ਨੀਟ/ਜੇਈਈ: ਮੁਜ਼ਾਹਰਾ ਕਰਦੇ ਸਮਾਜਵਾਦੀ ਛਾਤਰ ਸਭਾ ਦੇ ਕਾਰਕੁਨਾਂ ’ਤੇ ਲਾਠੀਚਾਰਜ

ਲਖਨਊ : ਕਰੋਨਾ ਲਾਗ ਦੇ ਮੱਦੇਨਜ਼ਰ ਨੀਟ ਅਤੇ ਜੇਈਈ ਦੀ ਪ੍ਰੀਖਿਆ ਮੁਲਤਵੀ ਕਰਨ ਦੀ ਮੰਗ ਲੈ ਕੇ ਇੱਥੇ ਰਾਜ ਭਵਨ ਅੱਗੇ ਮੁਜ਼ਾਹਰਾ ਕਰ ਰਹੇ ਸਮਾਜਵਾਦੀ ਛਾਤਰ ਸਭਾ ਤੇ ਕਾਰਕੁਨਾਂ ’ਤੇ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ। ਸਮਾਜਵਾਦੀ ਪਾਰਟੀ ਦੇ ਯੂਥ ਵਿੰਗ ਸਮਾਜਵਾਦੀ ਛਾਤਰ ਸਭਾ ਦੇ ਵਿਦਿਆਰਥੀ ਆਗੂ ਅਤੇ ਕਾਰਕੁਨ ਜਦੋਂ ਰਾਜ ਭਵਨ ਵੱਲ ਮਾਰਚ ਕਰਨ ਮਗਰੋਂ ਜਿਵੇਂ ਹੀ ਰੋਸ ਮੁਜ਼ਾਹਰਾ ਕਰਨ ਲੱਗੇ ਤਾਂ ਉੱਥੇ ਵੱਡੀ ਗਿਣਤੀ ’ਚ ਤਾਇਨਾਤ ਪੁਲੀਸ ਨੇ ਉਨ੍ਹਾਂ ਨੂੰ ਪਿੱਛੇ ਮੋੜਨ ਦਾ ਯਤਨ ਕੀਤਾ। ਇਸ ਕਾਰਨ ਦੋਵਾਂ ਧਿਰਾਂ ’ਚ ਝੜਪ ਸ਼ੁਰੂ ਹੋ ਗਈ ਅਤੇ ਪੁਲੀਸ ਨੇ ਮੁਜ਼ਾਹਰਾਕਾਰੀਆਂ ਨੂੰ ਖਦੇੜਨ ਲਈ ਲਾਠੀਆਂ ਦੀ ਵਰਤੋਂ ਕੀਤੀ। ਬਾਅਦ ’ਚ ਪੁਲੀਸ ਮੁਜ਼ਾਹਰਾਕਾਰੀਆਂ ਨੂੰ ਬੱਸਾਂ ’ਚ ਬਿਠਾ ਕੇ ਪੁਲੀਸ ਲਾਈਨਜ਼ ਲੈ ਗਈ। ਪ੍ਰਦਰਸ਼ਨ ਦੌਰਾਨ ਕੁਝ ਸਮੇਂ ਲਈ ਰਾਜ ਭਵਨ ਦੇ ਬਾਹਰ ਰੋਡ ਤੋਂ ਆਵਾਜਾਈ ਦਾ ਰੂਟ ਵੀ ਬਦਲ ਦਿੱਤਾ ਗਿਆ।