ਵੱਡੇ ਵੱਡੇ ਪੁਰਸਕਾਰ ਤੇ ਐਵਾਰਡ ਹਾਸਲ ਕਰ ਰਹੀ ਕਲਮ : ਹਰਕੀਰਤ ਹੀਰ
ਕਹਿੰਦੇ ਨੇ ਸਭ ਨੂੰ ਆਪੋ-ਆਪਣੀ ਮਾਤ-ਭਾਸ਼ਾ ਪਿਆਰੀ ਲੱਗਦੀ ਹੈ। ਪਰ, ਫਿਰ ਵੀ ਪੰਜਾਬੀ ਜੁਬਾਨ ਇਕ ਐਸੀ ਜੁਬਾਨ ਹੈ ਜਿਸ ਨੂੰ ”ਗੋਰੇ” ਵੀ ਮਾਣਦੇ ਹਨ। ਬੇਸ਼ੱਕ ਬੋਲ ਉਨਾਂ ਦੇ ਸਮਝ ਵਿਚ ਨਹੀਂ ਵੀ ਪੈਂਦੇ, ਪਰ ਫਿਰ ਵੀ ਇਸਦੀ ਮਾਖਿਓਂ ਮਿੱਠੀ ਮਿਠਾਸ ਤੇ ਜੁਬਾਨ ਦਾ ਸੁਰੀਲਾਪਨ ਮਜ਼ਬੂਰ ਕਰ ਦਿੰਦਾ ਹੈ ਉਨਾਂ ਨੂੰ ਨੱਚਣ ਲਈ। ਇਨਾਂ ਸਤਰਾਂ ਦੁਆਰਾ ਜਿਸ ਸਖ਼ਸ਼ੀਅਤ ਦਾ ਜ਼ਿਕਰ ਕਰਨ ਜਾ ਰਿਹਾ ਹਾਂ, ਬੇਸ਼ੱਕ ਉਹ ਗੁਹਾਟੀ (ਅਸਾਮ) ਦੀ ਜੰਮਪਲ ਹੈ ਪਰ ਫਿਰ ਵੀ ਪੰਜਾਬੀ ਨਾਲ ਅੰਤਾਂ ਦਾ ਮੋਹ ਪਾਲ ਰਹੀ ਹੈ, ਉਹ। ਮੇਰੀ ਮੁਰਾਦ ਹੈ ਹਰਕੀਰਤ ਹੀਰ ਨਾਮੀ ਓਸ ਮਹਾਨ ਲੇਖਿਕਾ ਤੋਂ, ਜਿਸ ਨੂੰ ਸਵ : ਅੰਮ੍ਰਿਤਾ ਪ੍ਰੀਤਮ ਅਤੇ ਸਵ: ਇਮਰੋਜ਼ ਦੀ ਨੇੜਤਾ ਦਾ ਸੁਭਾਗ ਹਾਸਲ ਹੈ। ਪਾਠਕਾਂ ਨਾਲ ਸਾਂਝੀ ਕਰਨ ਦੀ ਖ਼ੁਸ਼ੀ ਲੈ ਰਿਹਾ ਹਾਂ, ਇਸ ਮਹਾਨ ਕਵਿੱਤਰੀ ਨਾਲ ਹੋਈ ਮੁਲਾਕਾਤ ਦੀ ਪੰਛੀ-ਝਾਤ : ਜੋ ਕੁਝ ਇਸ ਤਰਾਂ ਰਹੀ-
?- ”ਹਰਕੀਰਤ ਜੀ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗਾ ਕਿ ਤੁਹਾਨੂੰ ਲਿਖਣ ਦਾ ਸ਼ੌਂਕ ਕਦੋਂ, ਕਿਵੇਂ ਅਤੇ ਕਿਸਦੀ ਪ੍ਰੇਰਨਾ ਸਦਕਾ ਜਾਗਿਆ?”
