ਅਜੇ ਵੀ ਲੱਦਾਖ ਤੋਂ ਨਹੀਂ ਹਟੀ ਚੀਨੀ ਫੌਜ

ਨਵੀਂ ਦਿੱਲੀ : ਭਾਰਤ ਤੇ ਚੀਨ ਵਿਚਾਲੇ ਸਹਿਮਤੀ ਬਣਨ ਦੇ ਬਾਵਜੂਦ ਚੀਨ ਫੌਜਾਂ ਵੱਲੋਂ ਅਸਲ ਕੰਟਰੋਲ ਰੇਖਾ (ਐੱਲਏਸੀ) ਤੋਂ ਕਦਮ ਪਿੱਛੇ ਨਹੀਂ ਪੁੱਟੇ ਜਾ ਰਹੇ ਜਿਸ ਕਾਰਨ ਪੂਰਬੀ ਲੱਦਾਖ ’ਚ ਭਾਰਤ ਤੇ ਚੀਨ ਵਿਚਾਲੇ ਰੇੜਕਾ ਅਜੇ ਵੀ ਬਰਕਰਾਰ ਹੈ। ਹਾਲਾਤ ਨੂੰ ਦੇਖਦਿਆਂ ਭਾਰਤੀ ਫੌਜ ਵੱਲੋਂ ਇਸ ਉਚਾਈ ਵਾਲੇ ਖੇਤਰ ’ਚ ਲੰਮੇ ਤੇ ਭਿਆਨਕ ਸਿਆਲ ਨਾਲ ਨਜਿੱਠਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਖੇਤਰ ’ਚ ਫੌਜੀਆਂ ਨੂੰ ਲੋੜੀਂਦਾ ਰਾਸ਼ਨ ਤੇ ਹੋਰ ਸਮੱਗਰੀ ਪਹੁੰਚਾਉਣ ਲਈ ਵੱਡੇ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਵਿਚਾਲੇ 14 ਜੁਲਾਈ ਨੂੰ ਫੌਜੀ ਪੱਧਰ ਦੀ ਹੋਈ ਵਾਰਤਾ ਦੌਰਾਨ ਬਣੀ ਸਹਿਮਤੀ ’ਤੇ ਚੀਨ ਨਹੀਂ ਚੱਲ ਰਿਹਾ ਤੇ ਨਾ ਹੀ ਆਪਣੀਆਂ ਫੌਜਾਂ ਪਿੱਛੇ ਹਟਾ ਰਿਹਾ ਹੈ। ਭਾਰਤੀ ਫੌਜ ਦੇ ਸੂਤਰਾਂ ਨੇ ਦੱਸਿਆ ਕਿ ਚੀਨ ਥੋੜ੍ਹਾ ਪਿੱਛੇ ਹਟਿਆ ਸੀ ਪਰ ਫਿਰ ਵਾਪਸ ਆ ਗਿਆ। ਇਸ ਲਈ ਪੜਤਾਲ ਕਰਨ ਦੀ ਲੋੜ ਹੈ ਕਿ ਭਾਰਤ ਤੇ ਚੀਨ ਵਿਚਾਲੇ ਬਣੀ ਸਹਿਮਤੀ ’ਤੇ ਚੀਨ ਚੱਲ ਰਿਹਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਭਾਰਤੀ ਤੇ ਚੀਨੀ ਫੌਜਾਂ ਪੈਂਗੋਗ ਝੀਲ ਵਾਲੇ ਇਲਾਕੇ ਤੋਂ ਦੋ ਕਿਲੋਮੀਟਰ ਪਿੱਛੇ ਹੱਟ ਗਈਆਂ ਸਨ ਤੇ ਫਿੰਗਰ 4 ਖਾਲੀ ਸੀ ਪਰ ਚੀਨੀ ਫੌਜਾਂ ਨੇ ਅਜੇ ਵੀ ਰਿੱਜ ਰੇਖਾ ਨੇੜੇ ਕੈਂਪ ਲਗਾ ਰੱਖੇ ਹਨ। ਇਸ ਤੋਂ ਸਪੱਸ਼ਟ ਹੈ ਕਿ ਚੀਨੀ ਫੌਜਾਂ ਅਜੇ ਵੀ ਫਿੰਗਰ 4 ਨੇੜੇ ਤਾਇਨਾਤ ਹੈ ਜੋ ਕਿ ਭਾਰਤੀ ਕਬਜ਼ੇ ਵਾਲਾ ਇਲਾਕਾ ਹੈ।

Leave a Reply

Your email address will not be published. Required fields are marked *