ਲੋਕ ਹੀ ਰੋਕ ਸਕਦੇ ਹਨ ਲੋਕਤੰਤਰ ਦੀ ਹੱਤਿਆ – ਤਰਸੇਮ ਸਿੰਘ
ਜਦੋਂ ਦੇਸ਼ ਗੁਲਾਮ ਸੀ ਤਾਂ ਹਰੇਕ ਦੇਸ਼ਵਾਸੀ ਦੇ ਮਨ ਵਿੱਚ ਆਜ਼ਾਦੀ ਪ੍ਰਾਪਤੀ ਇੱਕ ਸੁਪਨਾ ਹੁੰਦਾ ਸੀ। ਇਸ ਆਜ਼ਾਦੀ ਪ੍ਰਾਪਤੀ ਲਈ ਕਈ ਲੋਕਾਂ ਨੇ ਤਾਂ ਆਪਣੀਆਂ ਜਿੰਦਗੀਆ ਵਾਰ ਦਿੱਤੀਆਂ। ਲੋਕਾਂ ਦੀ ਸੋਚ ਸੀ ਕਿ ਦੇਸ਼ ਤੇ ਲੋਕਾਂ ਦਾ ਰਾਜ ਹੋਵੇਗਾ ਅਤੇ ਉਹਨਾਂ ਦੀ ਜਿੰਦਗੀ ਸੋਖੀ ਹੋ ਜਾਵੇਗੀ । ਲੋਕਾਂ ਦੀ ਮਿਹਨਤ ਸਦਕਾ ਆਜ਼ਾਦੀ ਦੇ ਸੰਘਰਸ਼ ਨੂੰ ਬੂਰ ਪਿਆ ਅਤੇ 1947 ਵਿੱਚ ਸਾਡਾ ਦੇਸ਼ ਆਜ਼ਾਦ ਹੋਇਆ ਅਤੇ ਉਸ ਸਮੇਂ ਦੇ ਨੇਤਾਵਾਂ ਨੇ ਦੇਸ਼ ਵਿੱਚ ਲੋਕਾਂ ਦਾ ਰਾਜ ਭਾਵ ਲੋਕਤੰਤਰ ਨੂੰ ਚੁਣਿਆ ਅਤੇ 26 ਜਨਵਰੀ 1950 ਨੂੰ ਦੇਸ਼ ਦਾ ਆਪਣਾ ਸੰਵਿਧਾਨ ਲਾਗੂ ਹੋ ਗਿਆ। ਜਦੋਂ ਸਾਡਾ ਲੋਕਤੰਤਰ ਆਪਣੇ ਬਚਪਨ ਵਿੱਚ ਸੀ ਤਾਂ ਉਸ ਸਮੇਂ ਦੇਸ਼ ਦੀ ਅਗੁਵਾਈ ਕਰ ਰਹੇ ਨੇਤਾਵਾਂ ਦਾ ਕੋਈ ਚਰਿੱਤਰ ਸੀ। ਇੱਥੋਂ ਤੱਕ ਕਿ ਵਿਰੋਧੀ ਧਿਰ ਦੇ ਨੇਤਾ ਵੀ ਸਰਕਾਰ ਦੇ ਚੰਗੇ ਕੰਮਾਂ ਦੀ ਤਾਰੀਫ ਕਰਦੇ ਸਨ ਅਤੇ ਗਲਤ ਕੰਮਾਂ ਦਾ ਵਿਰੋਧ। ਦੇਸ਼ਵਾਸੀਆਂ ਨੂੰ ਯਾਦ ਹੋਵੇਗਾ ਜਦੋਂ 1971 ਦੀ ਲੜਾਈ ਵਿੱਚ ਇੰਦਰਾ ਗਾਂਧੀ ਨੇ ਪਾਕਿਸਤਾਨ ਨੂੰ ਹਰਾ ਕੇ ਬੰਗਲਾਦੇਸ਼ ਬਣਵਾਇਆ ਸੀ ਤਾਂ ਵਿਰੋਧੀ ਪਾਰਟੀ ਦੇ ਨੇਤਾ ਅਟਲ ਬਿਹਾਰੀ ਵਾਜਪਈ ਨੇ ਉਸ ਦੀ ਤੁਲਨਾ ਮਾਂ ਦੁਰਗਾ ਨਾਲ ਕੀਤੀ ਸੀ। ਜਿਹਨਾਂ ਨੇਤਾਵਾਂ ਨੇ ਗੁਲਾਮੀ ਦਾ ਸਮਾਂ ਵੇਖਿਆ ਸੀ, ਰਾਜਨੀਤੀ ਉਹਨਾਂ ਲਈ ਸਮਾਜ ਸੇਵਾ ਹੁੰਦੀ ਸੀ । ਆਜ਼ਾਦ ਭਾਰਤ ਵਿੱਚ ਸਰਦਾਰ ਪਟੇਲ ਵਰਗੇ ਅਜਿਹੇ ਨੇਤਾ ਵੀ ਹੋਏ ਹਨ ਜਿਹਨਾਂ ਨੇ ਸਾਰੀ ਉਮਰ ਰਾਜਨੀਤੀ ਵਿੱਚ ਰਹਿ ਕੇ ਆਪਣਾ ਘਰ ਤੱਕ ਨਹੀ ਬਣਾਇਆ। ਡਾਕਟਰ ਅਬਦੁਲ ਕਲਾਮ ਵਾਰੇ ਤਾਂ ਸਾਰੇ ਜਾਣਦੇ ਹਨ ਕਿ ਜਦੋਂ ਉਹ ਦੇਸ਼ ਦੇ ਰਾਸ਼ਟਰਪਤੀ ਬਣੇ ਤਾਂ ਜਿਹੜੇ ਦੋ ਅਟੈਚੀਆਂ ਵਿੱਚ ਉਹ ਆਪਣਾ ਸਮਾਨ ਲੈ ਕੇ ਰਾਸ਼ਟਰਪਤੀ ਭਵਨ ਵਿੱਚ ਆਏ ਸੀ ਉਹਨਾਂ ਦੋ ਅਟੈਚੀਆਂ ਵਿੱਚ ਹੀ ਆਪਣਾ ਸਮਾਨ ਵਾਪਿਸ ਲੈ ਕੇ ਗਏ ਸੀ। ਇੱਥੋਂ ਤੱਕ ਕਿ ਉਹਨਾਂ ਨੇ ਰਾਸ਼ਟਰਪਤੀ ਵਜੋਂ ਰਿਟਾਇਅਰ ਹੋਣ ਤੇ ਮਿਲਣ ਵਾਲੀ ਪੈਂਸਨ ਵੀ ਆਪਣੇ ਪਿੰਡ ਦੀ ਪੰਚਾਇਤ ਨੂੰ ਪਿੰਡ ਦੀ ਤਰੱਕੀ ਵਾਸਤੇ ਦਾਨ ਕਰ ਦਿੱਤੀ ਸੀ ਅਤੇ ਬੰਗਲੁਰੂ ਵਿੱਖੇ ਆਪਣੇ ਘਰ ਨੂੰ ਵਿਗਿਆਨਕਾਂ ਦੇ ਹੋਸਟਲ ਵਾਸਤੇ ਦਾਨ ਕਰ ਦਿੱਤਾ ਸੀ। ਪਰ ਜਦੋਂ ਤੋਂ ਦੇਸ਼ ਦੀ ਸੱਤਾ ਤੇ ਆਜ਼ਾਦੀ ਤੋ ਬਾਅਦ ਪੈਦਾ ਹੋਏ ਲੋਕ ਕਾਬਿਜ਼ ਹੋਏ ਹਨ ਉਦੋਂ ਤੋ ਸਾਡਾ ਲੋਕਤੰਤਰ ਕਿਸੇ ਹੋਰ ਦਿਸ਼ਾ ਵੱਲ ਵੱਧਣ ਲਗ ਪਿਆ ਹੈ। ਇਹਨਾਂ ਨੇਤਾਵਾਂ ਲਈ ਰਾਜਨੀਤੀ ਸਮਾਜ ਸੇਵਾ ਨਾ ਹੋ ਕੇ ਪੈਸਾ ਕਮਾਉਣ ਦਾ ਧੰਦਾ ਬਣ ਗਿਆ ਹੈ। ਇਹਨਾਂ ਨੇਤਾਵਾਂ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਕੋਈ ਮੁੱਲ ਨਹੀ ਰਹਿ ਗਿਆ ਹੈ। ਜਿਧਰੋਂ ਜ਼ਿਆਦਾ ਪੈਸਾ ਜਾਂ ਮੰਤਰੀ ਪਦ ਮਿਲੇ ਉਧਰ ਵੱਲ ਪਾਸਾ ਬਦਲਦੇ ਮਿੰਟ ਵੀ ਨਹੀ ਲਗਾਉਂਦੇ। ਦੂਸਰੀ ਪਾਰਟੀ ਦੇ ਲੋਕ ਸਭਾ ਮੈਂਬਰਾਂ ਜਾਂ ਵਿਧਾਇਕਾਂ ਨੂੰ ਆਪਣੀ ਪਾਰਟੀ ਵਿੱਚ ਲਿਆਉਣ ਵਿੱਚ ਦੇਸ਼ ਦੀ ਕੋਈ ਵੀ ਪਾਰਟੀ ਘੱਟ ਨਹੀਂ। ਭਾਰਤ ਦੀਆਂ ਮੁੱਖ ਦੋ ਪਾਰਟੀਆਂ ਭਾਜਪਾ ਅਤੇ ਕਾਂਗਰਸ ਦਲ ਬਦਲੂ ਰਾਜਨੀਤੀ ਤੋਂ ਅਛੂਤੀਆਂ ਨਹੀ ਹਨ। ਜੇਕਰ ਇਹ ਕਹਿ ਲਈਏ ਕਿ ਇੱਕ ਸੇਰ ਤੇ ਦੂਜੀ ਸਵਾ ਸੇਰ ਤਾਂ ਕੁੱਝ ਵੀ ਗਲਤ ਨਹੀਂ ਹੋਵੇਗਾ।
ਚੋਣਾਂ ਜਿੱਤਣ ਤੋਂ ਬਾਅਦ ਜਦੋਂ ਕੁੱਝ ਨੇਤਾਵਾਂ ਨੇ ਪਾਰਟੀਆਂ ਬਦਲੀਆਂ ਤਾਂ ਸਰਕਾਰ ਨੇ ਜਨਵਰੀ 1985 ਵਿੱਚ ਸੰਵਿਧਾਨ ਵਿੱਚ ਸ਼ੋਧ ਕਰਦੇ ਹੋਏ ਐਂਟੀ ਡਿਫੈਕਸ਼ਨ ਲਾਅ( ਦਲ ਬਦਲੂ ਕਾਨੂੰਨ) ਲਾਗੂ ਕੀਤਾ ਜਿਸ ਅਨੁਸਾਰ ਜੇਕਰ ਕਿਸੇ ਪਾਰਟੀ ਦੇ ਇਕ ਤਿਹਾਈ ਤੋਂ ਘੱਟ ਵਿਧਾਇਕ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਨਾਲ ਮਿਲ ਜਾਂਦੇ ਹਨ ਤਾਂ ਉਹਨਾਂ ਦੀ ਵਿਧਾਨ ਸਭਾ ਜਾਂ ਲੋਕ ਸਭਾ ਦੀ ਮੈਂਬਰਸ਼ਿਪ ਖੱਤਮ ਹੋ ਜਾਵੇਗੀ। ਇਸ ਕਾਨੂੰਨ ਨਾਲ ਦਲ ਬਦਲ ਦੀ ਰਾਜਨੀਤੀ ਨੂੰ ਕੁੱਝ ਹੱਦ ਤੱਕ ਨੱਥ ਤਾਂ ਪਈ ਪਰ ਸੱਤਾ ਅਤੇ ਪੈਸੇ ਦੇ ਲਾਲਚੀਆਂ ਨੇ ਇਸ ਕਾਨੂੰਨ ਦਾ ਵੀ ਬਦਲ ਲਭ ਲਿਆ। ਪਿਛਲੇ 5-6 ਸਾਲ ਵਿੱਚ ਉਤਰਾਖੰਡ,ਅਰੁਨਾਚਲਪ੍ਰਦੇਸ਼,ਗੋਆ,ਕਰਨਾਟਕ,ਮਹਾਂਰਾਸ਼ਟਰ,ਮੱਧ ਪ੍ਰਦੇਸ਼ ਅਤੇ ਹੁਣੇ-ਹੁਣੇ ਰਾਜਾਸਥਾਨ ਵਿੱਚ ਵਾਪਰੀ ਘਟਨਾਂ ਇਸ ਗੱਲ ਦੀਆਂ ਤਾਜ਼ੀਆਂ ਉਦਾਹਰਨਾਂ ਹਨ ਕਿ ਕਿਵੇਂ ਮੰਤਰੀ ਪਦ ਜਾਂ ਕਿਸੇ ਹੋਰ ਅਹੁਦੇ ਦੇ ਲਾਲਚ ਵਿੱਚ ਇਹਨਾਂ ਨੇਤਾਵਾਂ ਨੇ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਦੀ ਵੀ ਪ੍ਰਵਾਹ ਨਹੀ ਕੀਤੀ ਜਿਹਨਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਜਿੱਤਾਇਆ ਸੀ।
ਸੱਤਾ ਜਾਂ ਪੈਸੇ ਦੇ ਲਾਲਚੀ ਨੇਤਾਵਾਂ ਨੇ ਅਜਕੱਲ ਨਵਾਂ ਢੰਗ ਲਭ ਲਿਆ ਹੈ । ਜਦੋਂ ਉਹ ਇੱਕ ਤਿਹਾਈ ਦੀ ਗਿਣਤੀ ਤੋਂ ਘੱਟ ਹੁੰਦੇ ਹਨ ਤਾਂ ਉਹ ਆਪਣੀ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੰਦੇ ਹਨ ਜਿਸ ਨਾਲ ਵਿਰੋਧੀ ਧਿਰ ਨੂੰ ਬਹੁਮਤ ਹਾਸਿਲ ਹੋ ਜਾਂਦਾ ਹੈ। ਬਾਅਦ ਵਿੱਚ ਉਹ ਵਿਰੋਧੀ ਪਾਰਟੀ ਵਿੱਚ ਸ਼ਾਮਿਲ ਦੋ ਕੇ ਉਸ ਦੇ ਚੋਣ ਨਿਸ਼ਾਨ ਤੇ ਉਪ ਚੋਣ ਲੜ ਕੇ ਮੁੜ ਤੋਂ ਵਿਧਾਨ ਸਭਾ ਦੇ ਮੈਂਬਰ ਬਣ ਜਾਂਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਸੱਤਾ ਤੇ ਕਾਬਜ਼ ਪਾਰਟੀ ਲਈ ਉਪ ਚੋਣ ਜਿੱਤਣੀ ਥੋੜੀ ਆਸਾਨ ਹੁੰਦੀ ਹੈ। ਪਰ ਇਹਨਾਂ ਨੇਤਾਵਾਂ ਨੂੰ ਕੌਣ ਪੁੱਛੇ ਕਿ ਪ੍ਰਦੇਸ਼ ਨੂੰ ਉਪ ਚੋਣਾਂ ਵੱਲ ਧਕੇਲ ਕੇ ਜੋ ਖਰਚ ਹੋਵੇਗਾ ਉਸ ਲਈ ਕੌਣ ਜਿੰਮੇਵਾਰ ਹੈ। ਇਹਨਾ ਨੇਤਾਵਾਂ ਨੂੰ ਕਿਸ ਨੇ ਅਧਿਕਾਰ ਦਿੱਤਾ ਕਿ ਉਹ ਲੋਕਾਂ ਦੇ ਫਤਵੇ ਨੂੰ ਆਪਣੇ ਫਾਇਦੇ ਵਾਸਤੇ ਵੇਚ ਦੇਣ।