0- ”ਸੱਚ ਕਹਾਂ ਤਾਂ ਸੱਚ ਇਹ ਹੈ ਕਿ ਮੈਂ ਕਦੇ ਲਿਖਣ ਬਾਰੇ ਸੋਚਿਆ ਵੀ ਨਹੀਂ ਸੀ। ਪੜਨ ਦਾ ਹੀ ਸ਼ੌਂਕ ਸੀ। ਹਿੰਦੀ ਅਤੇ ਪੰਜਾਬੀ ਦੇ ਕਾਫ਼ੀ ਨਾਵਲ ਪੜੇ। ਉਹਨੀਂ ਦਿਨੀ ਗੁਲਸ਼ਨ ਨੰਦਾ, ਮਨੋਜ, ਵੇਦ ਪ੍ਰਕਾਸ਼, ਨਾਨਕ ਸਿੰਘ ਮੇਰੇ ਪਸੰਦੀਦਾ ਨਾਵਲਕਾਰ ਹੁੰਦੇ ਸਨ। ਉਂਝ ਜਵਾਨੀ ਦੀ ਦਹਿਲੀਜ਼ ਵਿੱਚ ਕਦਮ ਰੱਖਦਿਆਂ ਹੀ ਸ਼ੇਅਰੋ-ਸ਼ਾਇਰੀ ਦਾ ਸ਼ੌਂਕ ਕਾਫੀ ਰਿਹਾ। ਪਰ, ਦਸਵੀਂ ਕਲਾਸ ਪਾਸ ਕਰਦਿਆਂ ਹੀ ਮਾਤਾ ਪਿਤਾ ਜੀ ਨੇ ਕੁੜੀ ਨੂੰ ਤੋਰਨ ਦਾ ਮਨ ਬਣਾ ਲਿਆ, ਪੜਾਈ ਅਧੂਰੀ ਰਹਿ ਗਈ ਅਤੇ ਖ਼ਵਾਬ ਵੀ। ਸਹੁਰੇ ਆਕੇ ਜਦੋਂ ਦਰਦ ਅਤੇ ਖਾਮੋਸ਼ੀ ਨਾਲ ਵਾਸਤਾ ਪਿਆ, ਉਦੋਂ ਕਲਮ ਨੇ ਇਕ ਹਮਸਫ਼ਰ ਬਣ ਸਾਥ ਨਿਭਾਇਆ। ਪੜਾਈ ਵੀ ਕੀਤੀ ਅਤੇ ਦਿਲ ਦੇ ਦਰਦ ਨੂੰ ਵੀ ਕਵਿਤਾ ਰਾਹੀਂ ਜ਼ਾਹਿਰ ਕੀਤਾ। ਉਸ ਵਕਤ ਪੜਾਈ ਕਰਦਿਆਂ ਜਦੋਂ ਮੈਂ ਅੰਮ੍ਰਿਤਾ ਪ੍ਰੀਤਮ ਨੂੰ ਪੜਿਆ ਤਾਂ ਇੰਝ ਲੱਗਾ ਜਿਵੇਂ ਮੈਂ ਜੋ ਕਹਿਣਾ ਚਾਹੁੰਦੀ ਸਾਂ ਅੰਮ੍ਰਿਤਾ ਨੇ ਅੱਖਰ ਅੱਖਰ ਓਹੀ ਲਿਖਿਆ ਹੈ, ਓਹੀ ਕਿਹਾ ਹੈ, ਜਿਵੇਂ ਮੇਰੇ ਹੀ ਲਫ਼ਜ਼ ਮੇਰਾ ਹੀ ਦਰਦ ਹੋਵੇ। ਮੈਂ ਉਸਦੇ ਦਰਦ ਨੂੰ ਉਸਦੇ ਲਫ਼ਜ਼ਾਂ ਨੂੰ ਅਪਣੀ ਕਲਮ ‘ਚ ਪਰੋ ਕੇ ਅਪਣੀ ਖਾਮੋਸ਼ੀ ਦੀ ਅਵਾਜ਼ ਬਣਾਇਆ ਅਤੇ ਆਪਣਾ ਹਮਸਫ਼ਰ ਵੀ। ਇਸ ਤਰਾਂ ਮੇਰੇ ਲਿਖਣ ਦੀ ਸ਼ੁਰੂਆਤ ਹੋਈ।”
?- ”ਤੁਹਾਡੇ ਸਾਹਿਤ ਦੇ ਸਰਗਰਮ ਵਿਸ਼ੇ ਕਿਹੋ ਜਿਹੇ ਹਨ ਅਤੇ ਹੁਣ ਤੱਕ ਕਿਹੜੀ-ਕਿਹੜੀ ਪੁਸਤਕ ਸਾਹਿਤ ਦੀ ਝੋਲੀ ਪਾ ਚੁੱਕੇ ਹੋ?”
