ਲਸ਼ਕਰ ਦੇ 3 ਖਾੜਕੂ ਤੇ ਇੱਕਏਐੱਸਆਈ ਹਲਾਕ

ਸ੍ਰੀਨਗਰ : ਸ੍ਰੀਨਗਰ ਸ਼ਹਿਰ ਦੇ ਬਾਹਰਵਾਰ ਹੋਏ ਮੁਕਾਬਲੇ ਵਿਚ ਲਸ਼ਕਰ-ਏ-ਤੋਇਬਾ ਦੇ ਤਿੰਨ ਖਾੜਕੂ ਮਾਰੇ ਗਏ ਹਨ। ਇਸੇ ਦੌਰਾਨ ਜੰਮੂ ਕਸ਼ਮੀਰ ਪੁਲੀਸ ਦਾ ਇਕ ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਦੀ ਵੀ ਮੌਤ ਹੋ ਗਈ। ਇਸੇ ਦੌਰਾਨ ਰਾਜੌਰੀ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨਾਲ ਪਾਕਿਸਤਾਨੀ ਫ਼ੌਜ ਵੱਲੋਂ ਕੀਤੀ ਗੋਲੀਬਾਰੀ ’ਚ ਭਾਰਤੀ ਫ਼ੌਜ ਦਾ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਮਾਰਿਆ ਗਿਆ। ਸ੍ਰੀਨਗਰ ਵਿਚ ਅਤਿਵਾਦੀਆਂ ਨੇ ਪੁਲੀਸ ਤੇ ਸੀਆਰਪੀਐਫ ਦੇ ਪੰਥਾ ਚੌਕ ’ਤੇ ਲਾਏ ਸਾਂਝੇ ‘ਨਾਕੇ’ ਉਤੇ ਸ਼ਨਿਚਰਵਾਰ ਰਾਤ ਗੋਲੀਬਾਰੀ ਕੀਤੀ। ਪੁਲੀਸ ਨੇ ਦੱਸਿਆ ਕਿ ਇਸ ਤੋਂ ਬਾਅਦ ਸੁਰੱਖਿਆ ਬਲਾਂ ਦੀ ਸਾਂਝੀ ਪਾਰਟੀ ਨੇ ਇਲਾਕੇ ਨੂੰ ਘੇਰਾ ਪਾ ਲਿਆ ਤੇ ਦਹਿਸ਼ਤਗਰਦਾਂ ਦੀ ਭਾਲ ਆਰੰਭ ਦਿੱਤੀ। ਇਸੇ ਦੌਰਾਨ ਅਤਿਵਾਦੀਆਂ ਨੇ ਭਾਲ ਕਰ ਰਹੀ ਪਾਰਟੀ ’ਤੇ ਮੁੜ ਗੋਲੀਆਂ ਚਲਾਈਆਂ। ਬਲਾਂ ਵੱਲੋਂ ਜਵਾਬੀ ਕਾਰਵਾਈ ਕਰਨ ’ਤੇ ਮੁਕਾਬਲਾ ਆਰੰਭ ਹੋ ਗਿਆ। ਪੂਰੀ ਰਾਤ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰਾ ਪਾ ਕੇ ਰੱਖਿਆ। ਸਵੇਰ ਹੁੰਦਿਆਂ ਹੀ ਗੋਲੀਬਾਰੀ ਮੁੜ ਸ਼ੁਰੂ ਹੋ ਗਈ ਤੇ ਤਿੰਨ ਅਤਿਵਾਦੀ ਮਾਰੇ ਗਏ। ਮੁਕਾਬਲੇ ਵਿਚ ਏਐੱਸਆਈ ਬਾਬੂ ਰਾਮ ਮਾਰਿਆ ਗਿਆ। ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਤਿੰਨ ਅਤਿਵਾਦੀ ਮੋਟਰਸਾਈਕਲ ਉਤੇ ਆਏ ਸਨ ਤੇ ਨਾਕੇ ਉਤੇ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਮਗਰੋਂ ਦਹਿਸ਼ਤਗਰਦਾਂ ਨੇ ਬਲਾਂ ਕੋਲੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀ ਇਹ ਕੋਸ਼ਿਸ਼ ਸਫ਼ਲ ਨਹੀਂ ਹੋ ਸਕੀ ਤੇ ਅਤਿਵਾਦੀ ਮੌਕੇ ਤੋਂ ਫਰਾਰ ਹੋ ਗਏ। ਉਹ ਆਪਣਾ ਬਾਈਕ ਉੱਥੇ ਹੀ ਛੱਡ ਗਏ। ਡੀਜੀਪੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਅਤਿਵਾਦੀ ਨੇੜਲੇ ਧੋਬੀ ਮੁਹੱਲਾ ਇਲਾਕੇ ਵਿਚ ਲੁਕ ਗਏ। ਡੀਜੀਪੀ ਨੇ ਦੱਸਿਆ ਕਿ ਮੁਕਾਬਲਾ ਪੂਰੀ ਰਾਤ ਚੱਲਿਆ ਤੇ ਮਾਰਿਆ ਗਿਆ ਇਕ ਦਹਿਸ਼ਤਗਰਦ ਪਿਛਲੇ ਇਕ ਸਾਲ ਤੋਂ ਕਮਾਂਡਰ ਵਜੋਂ ਸਰਗਰਮ ਸੀ। ਉਹ ਕਈ ਅਤਿਵਾਦੀ ਹਮਲਿਆਂ ਵਿਚ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਬਾਕੀ ਦੋ ਅਤਿਵਾਦੀਆਂ ਨੂੰ ਸਮਰਪਣ ਕਰਨ ਦਾ ਮੌਕਾ ਦਿੱਤਾ ਗਿਆ ਸੀ ਤੇ ਪੰਪੋਰ ਇਲਾਕੇ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਅਪੀਲ ਵੀ ਕੀਤੀ ਗਈ ਸੀ। ਪੁਲੀਸ ਨੇ ਕਿਹਾ ਕਿ ਅਤਿਵਾਦੀਆਂ ਦੀ ਪਛਾਣ ਮਗਰੋਂ ਜ਼ਾਹਿਰ ਕੀਤੀ ਜਾਵੇਗੀ। ਪੁਲੀਸ ਨੂੰ ਮਾਰੇ ਗਏ ਦਹਿਸ਼ਤਗਰਦਾਂ ਕੋਲੋਂ ਇਕ ਏਕੇ-47 ਰਾਈਫਲ ਤੇ ਇਕ ਪਿਸਤੌਲ ਮਿਲਿਆ ਹੈ। ਮ੍ਰਿਤਕ ਏਐੱਸਆਈ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪਾਕਿ ਫ਼ੌਜ ਨੇ ਨੌਸ਼ਹਿਰਾ ਸੈਕਟਰ (ਰਾਜੌਰੀ) ਵਿਚ ਗੋਲੀਬਾਰੀ ਬਿਨਾਂ ਭੜਕਾਹਟ ਤੋਂ ਕੀਤੀ ਤੇ ਭਾਰਤ ਵੱਲੋਂ ਵੀ ਜਵਾਬ ਦਿੱਤਾ ਗਿਆ। ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ ਗੋਲੀਬੰਦੀ ਦੀ ਉਲੰਘਣਾ ’ਚ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਸਖ਼ਤ ਜ਼ਖ਼ਮੀ ਹੋ ਗਿਆ ਸੀ ਤੇ ਮਗਰੋਂ ਉਸਦੀ ਮੌਤ ਹੋ ਗਈ। ਫ਼ੌਜ ਦੇ ਸੂਤਰਾਂ ਨੇ ਦੱਸਿਆ ਕਿ ਭਾਰਤੀ ਫ਼ੌਜ ਨੇ ਕੰਟਰੋਲ ਰੇਖਾ ਉਤੇ ਸ਼ੱਕੀ ਗਤੀਵਿਧੀ ਦੇਖਣ ਮਗਰੋਂ ਅਗਲੀ ਕਤਾਰ ਦੀਆਂ ਚੌਕੀਆਂ ਨੂੰ ਸੂਚਿਤ ਕੀਤਾ ਸੀ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਘੁਸਪੈਠ ਨੂੰ ਨਾਕਾਮ ਕੀਤਾ ਜਾ ਸਕੇ। ਇਸੇ ਦੌਰਾਨ ਪਾਕਿ ਫ਼ੌਜ ਨੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਸੂਤਰਾਂ ਮੁਤਾਬਕ ਜਵਾਬੀ ਕਾਰਵਾਈ ਵਿਚ ਪਾਕਿ ਫ਼ੌਜ ਦਾ ਵੀ ਜਾਨੀ-ਮਾਲੀ ਨੁਕਸਾਨ ਹੋਇਆ ਹੈ।

ਮੁਹੱਰਮ ਦੇ ਮੱਦੇਨਜ਼ਰ ਸ੍ਰੀਨਗਰ ਤੇ ਬਡਗਾਮ ’ਚ ਪਾਬੰਦੀਆਂ ਆਇਦ

ਕਸ਼ਮੀਰ ਵਿਚ ਪ੍ਰਸ਼ਾਸਨ ਨੇ ਮੁਹੱਰਮ ਦੇ ਮੱਦੇਨਜ਼ਰ ਸ੍ਰੀਨਗਰ ਦੇ ਬਡਗਾਮ ਜ਼ਿਲ੍ਹਿਆਂ ਵਿਚ ਪਾਬੰਦੀਆਂ ਲਾ ਦਿੱਤੀਆਂ ਹਨ। ਇਹ ਪਾਬੰਦੀਆਂ ਲੋਕਾਂ ਨੂੰ ਮੁਹੱਰਮ ਦੇ ਜਲੂਸ ਕੱਢਣ ਤੋਂ ਰੋਕਣ ਲਈ ਲਾਈਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਦੀ ਆਵਾਜਾਈ ਉਤੇ ਪਾਬੰਦੀਆਂ ਲਾਈਆਂ ਗਈਆਂ ਹਨ। ਇਸ ਤੋਂ ਇਲਾਵਾ ਧਾਰਾ 144 ਵੀ ਲਾਈ ਗਈ ਹੈ। ਪਾਬੰਦੀਆਂ ਵਾਲੀਆਂ ਥਾਵਾਂ ’ਤੇ ਦੁਕਾਨਾਂ ਅਤੇ ਹੋਰ ਕਾਰੋਬਾਰ ਬੰਦ ਰਹਿਣਗੇ। ਸਰਕਾਰੀ ਟਰਾਂਸਪੋਰਟ ਵੀ ਬੰਦ ਰੱਖੀ ਗਈ ਹੈ। ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਵੱਡੀ ਗਿਣਤੀ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। 

Leave a Reply

Your email address will not be published. Required fields are marked *