ਜ਼ਹਿਰੀਲੀ ਸ਼ਰਾਬ:ਪਿੰਡ ਮੁੱਛਲ ਵਿੱਚ ਕਿਰਪਾਲ ਸਿੰਘ ਦੇ ਸਸਕਾਰ ਨੂੰ ਲੈ ਕੇ ਹੋਇਆ ਪ੍ਰਦਰਸ਼ਨ
ਜੰਡਿਆਲਾ ਗੁਰੂ( ਕੁਲਜੀਤ ਸਿੰਘ)ਹਲਕਾ ਅਜਨਾਲਾ ਗੁਰੂ ਦੇ ਪਿੰਡ ਮੁੱਛਲ ਵਿੱਚ ਹੁਣ ਤੱਕ ਜ਼ਹਿਰੀਲੀ ਸ਼ਰਾਬ ਪੀਣ ਨਾਲ ਗਿਆਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ।ਇਸੇ ਪਿੰਡ ਦੇ ਕਿਰਪਾਲ ਸਿੰਘ ਦੀ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਸੀ ਪਰ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਲਾਸ਼ ਦਾ ਸਸਕਾਰ ਨਹੀਂ ਕੀਤਾ ਅਤੇ ਉਸ ਦੀ ਲਾਸ਼ ਨੂੰ ਰੱਖ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਉਨ੍ਹਾਂ ਦੇ ਸਮਰਥਨ ਵਿੱਚ ਕਈ ਜਥੇਬੰਦੀਆਂ ਵੀ ਪਹੁੰਚ ਗਈਆਂ ਅਤੇ ਇਨ੍ਹਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਪਰਿਵਾਰਾਂ ਨੂੰ ਆਰਥਿਕ ਮਦਦ ਦੇਣ ਦੀ ਮੰਗ ਕੀਤੀ ਗਈ।
ਅੱਜ ਸਵੇਰੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਹਲਕਾ ਵਿਧਾਇਕ ਜੰਡਿਆਲਾ ਗੁਰੂ ਸੁਖਵਿੰਦਰ ਸਿੰਘ ਡੈਨੀ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ।ਇਸ ਮੌਕੇ ਉਨ੍ਹਾਂ ਨਾਲ ਐਸਐਸਪੀ ਦਿਹਾਤੀ ਧਰੁਵ ਦਹੀਆ, ਐਸਡੀਐਮ ਬਾਬਾ ਬਕਾਲਾ ਅਤੇ ਡੀਐੱਸਪੀ ਜੰਡਿਆਲਾ ਗੁਰੂ ਮਨਜੀਤ ਸਿੰਘ ਵੀ ਮੌਜੂਦ ਸਨ।ਸੰਸਦ ਮੈਂਬਰ ਜਸਬੀਰ ਸਿੰਘ ਅਤੇ ਵਿਧਾਇਕ ਡੈਨੀ ਨੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕਰਦੇ ਹੋਇਆ ਕਿਹਾ ਕਿ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਬਾਰੇ ਸੁਣ ਕੇ ਉਨ੍ਹਾਂ ਬਹੁਤ ਦੁੱਖ ਹੋਇਆ ਹੈ।ਉਨ੍ਹਾਂ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮਾਮਲੇ ਦੀ ਜਾਂਚ ਨਿਰਪੱਖ ਅਤੇ ਜਲਦੀ ਕਰਨ ਦੇ ਹੁਕਮ ਦਿੱਤੇ ਗਏ ਹਨ।ਇਸ ਮੌਕੇ ਜਸਬੀਰ ਸਿੰਘ ਡਿੰਪਾ ਨੇ ਕਿਹਾ ਜ਼ਹਿਰੀਲੀ ਸ਼ਰਾਬ ਦੇ ਤਸਕਰਾਂ ਨੂੰ ਫੜਨ ਲਈ ਪੁਲੀਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਇਸ ਦੁਖਦਾਈ ਘਟਨਾ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਉਨ੍ਹਾਂ ਦੇ ਕੀਤੇ ਦੀ ਸਖ਼ਤ ਤੋਂ ਸਖ਼ਤ ਸਜਾ ਮਿਲ ਸਕੇ।ਉਨ੍ਹਾਂ ਕਿਹਾ ਜੋ ਨਸ਼ਾ ਤਸਕਰ ਅਤੇ ਜ਼ਹਿਰੀਲੀ ਸ਼ਰਾਬ ਦੇ ਤਸਕਰ ਹਨ ਉਨ੍ਹਾਂ ਦੀਆਂ ਜਾਇਦਾਦਾਂ ਵੀ ਕੁਰਕ ਕੀਤੀਆਂ ਜਾਣਗੀਆਂ ਕਿਸੇ ਵੀ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।ਆਰਥਿਕ ਮਦਦ ਮੰਗਣ ਲਈ ਦਿੱਤੇ ਜਾ ਰਹੇ ਧਰਨੇ ਉੱਤੇ ਪਹੁੰਚੇ ਸੰਸਦ ਮੈਂਬਰ ਡਿੰਪਾ ਇਸ ਨੂੰ ਉੱਥੇ ਪਹਿਲਾਂ ਤੋਂ ਮੌਜੂਦ ਕਾਮਰੇਡ ਦਾਊਦ ਨੇ ਕਿਹਾ ਕਿ ਉਨ੍ਹਾਂ ਵੱਲੋਂ ਧਰਮ ਤਾਂ ਜ਼ਿਲ੍ਹੇ ਵਿੱਚ ਇੱਕ ਨੰਬਰਦਾਰ ਦੀ ਮੌਤ ਦੇ ਮਾਮਲੇ ਵਿੱਚ ਮ੍ਰਿਤਕ ਦੇ ਪਰਿਵਾਰ ਨੂੰ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਗਿਆ ਸੀ, ਪਰ ਜੋ ਅਜੇ ਤੱਕ ਉਸ ਦੇ ਪਰਿਵਾਰ ਨੂੰ ਨਹੀਂ ਮਿਲੀ।ਇਸ ਦੇ ਜਵਾਬ ਵਿੱਚ ਸੰਸਦ ਮੈਂਬਰ ਨੇ ਕਿਹਾ ਕਿ ਉਸ ਦੀ ਆਰਥਿਕ ਮਦਦ ਡੀ ਸੀ ਤਰਨ ਤਾਰਨ ਦੇ ਕੋਲ ਪਹੁੰਚ ਚੁੱਕੀ ਹੈ ਅਤੇ ਲੋਕ ਡਾਊਨ ਦੇ ਕਾਰਨ ਜੋ ਰੁਕੀ ਹੋਈ ਸੀ ਅਤੇ ਹੁਣ ਉਹ ਮਦਦ ਉਸ ਦੇ ਪਰਿਵਾਰ ਤੱਕ ਪਹੁੰਚ ਜਾਵੇਗੀ।ਡਿੰਪਾ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇੱਕ ਲੱਖ ਰੁਪਏ ਦੀ ਮਦਦ ਅਤੇ ਮੁਫ਼ਤ ਇਲਾਜ ਕਰਨ ਦਾ ਐਲਾਨ ਕੀਤਾ ਗਿਆ ਪਰ ਪ੍ਰਦਰਸ਼ਨਕਾਰੀਆਂ ਵੱਲੋਂ ਇਹ ਨਹੀਂ ਮੰਨਿਆ ਗਿਆ।ਫਿਰ ਪ੍ਰਦਰਸ਼ਨਕਾਰੀਆਂ ਦੀ ਕਮੇਟੀ ਨਾਲ ਸੰਸਦ ਮੈਂਬਰ ਅਤੇ ਵਿਧਾਇਕ ਡੈਨੀ ਦੀ ਕਰੀਬ ਅੱਧਾ ਘੰਟਾ ਚੱਲੀ ਮੀਟਿੰਗ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ ਲੱਖ ਰੁਪਏ ਦੀ ਮਦਦ ‘ਤੇ ਸਹਿਮਤੀ ਬਣੀ।ਇਸ ਦੌਰਾਨ ਉੱਥੇ ਪਿੰਡ ਦੀਆਂ ਕੁਝ ਮਹਿਲਾਵਾਂ ਨੇ ਆ ਕੇ ਸੰਸਦ ਮੈਂਬਰ ਹਲਕਾ ਵਿਧਾਇਕ ਅਤੇ ਐਸਐਸਪੀ ਨੂੰ ਪਿੰਡ ਵਿੱਚ ਨਸ਼ਾ ਵੇਚਣ ਅਤੇ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਦੇ ਸ਼ਰੇਆਮ ਨਾਮ ਦੱਸੇ ਗਏ।ਇਨ੍ਹਾਂ ਵਿੱਚ ਪਟਿਆਂ ਵਾਲੀ ਬੀਬੀ, ਸੁਨਿਆਰੀ ਅਤੇ ਸੂਰਾਂ ਵਾਲੀ ਦਾ ਨਾਮ ਲਿਆ ਗਿਆ ਜੋ ਪਰਿਵਾਰਾਂ ਸਮੇਤ ਕਰੀਬ ਪਿਛਲੇ ਪੰਦਰਾਂ ਸਾਲਾਂ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ, ਪਰ ਵਾਰ ਵਾਰ ਪੁਲੀਸ ਨੂੰ ਦੱਸਣ ਤੇ ਵੀ ਇਨ੍ਹਾਂ ਉਪਰ ਕਦੇ ਕੋਈ ਕਾਰਵਾਈ ਨਹੀਂ ਹੋਈ।ਪਿੰਡ ਦੀਆਂ ਮਹਿਲਾਵਾਂ ਨੇ ਮੰਗ ਕੀਤੀ ਕਿ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰ ਕੇ ਇਨ੍ਹਾਂ ਉਤੇ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸਾਧੂ ਸਿੰਘ ਸ਼ਾਹ ਵਾਈਸ ਚੇਅਰਮੈਨ ਜੰਗਲਾਤ ਵਿਭਾਗ, ਚੇਅਰਮੈਨ ਮਾਰਕੀਟ ਕਮੇਟੀ ਗਹਿਰੀ ਮੰਡੀ ਕਸ਼ਮੀਰ ਸਿੰਘ ਜਾਣੀਆਂ, ਜਸਵਿੰਦਰ ਸਿੰਘ ਪੀਏ, ਰਾਣਾ ਜੰਡ ਅਤੇ ਹੋਰ ਬਹੁਤ ਸਾਰੇ ਲੋਕ ਮੌਜੂਦ ਸਨ।
ਕੈਪਸ਼ਨ:-ਸੰਸਦ ਮੈਂਬਰ ਡਿੰਪਾ ਅਤੇ ਵਿਧਾਇਕ ਡੈਨੀ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ।