ਹੜ੍ਹ ਕਾਰਨ ਅਸਾਮ ਵਿੱਚ ਹਾਲਾਤ ਗੰਭੀਰ, ਪੰਜ ਹੋਰ ਵਿਅਕਤੀਆਂ ਦੀ ਮੌਤ

ਗੁਹਾਲੀ : ਅਸਾਮ ਵਿੱਚ ਹੜ੍ਹ ਕਾਰਨ ਹਾਲਾਤ ਲਗਾਤਾਰ ਗੰਭੀਰ ਬਣੇ ਹੋਏ ਹਨ। ਇਥੇ 23 ਜ਼ਿਲ੍ਹਿਆਂ ਦੇ 25 ਲੱਖ ਲੋਕ ਹੜ੍ਹ ਕਾਰਨ ਪ੍ਰਭਾਵਿਤ ਹੋਏ ਹਨ ਅਤੇ ਪੰਜ ਹੋਰ ਲੋਕਾਂ ਦੀ ਹੜ੍ਹ ਕਾਰਨ ਮੌਤ ਹੋਈ ਹੈ। ਸਰਕਾਰ ਵੱਲੋਂ ਐਤਵਾਰ ਨੂੰ ਜਾਰੀ ਬੁਲੇਟਿਨ ਵਿੱਚ ਇਹ ਜਾਣਕਾਰੀ ਦਿੱਤੀ ਗਈ। ਅਸਾਮ ਆਫ਼ਤ ਪ੍ਰਬੰਧਨ ਅਥਾਰਟੀ ਨੇ ਹੜ੍ਹ ਸਬੰਧੀ ਰਿਪੋਰਟ ਵਿੱਚ ਦੱਸਿਆ ਕਿ ਬਾਰਪੇਟਾ ਅਤੇ ਕੋਕਰਾਝਾਰ ਜ਼ਿਲ੍ਹਿਆਂ ਵਿੱਚ ਦੋ-ਦੋ ਅਤੇ ਮੋਰੀਗਾਓਂ ਜ਼ਿਲ੍ਹੇ ਵਿੱਚ ਇਕ ਵਿਅਕਤੀ ਦੀ ਮੌਤ ਹੋਈ ਹੈ। ਸੂਬੇ ਵਿੱਚ ਹੜ੍ਹ ਅਤੇ ਢਿੱਗਾਂ ਡਿੱਗਣ ਕਾਰਨ ਹੁਣ ਤਕ 128 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ 102 ਦੀ ਮੌਤ ਹੜ੍ਹ ਨਾਲ ਜੁੜੀਆਂ ਘਟਨਾਵਾਂ ਅਤੇ 26 ਦੀ ਮੌਤ ਢਿੱਗਾਂ ਡਿੱਗਣ ਕਾਰਨ ਹੋਈ ਹੈ। ਅਥਾਰਟੀ ਨੇ ਦੱਸਿਆ ਕਿ ਸੂਬੇ ਵਿੱਚ 24.76 ਲੱਖ ਤੋਂ ਵਧ ਲੋਕ ਪ੍ਰਭਾਵਿਤ ਹੋਏ ਹਨ। ਸਭ ਤੋਂ ਵਧ 4.7 ਲੋਕ ਗੋਲਪਾੜਾ ਵਿੱਚ ਪ੍ਰਭਾਵਿਤ ਹੋਏ ਹਨ। ਸੂਬੇ ਵਿੱਚ 101 ਕਿਸ਼ਤੀਆਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਬੀਤੇ 24 ਘੰਟਿਆਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਨੇ 188 ਲੋਕਾਂ ਨੂੰ ਬਚਾਇਆ ਹੈ।