ਪੁਰਾਣੇ ਗੀਤਾਂ ਦੇ ਤਵਿਆਂ ਨੂੰ ਰੂਹ ਦੀ ਖ਼ੁਰਾਕ ਮੰਨਣ ਵਾਲਾ ਨੌਜਵਾਨ : ਜਗਨ ਉਗੋਕੇ

ਕਿਸੇ ਨੂੰ ਗਾਉਣ ਦਾ ਸ਼ੌਂਕ ਹੁੰਦਾ ਹੈ ਤੇ ਕਿਸੇ ਨੂੰ ਸੁਣਨ ਦਾ।  ਕਿਸੇ ਨੂੰ ਗੀਤ ਲਿਖਣ ਦਾ ਸ਼ੌਂਕ ਹੁੰਦਾ ਹੈ ਤੇ ਕਿਸੇ ਨੂੰ ਗੀਤ ਪੜਨ ਦਾ।  ”ਮੈਨੂੰ ਰੇਸ਼ਮੀ ਰੁਮਾਲ ਵਾਂਗ ਰੱਖ ਮੁੰਡਿਆ”, ”ਤੇਰਾ ਗਲਗਲ ਵਰਗਾ ਰੰਗ ਜੱਟੀਏ”, ”ਮੁੰਡਾ ਲੰਬੜਾਂ ਦਾ ਬੋਲੀ ਨੀ ਉਹ ਹੋਰ ਬੋਲਦਾ” ਆਦਿ ਸੰਸਾਰ ਪ੍ਰਸਿੱਧੀ ਪ੍ਰਾਪਤ ਸੈਂਕੜੇ ਗੀਤਾਂ ਦੇ ਬਾਦਸ਼ਾਹ ਸ੍ਰ. ਲਾਲ ਸਿੰਘ ਲਾਲੀ ਜੀ ਨੂੰ ਕਈ ਬਾਰ ਬੇਨਤੀ ਕੀਤੀ ਕਿ ਉਹ ਆਪਣੇ ਇਨਾਂ ਤਵਿਆਂ ਦੇ ਦਰਸ਼ਨ ਹੀ ਕਰਵਾ ਦੇਣ, ਪਰ ਹਰ ਬਾਰ ਉਨਾਂ ਦਾ ਇਹੀ ਜੁਵਾਬ ਹੁੰਦਾ,” 1964-65-ਵਿਆਂ ਦੇ ਸਮਿਆਂ ਦੇ ਤਵੇ ਕਿੱਥੇ ਲੱਭਦੇ ਹਨ ਹੁਣ, ਲੁਧਿਆਣਵੀ ਜੀ।” ਲਾਲੀ ਜੀ ਦਾ ਨਾਂ ਤਾਂ ਇਕ ਮਿਸਾਲ-ਮਾਤਰ ਹੀ ਹੈ। ਹਾਕਮ ਬਖ਼ਤੜੀ ਵਾਲਾ, ਪਾਲੀ ਦੇਤਵਾਲੀਆ ਤੇ ਮੁਹੰਮਦ ਸਦੀਕ ਆਦਿ ਕਿਸੇ ਨੂੰ ਵੀ ਉਨਾਂ ਦੇ ਤਵਿਆਂ ਦੀ ਗੱਲ ਕਰ ਲਓ ਤਾਂ ਸ਼ਾਇਦ ਹੀ ਕਿਸੇ ਨੇ ਸੰਭਾਲਕੇ ਰੱਖਿਆ ਹੋਏਗਾ ਆਪਣਾ ਇਹ ਪੂਰੇ-ਦਾ-ਪੂਰਾ ਸਰਮਾਇਆ।  ਪਰ, ਅੱਜ ਅਸੀਂ ਇਨਾਂ ਸਤਰਾਂ ਵਿਚ ਜਿਸ ਸਖ਼ਸ਼ ਦਾ ਜਿਕਰ ਕਰਨ ਜਾ ਰਹੇ ਹਾਂ, ਨਾ ਉਹ ਲਿਖਦਾ ਹੈ, ਨਾ ਗਾਉਂਦਾ ਹੈ। ਉਸਨੇ ਰਿਕਾਰਡਿੰਗ ਕਰਵਾਉਂਣਾ ਤਾਂ ਰਹੀ ਕੋਹਾਂ ਦੂਰ ਦੀ ਗੱਲ, ਉਸਨੇ ਤਾਂ ਰਿਕਾਰਡਿੰਗ ਕੰਪਨੀ ਦਾ ਕਦੀ ਮੂੰਹ ਵੀ ਨਹੀ ਦੇਖਿਆ ਹੋਣੈ। ਪਰ ਸਦੱਕੜੇ ਜਾਈਏ ਓਸ ਸਖ਼ਸ਼ ਦੇ ਜਿਹੜਾ ਆਪਣਾ-ਪਰਾਇਆ ਨਾ ਸਮਝਦਿਆਂ ਅਨੇਕਾਂ ਗਾਇਕਾਂ ਤੇ ਗੀਤਕਾਰਾਂ ਦੇ ਪੁਰਾਣੇ ਤਵਿਆਂ ਦੇ ਵੱਡਮੁੱਲੇ ਸਰਮਾਏ ਨੂੰ ਸੰਭਾਲਦਾ ਹਿੱਕੜੀ ਨਾਲ ਲਾਈ ਬੈਠਾ ਹੈ।  ਮੇਰੀ ਮੁਰਾਦ ਹੈ ਜਗਨ ਉਗੋਕੇ ਨਾਂ ਦੇ ਓਸ ਨੌਜਵਾਨ ਤੋਂ, ਜਿਸਨੂੰ ਸਹੀ ਮਾਅਨਿਆਂ ਵਿਚ,”ਵਿਰਸੇ ਦਾ ਸ਼ਹਿਨਸ਼ਾਹ ”, ”ਵਿਰਸੇ ਦਾ ਪੁਜਾਰੀ”, ”ਵਿਰਾਸਤ ਦੀ ਰੀੜ ਦੀ ਹੱਡੀ” ਆਦਿ ਕੁਝ ਵੀ ਕਹਿਣ ਲੈਣ ‘ਚ ਫ਼ਖ਼ਰ ਮਹਿਸੂਸ ਹੁੰਦਾ ਤੇ ਕਹਿੰਦਿਆਂ ਸੀਨੇ ਠੰਡ ਪੈਂਦੀ ਹੈ।

