ਹਵਾਈ ਸੈਨਾ ਨੂੰ ਫਿਲਮ ‘ਗੁੰਜਨ ਸਕਸੈਨਾ’ ਉੱਤੇ ਇਤਰਾਜ਼

ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ (ਆਈਏਐੱਫ) ਨੇ ਹਿੰਦੀ ਫਿਲਮ ‘ਗੁੰਜਨ ਸਕਸੈਨਾ: ਦਿ ਕਾਰਗਿਲ ਗਰਲ’ ਵਿੱਚ ਆਈਏਐੱਫ ਨੂੰ ‘ਨਕਾਰਾਤਮਕ’ ਦਿਖਾਉਣ ’ਤੇ ਇਤਰਾਜ਼ ਕਰਦਿਆਂ ਸੈਂਸਰ ਬੋਰਡ ਨੂੰ ਪੱਤਰ ਲਿਖਿਆ ਹੈ। ਨੈੱਟਫਲਿਕਸ ’ਤੇ ਬੁੱਧਵਾਰ ਨੂੰ ਰਿਲੀਜ਼ ਹੋਈ ਇਹ ਫਿਲਮ ਭਾਰਤੀ ਹਵਾਈ ਸੈਨਾ ਦੀ ਅਫਸਰ ਗੁੰਜਨ ਸਕਸੈਨਾ ’ਤੇ ਆਧਾਰਿਤ ਹੈ, ਜੋ 1999 ਦੀ ਕਾਰਗਿਲ ਜੰਗ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਮਹਿਲਾ ਪਾਇਲਟ ਬਣੀ ਸੀ। ਇਸ ਫਿਲਮ ਦਾ ਨਿਰਮਾਣ ਕਰਨ ਜੌਹਰ ਦੀ ਧਰਮਾ ਪ੍ਰੋਡੱਕਸ਼ਨਜ਼ ਨੇ ਕੀਤਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘‘ਆਈਏਐੱਫ ਨੇ ਫਿਲਮ ‘ਗੁੰਜਨ ਸਕਸੈਨਾ: ਦਿ ਕਾਰਗਿਲ ਗਰਲ’ ਦੇ ਕੁਝ ਸੀਨਾਂ ’ਤੇ ਇਤਰਾਜ਼ ਪ੍ਰਗਟਾਉਂਦਿਆਂ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐੱਫਸੀ) ਨੂੰ ਪੱਤਰ ਲਿਖਿਆ ਹੈ। ਫਿਲਮ ਵਿੱਚ ਆਈਏਐੱਫ ਨੂੰ ਬੇਲੋੜੀ ਨਕਾਰਾਤਮਕ ਰੌਸ਼ਨੀ ਵਿੱਚ ਦਿਖਾਇਆ ਗਿਆ ਹੈ।’’ ਦੱਸਣਯੋਗ ਹੈ ਕਿ ਰੱਖਿਆ ਮੰਤਰਾਲੇ ਨੇ ਪਿਛਲੇ ਮਹੀਨੇ ਸੀਬੀਐੱਫਸੀ ਨੂੰ ਪੱਤਰ ਭੇਜ ਦੇ ਕੁਝ ਵੈੱਬ ਸੀਰੀਜ਼ ਵਿੱਚ ਹਥਿਆਰਬੰਦ ਬਲਾਂ ਦੇ ਚਿਤਰਨ ’ਤੇ ਤਿੱਖਾ ਇਤਰਾਜ਼ ਕਰਦਿਆਂ ਅਪੀਲ ਕੀਤੀ ਸੀ ਕਿ ਨਿਰਮਾਣ ਕੰਪਨੀਆਂ ਨੂੰ ਫੌਜ ਬਾਰੇ ਕੋਈ ਵੀ ਫਿਲਮ, ਦਸਤਾਵੇਜ਼ੀ ਜਾਂ ਵੈੱਬ ਸੀਰੀਜ਼ ਦਾ ਪ੍ਰਸਾਰਨ ਕਰਨ ਤੋਂ ਪਹਿਲਾਂ ਮੰਤਰਾਲੇ ਤੋਂ ਕੋਈ-ਇਤਰਾਜ਼ ਨਹੀਂ ਸਰਟੀਫਿਕੇਟ ਲੈਣ ਲਈ ਆਖਿਆ ਜਾਵੇ।

Leave a Reply

Your email address will not be published. Required fields are marked *