ਰਾਜਨਾਥ ਵੱਲੋਂ ਜੰਮੂ-ਕਸ਼ਮੀਰ ’ਚ 6 ਪੁਲਾਂ ਦਾ ਉਦਘਾਟਨ

ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਮੂ ਕਸ਼ਮੀਰ ਦੇ ਸਰਹੱਦੀ ਇਲਾਕਿਆਂ ’ਚ ਬਣਾਏ ਗਏ ਛੇ ਪੁਲਾਂ ਦਾ ਅੱਜ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਐੱਨਡੀਏ ਸਰਕਾਰ ਵੱਲੋਂ ਖਿੱਤੇ ਦੇ ਦੂਰ-ਦੁਰਾਡੇ ਇਲਾਕਿਆਂ ’ਚ ਵਿਕਾਸ ਨੂੰ ਤਰਜੀਹ ਦਿੱਤੀ ਜਾਂਦੀ ਰਹੇਗੀ। ਰੱਖਿਆ ਮੰਤਰੀ ਨੇ ਪੁਲਾਂ ਦਾ ਉਦਘਾਟਨ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ। ਇਸ ਮੌਕੇ ਥਲ ਸੈਨਾ ਮੁਖੀ ਜਨਰਲ ਐੱਮ.ਐੱਮ. ਨਰਵਾਣੇ, ਰੱਖਿਆ ਸਕੱਤਰ ਅਜੈ ਕੁਮਾਰ, ਸੀਮਾ ਸੜਕ ਸੰਗਠਨ ਦੇ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਜਨਰਲ ਹਰਪਾਲ ਸਿੰਘ ਆਦਿ ਅਧਿਕਾਰੀ ਮੌਜੂਦ ਸਨ। ਰੱਖਿਆ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਚਾਰ ਪੁਲ ਅਖਨੂਰ-ਪੱਲਾਂਵਾਲਾ ਸੜਕ ਜਦਕਿ ਦੋ ਹੋਰ ਪੁਲ ਕਠੂਆ ਜ਼ਿਲ੍ਹੇ ’ਚ ਤਰਨਾਹ ਨਾਲੇ ’ਤੇ ਬਣਾਏ ਗਏ ਹਨ। ਇਨ੍ਹਾਂ ਪੁਲਾਂ ਦੀ ਉਸਾਰੀ ’ਤੇ 43 ਕਰੋੜ ਰੁਪਏ ਦੀ ਲਾਗਤ ਆਈ ਹੈ। ਪੁਲਾਂ ਦਾ ਉਦਘਾਟਨ ਉਸ ਸਮੇਂ ਹੋਇਆ ਹੈ ਜਦੋਂ ਪੂਰਬੀ ਲੱਦਾਖ ’ਚ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਵਿਵਾਦ ਸਿਖਰਾਂ ’ਤੇ ਹੈ।