          ਜਗਨ ਦਾ ਜਨਮ ਜਿਲਾ ਬਰਨਾਲਾ ਦੇ ਪਿੰਡ ਉਗੋਕੇ ਵਿਚ ਪਿਤਾ ਸ੍ਰ. ਜਸਵੀਰ ਸਿੰਘ ਅਤੇ ਮਾਤਾ ਸ੍ਰੀਮਤੀ ਬੇਂਅੰਤ ਕੌਰ ਦੇ ਘਰ ਹੋਇਆ। ਵਿਕਾਸ ਕੰਪਨੀ ‘ਚ ਨੌਕਰੀ ਕਰ ਰਹੇ ਜਗਨ ਨੇ ਇਕ ਮੁਲਾਕਾਤ ਦੌਰਾਨ ਗੱਲਬਾਤ ਕਰਦਿਆਂ ਕਿਹਾ, ”ਮੈਂ ਬਿਲਕੁੱਲ ਦੇਸੀ ਤੇ ਸਾਦਾ ਜਿਹਾ ਬੰਦਾ ਹਾਂ। ਮੈਂ ਪੰਛੀਆਂ ਤੇ ਜਾਨਵਰਾਂ ਨੂੰ ਬਹੁਤ ਹੀ ਪਿਆਰ ਕਰਦਾ ਹਾਂ। ਮੈਂ ਪੁਰਾਣੇ ਕਲਾਕਾਰਾਂ ਦੇ ਗੀਤਾਂ ਨੂੰ ਸੁਣਨਾ, ਬਾਰ- ਬਾਰ ਸੁਣਨਾ ਬਹੁਤ ਪਸੰਦ ਕਰਦਾ ਹਾਂ। ਉਹ ਮੇਰੀ ਰੂਹ ਦੀ ਖ਼ੁਰਾਕ ਬਣ ਚੁੱਕੇ ਹਨ।  ਮੈਂ ਨਵੇਂ ਕਲਾਕਾਰਾਂ ਦੇ ਗੀਤਾਂ ਨੂੰ ਬਿਲਕੁਲ ਪਸੰਦ ਨਹੀਂ ਕਰਦਾ। ਕਿਉਂਕਿ ਇਹ ਗੀਤ ਰਫ਼ਲਾਂ-ਬੰਦੂਕਾਂ ਦੀ ਗੱਲ ਕਰਦੇ ਲੜਾਈਆਂ-ਝਗੜਿਆਂ ਦਾ ਕਾਰਨ ਬਹੁਤ ਜ਼ਿਆਦਾ ਹਨ।”

