇ ਪੰਥਕ ਅਕਾਲੀ ਦਲ ਆਦਿ ਬਣੇ ਹੋਏ ਹਨ। ਪ੍ਰੰਤੂ ਪੰਜਾਬ ਦੀਆਂ ਹੁਣ ਤੱਕ ਦੀਆਂ ਚੋਣਾਂ ਦੀ ਪਰੰਪਰਾ ਹੈ ਕਿ ਇਨ੍ਹਾਂ ਸਾਰੇ ਅਕਾਲੀ ਦਲਾਂ ਵਿਚੋਂ ਪੰਜਾਬ ਦਾ ਵੋਟਰ ਸਿਰਫ ਇਕ ਅਕਾਲੀ ਦਲ ਨੂੰ ਹੀ ਵੋਟਾਂ ਪਾਉਂਦਾ ਹੈ। ਲਗਪਗ ਪਿਛਲੇ ਪੰਦਰਾਂ ਸਾਲਾਂ ਤੋਂ ਅਕਾਲੀ ਦਲ ਬਾਦਲ ਨੂੰ ਹੀ ਵੋਟਰ ਵੋਟਾਂ ਪਾਉਂਦੇ ਆ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਦਾ ਧੜਾ ਇਹ ਕਹਿ ਰਿਹਾ ਹੈ ਕਿ ਉਨ੍ਹਾਂ ਦਾ ਅਕਾਲੀ ਦਲ ਅਸਲੀ ਅਕਾਲੀ ਦਲ ਹੈ ਅਤੇ ਉਹ ਆਪਣੇ ਅਕਾਲੀ ਦਲ ਦਾ ਨਾਮ ਸ਼ਰੋਮਣੀ ਅਕਾਲੀ ਦਲ ਹੀ ਰਜਿਸਟਰ ਕਰਵਾਉਣਗੇ ਪ੍ਰੰਤੂ ਜੇਕਰ ਰਜਿਸਟਰੇਸ਼ਨ ਵਿਚ ਕੋਈ ਦਿਕਤ ਆਈ ਤਾਂ ਫਿਰ ਡੈਮੋਕਰੈਟਿਕ ਸ਼ਬਦ ਜੋੜਿਆ ਜਾਵੇਗਾ। ਜੇਕਰ ਢੀਂਡਸਾ ਦਾ ਅਕਾਲੀ ਦਲ ਇਸੇ ਨਾਮ ਤੇ ਰਜਿਸਟਰ ਹੋ ਗਿਆ ਤਾਂ ਬਾਦਲ ਦਲ ਲਈ ਖ਼ਤਰੇ ਦੀ ਘੰਟੀ ਵੱਜ ਜਾਵੇਗੀ। ਸੁਖਦੇਵ ਸਿੰਘ ਢੀਂਡਸਾ ਦਾ ਅਕਸ ਵੀ ਸਾਫ ਸੁਥਰਾ ਹੈ। ਉਹ ਨਮਰਤਾ, ਸੰਜੀਦਗੀ, ਧਰਮ ਨਿਰਪੱਖ ਅਕਸ ਵਾਲਾ, ਵਰਕਰਾਂ ਵਿਚ ਸਰਬ ਪ੍ਰਵਾਨ ਅਤੇ ਸਿਆਸੀ ਤੌਰ ਤੇ ਸਾਊ ਤੇ ਸੂਝਵਾਨ ਗਿਣਿਆਂ ਜਾਂਦਾ ਹੈ। ਉਸਨੇ ਕਦੀ ਵੀ ਟਕਰਾਓ ਦੀ ਸਿਆਸਤ ਨਹੀਂ ਕੀਤੀ ਇਹ ਪਹਿਲੀ ਵਾਰ ਹੈ ਕਿ ਉਸਨੇ ਬਗਾਬਤ ਦਾ ਕਦਮ ਚੁੱਕਿਆ ਹੈ। ਸੰਜੀਦਗੀ ਨਾਲ ਸਿਆਸੀ ਨੁਕਤਾਚੀਨੀ ਕਰਦਾ ਹੈ। ਜਦੋਂ ਸੁਖਦੇਵ ਸਿੰਘ ਢੀਂਡਸਾ ਪਾਰਟੀ ਤੋਂ ਵੱਖ ਹੋਇਆ ਸੀ ਤਾਂ ਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਆ ਕੇ ਕਾਨਫਰੰਸ ਕੀਤੀ ਸੀ ਜਿਸ ਵਿਚ ਉਸਨੇ ਬੜੀ ਗਲਤ ਬਿਆਨਬਾਜ਼ੀ ਕਰਦਿਆਂ ਕਿਹਾ ਸੀ ਕਿ ਅੱਜ ਢੀਂਡਸਾ ਦਾ ਭੋਗ ਪੈ ਗਿਆ ਹੈ। ਜਿਸਦਾ ਉਸਦੀ ਪਾਰਟੀ ਦੇ ਵਰਕਰਾਂ ਨੇ ਵੀ ਬੁਰਾ ਮਨਾਇਆ ਸੀ । ਸੁਖਦੇਵ ਸਿੰਘ ਢੀਂਡਸਾ ਨੇ ਉਦੋਂ ਵੀ ਸੁਖਬੀਰ ਬਾਦਲ ਨੂੰ ਕੋਈ ਅਸਭਿਅਕ ਸ਼ਬਦ ਨਹੀਂ ਬੋਲਿਆ ਸੀ। ਅਕਾਲੀ ਦਲ ਵਿਚ ਪੁਰਾਣਾ ਅਤੇ ਸੀਨੀਅਰ ਹੋਣ ਕਰਕੇ ਅਕਾਲੀ ਦਲ ਦੇ ਸਾਰੇ ਨੇਤਾਵਾਂ ਅਤੇ ਵਰਕਰਾਂ ਦੀ ਰਗ ਰਗ ਦਾ ਭੇਤੀ ਹੈ। ਢੀਂਡਸਾ ਦਾ ਪਲੜਾ ਭਾਰੀ ਹੁੰਦਾ ਲਗਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਬਾਦਲ ਦੇ ਬਹੁਤ ਸਾਰੇ ਨੇਤਾ ਢੀਂਡਸਾ ਦਾ ਸਾਥ ਦੇਣ ਲਈ ਅੱਗੇ ਆਉਣਗੇ। ਜੇਕਰ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਵਿਚ ਵੱਡੇ ਪੱਧਰ ਤੇ ਬਗਾਬਤ ਕਰਵਾਉਣ ਵਿਚ ਸਫਲ ਹੋ ਗਿਆ ਫਿਰ ਤਾਂ ਬਾਦਲ ਪਰਿਵਾਰ ਦੇ ਕਬਜ਼ੇ ਤੋਂ ਅਕਾਲੀ ਦਲ ਨੂੰ ਮੁਕਤ ਕਰਵਾ ਸਕਦਾ ਹੈ, ਵਰਨਾ ਤਾਂ ਸੁਖਬੀਰ ਸਿੰਘ ਬਾਦਲ ਭਾਵੇਂ ਸਿਆਸੀ ਤੌਰ ਤੇ ਸੁਖਦੇਵ ਸਿੰਘ ਢੀਂਡਸਾ ਦਾ ਮੁਕਾਬਲਾ ਨਹੀਂ ਕਰ ਸਕਦਾ ਪ੍ਰੰਤੂ ਉਸਨੇ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਦੇ ਸਪੁਤਰਾਂ ਨੂੰ ਅਹੁਦੇ ਨਿਵਾਜ਼ਕੇ ਆਪਣੇ ਨਾਲ ਜੋੜਿਆ ਹੋਇਆ ਹੈ। ਇਸ ਕਰਕੇ ਅਕਾਲੀ ਦਲ ਦੀ ਨੌਜਵਾਨ ਲੀਡਰਸ਼ਿਪ ਦਾ ਸੁਖਬੀਰ ਬਾਦਲ ਦਾ ਸਾਥ ਦੇਣ ਦੀ ਸੰਭਾਵਨਾ ਹੈ। ਅਕਾਲੀ ਦਲ ਦੇ ਜਿਸ ਧੜੇ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਹੋਵੇ ਉਹ ਹੀ ਅਕਾਲੀ ਦਲ ਤੇ ਕਾਬਜ ਹੁੰਦਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਪਰਿਵਾਰ ਦੇ ਕਬਜ਼ੇ ਵਿਚ ਹੈ।
ਸੁਖਦੇਵ ਸਿੰਘ ਢੀਂਡਸਾ ਲਈ ਆਉਣ ਵਾਲਾ ਡੇਢ ਸਾਲ ਚੁਣੌਤੀਆਂ ਭਰਪੂਰ ਹੋਵੇਗਾ ਕਿਉਂਕਿ ਇਤਨੇ ਥੋੜ੍ਹੇ ਸਮੇਂ ਵਿਚ ਸਿਆਸੀ ਪਾਰਟੀ ਖੜ੍ਹੀ ਕਰਕੇ ਸਥਾਪਤ ਕਰਨੀ ਬਹੁਤ ਮੁਸ਼ਕਲ ਹੁੰਦੀ ਹੈ। ਜੇਕਰ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੇ ਸਾਰੇ ਧੜਿਆਂ ਨੂੰ ਤੀਜਾ ਫਰੰਟ ਬਣਾਕੇ ਸ਼ਾਮਲ ਕਰਨ ਵਿਚ ਸਫਲ ਹੋ ਜਾਵੇ ਫਿਰ ਤਾਂ ਪੰਜਾਬ ਦੇ ਲੋਕ ਤੀਜਾ ਬਦਲ ਚਾਹੁੰਦੇ ਹਨ। ਸਿਆਸਤਦਾਨਾਂ ਦੇ ਧੜਿਆਂ ਦੇ ਡੱਡੂਆਂ ਦੀ ਪੰਸੇਰੀ ਨੂੰ ਇਕੱਠਾ ਕਰਨਾ ਵੀ ਅਸੰਭਵ ਹੀ ਜਾਪਦਾ ਹੈ ਕਿਉਂਕਿ ਹਰ ਪਾਰਟੀ ਤੇ ਧੜੇ ਦੇ ਨੇਤਾ ਟਿਕਟਾਂ ਦੀ ਅਡਜਸਟਮੈਂਟ ਨਹੀਂ ਕਰਨਗੇ। ਸਿਆਸਤਦਾਨ ਸਿਆਸਤ ਵਿਚ ਆਉਂਦੇ ਹੀ ਰਾਜ ਭਾਗ ਦਾ ਆਨੰਦ ਮਾਨਣ ਲਈ ਹਨ। ਰਣਜੀਤ ਸਿੰਘ ਬ੍ਰਹਮਪੁਰਾ ਦੇ ਅਕਾਲੀ ਦਲ ਦੇ ਵੀ ਟੁੱਟਣ ਦੇ ਆਸਾਰ ਬਣ ਰਹੇ ਹਨ। ਬ੍ਰਹਮਪੁਰਾ ਦੀ ਪ੍ਰੈਸ ਕਾਨਫਰੰਸ ਤੋਂ ਉਸਦੀ ਘਬਰਾਹਟ ਦਾ ਪਤਾ ਲਗਦਾ ਹੈ। ਰਵੀਇੰਦਰ ਸਿੰਘ ਨੇ ਵੀ ਸੁਖਦੇਵ ਸਿੰਘ ਢੀਂਡਸਾ ਦੀ ਸਪੋਰਟ ਕਰਨ ਦਾ ਐਲਾਨ ਕਰ ਦਿੱਤਾ ਹੈ। ਦਸੰਬਰ 2016 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਪੰਜਾਬ ਦੇ ਲੋਕ ਅਕਾਲੀ ਦਲ ਅਤੇ ਕਾਂਗਰਸ ਦੀ ਥਾਂ ਤੀਜੇ ਬਦਲ ਦੀ ਸਰਕਾਰ ਬਣਾਉਣਾ ਚਾਹੁੰਦੇ ਸਨ ਪ੍ਰੰਤੂ ਅਰਵਿੰਦ ਕੇਜਰੀਵਾਲ ਦੀ ਹਠਧਰਮੀ ਅਤੇ ਸਥਾਪਤ ਪਾਰਟੀਆਂ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਸਿਆਸੀ ਹਥਕੰਡਿਆਂ ਕਰਕੇ ਲੋਕ ਸਫਲ ਨਹੀਂ ਹੋ ਸਕੇ। ਸਿਆਸਤ ਵਿਚ ਸਫਲ ਉਹੀ ਹੁੰਦਾ ਹੈ, ਜਿਹੜਾ ਤਿਗੜਮਬਾਜ ਹੋਵੇ। ਸੁਖਦੇਵ ਸਿੰਘ ਢੀਂਡਸਾ ਭਾਵੇਂ ਹੰਢਿਆ ਵਰਤਿਆ ਤਜ਼ਰਬੇਕਾਰ ਸਿਆਸਤਦਾਨ ਹੈ ਪ੍ਰੰਤੂ ਉਹ ਤਿਗੜਮਬਾਜ ਨਹੀਂ ਹੈ ਜੋ ਅੱਜ ਦੇ ਸਿਆਸਤਦਾਨਾ ਦੇ ਡਿਗੇ ਮਿਆਰ ਕਰਕੇ ਬਹੁਤ ਜ਼ਰੂਰੀ ਹੈ। ਇਕ ਗੱਲ ਤਾਂ ਪੱਕੀ ਹੈ ਕਿ ਉਹ ਬਾਦਲ ਪਰਿਵਾਰ ਦੀਆਂ ਬੇੜੀਆਂ ਵਿਚ ਵੱਟੇ ਜ਼ਰੂਰ ਪਾ ਦੇਵੇਗਾ। ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਨੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੇ ਸਿਧਾਂਤ ਨੂੰ ਵੀ ਤਿਲਾਂਜਲੀ ਦੇ ਦਿੱਤੀ ਹੈ। ਉਨ੍ਹਾਂ ਦਾ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਿਚ ਸ਼ਾਮਲ ਹੋਣ ਕਰਕੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਹਰ ਗਲਤ ਫੈਸਲੇ ਦੀ ਤਾਈਦ ਕਰਦਾ ਹੈ। ਖਾਸ ਤੌਰ ਧਾਰਾ 370, ਨਾਗਰਿਕ ਸੋਧ ਐਕਟ ਅਤੇ ਤਾਜਾ ਖੇਤੀਬਾੜੀ ਨਾਲ ਸੰਬੰਧਤ ਤਿੰਨ ਆਰਡੀਨੈਂਸਾਂ ਦੀ ਸਪੋਰਟ ਕਰਕੇ ਪੰਜਾਬ ਦੇ ਕਿਸਾਨਾ ਦੇ ਮਨਾ ਤੋਂ ਲਹਿ ਗਿਆ ਹੈ। ਜਿਸ ਵਜਾਹ ਕਰਕੇ ਢੀਂਡਸਾ ਦੇ ਅਕਾਲੀ ਦਲ ਦੀ ਲੋਕਾਂ ਵੱਲੋਂ ਸਪੋਰਟ ਹੋਣ ਦੀ ਆਸ ਬੱਝ ਗਈ ਹੈ। ਇਨ੍ਹਾਂ ਤਿੰਨਾ ਅਰਡੀਨੈਂਸਾਂ ਨੇ ਅਕਾਲੀ ਦਲ ਦੀਆਂ ਜੜ੍ਹਾਂ ਵਿਚ ਤੇਲ ਦੇਣ ਦਾ ਕੰਮ ਕਰਨਾ ਹੈ। ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਆਰਡੀਨੈਂਸਾਂ ਦੇ ਵਿਰੁਧ ਬੁਲਾਈ ਸਰਬ ਪਾਰਟੀ ਮੀਟਿੰਗ ਵਿਚ ਢੀਂਡਸਾ ਕੇਂਦਰ ਦੇ ਫੈਸਲੇ ਦੇ ਵਿਰੁਧ ਖੜ੍ਹਾ ਹੋਇਆ ਹੈ। ਜਦੋਂ ਕਿ ਸੁਖਬੀਰ ਬਾਦਲ ਆਰਡੀਨੈਂਸਾਂ ਦੇ ਹੱਕ ਵਿਚ ਰਿਹਾ। ਇਸ ਦੇ ਨਾਲ ਹੀ ਲੋਕ ਇਸ ਗੱਲ ਦਾ ਵੀ ਧਿਆਨ ਰੱਖਣਗੇ ਕਿ ਜੇਕਰ ਢੀਂਡਸਾ ਦਾ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਲਵੇਗਾ ਤਾਂ ਪੰਜਾਬ ਦੇ ਕਿਸਾਨ ਉਨ੍ਹਾਂ ਨੂੰ ਵੀ ਮੂੰਹ ਨਹੀਂ ਲਗਾਉਣਗੇ। ਪ੍ਰੰਤੂ ਇਕ ਗੱਲ ਤਾਂ ਪੱਕੀ ਹੈ ਕਿ ਢੀਂਡਸਾ ਦਾ ਅਕਾਲੀ ਦਲ ਬਾਦਲਾਂ ਦਾ ਨੁਕਸਾਨ ਕਰਨ ਵਿਚ ਸਫਲ ਹੋਵੇਗਾ। ਵੈਸੈ ਅਕਾਲੀ ਦਲ ਆਪਣੇ ਆਪ ਨੂੰ ਕਿਸਾਨਾ ਦੀ ਪਾਰਟੀ ਕਹਾਉਂਦੀ ਹੈ ਪ੍ਰੰਤੂ ਕਿਸਾਨਾ ਨੇ ਉਨ੍ਹਾਂ ਤੋਂ ਕਿਨਾਰਾ ਕਰ ਲੈਣਾ ਹੈ ਕਿਉਂਕਿ ਇਹ ਤਿੰਨ ਆਰਡੀਨੈਂਸ ਕਿਸਾਨਾ ਨੂੰ ਤਬਾਹ ਕਰ ਦੇਣਗੇ। ਅਕਾਲੀ ਦਲ ਦਾ ਇਹ ਫੈਸਲਾ ਢੀਂਡਸਾ ਦੇ ਪੱਖ ਵਿਚ ਲੋਕ ਰਾਏ ਪੈਦਾ ਕਰੇਗਾ। ਤੇਲ ਵੋਖੋ ਅਤੇ ਤੇਲ ਦੀ ਧਾਰ ਵੇਖੋ ਕਿ ਅਕਾਲੀ ਦਲ ਦੀ ਸਿਆਸਤ ਕਿਸ ਪਾਸੇ ਕਰਵਟ ਲੈਂਦੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072