ਕੈਨੇਡੀਅਨ ਸਿੱਖਾਂ ਨੂੰ ਬੀੜਾਂ ਦੀ ਸਰੀ ’ਚ ਛਪਾਈ ’ਤੇ ਇਤਰਾਜ਼

ਵੈਨਕੂਵਰ : ਕੈਨੇਡਾ ਦੇ ਸਰੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਛਾਪਣ ਬਾਰੇ ਪਤਾ ਲੱਗਣ ਮਗਰੋਂ ਇੱਥੋਂ ਦੀਆਂ 20 ਤੋਂ ਵੱਧ ਸਿੱਖ ਸਭਾਵਾਂ ਨੇ ਸਖ਼ਤ ਰੋਸ ਪ੍ਰਗਟ ਕੀਤਾ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀਆਂ ਲਿਖ ਕੇ ਮੰਗ ਕੀਤੀ ਗਈ ਹੈ ਕਿ ਬੀੜਾਂ ਸ਼੍ਰੋਮਣੀ ਕਮੇਟੀ ਦੇ ਛਾਪੇਖਾਨੇ ਵਿਚ ਅੰਮ੍ਰਿਤਸਰ ਵਿਖੇ ਹੀ ਛਪਵਾਈਆਂ ਜਾਣ। ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਆਲਮੀ ਪੱਧਰ ’ਤੇ ਛਪਾਈ ਦੀ ਆਗਿਆ ਦੇਣੀ ਭਵਿੱਖ ਵਿਚ ਕਈ ਪ੍ਰੇਸ਼ਾਨੀਆਂ ਪੈਦਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਤੋਂ ਕਈ ਸਾਲ ਪਹਿਲਾਂ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਛਪਾਈ ਦਾ ਕੇਂਦਰ ਅੰਮ੍ਰਿਤਸਰ ਰਹੇਗਾ ਤੇ ਉਹ ਹੁਕਮਨਾਮਾ ਅੱਜ ਵੀ ਲਾਗੂ ਹੈ। ਉਨ੍ਹਾਂ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਚਿੱਠੀਆਂ ਦਾ ਜਵਾਬ ਨਹੀਂ ਦੇ ਰਹੀ।
ਸਰੀ ਵਿਚ ਵਿਸਾਖੀ ਨਗਰ ਕੀਰਤਨ ਦਾ ਪ੍ਰਬੰਧ ਕਰਨ ਵਾਲੇ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਸਾਹਿਬ ਦੇ ਪ੍ਰਧਾਨ ਮਨਿੰਦਰ ਸਿੰਘ ਤੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਮਲਕੀਤ ਸਿੰਘ ਧਾਮੀ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਬਾਹਰ ਬੀੜਾਂ ਦੀ ਛਪਾਈ ਕਰਨ ਦੀ ਵਕਾਲਤ ਕਰਨ ਵਾਲਿਆਂ ਦੀ ਇਹ ਦਲੀਲ ਤਰਕਹੀਣ ਹੈ ਕਿ ਬੀੜਾਂ ਨੂੰ ਦੂਰ-ਦੁਰੇਡੇ ਲਿਜਾਂਦੇ ਮੌਕੇ ਸੰਭਾਲ ਤੇ ਸਤਿਕਾਰ ਠੀਕ ਨਹੀਂ ਰਹਿੰਦਾ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਪਹਿਲੀ ਬੀੜ 115 ਸਾਲ ਪਹਿਲਾਂ 1905 ਵਿਚ ਲਿਆਂਦੀ ਗਈ ਸੀ। ਜੇ ਉਦੋਂ ਤੋਂ ਹੁਣ ਤੱਕ ਸੰਭਾਲ ਤੇ ਸਤਿਕਾਰ ਕਾਇਮ ਰਿਹਾ ਤਾਂ ਹੁਣ ਦੇ ਤੇਜ਼ ਸਫ਼ਰ ਮੌਕੇ ਇਹ ਗਲਤ ਕਿਵੇਂ ਹੋ ਸਕਦਾ ਹੈ।
ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਵੱਖ-ਵੱਖ ਥਾਵਾਂ ਤੋਂ ਛਪਾਈ ਦੀ ਆਗਿਆ ਦੇਣ ਨਾਲ ਕਈ ਗਲਤੀਆਂ ਤੇ ਵਾਧ-ਘਾਟ ਦੇ ਮੌਕੇ ਬਣਨਗੇ, ਬਾਅਦ ਵਿਚ ਅਸਲ ਬੀੜ ਬਾਰੇ ਵੀ ਸਵਾਲ ਉੱਠਣਗੇ। ਦੂਜੇ ਪਾਸੇ ਵਿਵਾਦਾਂ ’ਚ ਘਿਰੇ ਰਹੇ ਰਿਪੁਦਮਨ ਸਿੰਘ ਮਲਿਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਬਾਕਾਇਦਾ ਲਿਖਤੀ ਆਗਿਆ ਦਿੱਤੀ ਹੋਈ ਹੈ। ਇਸ ਲਈ ਉਹ ਸਰੀ ਵਿਚ ਬੀੜਾਂ ਛਾਪ ਕੇ ਕੋਈ ਗਲਤੀ ਨਹੀਂ ਕਰ ਰਹੇ।