          ਜਗਨ ਕੋਲ ਸਾਰੇ ਹੀ ਪੁਰਾਣੇ ਕਲਾਕਾਰਾਂ ਦੇ ਤਵੇ 33-45 ਦੀ ਸਪੀਡ ਦੇ ਪਲਾਸਟਿਕ ਦੇ ਛੋਟੇ-ਵੱਡੇ ਰਿਕਾਰਡ ਮੌਜੂਦ ਹਨ। ਬਾਕੀ ਜਿਵੇਂ ਪੱਥਰ ਦੇ ਤਵੇ 78 ਦੀ ਸਪੀਡ ਤੇ ਚੱਲਦੇ ਹਨ, ਉਹ ਵੀ ਮੌਜੂਦ ਹਨ। ਉਸ ਕੋਲ ਅਜਿਹੇ ਪੁਰਾਣੇ ਗੀਤ ਵੀ ਮੌਜੂਦ ਹਨ ਜਿਹੜੇ ਕਿ ਸਾਨੂੰ ਕਦੇ ਵੀ ਇੰਟਰਨੈੱਟ ਤੇ ਨਹੀਂ ਮਿਲ ਸਕਦੇ। ਜਦੋਂ ਵੀ ਕੋਈ ਦੋਸਤ-ਮਿੱਤਰ ਜਾਂ ਲੋੜਵੰਦ ਉਸ ਤੋਂ ਪੁਰਾਣੇ ਗੀਤਾਂ ਦੀ ਮੰਗ ਕਰਦਾ ਹੈ, ਤਾਂ ਉਹ ਉਸੇ ਟਾਇਮ ਬਿਨਾ ਕਿਸੇ ਲੋਭ-ਲਾਲਚ ਜਾਂ ਇਵਜ਼ਾਨੇ ਤੋਂ ਵਟਸਐਪ ਜਾਂ ਫੇਸਬੁੱਕ ਉਤੇ ਭੇਜ ਦਿੰਦਾ  ਹੈ ਉਸ ਦੀ ਕਾਪੀ ਕਰ ਕੇ। ਉਹ ਦੱਸਦਾ ਹੈ ਕਿ ਤਵਿਆਂ ਦਾ ਇਹ ਸ਼ੌਂਕ ਪਹਿਲਾਂ ਉਸ ਦੇ ਡੈਡੀ ਨੂੰ ਸੀ। ਉਸ ਤੋਂ ਮੈਨੂੰ ਇਹ ਸ਼ੌਕ ਪੈ ਗਿਆ। ਉਹ ਆਖਦਾ ਹੈ,”ਜਿੰਨੀ ਦੇਰ ਮੇਰੇ ‘ਚ ਸਾਹ ਚੱਲਦੇ ਰਹਿਣਗੇ, ਉਤਨੀ ਦੇਰ ਤੱਕ ਮੈਂ ਤਵਿਆਂ ਦੇ ਇਸ ਵੱਡਮੁੱਲੇ ਸਰਮਾਏ ਨੂੰ ਸੰਭਾਲ ਕੇ ਰੱਖਾਂਗਾ।”

          ਜਗਨ ਕੋਲ ਕੁਲਦੀਪ ਮਾਣਕ, ਮਹੁੰਮਦ ਸੁਦੀਕ-ਰਣਜੀਤ ਕੌਰ, ਦੀਦਾਰ ਸੰਧੂ, ਨਰਿੰਦਰ ਬੀਬਾ ਜੀ, ਕਰਨੈਲ ਗਿੱਲ, ਗੁਰਮੀਤ ਬਾਵਾ, ਸੁਰਿੰਦਰ ਕੌਰ, ਲਾਲ ਚੰਦ ਯਮਲਾ ਜੱਟ, ਰਮੇਸ਼ ਰੰਗੀਲਾ, ਆਸਾ ਸਿੰਘ ਮਸਤਾਨਾ, ਚਾਦੀ ਰਾਮ ਚਾਂਦੀ, ਹਰਚਰਨ ਗਰੇਵਾਲ, ਅਮਰ ਸਿੰਘ ਸ਼ੌਂਕੀ, ਰੰਗੀਲਾ ਜੱਟ, ਕਰਮਜੀਤ ਧੂਰੀ ਆਦਿ ਅਨੇਕਾਂ ਕਲਾਕਾਰਾਂ ਦੇ ਤਵੇ ਸੰਭਾਲੇ ਹੋਏ ਹਨ। ਧਾਰਮਿਕ ਗੀਤ ਢਾਡੀ ਜਥੇ ਕਵੀਸ਼ਰੀ, ਜਪੁਜੀ ਸਾਹਿਬ, ਰਹਿਰਾਸ ਸਾਹਿਬ ਆਦਿ ਧਾਰਮਿਕ ਰਿਕਾਰਡ ਵੀ ਸਾਰੇ ਹੀ ਮੌਜੂਦ ਹਨ। 

          ਜਗਨ ਦੇ ਇਸ ਵੱਡਮੁੱਲੇ ਸ਼ੌਂਕ ਨੂੰ ਕੋਟਿ-ਕੋਟਿ ਸਲਾਮ !  ਆਪਣੇ ਮਾਰਗ ਉਤੇ ਨਿਰੰਤਰ ਤੁਰੇ ਰਹਿਣ ਦਾ ਇਸ ਨੌਜਵਾਨ ਨੂੰ ਮਾਲਕ ਹੋਰ ਵੀ ਬਲ ਬਖ਼ਸ਼ੇ, ਤਾਂ ਜੋ ਪੀੜੀ-ਦਰ-ਪੀੜੀ ਚਲਿਆ ਆ ਰਿਹਾ ਇਹ ਸਰਮਾਇਆ ਇਸ ਮਿੰਨੀ ਅਜਾਇਬ ਘਰ ਵਿਚ ਪਿਆ ਨਵੀਂ ਪੀੜੀ ਲਈ ਖਿੱਚ ਦਾ ਕਾਰਨ ਬਣਿਆ ਰਵੇ ! ਆਮੀਨ!

           -ਪ੍ਰੀਤਮ ਲੁਧਿਆਣਵੀ, (ਚੰਡੀਗੜ), 9876428641

ਸੰਪਰਕ : ਜਗਨ ਉਗੋਕੇ, 9915598209

Leave a Reply

Your email address will not be published. Required fields are marked *