ਅੱਜ ਸਮਾਂ ਆ ਗਿਆ ਕਿ ਚੋਣ ਕਮਿਸ਼ਨ ਜਾਂ ਸੁਪਰੀਮ ਕੋਰਟ ਵਲੋਂ ਪਹਿਲ ਕਰਕੇ ਇੱਕ ਅਜਿਹੇ ਕਾਨੂੰਨ ਨੂੰ ਬਣਾਉਣ ਦੀ ਕਿ ਜੋ ਨੇਤਾ ਜਿਸ ਪਾਰਟੀ ਵਲੋਂ ਚੋਣ ਲੜਦਾ ਹੈ ਉਹ ਅਗਲੀ ਚੋਣ ਤੱਕ ਉਸ ਪਾਰਟੀ ਵਿੱਚ ਹੀ ਰਹੇਗਾ ਅਤੇ ਜੇਕਰ ਉਹ ਕਿਸੇ ਕਾਰਣ ਅਸਤੀਫਾ ਦਿੰਦਾ ਹੈ ਤਾਂ ਚੋਣ ਦੇ ਸਮਾਂ ਕਾਲ ਖਤਮ ਹੋਣ ਤੱਕ ਕਿਸੇ ਹੋਰ ਪਾਰਟੀ ਵਲੋਂ ਨਹੀ ਲੜ ਸਕਦਾ। ਇਸ ਤੋਂ ਇਲਾਵਾ ਸਾਡੇ ਦੇਸ਼ਵਸ਼ੀਆਂ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਨੇਤਾ ਦਲ ਬਦਲ ਕਰਕੇ ਪਾਰਟੀਆਂ ਬਦਲਦੇ ਰਹਿੰਦੇ ਹਨ ਉਹਨਾਂ ਨੂੰ ਅਗਲੀਆਂ ਉਪ ਚੋਣਾਂ ਵਿੱਚ ਸਬਕ ਸਿਖਾਉਣ ਤਾਂ ਜੋ ਆਉਣ ਵਾਲੇ ਭਵਿੱਖ ਵਿੱਚ ਕੋਈ ਵੀ ਨੇਤਾ ਪੈਸੇ ਜਾਂ ਅਹੁਦੇ ਦੇ ਲਾਲਚ ਵਿੱਚ ਆਪਣੀ ਪਾਰਟੀ ਬਦਲਣ ਦੀ ਹਿੰਮਤ ਨਾ ਕਰ ਸਕੇ। ਇਹ ਇਸ ਲਈ ਜਰੂਰੀ ਹੈ ਕਿਉਂਕਿ ਕਹਿੰਦੇ ਹਨ ਕਿ ਜਦੋਂ ਦੇਸ਼ ਨੂੰ ਚਲਾਉਣ ਵਾਲੇ ਨੇਤਾ ਭ੍ਰਿਸ਼ਟ ਹੋ ਜਾਣ ਤਾਂ ਲੋਕਤੰਤਰ ਨੂੰ ਬਚਾਉਣ ਲਈ ਲੋਕਾਂ ਨੂੰ ਹੀ ਅੱਗੇ ਆਉਣਾ ਪੈਦਾਂ ਹੈ।
ਤਰਸੇਮ ਸਿੰਘ
ਮਾਡਲ ਟਾਊਨ ਮੁਕੇਰੀਆਂ
ਹੁਸ਼ਿਆਰਪੁਰ
94647-30770
starsem@gmail.com