ਖ਼ੁਸ਼ਬੂਆਂ ਵਿਖ਼ੇਰ ਰਹੀ, ਖ਼ੂਬਸੂਰਤ ਗਾਇਕਾ : ਬੱਲੀ ਸੰਧੂ (ਕੌਰ ਬਿੱਲੋ)

ਬੱਲੀ ਸੰਧੂ (ਕੌਰ ਬਿੱਲੋ) ਮੰਜ਼ਲਾਂ ਸਰ ਕਰ ਚੁੱਕੀ, ਸੱਭਿਆਚਾਰਕ ਹਲਕਿਆਂ ਦੀ ਇਕ ਐਸੀ ਖ਼ੂਬਸੂਰਤ ਸੁਰੀਲੀ ਗਾਇਕਾ ਹੈ ਜਿਸਨੇ ਅੰਤਰਰਾਸ਼ਟਰੀ ਗਾਇਕਾਵਾਂ ਵਿਚ ਆਪਣਾ ਨਾਮ ਦਰਜ਼ ਕਰਵਾਉਣ ਦੀ ਬਾਜ਼ੀ ਮਾਰ ਲਈ ਹੈ। ਅੰਬਾਲਾ ਸ਼ਹਿਰ ਦੀ ਜੰਮਪਲ, ਪਿਤਾ ਗੁਰਦੇਵ ਸਿੰਘ ਤੇ ਮਾਤਾ ਪਿਆਰ ਕੌਰ ਦੀ ਲਾਡਲੀ ਬੱਲੀ ਦੱਸਦੀ ਹੈ ਕਿ ਉਹ 10 ਕੁ ਵਰ੍ਹਿਆਂ ਦੀ ਹੀ ਸੀ ਜਦੋਂ ਉਹ ਆਪਣੇ ਪਿਤਾ ਜੀ ਨਾਲ ਕੀਰਤਨ ਕਰਨ ਲੱਗ ਪਈ ਸੀ। ਸ. ਹਾ. ਸਕੂਲ, ਬਰਾੜਾ ਤੋਂ ਦਸਵੀਂ ਕਰਨ ਉਪਰੰਤ ਧਾਰਮਿਕ ਗਾਇਕੀ ਵਿਚ ਮਾਨ-ਸਨਮਾਨ ਹਾਸਲ ਕਰਦੀ ਉਹ ਸੁਪ੍ਰਸਿੱਧ ਪਾਕਿਸਤਾਨੀ ਗਾਇਕਾ ਨੂਰ ਜਹਾਂ ਦੀ ਗਾਇਕੀ ਤੋਂ ਬਹੁਤ ਪ੍ਰਭਾਵਿਤ ਹੋਈ। ਫਿਰ ਜ਼ਮਨਾ ਨਗਰ ਤੋਂ ਗੀਤ-ਸੰਗੀਤ ਦੇ ਮਾਹਰ ਮਦਨ ਭਾਰਦਵਾਜ਼ ਤੋਂ ਗੀਤ-ਸੰਗੀਤ ਦੀ ਸਿੱਖਿਆ ਹਾਸਲ ਕਰਕੇ ਉਹ ਪੱਕੇ ਤੌਰ ਤੇ ਗਾਇਕੀ ਦੇ ਪਿੜ ਵਿਚ ਨਿਕਲ ਤੁਰੀ। ਉਸ ਨੇ ਪਹਿਲੇ ਆਪਣੀ ਸੋਲ੍ਹੋ ਦੇ ਅੱਠ ਗੀਤਾਂ ਦੀ ਕੈਸਿਟ, ”ਅੱਖੀਆਂ” ਮਾਰਕੀਟ ਵਿਚ ਉਤਾਰੀ। ਇਸ ਕੈਸਿਟ ਨੂੰ ਕਲਾ-ਪ੍ਰੇਮੀਆਂ ਵਲੋਂ ਉਸ ਦੀਆਂ ਆਸਾਂ-ਉਮੀਦਾਂ ਤੋਂ ਵੱਧ ਭਰਵਾਂ ਹੁੰਗਾਰਾ ਮਿਲਿਆ। ਉਸ ਨੇ ਫਿਰ ਜਿੱਥੇ ਵੱਖ-ਵੱਖ ਗਾਇਕਾਂ ਨਾਲ ਸਟੇਜਾਂ ਕੀਤੀਆਂ, ਉਥੇ ਗੀਤ, ”ਚੂੜੀਆਂ” ਸੋਲ੍ਹੋ ਅਤੇ ਮਨਜੀਤ ਮਾਨ ਨਾਲ ਰਿਕਾਰਡ ਕਰਵਾਏ, ”ਪਿਆਰ ਦੀ ਝੜੀ” ਡਿਊਟ ਗੀਤ ਨੇ ਵੀ ਉਸਦਾ ਚੰਗਾ ਨਾਂਓ ਬਣਾਇਆ। ਵਧਦੇ ਕਦਮੀਂ ਉਹ ਜਾਗਰਣ ਅਤੇ ਵਿਆਹਾਂ-ਸ਼ਾਦੀਆਂ ਵਿਚ ਲੇਡੀ-ਸੰਗੀਤ ਵੱਲ ਨੂੰ ਵੀ ਹੋ ਤੁਰੀ। ਸੰਨ- 2000 ਵਿਚ ਉਸ ਨੂੰ ਅੰਤਰਰਾਸ਼ਟਰੀ ਗਾਇਕ ਸੁਰਿੰਦਰ ਸ਼ਿੰਦਾ ਜੀ ਨਾਲ ਬਾਬਾ ਮੁਰਾਦ ਸ਼ਾਹ ਜੀ (ਮੰਢਾਲੀ ਸ਼ਰੀਫ਼) ਅਤੇ ਲਾਡੀ ਸ਼ਾਹ ਜੀ (ਨਕੋਦਰ) ਮੇਲਿਆਂ ਉਤੇ ਜਾਣ ਸਦਕਾ ਪੀਰਾਂ-ਫ਼ਕੀਰਾਂ ਦਾ ਅਸ਼ੀਰਵਾਦ ਹਾਸਲ ਕਰਕੇ ਰੱਬ ਨੇ ਉਸ ਦੀਆਂ ਹੋਰ ਵੀ ਮੁਰਾਦਾਂ ਪੂਰੀਆਂ ਕੀਤੀਆਂ।
ਫਿਰ, ਉਪਰੰਤ ਸੁਰਿੰਦਰ ਸ਼ਿੰਦਾ ਜੀ ਨਾਲ, ”ਰੱਬ ਰੱਖੇ ਤੇਰੀ ਖ਼ੈਰ”, ”ਚਾਹ ਦਾ ਗਿਲਾਸ ਫੜਾਉਂਦੀ ਦਾ” ਅਤੇ ”ਸੋਹਣਾ ਬੜਾ ਜਵਾਈ” ਆਦਿ ਕਾਫੀ ਡਿਯੂਟ ਗੀਤਾਂ ਨਾਲ ਸਟੇਜਾਂ ‘ਤੇ ਚੰਗਾ ਨਾਮਨਾ ਖੱਟਿਆ। ਉਹ ਜਿੱਥੇ ਦੂਰ-ਦਰਸ਼ਨ ਜਲੰਧਰ ਦੇ ਸਮਾਗਮਾਂ ਵਿਚ ਕਈ ਹਾਜ਼ਰੀਆਂ ਭਰ ਚੁੱਕੀ ਹੈ, ਉਥੇ 2003 ਤੋਂ ਅੱਜ ਤੱਕ ਸੱਤ ਸਮੁੰਦਰੋਂ ਪਾਰਲੀਆਂ ਉਡਾਰੀਆਂ ਮਾਰਦੀ ਅਮਰੀਕਾ, ਦੁਬੱਈ, ਉਮਾਨ ਅਤੇ ਸਿੰਘਾ ਪੁਰ ਆਦਿ ਕਈ ਦੇਸ਼ਾਂ ਵਿਚ ਵੀ ਆਪਣੀ ਗਾਇਕੀ ਦੀਆਂ ਪੈੜਾਂ ਛੱਡ ਆਈ ਹੈ।
ਮਾਨ-ਸਨਮਾਨ ਦੀ ਗੱਲ ਚੱਲੀ ਤਾਂ ਉਸ ਕਿਹਾ,”ਭਾਂਵੇਂ ਕਿ ਮੈਨੂੰ ਮੁਹਾਲੀ-ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਕੋਨੇ-ਕੋਨੇ ਅਤੇ ਵਿਦੇਸ਼ਾਂ ਤੋਂ ਅਨਗਿਣਤ ਮਾਨ-ਸਨਮਾਨ ਮਿਲ ਚੁੱਕੇ ਹਨ, ਪਰ ਫਿਲਮੀ ਫੋਕਸ, ਮੈਗਜ਼ੀਨ, ਜਿਸ ਦਾ ਕਿ ਮੇਰੇ ਇਸ ਮੁਕਾਮ ਤੱਕ ਪਹੁੰਚਾਉਣ ਵਿਚ ਵਿਸ਼ੇਸ਼ ਰੋਲ ਰਿਹਾ ਹੈ, ਵਲੋਂ 5 ਜਨਵਰੀ, 2020 ਨੂੰ, ”ਲੋਹੜੀ ਧੀਆਂ ਦੀ” ਮੇਲੇ ਦੌਰਾਨ ਮੈਨੂੰ ਮੈਡਲ ਅਤੇ ਸ਼ੀਲਡ ਨਾਲ ਸਨਮਾਨਿਆ ਜਾਣਾ ਅਤੇ ਮੰਢਾਲੀ ਸ਼ਰੀਫ ਅਤੇ ਲਾਡੀ ਸ਼ਾਹ ਨਕੋਦਰ ਦੀਆਂ ਦਰਗਾਹਾਂ ਤੋਂ ਮੂੰਹ ਮੰਗੀਆਂ ਮੁਰਾਦਾਂ ਮਿਲਣੀਆਂ ਦਾ ਮੇਰੇ ਲਈ ਨਜ਼ਾਰਾ ਹੀ ਕੁਝ ਹੋਰ ਹੈ।”
ਆਪਣੀ ਗਾਇਕੀ ਦੁਆਰਾ ਪੰਜਾਬੀਆਂ ਦੇ ਦਿਲਾਂ ਉਤੇ ਰਾਜ ਕਰਦੀ, ਪੰਜਾਬੀਅਤ ਦੀਆਂ ਖ਼ੁਸ਼ਬੂਆਂ ਵਿਸ਼ਵ ਪੱਧਰ ਤੇ ਵਿਖ਼ੇਰ ਰਹੀ, ਮਿੱਠੀ, ਸੁਰੀਲੀ ਤੇ ਦਮਦਾਰ ਅਵਾਜ਼ ਦੀ ਮਲਿਕਾ, ਗਾਇਕਾ ਬੱਲੀ ਸੰਧੂ (ਕੌਰ ਬਿੱਲੋ) ਹੋਰ ਵੀ ਬੁਲੰਦੀਆਂ ਨੂੰ ਪਾ ਜਾਵੇ, ਅਰਦਾਸਾਂ ਤੇ ਜੋਦੜੀਆਂ ਹਨ, ਮੇਰੀਆਂ !
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ, 9876428641
ਸੰਪਰਕ : ਬੱਲੀ ਸੰਧੂ (ਕੌਰ ਬਿੱਲੋ), ਲੁਧਿਆਣਾ, 9781823853

# ਖ਼ੁਸ਼ਬੂਆਂ ਵਿਖ਼ੇਰ ਰਹੀ, ਖ਼ੂਬਸੂਰਤ ਗਾਇਕਾ : ਬੱਲੀ ਸੰਧੂ (ਕੌਰ ਬਿੱਲੋ) # ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ # ਸੁਰਿੰਦਰ ਸ਼ਿੰਦਾ # ਫਿਲਮੀ ਫੋਕਸ, ਮੈਗਜ਼ੀਨ# ਲਾਡੀ ਸ਼ਾਹ ਜੀ (ਨਕੋਦਰ) # ਚਾਹ ਦਾ ਗਿਲਾਸ ਫੜਾਉਂਦੀ ਦਾ # ਬਾਬਾ ਮੁਰਾਦ ਸ਼ਾਹ ਜੀ (ਮੰਢਾਲੀ ਸ਼ਰੀਫ਼)

Leave a Reply

Your email address will not be published. Required fields are marked *