ਮਸਜਿਦ ਦਾ ਨਾਂ ਬਾਬਰ ‘ਤੇ ਰੱਖਣ ਦਾ ਵਿਚਾਰ ਨਹੀਂ

ਲਖਨਊ : ਸੁੰਨੀ ਵਕਫ ਬੋਰਡ ਵੱਲੋਂ ਅਯੁੱਧਿਆ ‘ਚ ਮਸਜਿਦ ਤੇ ਹੋਰ ਨਿਰਮਾਣ ਲਈ ਗਠਿਤ ਇੰਡੋ-ਇਸਲਾਮਿਕ ਕਲਚਰਲ ਫਾਊਂਡੇਸ਼ਨ ਟਰੱਸਟ ਸੁਪਰੀਮ ਕੋਰਟ ਦੇ ਨਿਰਦੇਸ਼ ‘ਤੇ ਮਿਲੀ ਪੰਜ ਏਕੜ ਜ਼ਮੀਨ ‘ਤੇ ਬਣਨ ਵਾਲੀਆਂ ਲੋਕ ਸਹੂਲਤਾਂ ਦੇ ਨੀਂਹ ਪੱਥਰ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਸੱਦਾ ਦੇਵੇਗਾ। ਟਰੱਸਟ ਦੇ ਸਕੱਤਰ ਤੇ ਬੁਲਾਰੇ ਅਤਹਰ ਹੁਸੈਨ ਨੇ ਸਪੱਸ਼ਟ ਕੀਤਾ ਕਿ ਮਸਜਿਦ ਦਾ ਨਾਂ ਬਾਬਰੀ ਮਸਜਿਦ ਰੱਖਣ ਦਾ ਕੋਈ ਵਿਚਾਰ ਨਹੀਂ ਹੈ। ਟਰੱਸਟ ਨੇ ਕਿਸੇ ਵੀ ਇਮਾਰਤ ਦਾ ਹਾਲੇ ਕੋਈ ਨਾਂ ਨਹੀਂ ਤੈਅ ਕੀਤਾ।
ਅਤਹਰ ਹੁਸੈਨ ਨੇ ਸ਼ਨਿਚਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਅਯੁੱਧਿਆ ਜ਼ਿਲ੍ਹੇ ਦੇ ਧੰਨੀਪੁਰ ਪਿੰਡ ‘ਚ ਮਸਜਿਦ ਦੇ ਨਾਲ ਹੀ ਹਸਪਤਾਲ, ਲਾਇਬ੍ਰੇਰੀ, ਕਮਿਊਨਿਟੀ ਰਸੋਈ ਘਰ, ਮਿਊਜ਼ੀਅਮ ਤੇ ਰਿਸਰਚ ਸੈਂਟਰ ਬਣਾਇਆ ਜਾਵੇਗਾ। ਇਹ ਸਾਰੀਆਂ ਚੀਜ਼ਾਂ ਲੋਕਾਂ ਦੀਆਂ ਸਹੂਲਤਾਂ ਲਈ ਹੋਣਗੀਆਂ ਤੇ ਲੋਕਾਂ ਨੂੰ ਸਹੂਲਤ ਦੇਣ ਦਾ ਕੰਮ ਮੁੱਖ ਮੰਤਰੀ ਦਾ ਹੁੰਦਾ ਹੈ। ਇਸੇ ਨਾਤੇ ਇਨ੍ਹਾਂ ਦੇ ਨੀਂਹ ਪੱਥਰ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਪ੍ਰੋਗਰਾਮ ‘ਚ ਨਾ ਸਿਰਫ਼ ਸ਼ਿਰਕਤ ਕਰਨਗੇ, ਬਲਕਿ ਲੋਕ ਸਹੂਲਤਾਂ ਦੇ ਨਿਰਮਾਣ ਲਈ ਸਹਿਯੋਗ ਵੀ ਕਰਨਗੇ। ਨਾਂ ਦੇ ਸਵਾਲ ‘ਤੇ ਅਤਹਰ ਨੇ ਕਿਹਾ ਕਿ ਮਸਜਿਦ-ਏ-ਨਬਵੀ ਤੇ ਕੁਝ ਹੋਰ ਚੁਣੀਆਂ ਮਸਜਿਦਾਂ ਨੂੰ ਛੱਡ ਕੇ ਬਾਕੀ ਕਿਸੇ ਵੀ ਮਸਜਿਦ ਦਾ ਨਾਂ ਮਾਇਨੇ ਨਹੀਂ ਰੱਖਦਾ। ਅੱਲ੍ਹਾ ਦੀ ਨਜ਼ਰ ‘ਚ ਕੀਤੇ ਗਏ ਸਜਦੇ ਹੀ ਮਾਇਨੇ ਰੱਖਦੇ ਹਨ, ਬਾਕੀ ਸਭ ਬੇਈਮਾਨੀ ਹੈ। ਉਨ੍ਹਾਂ ਕਿਹਾ ਕਿ ਨਿਰਮਾਣ ਲਈ ਲੋਕ ਸਹਿਯੋਗ ਨਾਲ ਪੈਸਾ ਇਕੱਠਾ ਕੀਤਾ ਜਾਵੇਗਾ।