‘ਰੂਹ-ਰੇਜ਼ਾ’ ਦਾ ਕਾਵਿ-ਸ਼ਾਸ਼ਤਰ- ਪ੍ਰੋ ਨਿਰੰਜਨ ਸਿੰਘ ਢੇਸੀ

ਪਿਛਲੇ ਦਿਨੀਂ ਡਾ ਗੁਰਬਖ਼ਸ਼ ਸਿੰਘ ਭੰਡਾਲ ਦੀ ਕਾਵਿ-ਪੁਸਤਕ ‘ਰੂਹ ਰੇਜ਼ਾ’ ਮਿਲੀ। ਪੁਸਤਕ ਪੜ੍ਹਨ ਤੋਂ ਪਹਿਲਾਂ ਉਹਨਾਂ ਦੀ ਵਾਰਤਕ ਦੀ ਅਨੌਖੀ ਸ਼ੈਲੀ ਅਤੇ ਨਿਰਾਲੇ ਵਿਸ਼ਿਆਂ ਸੰਬੰਧੀ ਮੈਂ ਪ੍ਰਭਾਵਤ ਸਾਂ। ਵਾਰਤਕ ਲਿਖਦਿਆਂ ਵੀ ਉਹ ਕਵਿਤਾ ਦੀਆਂ ਝਲਕੀਆਂ ਪੇਸ਼ ਕਰਦੇ ਹਨ। ‘ਰੂਹ ਰੇਜ਼ਾ’ ਦੀ ਕਵਿਤਾ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਉਹਨਾਂ ਦੀ ਰਚਨਾ ਤੋਂ ਇਲਾਵਾ ਉਹਨਾਂ ਦੀ ਦਰਵੇਸ਼ਾਂ ਵਾਲੀ ਹਸਤੀ ਮੈਂਨੂੰ ਤਾਂ ਕੀ ਹਰ ਕਿਸੇ ਨੂੰ ਹੀ ਪ੍ਰਭਾਵਤ ਕਰਦੀ ਹੈ। ਭੌਤਿਕ ਵਿਗਿਆਨ ਦੇ ਵਿਦਵਾਨ ਪ੍ਰੋ ਹੋਣ ਦੇ ਨਾਲ ਨਾਲ ਉਹ ਬੇਹੱਦ ਮੁਹੱਬਤੀ ਇਨਸਾਨ ਹਨ। ਬਿਆਸ ਦੇ ਕੰਢੇ ਪਿੰਡ ਭੰਡਾਲ ਬੇਟ ਦਾ ਜੰਮਪਲ ਇਹ ਬੰਦਾ ਇਨਸਾਨੀਅਤ ਦੇ ਪੱਖ ਤੋਂ ਹੀ ਨਹੀਂ, ਵਿਦਵਤਾ ਅਤੇ ਕਲਾ-ਸਾਧਨਾ ਦੇ ਪੱਖ ਤੋਂ ਵੀ ਬੇਮਿਸਾਲ ਹੈ। ਉਹ ਧਰਤੀ ਨਾਲ ਜੁੱੜਿਆ ਹੋਇਆ ਹੈ। ਬੇਟ ਦੇ ਇਲਾਕੇ ਦੀ ਖੁਸ਼ਬੂ, ਡਾ ਭੰਡਾਲ ਦੀ ਸਖ਼ਸ਼ੀਅਤ ਵਿਚੋਂ ਆਉਂਦੀ ਹੈ।
ਆਮ ਧਾਰਨਾ ਹੈ ਕਿ ਵਿਗਿਆਨ ਨਾਲ ਜੁੱੜੇ ਹੋਏ ਬੁੱਧੀਮਾਨ ਵਧੇਰੇ ਕਰਕੇ ਪਦਾਰਥਕ ਵਿਕਾਸ ਦੇ ਅਧਾਰ ‘ਤੇ ਹੀ ਵਿਚਾਰ ਕਰਦੇ ਹਨ। ਪਰ ਡਾ ਭੰਡਾਲ ਪਦਾਰਥਕ ਵਿਕਾਸ ਦੇ ਨਾਲ ਨਾਲ ਪਰਮਾਰਥ ਬਾਰੇ ਵੀ ਚੇਤੰਨ ਹਨ। ਉਹਨਾਂ ਦਾ ਮੱਤ ਹੈ ਕਿ ਜਿਥੇ ਸਰੀਰ ਦੀਆਂ ਜਰੂਰਤਾਂ ਹਨ ਉਥੇ ਮਨ ਅਤੇ ਆਤਮਾ ਦੀਆਂ ਆਪਣੀ ਕਿਸਮ ਦੀਆਂ ਭੁੱਖਾਂ ਹਨ। ਦਿਸਦੇ ਜਗਤ ਦੇ ਨਾਲ ਨਾਲ ਪਰਤ ਦਰ ਪਰਤ ਸੱਚ ਦੀ ਪਛਾਣ ਕਰਨੀ ਵੀ ਸਾਰਥਿਕ ਸਿੱਧ ਹੋ ਸਕਦੀ ਹੈ। ਕਵੀ ਕੋਲ ਦਿਸਦੇ ਜਗਤ ਦੇ ਵਿਕਾਸ ਬਾਰੇ ਬੜੇ ਬਿੱਖੜੇ ਸਵਾਲ ਹਨ। ਮਨੁੱਖ ਦੀ ਭਾਵਨਾ ਨਾਲ ਸਬੰਧਤ ਜਗਤ ਪਰਤ ਦਰ ਪਰਤ ਕਵੀ ਦੀ ਤੀਸਰੀ ਅੱਖ ਸਾਹਮਣੇ ਉਜਾਗਰ ਹੁੰਦਾ ਨਜ਼ਰ ਆਉਂਦਾ ਹੈ। ਕਵੀ ਕੋਲ ਅਜੇਹੇ ਸਵਾਲ ਹਨ ਜਿਹਨਾਂ ਦਾ ਉਤਰ ਲੱਭਣਾ ਅਜੋਕੇ ਮਨੁੱਖ ਲਈ ਔਖਾ ਬਣਿਆ ਹੋਇਆ ਹੈ। ਕਵੀ ਇਸ਼ਾਰਾ ਕਰਦਾ ਹੈ ਕਿ ਹਨੇਰੇ ਵਿਚ ਭਟਕਣ ਦੀ ਥਾਂ ਰੌਸ਼ਨੀ ਵੱਲ ਮੂੰਹ ਕਰਨਾ ਜ਼ਰੂਰੀ ਹੈ। ਸੰਸਿਆਂ ਅਤੇ ਸੰæਕਿਆਂ ਵਿਚ ਜਿਉਣ ਦੇ ਅਰਥ ਲੱਭਣ ਲਈ ਮਨੁੱਖ ਨੂੰ ਸਿੱਦਕ, ਸਿਰੜ ਤੇ ਦ੍ਰਿੜਤਾ ਦੇ ਰਾਹ ਤੁੱਰਨਾ ਪਵੇਗਾ;
ਕੇਹੀ ਰੁੱਤ ਕਿ
ਸੂਰਜ ਡੁੱਬਿਆ
ਕਿਰਨਾਂ ਛੱਮ ਛੱਮ ਰੋਈਆਂ
ਅੰਬਰ ਜੂਹੇ ਉਡਦੀਆਂ ਕੂੰਜਾਂ
ਫੜ ਕੇ ਕਿਸਨੇ ਕੋਹੀਆਂ?
ਕੂਦਰਤ ਨਾਲ ਵਿੱਥ ਉਤੇ ਹੋ ਕੇ ਅਜੋਕਾ ਮਨੁੱਖ ਮੇਲੇ ਵਿਚ ਗਵਾਚੇ ਅਣਭੋਲ ਬਾਲ ਵਰਗਾ ਹੋ ਗਿਆ ਹੈ। ਪੁਸਤਕ 2019 ਵਿਚ ਪ੍ਰਕਾਸ਼ਤ ਹੋ ਗਈ ਸੀ। ਜਾਪਦਾ ਹੈ ਕਿ 2020 ਵਿਚ ਨਾਜ਼ਲ ਹੋਈ ਮੁਸੀਬਤ ਦੀ ਪੇਸ਼ੀਨਗੋਈ ਕਵੀ ਨੂੰ ਰੂਹਾਨੀ ਤੌਰ ‘ਤੇ ਜਰੂਰ ਨਜ਼ਰ ਆ ਗਈ ਸੀ। ਕਵੀ ਨਜ਼ੂਮੀ ਨਹੀਂ ਹੁੰਦਾ ਪਰ ਉਸ ਕੋਲ ਕਰਤਾਰੀ ਸੂਝ ਹੁੰਦੀ ਹੈ ਜਿਸਦੀ ਸਹਿਜ-ਸ਼ਕਤੀ ਨਾਲ ਉਸਨੂੰ ਵਰਤਮਾਨ ਦੀ ਕੁੱਖ ਵਿਚ ਪੈਦਾ ਹੋਣ ਵਾਲੇ ਭਵਿੱਖ ਦੀ ਝਲਕ ਪੈਣ ਲੱਗਦੀ ਹੈ। ਭੰਡਾਲ ਮਨੁੱਖ ਦੀ ਮਨੁੱਖ ਨਾਲ ਤਿੱੜਕੀ ਸਾਂਝ ਨੂੰ ਜਾਣਦਾ, ਪਛਾਣਦਾ ਤੇ ਪ੍ਰਗਟ ਕਰਦਾ ਹੈ। ਉਹ ਦੱਸਦਾ ਹੈ ਕਿ ਰਿਸ਼ਤਿਆਂ ਦੀ ਧਰਾਤਲ ਗਵਾਚ ਗਈ ਹੈ। ਇਹਨਾਂ ਵਿਚ ਸਿੱਥਲਤਾ ਆ ਗਈ ਹੈ। ਜਿਊਣ ਦਾ ਚਾਅ ਤੇ ਨਿੱਘ ਗੁੰਮ ਹੋ ਗਿਆ ਏ। ਧੜਕਦਾ ਅਮਲ ਖੜੋਤ ਵਿਚ ਆ ਗਿਆ ਹੈ। ਆਪਸੀ ਸੂਝ ਤੇ ਪਿਆਰ ਦਾ ਨਗ਼ਮਾ ਬੰਦ ਹੋ ਗਿਆ ਹੈ। ਜ਼ਿੰਦਗੀ ਹਰ ਕੋਈ ਸਿਰਫ਼ ਜਿਊਣ ਲਈ ਜੀਅ ਰਿਹਾ ਹੈ।। ਉਡੀਕ ਖਤਮ ਹੋ ਗਈ ਹੈ। ਹੁੰਗਾਰਾ ਗੁੰਮ ਹੋ ਗਿਆ ਹੈ। ਕਵੀ ਆਪਣੀ ਕਵਿਤਾ ਵਿਚ ਨਿੱਜੀ ਦੁੱਖਾਂ, ਭੁੱਖਾਂ ਦਾ ਪ੍ਰਗਟਾਵਾ ਕਰਨ ਦੀ ਥਾਂ ਸਮੁੱਚੇ ਤੌਰ ‘ਤੇ ਵਿਆਪਕ ਹੋ ਚੁੱਕੇ ਖਲਾਅ ਨੂੰ ਪੇਸ਼ ਕਰਦਾ ਹੈ;
ਕੇਹਾ ਸਮਾਂ ਕਿ
ਦਰਦ ਦੀ ਦਸਤਕ
ਸਾਹੋਂ ਵਿਰਵੀ ਹੋਈ
ਨਾ ਹੀ ਕਿਧਰੇ ਮਿੱਤਰ ਮੋਢਾ
ਨਾ ਭਾਵਾਂ ਨੂੰ ਢੋਈ
æææææææææææææææææææææææææææææææ
ਮਨ ਵੇ ਕਾਹਤੋਂ
ਸਮੇਂ ਦੀ ਸਰਦਲ
ਹੰਝੂ ਹੰਝੂ ਕੀਤੀ
ਤੂੰ ‘ਕੱਲਾ ਨਹੀਂ ਹਰ ਸਖ਼ਸ਼ ਨਾਲ
ਦੁਨੀਆਂ ਇੰਜ ਹੀ ਕੀਤੀ।
ਕਵੀ ਆਸਵੰਦ ਹੈ ਕਿ ਜਿੰæਦਗੀ ਨੇ ਨਿਰੰਤਰਤਾ ਤੇ ਗਤੀਸ਼ੀਲਤਾ ਨਾਲ ਤੁੱਰਨਾ ਹੈ। ਤੁੱਰਨਾ ਹੀ ਨਹੀਂ ਖੂਬਸੂਰਤੀ ਨੂੰ ਵੀ ਕਾਇਮ ਰੱਖਣਾ ਹੈ। ਆਸ ਨੂੰ ਮਰਨ ਨਹੀਂ ਦੇਣਾ। ਉਦਾਸ ਹੋਣਾ ਹੈ, ਨਿਰਾਸ਼ ਨਹੀਂ ਹੋਣਾ। ਉਦਾਸੀ ਅੱਗੇ ਤੋਰਦੀ ਹੈ, ਜਿਊਣ ਦੇ ਰਾਹ ਲੱਭਣ ਦੀ ਜਾਚਕ ਹੈ, ਪਰ ਨਿਰਾਸ਼ਾ ਘੁੰਮਣਘੇਰੀ ਹੈ।
ਜੀਵਨੀ ਧੁੱਪ ‘ਚ
ਜਿੰਦ ਦੀ ਛਾਵੇਂ
ਰੰਗਲਾ ਪੀੜ੍ਹਾ ਡਾਵੀਂ
ਸਾਹ ਤੱਕਲੇ ਤੇ ਸੁਖ਼ਨ ਸਬੂਰੀ ਦੇ
ਤੰਦ ਲੰਮੇਰੇ ਪਾਵੀਂ
ææææææææææææææææææææææææææææææ
ਵੇ
ਉਠ ਮਨਾ ਤੂੰ ਸੁੱਤਿਆ
ਮਸਤਕ ਜਰਾ ਫਰੋਲ
ਦਿਲ ਬਰੂਹੀਂ ਝਾਕ ਕੇ
ਦਰਾਂ ‘ਚ ਪਾਣੀ ਡੋਲ
ਸਰਘੀ ਉਤਰ ਬਨੇਰਿਉਂ
ਭਰਨੀ ਤੇਰੀ ਝੋਲ।
ਡਾ ਭੰਡਾਲ ਕੋਲ ਨਿਵੇਕਲਾ ਕਾਵਿ-ਮੁਹਾਵਰਾ ਹੈ। ਇਕ ਇਕ ਸ਼ਬਦ ਤੋਂ ਗਹਿਰਾਈ ਅਤੇ ਘਣਤਾ ਵਾਲੇ ਅਰਥਾਂ ਦਾ ਸੰਚਾਰ ਹੁੰਦਾ ਹੈ। ਉਸਦੀ ਖੂਬਸੂਰਤੀ ਹੈ ਕਿ ਜਿਥੇ ਉਹ ਸਵਾਲ ਖੜੇ ਕਰਦਾ ਹੈ, ਉਤਰ ਵੀ ਸ਼ਬਦਾਂ ਦੀ ਬੁੱਕਲ ਵਿਚ ਲੁਕੇ ਹੁੰਦੇ ਹਨ। ਉਸਦੀ ਕਵਿਤਾ ਵਿਚ ਸਮੇਂ ਦੇ ਮਨੁੱਖ ਦੀ ਹੋਣੀ ਨੂੰ ਚਿੱਤਵਦਿਆਂ, ਰੁੱਦਨ ਦਾ ਲਗਾਤਾਰ ਪ੍ਰਗਟਾਵਾ ਹੈ। ਉਦਰੇਵਾਂ, ਵਿਖਾਵੇ ਦਾ ਨਹੀਂ। ਅਜੋਕੇ ਵਰਤਾਰਿਆਂ ਦੀ ਬੁੱਕਲ ਵਿਚ ਪੈਦਾ ਹੋ ਗਿਆ ਹੈ। ਵਿਕਾਸ ਦੇ ਓਹਲੇ ਵਿਚ ਵਿਨਾਸ਼ ਦੇ ਪਸਾਰੇ ਦਾ ਖੂਬਸੂਰਤ ਪ੍ਰਗਟਾਵਾ ਹੈ। ਕਿਰਤ ਕਰਮ ਦੀ ਧੱਕੀ ਹੋਈ ਜ਼ਿੰਦਗੀ ਔਝੜ ਦੇ ਰਾਹ ਪੈ ਗਈ ਹੈ। ਸ਼ਬਦ ਤੇ ਅਰਥ ਸੋਗ ਵਿਚ ਡੁੱੱਬੇ ਹੋਏ ਹਨ;
ਸ਼ਬਦੀਂ ਸੋਗ ਸੰਤਾਪਿਆ
ਅਰਥੀਂ ਅਰਘੀ ਆਹ
ਹਰ ਦਰਵਾਜ਼ੇ ਜੰਦਰਾ
ਗੁੰਮ ਗਿਆ ਹਰ ਰਾਹ
æææææææææææææææææææææ
ਧਰਤੀ ਹੌਕਾ ਉਗਮਿਆ
ਪਰਬਤ ਪਿਘਲ ਗਿਆ।
ਜੀਵਨ ਦਾ ਸਮਤੋਲ ਟੁੱਟ ਗਿਆ ਹੈ। ਕਵੀ ਢੁੱਕਵੇਂ ਅਤੇ ਖੂਬਸੂਰਤ ਪ੍ਰਤੀਕਾਂ ਰਾਹੀਂ ਸਥਿੱਤੀ ਦੀ ਤਲਖ਼ ਹਕੀਕਤ ਨੂੰ ਪਛਾਣਦਾ ਤੇ ਪ੍ਰਗਟ ਕਰਦਾ ਹੈ। ਉਹ ਸਮੇਂ ਦੀ ਦੁੱਖਦੀ ਰਗ ਉਤੇ ਉਂਗਲ ਧਰਦਾ ਹੈ। ਸਥੂਲ ਸੰਸਾਰ ਦੇ ਟੁੱਟ ਕੇ ਬਿਖਰ ਜਾਣ ਦਾ ਜਿਕਰ ਉਹ ਸੂਖ਼ਮ ਵਿੱਧੀ ਨਾਲ ਕਰਦਾ ਹੈ। ਕਵੀ ਇਸ ਦੁੱਖਦਾਈ ਹਾਲਾਤ ਨੂੰ ਮਹਿਸੂਸ ਕਰਦਾ ਹੈ ਕਿ ਹਰ ਕਿਸੇ ਨੇ ਆਪਣੇ ਆਪ ਨੂੰ ਇਕ ਖੋਲ ਵਿਚ ਬੰਦ ਕਰ ਲਿਆ ਹੈ, ਆਪਣੇ ਆਲੇ-ਦੁਆਲੇ ਇਕ ਬੰਕਰ ਉਸਾਰ ਲਿਆ ਹੈ। ਹਰ ਕੋਈ ਭੀੜ ਵਿਚ ਇਕੱਲਾ ਹੈ। ਜਿਉਂਦੇ ਹੋਣ ਦੀ ਗਵਾਹੀ ਗੁੰਮ ਹੋ ਗਈ ਹੈ;
ਬੋਲ ਬੀਹੀ ਨਾ ਗੂੰਜਦਾ
ਕਦੇ ਸੰਵਾਦ ਪ੍ਰਵਾਹ
ਖੁਦ ਨੂੰ ਸੂਲੀ ਟੰਗਦਾ
ਖੁਦ ਹੀ ਖੁਦ ਦਾ ਸਾਹ
ਕਵੀ ਦੀ ਸੰਵੇਦਨਾ ਅਤੇ ਬੌਧਿਕਤਾ ਧਰਤੀ ਦੇ ਬਸ਼ਿੰਦਿਆਂ ਦੀਆਂ ਅਚੇਤ ਅਤੇ ਮਨਚਾਹੀਆਂ ਗਤੀਵਿਧੀਆਂ, ਸਿੱਟਿਆਂ ਤੋਂ ਅਣਜਾਣ ਨਹੀਂ। ਉਹ ਹਨੇਰੇ ਵਿਚ ਤੀਰ ਨਹੀਂ ਚਲਾਉਂਦਾ। ਉਹ ਹਰ ਮਸਲੇ ਨੂੰ ਕਾਵਿ ਦੀ ਵਿਧੀ ਰਾਹੀਂ ਪੇਸ਼ ਕਰਦਾ ਹੈ। ਕਵੀ ਦਾ ਅਨੁਭਵ ਇਸ ਦੱਸਦਾ ਹੈ ਕਿ ਕੁਰਬਲ ਕੁਰਬਲ ਕਰਦੀ ਲੋਕਾਈ ਦੇ ਬਾਵਜੂਦ, ਧਰਤੀ ਸੁੰਨੀ ਪਈ ਹੋਈ ਹੈ। ਸੁੰਨਤਾ ਦੇ ਇਸ ਆਲਮ ਵਿਚ ਧਰਤੀ ਮਾਂ ਦਾ ਹੁਸਨ ਮਾਲੀਨ ਹੋ ਗਿਆ ਹੈ। ਆਪਹੁਦਰੇ ਮਨ ਦੇ ਕਾਰਨ ਹੀ ਬੰਦਾ ਭੀੜ ਵਿਚ ਹੋਣ ਦੇ ਬਾਵਜੂਦ ਵੀ ਇਕੱਲਾ ਹੈ, ਅਜਨਬੀ ਹੈ ਅਤੇ ਰਸਤਾ ਭੁੱਲਿਆ ਹੋਇਆ ਹੈ। ਹਨੇਰੇ ਵਿਚ ਇਧਰ ਉਧਰ ਹੱਥ ਪੈਰ ਮਾਰ ਰਿਹਾ ਹੈ। ਆਪਣੇ ਭਾਰ ਹੀ ਲਿਫ਼ਿਆ ਹੋਇਆ ਹੈ। ਕਿਰਤ ਤੇ ਉਦਮ ਦੇ ਸੁੱਚੇ ਸੰਕਲਪ ਦੀ ਥਾਂ ਮੰਡੀ ਦਾ ਮਾਲ ਬਣਿਆ ਹੋਇਆ ਹੈ। ਹੀਣ ਤੇ ਬੌਣਾ ਮਨੁੱਖ ਆਪਣੇ ਆਲੇ ਦੁਆਲੇ ਵਿਚ ਉਲਝੇ ਹੋਏ ਤਾਣੇ-ਬਾਣੇ ਵਿਚ ਮੱਕੜੀ ਵਾਂਗ ਫਸ ਕੇ ਰਹਿ ਗਿਆ ਹੈ।
ਪੌਣ, ਪਾਣੀ ਤੇ ਧਰਤ ਦੇ ਸਬੰਧ ਵਿਚ ਬਾਬਾ ਨਾਨਕ ਦੇ ਬਚਨਾਂ ਨੂੰ ਭੁੱਲ ਗਿਆ ਹੈ। ਲੋੜ ਤੋਂ ਵੱਧ ਤੇਜ ਦੌੜਨ ਵਾਲੇ ਦੌੜਾਕ ਵਾਂਗ ਮਨੁੱਖ ਹੱਫ਼ ਗਿਆ ਹੈ। ਘੁੱਗ ਵੱਸਦੀ ਜ਼ਿੰਦਗੀ ਦੇ ਨਕਸ਼ ਮਰ ਰਹੇ ਹਨ। ਤੇ ਹਰ ਮੌਕੇ ਸਮਸ਼ਾਨ ਵਰਗੀ ਸੁੰਨਤਾ ਦਾ ਆਲਮ ਬਣਿਆ ਹੋਇਆ ਹੈ;
ਹੂਕ, ਹੁੰਗਾਰਾ ਲੋਚਦੀ
ਤੁੱਰੀ ਮਸਾਣਾਂ ਵੱਲ
ਸੁਹਜ ਨੂੰ ਦੰਦਲ ਪੈ ਗਈ
ਮਰੀ ਅੱਜ ਕਿ ਕਲ।
ਅਜੇਹੀ ਅਵੱਸਥਾ ਵਿਚ ਜਿਉਂਦੇ ਮਨੁੱਖ ਨੂੰ ਕਵੀ ਹਾਕ ਮਾਰਦਾ ਹੈ;
ਗੁੰਗੀ ਵਕਤ ਦਹਿਲੀਜ਼ ਤੇ
ਦੇਈਏ ਕੋਈ ਅਵਾਜ਼
ਸੁਪਨੇ ਦੀ ਅੱਖ ਖੁੱਲ ਜੇ
ਭਰੇ ਉਚੀ ਪ੍ਰਵਾਜ਼
ਡਾ ਭੰਡਾਲ ਦੀ ਰਚਨਾਤਮਕ ਖੂਬੀ ਇਹ ਹੈ ਕਿ ਭਾਵਨਾ ਤੇ ਵਿਚਾਰ ਇਕ ਸੁਰ ਹੋ ਕੇ ਲੋਕ ਬੋਧ ਵੱਲ ਤੁੱਰਦੇ ਹਨ। ਕਵੀ ਦੀ ਆਸ ਹੈ ਕਿ ਖੜੋਤ ਵਿਚ ਆਈ ਕਾਇਨਾਤ ਨੂੰ ਹਰਕਤ ਦਿਤੀ ਜਾ ਸਕਦੀ ਹੈ। ਲੋੜ ਦਸਤਕ ਦੇਣ ਦੀ ਹੈ, ਕੁੰਡਾ ਖੜਕਾਉਣ ਦੀ ਹੈ। ਗੁੰਗੀ ਤੇ ਬੋਲੀ ਦਹਿਲੀਜ਼ ਨੂੰ ਬੋਲ ਮਿਲ ਜਾਂਦੇ ਹਨ, ਸੁਣਨ ਸਰੋਤ ਮਿਲ ਜਾਂਦੇ ਹਨ।
ਭੰਡਾਲ ਪੱਤਝੱੜ ਦੀ ਸਥਿੱਤੀ ਵਿਚ ਵੀ ਕੁਦਰਤ ਵਾਂਗ ਮਨੁੱਖੀ ਕਿਰਦਾਰ ਤੇ ਸਭਿਆਚਾਰ ਵਿਚ ਬਹਾਰ ਦੀ ਆਸ ਕਰਦਾ ਹੈ। ਪਰ ਉਹ ਤਲਖ਼ ਹਕੀਕਤ ਤੋਂ ਵੀ ਅੱਖਾਂ ਨਹੀਂ ਮੀਟਦਾ। ਜ਼ਿੰਦਗੀ ਬਾਰੇ ਉਸਦੇ ਸਵਾਲ ਬਹੁਤ ਸੂਖ਼ਮ ਹਨ। ਇਸੇ ਕਾਰਨ ਉਚੀ ਸੁਰ ਨਜ਼ਰ ਨਹੀਂ ਆਉਂਦੀ। ਬੀਮਾਰੀ ਦੀ ਗੰਭੀਰਤਾ ਨਜ਼ਰ ਆਉਂਦੀ ਹੈ। ਉਸਦੀ ਰਚਨਾ ਵਿਚ ਮਨੁੱਖ ਦੇ ਭਟਕ ਜਾਣ ਦੀ ਸਥਿੱਤੀ ਸਪੱਸ਼ਟ ਹੈ। ਇਸੇ ਕਾਰਨ ਉਹ ਸਹਿਜ ਹੋਣ ਲਈ ਟਿਕਾਣੇ ਦਾ ਥਹੁ ਪਤਾ ਨਾ ਲੱਗਣ ਦਾ ਹੇਰਵਾ ਪ੍ਰਗਟ ਕਰਦਿਆਂ ਕਹਿੰਦਾ ਹੈ;
ਜਿੰਦੇ ਨੀ
ਹੁਣ ਜਾਣਾ ਕਿਥੇ
ਪੰਜ ਦਰਿਆਈਂ ਮੌਤ ਵਸੇਂਦੀ
ਸੰਦਲੀ ਸੱਧਰਾਂ ਚਿੱਥੇ?
ਪਾਣੀ ਤੇ ਜੀਵਨ ਦੇ ਸਬੰਧ ਵਿਚ ਅਸੀਂ ਮੁਕੰਮਲ ਤੌਰ ਤੇ ਭੁੱਲ ਚੁੱਕੇ ਹਾਂ ਤੇ ਧਰਤੀ ਦੇ ਨਕਸ਼ ਵੀ ਅਸੀਂ ਵਿਗਾੜ ਦਿਤੇ ਹਨ। ਜੀਵਨ ਦੇ ਇਹਨਾਂ ਸਮਿਆਂ ਬਾਰੇ ਭੁੱਲ ਕੇ ਅਸੀਂ ਮੰਜ਼ਿæਲ ਤੱਕ ਕਿਵੇਂ ਪਹੁੰਚਾਂਗੇ?
ਜਿੰਦ ਦਾ ਦੀਵਾ
ਕੀਕਣ ਰੋਜ਼ ਬਲੇ
ਧਰਮੀ ਧਰਤੀ
ਜਖ਼ਮੀ ਕਰਤੀ
ਅੰਬਰ ਪੈਰ ਤਲੇ।
ਬ੍ਰਹਿੰਮਡ ਉਤੇ ਕਾਠੀ ਪਾਉਣ ਦੇ ਯਤਨਾਂ ਨੇ ਮਨੁੱਖ ਨੂੰ ਕੁਰਾਹੇ ਪਾ ਦਿਤਾ ਹੈ। ਬ੍ਰਹਿੰਮਡ ਤੇ ਕੁਦਰਤ ਦੇ ਸਮਤੋਲ ਵਿਚਲਤ ਹੋ ਗਏ ਹਨ। ਇਹ ਵਿਕਰਤ ਮਾਹੌਲ ਮਨੁੱਖ ਤੇ ਹੋਰ ਜੀਵਾਂ ਲਈ ਸੰਤੁਲਿਤ ਮਾਹੌਲ ਨਹੀਂ ਸਿਰਜ ਸਕਦਾ।। ਅਜੇਹਾ ਸੁਪਨਾ ਲੈਣਾ ਵੀ ਕਠਿਨ ਹੈ। ਕਵੀ ਚੰਗੇ ਹੋਣ ਦਾ, ਖੂਬਸੂਰਤ ਹੋਣ ਦਾ, ਜਾਨਦਾਰ ਅਤੇ ਸ਼ਾਨਦਾਰ ਹੋਣ ਦਾ, ਮੁਹੱਬਤ ਦੀ ਬਾਰਸ਼ ਵਿਚ ਭਿੱਜਣ ਦਾ ਸੁਪਨਾ ਸਿਰਜਦਾ ਹੈ। ਕੋਰੇ ਤੇ ਖਾਲੀ ਪਲਾਂ ਨੂੰ ਭਰਨ ਲਈ ਆਪਣੇ ਯੁੱਗ ਦੇ ਅਕ੍ਰਿਤ ਮਨੁੱਖ ਲਈ ਅਨੂਠੇ ਸੁਪਨਿਆਂ ਦੀ ਕਾਮਨਾ ਕਰਦਾ ਹੈ;
ਅੱਜ ਇਕ ਸੁਪਨੇ ਸੰਦਲੀ ਪਲ ਨੂੰ
ਨੈਣਾਂ ਵਿਚ ਟਿਕਾਇਆ
ਮਸਾਂ ਹੀ ਇਕ ਉਮਰਾ ਬਾਅਦ
ਸਾਹਾਂ ਨੂੰ ਸਾਹ ਆਇਆ
ææææææææææææææææææææ
ਅੱਜ ਇਕ ਸੁਪਨੇ ਸ਼ਬਦ-ਸਰਦਲ ਤੇ
ਸੰਦਲੀ ਅਰਥ ਟਿਕਾਇਆ
ਕੋਰੇ ਕਾਗਜ਼ ਦੀ ਹਿੱਕੜੀ ਤੇ
ਹਰਫ਼ਾਂ ਡੇਰਾ ਲਾਇਆ
ਕਵੀ ਦਾ ਮੱਤ ਹੈ ਕਿ ਸੁਪਨਿਆਂ ਦੀ ਪੂਰਤੀ, ਮਨੁੱਖ ਦੀ ਦਰੁੱਸਤ ਸੇਧ ਵਿਚ ਸੋਚ ਤੇ ਅਮਲ ਵਿਚੋਂ ਹੀ ਪੈਦਾ ਹੋ ਸਕਦੀ ਹੈ। ਦੋਗਲਾਪਣ, ਅਨੈਤਿਕਤਾ, ਵਿਖਾਵਾ ਤੇ ਕਿਰਦਾਰ ਦੀ ਨਿਮਨਤਾ, ਜੀਵਨ ਦੇ ਮੁਲ-ਵਿਧਾਨ ਦੀ ਹੀਣਤਾ ਕੋਈ ਰਸਤਾ ਨਹੀਂ ਵਿਖਾ ਸਕਦੀ। ਬੇਟਿਕਾਣਾ ਹੋਣ ਵਿਚ ਟਿਕਾਓ ਤੇ ਸਹਿਜ ਨਹੀਂ, ਭਟਕਣ ਮਿਲਦੀ ਹੈ।
ਇਕ ਹੱਥ ਮੌਲੀ
ਤੇ ਇਕ ਹੱਥ ਫਤਵਾ
ਤੱਕਦਿਆਂ ਦੂਰੀਆਂ ਚੂਰ ਵੇ ਸਾਈਂ
æææææææææææææææææææææææææ
ਕਿਥੇ ਜੰਮੇ
ਤੇ ਕਿਥੇ ਆ ਗਏ
ਚੋਗ ਖਿਲਾਰੀ ਦੂਰ ਵੇ ਸਾਈਂ
æææææææææææææææææææææææ
ਧੁੱਖਦੇ ਹਰਫ਼
ਤੇ ਠਰਦੇ ਅਰਥ
ਵਰਕੀਂ ਦ੍ਰਿਸ਼ ਕਰੂਰ ਵੇ ਸਾਈਂ
ਭੰਡਾਲ ਦੀ ਕਲਮ ਬਾਹਰ-ਮੁੱਖੀ ਜ਼ਿੰਦਗੀ ਦੇ ਸਰਗਰਮ ਤੇ ਖੁਸ਼ ਨਜ਼ਰ ਆਉਂਦੇ ਨਕਸ਼ਾਂ ਪਿਛੇ ਲੁੱਕੀ ਹੋਈ ਉਦਾਸੀ ਨੂੰ ਪਛਾਣਦੀ ਹੈ। ਪਰਤਾਂ ਹੇਠ ਲੁੱਕੀ ਹੋਈ ਕੌੜੀ ਅਸਲੀਅਤ ਨੂੰ ਨਜ਼ਰ ਅੰਦਾਜ਼ ਕਰਕੇ ਨਾ ਉਹ ਅਤੀਤ ਨੂੰ ਅਵਾਜਾਂ ਮਾਰਦਾ ਹੈ ਅਤੇ ਨਾ ਹੀ ਭਵਿੱਖ ਨੂੰ ਸੰਬੋਧਨ ਹੁੰਦਾ ਹੈ। ਉਹ ਵਰਤਮਾਨ ਦੇ ਪੈਰਾਂ ਵਿਚ ਖਿੱਲਰੇ ਕੰਡਿਆਂ ਦੀ ਪਛਾਣ ਕਰਕੇ ਮਾਨਵਤਾ ਦੇ ਦਰਦ ਦਾ ਗੀਤ ਗਾਉਂਦਾ ਹੈ। ਕਿਸੇ ਖੌਖਲੇ ਆਦਰਸ਼ ਦਾ ਸ਼ਿਕਾਰ ਹੋ ਕੇ ਉਹ ਕਵਿਤਾ ਨੂੰ ਕਿਸੇ ਝੂਠੇ ਲਾਰੇ ਵਿਚ ਰੁਪਾਂਤਰਤ ਨਹੀਂ ਕਰਦਾ। ਮਨੁੱਖ ਦੇ ਅੰਦਰ ਬਾਹਰ ਫੈਲੀ ਹੋਈ ਇਕੱਲ ਨੂੰ ਪਾਰਦਰਸ਼ੀ ਦ੍ਰਿਸ਼ਟੀ ਨਾਲ ਵੇਖਣ ਦੇ ਸਮਰੱਥ ਹੈ। ਇਸ ਅਵਸਥਾ ਨੂੰ ਪਰਗਟ ਕਰਨ ਲਈ ਉਹ ਉਚੀ ਸੁਰ ਨੂੰ ਨਹੀਂ ਅਪਣਾਉਂਦਾ। ਸਗੋਂ ਸੋਗੀ ਪਲਾਂ ਦੇ ਅੰਗ ਸੰਗ ਹੋ ਕੇ ਵਿਚਰਦਾ ਹੈ। ਉਸਦੀ ਕਾਵਿ-ਰਚਨਾ ਵਿਚ ਸਹਿਜ ਪ੍ਰਗਟਾਵੇ ਨੂੰ ਪ੍ਰਮੁੱਖਤਾ ਦਿਤੀ ਗਈ ਹੈ। ਪਹੁ ਫੁਟਾਲੇ ਦੇ ਸੂਰਜ ਦੀ ਲਾਲੀ ਵਰਗਾ ਪ੍ਰਭਾਵ ਬਣਦਾ ਹੈ। ਸ਼ਬਦਾਂ ਤੇ ਅਰਥਾਂ ਦੀ ਨੇੜਤਾ ਦੇਖਣਯੋਗ ਹੈ;
ਸਮੇਂ ਦੇ ਬੋੜੇ ਦਰਾਂ ‘ਚ ਬੈਠਾ
ਪੰਛੀ ਵਿਰਦ ਕਰੇ
ਸਾਹੀਂ ਉਗੀਆਂ ਸਿੱਸਕੀਆਂ
ਨੈਣੀ ਹੰਝ ਭਰੇ
ææææææææ
ਗੁੰਮੀਆਂ ਅੰਬਰ ਉਡਾਰੀਆਂ
ਸੋਗ ‘ਚ ਖੰਭ ਝੜੇ
ਸ਼ਬਦ ਚਿੱਤਰ ਪੇਸ਼ ਕਰਨ ਪਿਛੋਂ ਸਵਾਲ ਬੜਾ ਗੰਭੀਰ ਹੈ;
ਹਰ ਪਲ ਮਰਦੇ ਪੰਛੀ ਦਾ
ਕਿਹੜਾ ਦਰਦ ਹਰੇ?
ਕਵੀ ਦੀ ਰਚਨਾ ਵਿਚ ਨਾਅਰਾ ਨਹੀਂ ਹੈ, ਹਾਉਕਾ ਹੈ, ਫ਼ਿਕਰ ਹੈ, ਉਦਾਸੀ ਹੈ। ਇਸਦੇ ਨਾਲ ਨਾਲ ਉਹ ਆਸ ਦਾ ਦੀਵਾ ਵੀ ਜਗਦਾ ਰੱਖਦਾ ਹੈ। ਨਾਅਰਾ, ਮੁਹੱਬਤਾਂ ਨਾਲ ਨਹੀਂ ਨਿਭਦਾ, ਨਾਅਰੇ ਦੇ ਪੈਰ ਧਰਤੀ ‘ਤੇ ਨਹੀਂ ਹੁੰਦੇ, ਮਿੱਟੀ ਦੀ ਪਕੜ ਨਹੀਂ ਹੁੰਦੀ, ਸਬਰ ਤੇ ਸਿਦਕ ਘੱਟ ਹੁੰਦਾ ਹੈ। ਉਚੀ ਸੁਰ ਵਿਚ ਹਕੀਕਤ ਗਵਾਚ ਜਾਂਦੀ ਹੈ ਭੁਲਾਂਦਰਾ ਪੈਦਾ ਹੋ ਜਾਂਦਾ ਹੈ। ਹਾਉਕਾ, ਮੁਹੱਬਤ ਦੇ ਪੱਕੇ ਰਸੇ ਹੋਏ ਆਲਮ ਵਿਚੋਂ ਪੈਦਾ ਹੋਇਆ ਸਫ਼ੈਦ ਰੰਗ ਹੁੰਦਾ ਹੈ ਜਿਸ ਵਿਚ ਸੱਤ ਬੁਨਿਆਦੀ ਰੰਗ ਮੌਜੂਦ ਹੁੰਦੇ ਹਨ। ਹਉਕਾ, ਪਵਿੱਤਰਤਾ ਤੇ ਨਿਰਮਲਤਾ ਦਾ ਪ੍ਰਤੀਕ ਹੈ। ਕਵੀ ਕਾਇਨਾਤ ਦੇ ਦੁੱਖਾਂ ਕਸ਼ਟਾਂ ਦੇ ਮਾਨਸਿਕ ਪਿਛੋਕੜ ਨੂੰ ਜਾਣਦਾ, ਪਛਾਣਦਾ ਹੈ। ਉਹ ਸਮੁੱਚੇ ਵਾਤਾਵਰਣ ਵਿਚ ਮਨੁੱਖ ਦੀ ਸਵੈ-ਪਛਾਣ ਦਾ ਰਸਤਾ ਖੋਜਦਾ ਹੈ। ਪਰ ਇਹ ਖੋਜ ਰਚਨਾਤਮਿਕ ਕਲਾ ਵਿਚ ਭਿੱਜੀ ਹੋਈ ਹੈ। ਉਹ ਲਗਾਤਾਰ ਵਿਲਕਣੀ ਵਿਚੋਂ ਗੁਜਰ ਰਹੇ ਮਨੁੱਖ ਦਾ ਸ਼ਬਦ-ਚਿੱਤਰ ਉਲੀਕਦਾ ਹੈ ਜਿਸਦੇ ਮੁਕੰਮਲ ਨਕਸ਼ਾਂ ਦੀ ਦਿੱਖ ਬੇਟਿਕਾਣਾ ਹੈ। ਵਖਤਾਂ ਮਾਰੇ ਵਕਤ ਨੂੰ ਕਾਵਿ-ਚਿੱਤਰ ਵਿਚ ਪੇਸ਼ ਕਰਦਿਆਂ ਉਹ ਲਿਖਦਾ ਹੈ;
ਕਮਰੇ ਵਿਚ ਕੰਬਣੀ ਏ
ਕੈਲੰਡਰ ਟੁੱਕੜੇ ਹੋਇਆ ਏ
ਜਿਉਂਦਾ ਤੇ ਹੱਸਦਾ ਸੀ
ਉਹ ਬੰਦਾ ਮੋਇਆ ਏ
ਤੇ ਸੁਪਨੇ ਦੇ ਮਾਤਮ ਵਿਚ
ਘਰ ਅਰਥੀ ਹੋਇਆ ਏ
ææææææææææææææææææææææææ
ਕੇਹਾ ਵੇਲਾ
ਹੁਣ ਮਨ ਦਾ ਪੰਛੀ
ਚੋਗ ਸੋਗ ਦੀ ਖਾਵੇ
ਨਾ ਪਰਾਂ ਵਿਚ ਹਵਾ ਬਚੀ ਏ
ਨਾ ਟੀਸੀ ਬਹਿ ਗਾਵੇ
ਡਾ ਭੰਡਾਲ ਦੀ ਕਾਵਿ-ਕਲਾ ਦੀ ਪਛਾਣ ਨਿਰਾਲੀ ਹੈ। ਸਾਰੀਆਂ ਕਵਿਤਾਵਾਂ ਬਨਾਵਟ ਅਤੇ ਪ੍ਰੰਪਰਾਗੱਤ ਬੰਦਸ਼ਾਂ ਤੋਂ ਮੁੱਕਤ ਹਨ। ਇਹਨਾਂ ਕਵਿਤਾਵਾਂ ਵਿਚ ਅਣਦਿਸਦੇ ਦੁੱਖਾਂ ਦੀ ਰੂਹਾਨੀ ਤੇ ਭਾਵਵਾਚਕ ਤਸਵੀਰ ਪੇਸ਼ ਕੀਤੀ ਗਈ ਹੈ। ਦੁੱਖੜਿਆਂ ਵਿਚ ਗਲ ਗਲ ਡੁੱਬੀ ਧਰਤੀ, ਪ੍ਰਕਿਰਤੀ ਅਤੇ ਮਨੁੱਖ ਨੂੰ ਕਵੀ ਵਿਸ਼ਾਲ ਰੂਪਕ ਵਜੋਂ ਪੇਸ਼ ਕਰਦਾ ਹੈ। ਸੂਖ਼ਮ ਭਾਵਨਾਵਾਂ ਅਤੇ ਵਿਚਾਰਾਂ ਦੇ ਪ੍ਰਗਟਾਵੇ ਲਈ ਉਹ ਤਾਰੇ, ਧੁੱਪ, ਚੁੱਪ, ਘਰ, ਫੁੱਲ, ਪੰਛੀ, ਅੰਬਰ, ਕਿਰਨ, ਖੂਹ, ਸਰਦਲ, ਸੂਰਜ, ਹੰਝੂ, ਫ਼ੋਨ, ਖ਼ਤ, ਦਹਿਲੀਜ਼ ਆਦਿ ਰੂਪਕਾਂ ਦੀ ਵਰਤੋਂ ਨਿਵੇਕਲੇ ਅਰਥਾਂ ਲਈ ਕਰਦਾ ਹੈ। ਸਭ ਤੋਂ ਨਿੱਕੇ ਅਕਾਰ ਦੀ ਕਵਿਤਾ ‘ਦੁੱਖ’ ਅਨੇਕਾਂ ਯਥਾਰਕ ਸਵਾਲ ਖੜੇ ਕਰਦੀ ਹੈ;
ਰੁੰਡ-ਮਰੁੰਡ ਰੁੱਖ
ਬੰਜਰ ਕੁੱਖ
ਵਿਲਕਦੀ ਭੁੱਖ
ਝਰੀਟਿਆ ਮੁੱਖ
ਸੱਖਣਾ ਸੁੱਖ
ਬੇਗੈਰਤ ਮਨੁੱਖ
ਅਤੇ ਉਹ ਅਜੇ ਵੀ ਪੁੱਛਦੇ ਨੇ
ਕਿ ਸਮੇਂ ਨੂੰ
ਕਾਹਦਾ ਏ ਦੁੱਖ?
ਡਾ ਭੰਡਾਲ ਆਪਣੀ ਅਨੁਭਵੀ ਅੰਤਰ-ਦ੍ਰਿਸ਼ਟੀ ਨਾਲ ਵੇਖ ਰਿਹਾ ਏ ਕਿ ਮਨੁੱਖ ਦੀ ਵਾਟ ਭਟਕ ਗਈ ਹੈ। ਸਾਰੇ ਬ੍ਰਹਿਮੰਡ ਨਾਲ ਜੁੜਿਆ ਹਰ ਵਰਤਾਰਾ, ਆਪਣੇ ਅਸਲ ਰਾਹ ਤੋਂ ਭਟਕ ਗਿਆ ਹੈ। ਇਨਸਾਨ ਨੂੰ ਇਹ ਖੁਸ਼-ਫਹਿਮੀ ਹੋ ਗਈ ਹੈ ਕਿ ਉਸਨੇ ਮਹਾਨ ਪ੍ਰਾਪਤੀਆਂ ਕਰ ਲਈਆਂ ਹਨ। ਪਦਾਰਥ ਵਿਚ ਮਨਚਾਹੀਆਂ ਤਬਦੀਲੀਆਂ ਕਰਨ ਤੋਂ ਪਿਛੋਂ ਹੀ ਉਸਨੂੰ ਸੀਮਤ ਜਿਹਾ ਗਿਆਨ ਹੋ ਗਿਆ ਹੈ ਕਿ ਸਬੰਧਤ ਪਰਿਵਰਤਨ ਲੋੜ ਵਿਚੋਂ ਨਹੀਂ ਹੋਏ। ਪਿੰਡੋਰੇ ਦੇ ਬਕਸੇ ਵਿਚੋਂ ਨਿਕਲੇ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਦੇ ਨਾਗ ਨੇ ਉਸਨੂੰ ਪਕੜ ਵਿਚ ਲੈ ਲਿਆ ਹੈ। ਕੇਵਲ ਆਸਾਂ ਨਾਲ ਉਹ ਜੀਅ ਰਿਹਾ ਹੈ। ਇਸ ਕਾਰਨ ਪੈਰਾਂ ਦੀ ਧਰਾਤਲ ਖਿਸਕ ਗਈ ਹੈ। ਵਾਤਾਵਰਣ ਦੇ ਨਾਲ ਮਨੁੱਖੀ ਮਾਨਸਿਕਤਾ ਦਾ ਤਵਾਜ਼ਨ ਵੀ ਹੱਥੋਂ ਨਿਕਲ ਗਿਆ ਹੈ। ਸੁੱਖਾਂ ਦੇ ਸਾਧਨ ਹੀ ਦੁੱਖਾਂ ਦੇ ਕਾਰਨ ਬਣ ਗਏ ਹਨ। ਮਨੁੱਖ ਦੇ ਆਪਣੇ ਧੁਰੇ ਨਾਲੋਂ ਟੁੱਟ ਜਾਣ ਕਾਰਨ ਪੈਦਾ ਹੋਇਆ ਵੈਰਾਗ, ਰੁੱਦਨ ਅਤੇ ਸੋਗ ਦਾ ਸਾਧਨ ਬਣ ਗਿਆ ਹੈ। ਬਾਜ਼ਾਰੀ ਸਭਿਅਤਾ ਨੇ ਮਨੁੱਖ ਨੂੰ ਮਾਨਸਿਕ ਤੇ ਆਤਮਿਕ ਤੌਰ ਤੇ ਨਿਆਸਰਾ ਕਰ ਦਿਤਾ ਹੈ। ਸ਼ਾਇਰ ਦੀ ਸ਼ਾਇਰੀ ਵਿਚ ਐਸੀ ਬੁਝਾਰਤ ਨੂੰ ਬੁੱਝਣ ਦੀ ਸਮਰੱਥਾ ਹੈ ਜਿਸਦੀ ਗੰਢ ਬੜੀ ਪੀਢੀ ਤੇ ਜਟਿੱਲ ਹੈ। ਕਵੀ ਕੋਲ ਦੂਰ-ਦ੍ਰਿਸ਼ਟੀ ਦੇ ਨਾਲ ਨਾਲ ਗਹਿਰਾਈ ਅਤੇ ਕਲਾ ਦਾ ਸਮਰੱਥ ਸਾਧਨ ਹੈ। ਉਸਨੇ ਤੀਜੀ ਅੱਖ ਨਾਲ ਵੇਖ ਲਿਆ ਹੈ ਕਿ ਅੱਜ ਦਾ ਸਮਾਂ ਅਜੇਹੀ ਚਿੰਤਾ ਵਾਲਾ ਹੈ ਜਿਸ ਦਾ ਤੋੜ ਲੱਭਣ ਲਈ ਸੰਸਾਰ ਦੇ ਬੁੱਧੀਮਾਨਾਂ ਤੇ ਚਿੰਤਕਾਂ ਨੂ ੰਨਿਵੇਕਲੇ ਤੇ ਲੋੜ ਅਨੁਸਾਰ ਸਾਰਥਕ ਚਿੰਤਨ ਤੇ ਚੱਲਣ ਦੀ ਜ਼ਰੂਰਤ ਹੈ।
ਕਵੀ ਦੀ ਹਰ ਕਵਿਤਾ ਦੇ ਹਰ ਸ਼ਬਦ ਦੇ ਓਹਲੇ ਵਿਚ ਅਜੇਹੀ ਕਠਿਨਾਈ ਲੁੱਕੀ ਪਈ ਹੈ ਜਿਸਦੇ ਹੱਲ ਬਿਨਾਂ ਗੁਜਾਰਾ ਨਹੀਂ ਹੈ। ਉਹ ਵਰਤਮਾਨ ਵਕਤ ਵਿਚ ਵਖ਼ਤਾਂ ਮਾਰੀ ਸਮੁੱਚਤਾ ਨੂੰ ਵੇਖ ਰਿਹਾ ਹੈ। ਵਿਕਾਸ ਦੇ ਨਾਮ ‘ਤੇ ਐਸੀ ਦਲਦਲ ਪੈਦਾ ਹੋ ਗਈ ਹੈ ਜਿਸਦਾ ਵਿਕਰਾਲ ਰੂਪ ਨਜ਼ਰ ਨਹੀਂ ਆਉਂਦਾ। ਵਿਖਾਵੇ ਦੀ ਚਿੱਟੀ ਚਾਦਰ ਹੇਠ ਲਿਖਿਆ ਗਿਆ ਅਤੇ ਕਰੂਰ ਤਾਣਾ-ਬਾਣਾ ਅਜੋਕੇ ਆਕਾਵਾਂ ਦੀ ਸਮਝ-ਸੂਝ ਤੋਂ ਬਾਹਰ ਹੈ। ਸਿੱਟੇ ਵਜੋਂ ਮੁੱਖ ਧਾਰਾ ‘ਤੇ ਕਾਬਜ਼ ਜਰਵਾਣਿਆਂ ਨੇ ਇਸੇ ਰੰਗ-ਢੰਗ ਨੂੰ ਆਪਣੀਆਂ ਲਾਲਸਾਵਾਂ ਦੀ ਪੂਰਤੀ ਲਈ ਪ੍ਰਵਾਨਗੀ ਦਿਤੀ ਹੋਈ ਹੈ।
ਕਵੀ ਦਾ ਸੰਕੇਤਤਕ ਸੁਝਾਅ ਹੈ ਕਿ ਸਰਲ ਰੇਖਾ ਵਿਚ ਚਲੀ ਜਾਣ ਤੋਂ ਰੁੱਕਣਾ ਬਣਦਾ ਹੈ। ਅੰਨੇ ਵਾਹ ਵਿਕਾਸ ਵੱਲ ਵੱਧ ਰਹੀ ਮੌਜੂਦਾ ਸਤਾ ਦੀਆਂ ਕਰਤੂਤਾਂ ਦੇ ਭਿਆਨਕ ਸਿਟਿਆਂ ਬਾਰੇ ਕਲਾਤਮਿਕ ਤੌਰ ਤੇ ਸੁਚੇਤ ਕਰਦਾ ਹੈ। ਉਸਦਾ ਇਸ਼ਾਰਾ ਹੈ ਕਿ ਵਿਕਾਸ ਦਾ ਇਹ ਭਰਮ ਆਪਣੇ ਭਾਰ ਨਾਲ ਆਪ ਤਾਂ ਡੁਬੇਗਾ ਹੀ ਪਰ ਸਮੁੱਚੀ ਕਾਇਨਾਤ ਨੂੰ ਵੀ ਗਰਕ ਕਰ ਦੇਵੇਗਾ। ਉਸਦੀ ਨਜ਼ਮ ‘ਇੰਝ ਨਾ ਹੋਵੇ’ ਤੌਖਲਾ ਪ੍ਰਗਟ ਕਰਦਿਆਂ ਸੁਚੇਤ ਕੀਤਾ ਹੈ;
ਇੰਝ ਨਾ ਹੋਵੇ ਕਿ
ਖਲਾਅ ਵਿਚ ਉਡਦੇ ਪਰਿੰਦੇ ਦੇ
ਨਕਸ਼ ਹੀ ਗਵਾਚ ਜਾਣ
ææææææ
ਪ੍ਰਛਾਵੇਂ ਲਈ ਧਰਤ ਬਣ ਜਾ

ਕਿਧਰੇ ਇੰਝ ਨਾ ਹੋਵੇ ਕਿ
ਪਰਿੰਦੇ ਦੀ ਹੂਕ ਵਿਲਕਣੀ
ਬਿਰਖ਼ ਦੀ ਚੀਖ਼ ‘ਚ ਗੁਆਚ ਜਾਵੇ
ææææææææææ
ਆਲਹਣੇ ਲਈ ਤੀਲਿਆਂ ਦਾ ਆਸਾਰ ਤਾਂ ਕਰ

ਇੰਝ ਨਾ ਹੋਵੇ ਕਿ
ਉਮਰਾਂ ਵਰਗੀ ਇਕੱਲ ‘ਚ
ਘਰ ‘ਬੇਘਰਾ’ ਹੋ ਜਾਵੇ
ææææææææææ
ਦਰੀਂ ਪਰਤਦੀਆਂ ਪੈੜਾਂ ਬਣਨ ਦਾ ਹੀਆ ਤਾਂ ਕਰ

ਇਸ ਤੋਂ ਪਹਿਲਾਂ ਕਿ
ਅਣਹੋਂਦ ਦਾ ਤੁਸੱਵਰ
ਦੀਦਿਆਂ ‘ਚ ਉਤਰ ਆਵੇ
ææææææææææææææææææææææææææææ
ਨੈਣਾਂ ‘ਚ ਸੰਦਲੀ ਸੁਪਨਾ ਜਰੂਰ ਧਰੀਂ
ਨਜ਼ਮ ਵਿਚ ਚਣੌਤੀ ਦੀ ਗੰਭੀਰਤਾ ਵੀ ਹੈ ਅਤੇ ਚੇਤਾਵਨੀ ਭਰਿਆ ਸੁਝਾਅ ਵੀ।
ਉਸਦੀ ਨਜ਼ਮ ‘ਫ਼ੋਨ ਚੁੱਪ ਹੈ’ ਅਜੋਕੇ ਸਬੰਧਾਂ ਦੇ ਖੋਖਲੇਪਣ ਨੂੰ ਪ੍ਰਤੱਖ ਕਰਦੀ ਹੈ। ਕਵੀ ਨੂੰ ਰਿਸ਼ਤਿਆਂ ਦੀ ਗਹਿਰਾਈ ਤੇ ਗੁਣਾਤਮਕ ਸਾਰਥਕ ਬਾਰੇ ਭਰੋਸਾ ਨਹੀਂ ਹੈ। ਉਸਦਾ ਮੱਤ ਪੂਰਨ ਤੌਰ ‘ਤੇ ਸਹੀ ਹੈ।
ਫੋਨ ਚੁੱਪ ਹੈ
ਵੈਸੇ ਅਜੋਕੇ ਮਨੁੱਖ ਲਈ
ਰਸਾਤਲ ਦੇ ਕੋਈ ਅਰਥ
ਰਹਿ ਤਾਂ ਨਹੀਂ ਗਏ
ææææææææææææææææ
ਫ਼ੋਨ
ਚੁੱਪ ਦਾ ਲਿਬਾਸ ਪਹਿਨ ਲੈਂਦਾ
ਜਦ ਦਰਦ-ਰੱਤੀ ਸਫ਼ ਵਿੱਛ ਜਾਵੇ
ਪੀੜ-ਪਰੁੱਚੇ ਹਰਫ਼ ਬੇਬੱਸ ਹੋ ਜਾਣ
ਜਾਂ ਵਕਤ-ਤਲੀ ਤੇ ਗ਼ਮ ਦੀ ਗੁੜਤੀ ਧਰੀ ਜਾਵੇ
ਕਵੀ ਦੁੱਖਾਂ ਦੀ ਪੁਨਰ ਸਿਰਜਣਾ ਕਰਦਾ ਹੈ ਜੋ ਬੇਗਾਨਗੀ, ਨਫ਼ਰਤ ਅਤੇ ਸਵਾਰਥ ਦੀ ਧਰਾਤਲ ਤੋਂ ਪੈਦਾ ਹੁੰਦੇ ਹਨ। ਉਹ ‘ਹੰਝੂਆਂ ਦੀ ਇਬਾਦਤ’ ਨੂੰ ਸ਼ਬਦ ਜੂਨੇ ਪਾਉਣ ਦੇ ਨਾਲ ਨਾਲ ਸੁਖਦ ਸੁਨੇਹਾ ਟਿਕਾਉਣ ਦੀ ਵਾਰਤਾ ਵੀ ਰਚਦਾ ਹੈ। ਇਹ ਵਾਰਤਾ ਹਿਰਦੇ ‘ਚੋਂ ਨਿਕਲੀ ਹੂਕ ਬਣ ਕੇ ਨਜ਼ਮ ਵਿਚ ਬਦਲ ਜਾਂਦੀ ਹੈ। ਕਾਫ਼ੀ ਨਜ਼ਮਾਂ ਅਜੇਹੀਆਂ ਹਨ ਜੋ ਵੱਖ ਵੱਖ ਸਥਿੱਤੀਆਂ, ਮੁੱਲਾਂ ਜਾਂ ਸ਼ਕਤੀ ਦੇ ਸੋਮਿਆਂ ਨੂੰ ਪਰਿਭਾਸ਼ਤ ਕਰਦੀਆਂ, ਉਹਨਾਂ ਦੀਆਂ ਪਰਤਾਂ ਨੂੰ ਪਰਗਟ ਕਰਦੀਆਂ ਹਨ।
ਕਵਿਤਾ ਕੇਵਲ ਬਿਆਨਬਾਜ਼ੀ ਹੀ ਨਹੀਂ ਹੁੰਦੀ। ਬਿਆਨੀਆ ਕਵਿਤਾ, ਕਿਸਿਆਂ, ਜੰਗਨਾਮਿਆਂ ਅਤੇ ਵਾਰਾਂ ਤੀਕ ਸੀਮਤ ਹੈ। ਭਾਵਨਾ ਨਾਲ ਸਬੰਧਤ ਛੋਟੇ ਅਕਾਰ ਦੀ ਕਵਿਤਾ ਸਵਾਲ ਵੀ ਸਿਰਜਦੀ ਹੈ, ਉਤਰ ਵੀ ਖੋਜਦੀ ਹੈ, ਜਗਿਆਸਾ ਪੈਦਾ ਕਰਨ ਦੇ ਨਾਲ ਨਾਲ, ਰੂਹ ਨੂੰ ਹਲੂਣਾ ਦਿੰਦੀ ਹੋਈ ਪਿਆਸੀ ਰੂਹ ਦੀ ਤ੍ਰਿਸ਼ਨਾ ਵੀ ਮਿਟਾਉਂਦੀ ਹੈ। ਡਾ ਭੰਡਾਲ ਅਜੇਹੇ ਸਵਾਲ ਸਿਰਜਦਾ ਹੈ ਜਿਹੜੇ ਪਾਠਕ ਨਾਲ ਸੰਚਾਰ ਰੇਖਾ ਸਥਾਪਤ ਕਰਦੇ ਹਨ;
ਮੈਂ ਪੀੜ
ਤੂੰ ਪਰਾਗਾ
ਫਿਰ ਕੌਣ ਨੇ ਇਹ ਬੇਅਰਥੇ ਲੋਕ?
æææææææææææææææææææææææææææææææ
ਮੈਂ ਦਰਦ
ਤੂੰ ਦਵਾ
ਕਿਸ ਵਬਾ ਦਾ ਨਾਮ
ਭਲਾ ਮਰੀਜ਼ ਤੇ ਮਰਜ਼?
ਡਾ ਭੰਡਾਲ ਦੀਆਂ ਮਾਂ-ਬਾਪ ਬਾਰੇ ਕਵਿਤਾਵਾਂ ਇਹਨਾਂ ਦੋਹਾਂ ਰਿਸ਼ਤਿਆ ਦੀ ਸਾਦਗੀ, ਪਾਕੀਜ਼ਗੀ, ਤੇ ਬੁਲੰਦੀ ਨੂੰ ਪੇਸ਼ ਕਰਨ ਵਾਲੀਆਂ ਹਨ। ‘ਘਰ ਪਰਵਾਸ’ ਕਵਿਤਾ ਵਿਚ ਮਾਂ ਦਾ ਜੋ ਤੁਸੱਵਰ ਉਸਨੇ ਪੇਸ਼ ਕੀਤਾ ਹੈ, ਉਹ ਬਿਆਨ ਜਾਂ ਵੇਰਵੇ ਦੇ ਬੰਧਨ ਤੋੜਦਾ ਹੋਇਆ ਮਾਂ ਦਾ ਮੁਕੰਮਲ ਸਰੂਪ ਸਿਰਜਦਾ ਹੈ। ਮਾਂ ਤਾਂ ਮੌਤ ਤੋਂ ਬਾਅਦ ਵੀ ਰਿਸ਼ਤੇ ਨੂੰ ਨਿਭਾਉਂਦੀ ਹੈ।। ਰਿਸ਼ਤਾ ਟੁੱਟਦਾ ਨਹੀਂ ਸਗੋਂ ਹੋਰ ਰੂਹਾਨੀ ਹੋ ਜਾਂਦਾ ਹੈ। ਬਾਪ ਦੀ ਬਿਮਾਰੀ ਬਾਰੇ ਫ਼ਿਕਰਮੰਦੀ, ਬਾਪ ਦਾ ਵਿਛੋੜਾ, ਮਾਂ-ਬਾਪ ਨਾਲ ਵੱਸਦੇ ਘਰ ਦਾ ਸੰਕਲਪ, ਉਸਦੀ ਸਿਰਜਣ ਕਲਾ ਨੂੰ ਪੇਸ਼ ਕਰਨ ਵਾਲਾ ਹੈ। ਮਾਂ-ਬਾਪ ਦੀ ਛਾਂ ਤੋਂ ਦੂਰ ਜਾ ਕੇ ਪਰਦੇਸ ਦੇ ਉਦਰੇਵੇਂ ਨੂੰ ਸ਼ਬਦਾਂ ਦੇ ਪਰਿਪੇਖ਼ ਵਿਚ ਪੇਸ਼ ਕਰਦਿਆਂ ਉਹ ਲਿਖਦਾ ਹੈ;
ਅਸੀਂ
ਜੋ ਘਰੋਂ ਬੇਘਰ ਹੋ
ਵਿਦੇਸ਼ਾਂ ਵਿਚ ਆਪਣੀ ਗੁੰਮਸ਼ੁਦੀ ਦੇ
ਨਕਸ਼ ਉਲੀਕਣਣ ‘ਚ ਮਸ਼ਰੂਫ ਹਾਂ
ਬਹੁਤ ਅਦਨੇ ਜਹੇ ਲੋਕ ਹਾਂ
ææææææææææææææææææææææææææææææææææ
ਅਸੀਂ ਤਾਂ ਪਰਿੰਦੇ ਵੀ ਨਹੀਂ ਹਾਂ
ਜੋ ਮੌਸਮ ਬਦਲਣ ਤੇ
ਤੀਲਿਆਂ ਨੂੰ ਆਲ੍ਹਣਾ ਬਣਨ ਦਾ ਮਾਣ ਦਿੰਦੇ
ਬੋਟਾਂ ਦੀ ਤਲੀ ਤੇ
ਜ਼ਿੰਦਗੀ ਦਾ ਸ਼ਗੂਫਾ ਧਰਦੇ ਨੇ
