ਰਾਮ ਮੰਦਿਰ ਦੇ ਨਿਰਮਾਣ ਨਾਲ ਕੋਵਿਡ ਦਾ ਖਾਤਮਾ ਨਹੀਂ ਹੋਣਾ: ਪਵਾਰ

ਮੁੰਬਈ: ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਕੁਝ ਲੋਕਾਂ ਨੂੰ ਲਗਦਾ ਹੈ ਕਿ ਮੰਦਿਰ ਦੇ ਨਿਰਮਾਣ ਨਾਲ ਕੋਵਿਡ-19 ਮਹਾਮਾਰੀ ਦੇ ਖ਼ਾਤਮੇ ’ਚ ਮਦਦ ਮਿਲੇਗੀ। ਪਵਾਰ ਦਾ ਇਹ ਬਿਆਨ ਅਜਿਹੇ ਮੌਕੇ ਆਇਆ ਹੈ ਜਦੋਂ ਸ੍ਰੀ ਰਾਮ ਜਨਮਭੂਮੀ ਤੀਰਥ ਕਸ਼ੇਤਰਾ ਟਰੱਸਟ ਨੇ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਣ ਲਈ 3 ਤੇ 5 ਅਗਸਤ ਦੋ ਤਰੀਕਾਂ ਨਿਰਧਾਰਿਤ ਕੀਤੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਮਾਗਮ ਲਈ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ। ਸ਼ੋਲਾਪੁਰ ਵਿੱਚ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਪਵਾਰ ਨੇ ਕਿਹਾ, ‘ਕੋਵਿਡ-19 ਦਾ ਖ਼ਾਤਮਾ ਮਹਾਰਾਸ਼ਟਰ ਸਰਕਾਰ ਦੀ ਤਰਜੀਹ ਹੈ, ਪਰ ਕੁਝ ਲੋਕਾਂ ਨੂੰ ਲਗਦਾ ਹੈ ਕਿ ਮੰਦਿਰ ਦੇ ਨਿਰਮਾਣ ਨਾਲ ਇਸ ਦੇ ਖ਼ਾਤਮੇ ’ਚ ਮਦਦ ਮਿਲੇਗੀ।’ ਉਧਰ ਮਹਾਰਾਸ਼ਟਰ ਸਰਕਾਰ ’ਚ ਭਾਈਵਾਲ ਸ਼ਿਵ ਸੈਨਾ ਦੇ ਸੰਸਦ ਮੈਂਬਰ ਅਰਵਿੰਦ ਸਾਵੰਤ ਨੇ ਕਿਹਾ ਕਿ ਭਗਵਾਨ ਰਾਮ ਉਨ੍ਹਾਂ ਦੀ ਪਾਰਟੀ ਲਈ ਆਸਥਾ ਦਾ ਮੁੱਦਾ ਹੈ ਤੇ ਉਹ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਸਿਆਸਤ ’ਚ ਨਹੀਂ ਪੈਣਾ ਚਾਹੇਗੀ।