ਵਿੱਦਿਅਕ ਤੇ ਸਾਹਿਤਕ ਚਾਨਣ ਨਾਲ ਸਮਾਜ ਨੂੰ ਰੁਸ਼ਨਾਉਂਦੀ : ਲੈਕਚਰਾਰ ਸੁਖਵਿੰਦਰ ਕੌਰ
ਲੰਬੇ ਸਮੇਂ ਤੋਂ ਜਿਲਾ ਗੁਰਦਾਸਪੁਰ ਦੇ ਬਾਰਡਰ ਏਰੀਏ ਵਿੱਚ ਅਧਿਆਪਕਾ ਦੀ ਡਿਊਟੀ ਨਿਭਾਉਣ ਦੇ ਨਾਲ-ਨਾਲ ਚੁਪ-ਚੁਪੀਤੇ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਦੀ ਕਿਤਾਬਾਂ-ਕਾਪੀਆਂ, ਫੀਸਾਂ ਅਤੇ ਵਰਦੀਆਂ ਆਦਿ ਵਿਚ ਹਰ ਵੇਲੇ ਮਦਦ ਕਰਨ ਲਈ ਤਤਪਰ ਰਹਿਣ ਵਾਲੇ, ਵਿਭਾਗ ਵਿਚ ਸਮਾਜ-ਸੇਵਿਕਾ ਵਜੋਂ ਹਰਮਨ ਪ੍ਰਿਯਤਾ ਖੱਟ ਚੁੱਕੇ ਲੈਕਚਰਾਰ ਸੁਖਵਿੰਦਰ ਕੌਰ ਜੀ ਆਪਣੀ ਮਿਸਾਲ ਆਪ ਹਨ। ਸਿਖਿਆ ਵਿਭਾਗ ਵਿੱਚ ਸਿਲੇਬਸ ਕਮੇਟੀ ਦੇ ਮੈਂਬਰ, ਜਿਲਾ ਕੈਰੀਅਰ ਰਿਸੋਰਸ ਪਰਸਨ, ਜਿਲਾ ਰਿਸੋਰਸ ਪਰਸਨ (ਰਾਜਨੀਤੀ ਸ਼ਾਸਤਰ) ਤੋਂ ਇਲਾਵਾ ਆਪ ਵਿਦਿਅਕ ਅਤੇ ਸਭਿਆਚਾਰਕ ਕਮੇਟੀ ਦੇ ਮੈਂਬਰ ਵੀ ਹਨ। ਆੱਨਲਾਇਨ ਪੜਾਈ ਦੇ ਤਹਿਤ ਇਹਨਾਂ ਦੇ ਬਹੁਤ ਸਾਰੇ ਲੈਕਚਰ ਦੋਆਬਾ ਰੇਡੀਓ ਤੇ ਪ੍ਰਸਾਰਿਤ ਹੋ ਚੁਕੇ ਹਨ। ਸੀ. ਸੀ. ਆਰ. ਟੀ. ਦੇ ਪ੍ਰੋਗਰਾਮ ਵਿਚ ਆਪ ਪੰਜਾਬ ਰਾਜ ਦੀ ਪ੍ਰਤੀਨਿਧਤਾ ਕਰ ਚੁਕੇ ਹਨ।
ਜੇਕਰ ਸੁਖਵਿੰਦਰ ਦੇ ਸਾਹਿਤਕ ਖੇਤਰ ਦੀ ਗੱਲ ਕਰੀਏ ਤਾਂ ਆਪ ਕਵਿਤਾਵਾਂ, ਮਿੰਨੀ ਕਹਾਣੀਆਂ ਅਤੇ ਚਲੰਤ ਮਾਮਲਿਆਂ ਤੇ ਲੇਖ ਆਦਿ ਕਾਫ਼ੀ ਲੰਬੇ ਸਮੇਂ ਤੋਂ ਲਿਖਦੇ ਅਤੇ ਅਖ਼ਬਾਰਾਂ ਵਿਚ ਛਪਵਾਉਂਦੇ ਆ ਰਹੇ ਹਨ। ਉਨਾਂ ਦੀ ਆ ਰਹੀ ਪੁਸਤਕ ਦੀ ਕਵਿਤਾ ਜ਼ਿੰਦਗੀ ‘ਚੋਂ ਦੋ ਸਤਰਾਂ ਦੇਖੋ-
