ਪੰਜਾਬੀਅਤ ਦੀ ਗੱਲ ਕਰਦਾ ਪ੍ਰਵਾਸੀ ਗੀਤਕਾਰ : ਸੁਰਿੰਦਰ ਜੱਕੋਪੁਰੀ
ਸਮੁੰਦਰ ਦੀ ਗਹਿਰਾਈ ‘ਚੋਂ ਮੋਤੀ ਲੱਭਣਾ, ਸੋਚ ਦੀ ਗਹਿਰਾਈ ‘ਚੋਂ ਕਾਵਿਕ ਬੋਲ ਲੱਭਣਾ ਕਿੰਨਾ ਔਖਾ ਕੰਮ ਏ। ਸਮੁੰਦਰ ‘ਚੋਂ ਲੱਭੇ ਮੋਤੀਆਂ ਨੂੰ ਤਾਂ ਸਾਫ਼ ਕਰ ਕੇ ਪਾਲਿਸ਼ ਨਾਲ ਨਿਖਾਰਨਾ ਸ਼ਾਇਦ ਸੌਖਾ ਹੋਏਗਾ, ਪਰ ਕਾਵਿਕ ਬੋਲਾਂ ਨੂੰ ਬਹੁਤ ਬੰਦਸ਼ਾਂ ਵਿੱਚੋਂ ਗੁਜਰਨਾ ਪੈਂਦਾ ਹੈ। ਫਿਰ ਕਿਤੇ ਜਾ ਕੇ ਕਾਵਿਕ ਬੋਲਾ ਨੂੰ ਗੀਤ, ਗ਼ਜ਼ਲ, ਕਵਿਤਾ, ਰੁਬਾਈ ਦਾ ਰੂਪ ਮਿਲਦਾ ਹੈ। ਇਹ ਕਾਵਿਕ ਵਿਧਾ ਉਹ ਸੱਚਾ ਰੱਬ ਉੁਸ ਦੀ ਹੀ ਝੋਲੀ ਪਾਉੁਂਦਾ ਹੈ ਜਿਸ ਨੂੰ ਲੁਕਾਈ ਦੇ ਦਰਦ ਦਾ ਛੇਤੀ ਅਹਿਸਾਸ ਹੋ ਜਾਂਦਾ ਹੈ ਤੇ ਉਹ ਆਪਣੇ ਅਹਿਸਾਸ ਨੂੰ ਕਾਗਜ਼ ਦੀ ਹਿੱਕ ਤੇ ਉਲੀਕ ਦਿੰਦਾ ਹੈ। ਐਸਾ ਹੀ ਇੱਕ ਲੇਖਕ ਹੈ ਸੁਰਿੰਦਰ ਜੱਕੋਪੁਰੀ, ਜੋ ਲੁਕਾਈ ਦੇ ਸੁੱਖ-ਦੁੱਖ ਨੂੰ ਮਹਿਸੂਸ ਕਰਦਾ ਹੋਇਆ ਕਾਵਿਕ ਬੋਲਾਂ ਵਿੱਚ ਪਰੋ ਦਿੰਦਾ ਹੈ। ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਕੋਈ ਵੀ ਵਿਸ਼ਾ ਸੁਰਿੰਦਰ ਦੀ ਪਕੜ ਤੋਂ ਦੂਰ ਨਹੀ ।
ਸੁਰਿੰਦਰ ਜੱਕੋਪੁਰੀ ਦਾ ਜਨਮ ਜਿਲਾ ਜਲੰਧਰ ਦੇ ਪਿੰਡ ਜੱਕੋਪੁਰ ਖੁਰਦ ਨੇੜੇ ਰੇਲਵੇ ਸਟੇਸ਼ਨ ਲੋਹੀਆਂ ਖਾਸ ਵਿੱਚ ਹੋਇਆ। ਕਾਮਰੇਡ ਸਵ. ਸ਼੍ਰੀ ਤਰਸੇਮ ਲਾਲ ਤੇ ਮਾਤਾ ਸ਼੍ਰੀਮਤੀ ਪ੍ਰਕਾਸ਼ ਕੌਰ ਜੀ ਦੇ ਇਸ ਸਪੁੱਤਰ ਨੇ ਸੀਨੀਅਰ ਸੈਕੰਡਰੀ ਸਕੂਲ ਦੀ ਪੜਾਈ ਲੋਹੀਆਂ ਖਾਸ ਤੋਂ ਹਾਸਲ ਕੀਤੀ। ਫਿਰ, ਤੰਗੀ ਭਰੇ ਹਲਾਤਾਂ ਤੇ ਭਵਿੱਖ ਦੀ ਚਿੰਤਾ ਨੇ ਉਸ ਨੂੰ ਇਕਾਂਤ ਵਿੱਚ ਲਿਆ ਬਿਠਾਇਆ, ਜਿੱਥੇ ਆਪ-ਮੁਹਾਰੇ ਹੀ ਉਸ ਦੇ ਮਨ ਵਿੱਚ ਕਾਵਿਕ ਬੋਲ ਉੁਪਜਣ ਲੱਗੇ। ਕਲਾਸ ‘ਚ ਯਾਰਾਂ ਬੇਲੀਆਂ ‘ਤੇ ਕੀਤੀ ਤੁੱਕਬੰਦੀ ਨੇ ਲਿਖਣ ਲਈ ਮਨ ਹੋਰ ਵੀ ਪੱਕਾ ਕਰ ਦਿੱਤਾ। ਭਾਂਵੇ ਉਸਨੂੰ ਆਪਣੇ ਇਲਾਕੇ ਵਿਚ ਲੇਖਨ ਕਲਾ ਤੇ ਵਿਚਾਰ ਕਰਨ ਜਾਂ ਇਸ ਵਿਧਾ ਨੂੰ ਮੋਹ ਕਰਨ ਵਾਲਾ ਕੋਈ ਨਾ ਮਿਲਿਆ, ਪਰ, ਰੱਬ ਦੀ ਇਸ ਬਖਸ਼ਿਸ਼ ਨੂੰ ਸਾਂਭਣ ਬਾਰੇ ਉਸ ਅੰਦਰ ਇਕ ਤਾਂਘ ਜਾਗ ਉਠੀ ਸੀ। ਗੱਲਬਾਤ ਦੌਰਾਨ ਉਸ ਕਿਹਾ, ”ਰੱਬ ਸਬੱਬੀ ਮੈਨੂੰ ਸਵ. ਗ਼ਜ਼ਲਗੋ ਜਨਾਬ ਸੁਰਜੀਤ ਸਿੰਘ ‘ਦਰਦ’ ਪਟਿਆਲਿਆਂ ਦਾ ਪਤਾ ਮਿਲਿਆ, ਜਿਨਾਂ ਕੋਲੋਂ ਗ਼ਜ਼ਲ ਬਾਰੇ ਚਿੱਠੀਆਂ ਰਾਹੀਂ ਥੋੜੀ ਜਿਹੀ ਜਾਣਕਾਰੀ ਹਾਸਲ ਕੀਤੀ। ਗੀਤ ਲਿਖਣ ਵੱਲ ਜਿਆਦਾ ਝੁਕਾ ਹੋਣ ਕਰਕੇ ਅੱਗੋਂ ਉਨਾਂ ਨੇ ਆਪਣੇ ਸਮੇਂ ਦੇ ਮਸ਼ਹੂਰ ਗੀਤਕਾਰ ਉਸਤਾਦ ਜਨਾਬ ਲਾਲ ਸਿੰਘ ‘ਲਾਲੀ’ ਜੀ ਦਾ ਮੈਨੂੰ ਪਤਾ ਦਿੱਤਾ। ਉਸਤਾਦ ਲਾਲੀ ਸਾਹਿਬ ਜੀ ਤੋਂ ਗੀਤ ਲਿਖਣ ਦੀ ਸਹੀ ਸੇਧ ਮਿਲੀ ਤੇ ਇਸ ਸੇਧ ਦੀ ਬਦੌਲਤ ਅੱਜ ਵੀ ਕਲਮ ਚੱਲ ਰਹੀ ਹੈ, ਮੇਰੀ।”
ਸੰਨ 1999 ਵਿੱਚ ਗਾਇਕ ਜੀ. ਐਸ. ਛੀਨਾ ਵੱਲੋਂ ਜੱਕੋਪੁਰੀ ਦੇ ਗੀਤ ‘ਆੜਤੀਆਂ ਦੇ ਵਿਆਜ਼’ ਤੇ ਗਾਇਕ ਜਰਨੈਲ ਟੋਨੀ ਵੱਲੋਂ ਗੀਤ ‘ਤੇਰੀ ਬੇਵਫ਼ਾਈ’ ਰਿਕਾਰਡ ਕਰਵਾਏ ਗਏ। ਇਹਨਾਂ ਦੋ ਗੀਤਾਂ ਨੇ ਉਸਨੂੰ ਹੋਰ ਅੱਗੇ ਵਧਣ ਦਾ ਰਾਹ ਦਿਖਾਇਆ । ਫਿਰ, 2012 ‘ਚ ਗੀਤਕਾਰ, ਕੈਮਰਾਮੈਨ, ਪ੍ਰੋਡਿਊਸਰ ਹਰਜਿੰਦਰ ਲਾਂਬਾ ਨਾਲ ਮੇਲ ਹੋਇਆ। ਦੋਨਾਂ ‘ਚ ਭਰਾਵਾਂ ਵਰਗਾ ਪਿਆਰ ਬਣ ਗਿਆ ਤਾਂ ਦੋਨਾਂ ਨੇ, ”ਦੇਸੀ ਸਟਾਰ ਮਿਊਜ਼ਿਕ ਕੰਪਨੀ” ਲਈ ਖ਼ੂਬ ਕੰਮ ਕੀਤਾ। ਸੁਰਿੰਦਰ ਦੇ ਪੰਜ ਦਰਜਨ ਗੀਤ ਰਿਕਾਰਡ ਹੋਏ। ਇਨਾਂ ਗੀਤਾਂ ਨੂੰ ਸੁਰੀਲੀਆਂ ਅਵਾਜ਼ਾਂ ਦੇਣ ਵਾਲਿਆਂ ਵਿਚ ਸ਼ੂਫੀ ਗਾਇਕ ਸੁੱਚਾ, ਜੈਲਾ ਸ਼ੇਖੂਪੁਰੀਆ, ਮਨਪ੍ਰੀਤ ਮੁਲਤਾਨੀ, ਮਿਸ ਮਨਵੀਰ ਮਨੀ, ਹਰਪਾਲ ਲਾਡੀ (ਯੂ. ਐਸ. ਏ.), ਕਰਮਜੀਤ ਭੱਲਾ, ਨਿਰਮਲ ਸਹੋਤਾ, ਪ੍ਰਗਟ ਕੈਂਥ, ਮਿਸ ਸਤਬੀਰ ਸਿੱਪੀ, ਸੁਰਿੰਦਰ-ਬਰਿੰਦਰ (ਟਵਿੰਸ ਬ੍ਰਦਰਜ), ਲਵ ਮਾਨ ਤੇ ਵਿੱਕੀ ਜੱਕੋਪੁਰੀਆ ਆਦਿ ਵਿਸ਼ੇਸ਼ ਸ਼ਾਮਿਲ ਹਨ। ਸੁਰਿੰਦਰ ਦੇ ਜਿਆਦਾ ਗੀਤ ਸੂਫ਼ੀ ਗਾਇਕ ਸੁੱਚੇ ਤੇ ਜੈਲੇ ਨੇ ਗਾਏ ਜੋ ਅੱਜ ਵੀ ਆਏ ਦਿਨ ਕੋਈ-ਨਾ-ਕੋਈ ਗੀਤ ਰਿਕਾਰਡ ਕਰਵਾਉਂਦੇ ਰਹਿੰਦੇ ਹਨ।
ਇਕ ਸਵਾਲ ਦਾ ਜੁਵਾਬ ਦਿੰਦਿਆਂ ਜੱਕੋਪੁਰੀ ਨੇ ਕਿਹਾ, ”ਇੱਥੇ ਹੀ ਬਸ ਨਹੀ। ਉਸਤਾਦ ਜਨਾਬ ਲਾਲ ਸਿੰਘ ਲਾਲੀ ਜੀ ਪ੍ਰਧਾਨ, ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ (ਰਜਿ.) ਜੀ ਸਦਕਾ ਇਸ ਸੰਸਥਾ ਦੇ ਕਾਵਿ-ਸੰਗ੍ਰਹਿ ”ਕਲਮਾਂ ਦੇ ਸ਼ਿਰਨਾਵਂ”, ”ਕਲਮਾਂ ਦਾ ਸਫ਼ਰ”, ”ਰੰਗ-ਬਰੰਗੀਆਂ ਕਲਮਾਂ’ ਅਤੇ ”ਵਿਰਸੇ ਦੇ ਪੁਜਾਰੀ” (ਟੈਲੀਫ਼ੋਨ ਡਾਇਰੈਕਟਰੀ) ਆਦਿ ਵਿੱਚ ਮੇਰੀਆਂ ਭਰਪੂਰ ਹਾਜ਼ਰੀਆਂ ਲੱਗੀਆਂ। ਸੁਰਿੰਦਰਜੀਤ ਚੋਹਾਨ ਵੱਲੋਂ ਹਰ ਸਾਲ ਸੰਪਾਦਤ ਕੀਤੀ ਜਾਣ ਵਾਲੀ ਪੁਸਤਕ ਵਿੱਚ ਵੀ ਮੇਰੀਆਂ ਰਚਨਾਵਾਂ ਛਪਦੀਆਂ ਹਨ। ਕੁੱਲ ਮਿਲਾ ਕੇ 14 ਪੰਜਾਬੀ ਅਤੇ ਇੱਕ ਹਿੰਦੀ ਕਾਵਿ- ਸੰਗ੍ਰਹਿ ਵਿਚ ਜਗਾ ਮਿਲ ਚੁੱਕੀ ਹੈ, ਹੁਣ ਤੱਕ ਮੈਨੂੰ ।”
ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ (ਰਜਿ.) ਵਲੋਂ, ”ਮਾਣ ਪੰਜਾਬ ਦਾ” ਮਿਲੇ ਸਨਮਾਨ ਸਮੇਤ ਅਨੇਕਾਂ ਮਾਨ-ਸਨਮਾਨ ਹਾਸਲ ਕਰੀ ਬੈਠਾ ਸੁਰਿੰਦਰ ਜੱਕੋਪੁਰੀ ਇਸ ਵੇਲੇ ਕੁਵੈਤ ਦੀ ਧਰਤੀ ਤੋਂ ਸਾਹਿਤਕ ਮਹਿਕਾਂ ਬਿਖੇਰ ਰਿਹਾ ਹੈ। ਇੱਥੇ ਹੀ ਸ਼੍ਰੀ ਲਸ਼ਕਰੀ ਰਾਮ ਜ਼ਖ਼ੂ ਜੀ ਦੀ ਅਗਵਾਈ ਵਿੱਚ ਚੱਲਦੀ ਪੰਜਾਬੀ ਸੱਥ ਕੁਵੈਤ ਦਾ ਅਹਿਮ ਰੋਲ ਅਦਾ ਕਰਨ ਵਾਲਾ ਉਹ ਮੈਂਬਰ ਹੈ। ਪੰਜਾਬੀ ਸੱਥ ਕੁਵੈਤ ਵੱਲੋਂ ਤਿਆਰ ਕੀਤੀ ਪੁਸ਼ਤਕ,” ਮੋਹ ਪੰਜਾਬੀ ਦਾ” ਵਿੱਚ ਵੀ ਰਚਨਾਵਾਂ ਛਪਣ ਦਾ ਮਾਣ ਮਿਲ ਚੁੱਕਾ ਹੈ ਉਸ ਨੂੰ। ਕੁਵੈਤ ‘ਚ ਰਹਿੰਦੇ ਪੰਜਾਬੀ ਪ੍ਰਵਾਸੀ ਲੇਖਕਾਂ ਨਾਲ ਮਿਲ ਕੇ ਪੰਜਾਬੀ ਮਾਂ-ਬੋਲੀ ਦੇ ਪ੍ਰਸਾਰ ਤੇ ਪ੍ਰਚਾਰ ਲਈ ਕੰਮ ਕਰਨਾ ਲੋਚਦਾ ਹੈ, ਸੁਰਿੰਦਰ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਇਸ ਸੱਚੇ-ਸੁੱਚੇ ਸਪੂਤ ਨੂੰ ਹੋਰ ਵੀ ਉੱਚੀਆਂ ਉਡਾਣਾ ਭਰਨ ਲਈ ਇਸ ਦੇ ”ਪਰਾਂ” ਵਿਚ ਮਾਲਕ ਸ਼ਕਤੀ ਬਖ਼ਸ਼ੇ !
ਪ੍ਰੀਤਮ ਲੁਧਿਆਣਵੀ (ਚੰਡੀਗੜ) 9876428641
ਸੰਪਰਕ : ਸੁਰਿੰਦਰ ਜੱਕੋਪੁਰੀ, (ਵਟਸਐਪ) 00965 65109281, 00965 65731760
surinderjakopuri@gmail.com