ਮਾਂ ਦੀ ਮੌਤ ਪਿਛੋਂ ਬਾਪ ਦੇ ਮਾਂ ਬਣ ਜਾਣ ਦੀ ਸੰਵੇਦਨਾ ਵੇਖਣਯੋਗ ਹੈ;
ਅਤੇ ਮੈਂ ਬਾਪ ਦੇ ਝੁਰੜੀਆਂ ਭਰੇ
ਕੰਬਦੇ ਹੱਥਾਂ ‘ਚੋਂ ਅੰਬ ਲੈਂਦਿਆਂ
ਸੋਚਦਾ ਹਾਂ
ਮਾਂ ਦੀ ਮੌਤ ਤੋਂ ਬਾਅਦ
ਬਾਪ
ਮਾਂ ਵੀ ਬਣ ਗਿਆ ਹੈ।
ਨਜ਼ਮ ਦਾ ਇਹ ਆਖ਼ਰੀ ਹਿੱਸਾ ਦਿਲ ਨੂੰ ਖੋਹ ਪਾਉਣ ਵਾਲਾ ਹੈ। ਬਾਪ ਦੇ ਅੰਤਮ ਵਿਛੋੜੇ ਤੋਂ ਪਿਛੋਂ ਦੇ ਅਸਰ ਨੂੰ ਪਰਗਟ ਕਰਨ ਵਾਲੇ ਸ਼ਬਦਾਂ ਤੇ ਅਰਥਾਂ ਦੇ ਸੰਯੋਗ ਤੋਂ ਜੋ ਪ੍ਰਭਾਵ ਬਣਦਾ ਹੈ, ਉਹ ਅਮਿੱਟ ਹੈ, ਸਦੀਵੀ ਹੈ, ਸਬਰ ਤੇ ਮੁਹੱਬਤ ਦਾ ਲਖਾਇਕ ਹੈ
ਮੈਂ ਹੰਝੂ ਹੰਝੂ ਹੋ ਸਾਰਾ ਹੀ
ਅੱਜ ਪਿੰਡ ਦੀ ਜੂਹੇ ਜਾ ਆਇਆਂ
ਤੇ ਬਾਪ ਦੀ ਯਾਦ-ਪਨੀਰੀ ਨੂੰ
ਮੈਂ ਚਿੱਤ ਦੀ ਪੈਲੀਏ ਲਾ ਆਇਆਂ
ਡਾ ਭੰਡਾਲ ਦੀਆਂ ਬਹੁਤੀਆਂ ਕਵਿਤਾਵਾਂ, ਗੀਤ ਤੇ ਕਾਫ਼ੀਆਂ ਵਾਂਗ ਗਾਈਆਂ ਜਾ ਸਕਦੀਆਂ ਹਨ। ਉਹਨਾਂ ਕਵਿਤਾਵਾਂ ਵਿਚ ਕਵੀ ਨੇ ਕਿਸੇ ਪਰੰਪਰਾਗਤ ਛੰਦ ਨੂੰ ਨਿਭਾਉਣ ਦੀ ਥਾਂ ਸਤਰਬੰਦੀ ਦੀ ਕਲਾ ਦੇ ਸਾਧਨ ਨੂੰ ਵਰਤਿਆ ਹੇ। ਅੰਗ-ਨਿਕਟਤਾ ਜਾਂ ਸ਼ਬਦ-ਨੇੜਤਾ ਉਸਦੀ ਕਾਵਿ-ਕਲਾ ਦਾ ਵਿਲੱਖਣ ਤੇ ਨਿਆਰਾ ਗੁਣ ਹੈ;
ਹਾੜੇ ਵੇ ਇਸ ਚੁੱਪ ਦੀ ਵੱਖੀ
ਸੂਲਾਂ ਸੰਗ ਪਰੋਈ
ਕੋਈ ਤਾਂ ਬਹੁੜੇ ਪੀਰ ਔਲੀਆ
ਗੁੰਗਾ ਦਰਦ ਮਿਟਾਵੇ
ਅੰਗ ਨਿਕਟ ਦੇ ਕੁਝ ਨਮੂਨੇ ਪੇਸ਼ ਹਨ; ਕਿਰਨਾਂ ਛਮ ਛਮ ਰੋਈਆਂ, ਸਾਹੋਂ ਵਿਰਵੀ ਹੋਈ, ਸਾਹਾਂ ਦੀ ਸਰਦਲ, ਚਾਨਣੀ ਨੈਣ ਕਸੀਰ, ਜੱਗ ਤੋਂ ਟੁੱਟੀ ਸੀਰ, ਦਿਲ ਬਰੂਹੀਂ, ਸਰਘੀ ਉਤਰ ਬਨੇਰਿਉਂ, ਧਰਤੀ ਹੌਕਾ ਉਗਲਿਆ, ਪਰਬਤ ਪਿਘਲ ਗਿਆ, ਗੁੰਗੀ ਵਕਤ ਦਹਿਲੀਜ਼, ਚੁੱਪ ਦੀਆਂ ਚੀਖ਼ਾਂ, ਸੰਦਲੀ ਸੱਧਰਾਂ, ਤੀਲਾ ਤੀਲਾ ਆਲ੍ਹਣਾ, ਹਰਫ਼ੀਂ ਮੱਘਦੀ ਧੂਣੀ, ਕਵਿਤਾ ਵਰਗੇ ਲੋਕ, ਪੀੜ-ਪ੍ਰਾਹੁਣੀ, ਸੋਚ-ਸਰਦਲ ਆਦਿ। ਭੰਡਾਲ ਸ਼ਬਦ ਨੇੜਤਾ ਨੂੰ ਨਜ਼ਮ ਦੀ ਰਵਾਨੀ ਦਾ ਸਾਧਨ ਬਣਾਉਂਦਾ ਹੈ। ਕਵਿਤਾ ਦੇ ਵਹਾਅ ਵਿਚ ਕਿਤੇ ਅਟਕਾਅ ਨਹੀਂ ਪੈਂਦਾ।
ਭੰਡਾਲ ਦੀ ਨਜ਼ਮ ਬ੍ਰਹਿਮੰਡ ਤੋਂ ਤੁੱਰਦੀ, ਧਰਤੀ ਦੀ ਯਾਤਰਾ ਕਰਦੀ, ਮਾਨਵਤਾ ਦੇ ਗੁੰਗੇ ਦਰਦ ਦਾ ਬਿਰਦ ਪਾਲਦੀ, ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਪਛਾਣਦੀ, ਦੋਗਲੇ ਕਿਰਦਾਰ ਤੇ ਸਵਾਲ ਖੜੇ ਕਰਦੀ, ਸੁਣੱਖੇ ਜੀਵਨ ਦੀ ਆਸ ਜਗਾਉਂਦੀ, ਮਨੁੱਖਤਾ ਦੀਆਂ ਅਣਕਿਆਸੀਆਂ ਮੁਸ਼ਕਲਾਂ ਨੂੰ ਪਛਾਣਦੀ ਹੋਈ, ਰੁੱਦਨ ਤੇ ਹੇਰਵੇ ਦੀ ਕਵਿਤਾ ਹੈ। ਸੋਗ-ਗੀਤ ਵਾਂਗ ਆਸ ਵੀ ਜਗਾਉਂਦੀ ਹੈ। ਮੁਹੱਬਤ ਦੀ ਬਾਰਸ਼ ਵਾਂਗ ਵਿਨਾਸ਼ਕਾਰੀ ਤਾਕਤਾਂ ਦੇ ਮਾਰੂ ਅਸਰ ਅਧੀਨ ਵਿਲਕ ਰਹੀਆਂ ਮਨੁੱਖੀ ਰੂਹਾਂ ਨੂੰ ਹਲੂਣਦੀ ਹੈ। ਉਸਦੀ ਕਵਿਤਾ ਦੀ ਭਾਸ਼ਾ ਨਿਵੇਕਲੀ ਹੈ। ਉਸ ਕੋਲ ਮੌਲਿਕ ਕਲਾ-ਸਾਧਨਾ ਦੀ ਘਾਟ ਨਹੀਂ ਹੈ। ਉਸਦੀ ਰਚਨਾ ਵਿਚ ਉਦਾਸੀ ਹੈ, ਵੈਰਾਗ ਹੈ, ਪਰ ਆਸ ਜਿਉਂਦੀ ਹੈ। ਧੜਕਦੇ ਤੇ ਗਤੀਮਾਨ ਜੀਵਨ ਦਾ ਉਹ ਖੋਜੀ ਵੀ ਹੈ ਅਤੇ ਚਿਤੇਰਾ ਵੀ ਹੈ।
ਵਰਤਮਾਨ ਦੀਆਂ ਤਲਖ਼ ਹਕੀਕਤਾਂ ਨੂੰ ਆਪਣੇ ਨਿਰਾਲੇ ਤੇ ਮੌਲਿਕ ਕਾਵਿ-ਸ਼ਸ਼ਤਰ ਦੇ ਅੰਗ-ਸੰਗ ਕਰਕੇ, ਉਹ ਸੁਨੇਹਾ ਦਿੰਦਾ ਹੈ ਕਿ ਉਤਰ ਅਧੁਨਿਕ ਜ਼ਮਾਨੇ ਦੀਆਂ ਸੁੱਖ-ਸਹੂਲਤਾਂ ਮਨੁੱਖ ਨੂੰ ਰੂਹਾਨੀ ਤੇ ਸਦੀਵੀ ਸੁੱਖ ਨਹੀਂ ਦੇ ਸਕਦੀਆਂ।
ਫੋਨ# 001-317-430-3999

#ਪ੍ਰੋ_ਨਿਰੰਜਨ_ਸਿੰਘ_ਢੇਸੀ

#ਡਾ_ਗੁਰਬਖ਼ਸ਼_ਸਿੰਘ_ਭੰਡਾਲ

#ਰੂਹ_ਰੇਜ਼ਾ

#ਭੰਡਾਲ_ਬੇਟ

Leave a Reply

Your email address will not be published. Required fields are marked *