”ਜਿੰਦਗੀ ਸੋਹਣਾ ਹਰਫ ਏ।
ਜਿੰਦਗੀ ਦਾ ਕੋਈ ਅਰਥ ਏ।
ਜਿੰਦਗੀ ਜਿੰਦਾਦਿਲੀ ਦਾ ਨਾਂ ਏ,
ਉਨਾਂ ਲਈ ਜੋ ਜਿਉਂਦੇ ਨੇ, ਕੱਟਦੇ ਨਹੀਂ।
ਜਿੰਦਗੀ ਖੁੱਲੀ ਕਿਤਾਬ ਵਾਂਗ ਜੀਅ।
ਜਿੰਦਗੀ ਪੀਤੀ ਸ਼ਰਾਬ ਵਾਂਗ ਜੀਅ।”
ਜਿੱਥੇ ਆਪ ਅਨੇਕਾਂ ਲੋਕਲ ਸਾਹਿਤਕ ਤੇ ਸੱਭਿਆਚਾਰਕ ਸੰਸਥਾਵਾਂ ਨਾਲ ਜੁੜੇ ਹੋਏ ਹਨ, ਉਥੇ ਜਗਤ ਪੰਜਾਬੀ ਸਭਾ ਕਨੇਡਾ ਅਤੇ ਓਂਟਾਰੀਓ ਫ੍ਰੈਂਡਜ ਕਲੱਬ ਕਨੇਡਾ ਦੇ ਵੀ ਆਪ ਮੈਂਬਰ ਹਨ। ਸਮਾਜ ਸੇਵਾ ਦੇ ਖੇਤਰ ਦੀ ਜੇਕਰ ਗਲ ਕਰੀਏ ਤਾਂ ਆਪ ਸੰਕਲਪ ਵੈਲਫੇਅਰ ਸੁਸਾਇਟੀ ਦੇ ਉਪ ਚੇਅਰਪਰਸਨ ਹਨ। ਭਾਰਤ ਸਕਾਊਟ ਗਾਈਡ ਦੇ ਵਿਚ ਗਾਈਡ-ਕੈਪਟਨ ਹੋਣ ਦੇ ਨਾਤੇ ਬਹੁਤ ਸੈਮੀਨਾਰ ਅਤੇ ਕੈਂਪਾਂ ਵਿੱਚ ਭਾਗ ਲੈ ਚੁੱਕੇ ਹਨ।
ਸੁਖਵਿੰਦਰ ਦੀ ਮਾਨ-ਸਨਮਾਨ ਦੀ ਗੱਲ ਛਿੜੀ ਤਾਂ ਵੇਖਣ ‘ਚ ਆਇਆ ਕਿ ਸੁਖਵਿੰਦਰ ਦੀ ਸਿਖਿਆ ਵਿਭਾਗ ਪੰਜਾਬ ਵਿੱਚ ਵਧੀਆ ਕਾਰ-ਗੁਜਾਰੀ ਦੀ ਕਦਰ ਪਾਉਂਦਿਆਂ ਜਿੱਥੇ ਸ਼੍ਰੀ ਕ੍ਰਿਸ਼ਨ ਕੁਮਾਰ ਜੀ (ਸਿਖਿਆ ਸਕੱਤਰ), ਉਨਾਂ ਨੂੰ ਸਨਮਾਨਿਤ ਕਰ ਚੁੱਕੇ ਹਨ, ਉਥੇ ਸ਼੍ਰੀ ਓ. ਪੀ. ਸੋਨੀ ਜੀ, ਸਿੱਖਿਆ ਮੰਤਰੀ ਵਲੋਂ ਵੀ ਸਟੇਟ ਪੱਧਰ ਤੇ ਪ੍ਰਸੰਸਾ-ਪੱਤਰ ਦੇ ਕੇ ਉਨਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸ਼੍ਰੀ ਚੂਨੀ ਲਾਲ ਭਗਤ ਜੀ (ਪੰਜਾਬ ਰਾਜ ਮੰਤਰੀ), ਸ਼੍ਰੀ ਵਿਪੁਲ ਉਜਵਲ ਜੀ (ਡੀ. ਸੀ. ਗੁਰਦਾਸਪੁਰ), ਸ਼੍ਰੀ ਰੋਹਿਤ ਗੁਪਤਾ (ਐਸ. ਡੀ. ਐਮ. ਬਟਾਲਾ), ਸ਼੍ਰੀ ਸੰਦੀਪ ਸ਼ਰਮਾ, (ਡਾਇਰੈਕਟਰ ਸੀ. ਸੀ. ਆਰ. ਟੀ. (ਗੋਹਾਟੀ/ਆਸਾਮ), ਸ. ਓਂਕਾਰ ਸਿੰਘ ਜੀ (ਸਟੇਟ ਆਰਗੇਨਾਈਜ਼ਰ ਭਾਰਤ ਸਕਾਊਟ ਗਾਈਡ) ਅਤੇ ਸ਼੍ਰੀ ਜੈਕਬ ਤੇਜਾ ਜੀ (ਸੱਭਿਆਚਾਰ ਪਿੜ ਗੁਰਦਾਸਪੁਰ) ਆਦਿ ਅਨੇਕਾਂ ਸਖ਼ਸ਼ੀਅਤਾਂ ਵਲੋਂ ਵੀ ਉਹ ਸਨਮਾਨਿਤ ਹੋ ਚੁੱਕੀ ਹੈ। ਜ਼ਿਕਰ ਯੋਗ ਹੈ ਕਿ ਸੁਖਵਿੰਦਰ ਦੇ ਪੜਾਏ ਵਿਦਿਆਰਥੀ ਨਾ-ਸਿਰਫ ਉਚੇ ਅਹੁਦਿਆਂ ਤੇ ਬਿਰਾਜਮਾਨ ਹੀ ਹਨ, ਸਗੋਂ ਉਨਾਂ ਦਾ ਇਕ ਵਿਦਿਆਰਥੀ ਅੰਤਰਰਾਸ਼ਟਰੀ ਰਿੰਗ ਆਰਟਿਸਟ ਮਲਕੀਤ ਸਿੰਘ ਮੁੰਬਈ ਵਿਖੇ ਡਾਂਸ ਐਕਡਮੀ ਚਲਾ ਰਿਹਾ ਹੈ, ਜਿਥੇ ਬਚਿਆਂ ਤੌ ਬਿਨਾਂ ਨਾਮਵਰ ਸੈਲੀਬਿਰਟੀ ਗੌਹਰ ਖਾਨ ਅਤੇ ਬਾਣੀ ਕਪੂਰ ਵੀ ਡਾਂਸ ਸਿੱਖ ਰਹੀਆਂ ਹਨ। ਰੱਬ ਕਰੇ ! ਸਿਖਿਆ, ਸਾਹਿਤ, ਸਮਾਜ-ਸੇਵਾ ਅਤੇ ਸਭਿਆਚਾਰ ਦੀ ਸੱਚੀ-ਸੁੱਚੀ ਪਹਿਰੇਦਾਰ ਲੈਕਚਰਾਰ ਸੁਖਵਿੰਦਰ ਕੌਰ ਆਪਣੇ ਮਿਸ਼ਨ ਵਿਚ ਜੁਟੀ, ਕੋਹ-ਕੋਹ ਲੰਬੀਆਂ ਅਸੀਸਾਂ ਤੇ ਦੁਆਵਾਂ ਖੱਟਦੀ ਸ਼ੋਹਰਤ ਦੀਆਂ ਬੁਲੰਦੀਆਂ ਨੂੰ ਜਾ ਛੂਹਵੇ !
-ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641
ਸੰਪਰਕ : ਲੈਕਚਰਾਰ ਸੁਖਵਿੰਦਰ ਕੌਰ, 9988170102