ਜਾਧਵ ਕੇਸ: ਪਾਕਿ ਵੱਲੋਂ ਸੰਸਦ ’ਚ ਆਰਡੀਨੈਂਸ ਪੇਸ਼

ਇਸਲਾਮਾਬਾਦ : ਪਾਕਿਸਤਾਨ ਵਿਚ ਜਾਸੂਸੀ ਤੇ ਅਤਿਵਾਦ ਦੇ ਦੋਸ਼ਾਂ ਤਹਿਤ ਮੌਤ ਦੀ ਸਜ਼ਾਯਾਫ਼ਤਾ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦੇ ਕੇਸ ਵਿਚ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੰਸਦ ਵਿਚ ਇਕ ਆਰਡੀਨੈਂਸ ਪੇਸ਼ ਕੀਤਾ ਹੈ। ਆਰਡੀਨੈਂਸ ਕੌਮਾਂਤਰੀ ਨਿਆਂ ਅਦਾਲਤ (ਆਈਸੀਜੇ) ਦੇ ਫ਼ੈਸਲੇ ਦੇ ਮੱਦੇਨਜ਼ਰ ਪੇਸ਼ ਕੀਤਾ ਗਿਆ ਹੈ ਜਦਕਿ ਵਿਰੋਧੀ ਪਾਰਟੀਆਂ ਇਸ ਦੇ ਖ਼ਿਲਾਫ਼ ਹਨ। ਆਰਡੀਨੈਂਸ ਤਹਿਤ ਫ਼ੌਜੀ ਅਦਾਲਤ ਦੇ ਫ਼ੈਸਲੇ ਦੀ ਨਜ਼ਰਸਾਨੀ ਲਈ 60 ਦਿਨਾਂ ਅੰਦਰ ਪਟੀਸ਼ਨ ਇਸਲਾਮਾਬਾਦ ਹਾਈ ਕੋਰਟ ਵਿਚ ਦਾਖ਼ਲ ਕੀਤੀ ਜਾ ਸਕਦੀ ਹੈ। ਇਮਰਾਨ ਸਰਕਾਰ ਨੇ ਕਿਹਾ ਕਿ ਵਿਰੋਧੀ ਧਿਰਾਂ ਇਸ ਮੁੱਦੇ ਉਤੇ ਸਿਆਸਤ ਨਾ ਕਰਨ ਕਿਉਂਕਿ ਆਈਸੀਜੇ ਦਾ ਹੁਕਮ ਲਾਗੂ ਨਾ ਹੋਣ ’ਤੇ ਭਾਰਤ ਸਲਾਮਤੀ ਕੌਂਸਲ ਤਕ ਪਹੁੰਚ ਕਰ ਸਕਦਾ ਹੈ। ਪਾਕਿਸਤਾਨ ਸਰਕਾਰ ਨੇ ਇਸਲਾਮਾਬਾਦ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ ਜਾਧਵ ਲਈ ‘ਕਾਨੂੰਨੀ ਨੁਮਾਇੰਦੇ’ ਦੀ ਮੰਗ ਵੀ ਕੀਤੀ ਹੈ।