0- ”ਜੀ ਮੇਰੀ ਕਲਮ ਦਾ ਵਿਸ਼ਾ ਮੁੱਖ ਰੂਪ ‘ਚ ਦਰਦ ਹੀ ਰਿਹਾ ਹੈ, ਚਾਹੇ ਉਹ ਇਕ ਇਸਤ੍ਰੀ ਦਾ ਦਰਦ ਹੋਵੇ : ਸਮਾਜ ਦਾ ਜਾਂ ਪਸ਼ੂ ਪੰਛੀਆਂ ਦਾ ਹੋਵੇ। ”ਇਕ ਦਰਦ”, ”ਦਰਦ ਕੀ ਮਹਿਕ”, ”ਖ਼ਾਮੋਸ਼ ਚੀਖੇਂ” (ਹਿੰਦੀ), ”ਖਾਮੋਸ਼ ਚੀਕਾਂ” (ਪੰਜਾਬੀ), ”ਬਦਮਾਸ਼ ਔਰਤੇਂ” (ਹਿੰਦੀ), ”ਬਦਮਾਸ਼ ਔਰਤਾਂ” (ਪੰਜਾਬੀ), ”ਦੀਵਾਰੋਂ ਕੇ ਪੀਛੇ ਕੀ ਔਰਤ”, ”ਚੁੰਨਿਯੋੰ ਮੇਂ ਲਿਪਟਾ ਦਰਦ” ਨਾਮੀ ਮੇਰੀਆਂ 7 ਪੁਸਤਕਾਂ ਆ ਚੁਕੀਆਂ ਹਨ। ਸਾਰੇ ਹੀ ਕਾਵਿ-ਸੰਗ੍ਰਹਿ ਨੇ। ‘ਮਾਂ ਕੀ ਪੁਕਾਰ’ ਅਤੇ ”ਅਵਗੁਨਠਨ ਕੀ ਓਟ ਮੇਂ ਸਾਤ ਬਹਨੇ” ਨਾਮੀ ਦੋ ਪੁਸਤਕਾਂ ਦਾ ਮੈਂ ਸੰਪਾਦਨ ਵੀ ਕੀਤਾ ਹੈ। ਇਸ ਤੋਂ ਇਲਾਵਾ ਮੈਂ ਕਈ ਪਤ੍ਰਿਕਾਵਾਂ ਦਾ ਅਤਿਥੀ ਸੰਪਾਦਨ ਵੀ ਕਰ ਚੁੱਕੀ ਹਾਂ। ਇੱਥੇ ਹੀ ਬਸ ਨਹੀ, ਰੇਡੀਓ ਅਤੇ ਦੂਰਦਰਸ਼ਨ ਤੇ ਕਈ ਵੇਰਾਂ ਪ੍ਰੋਗਰਾਮ ਅਤੇ ਇੰਟਰਵਿਊ ਵੀ ਹੋ ਚੁੱਕੇ ਨੇ ਮੇਰੇ।”
?- ”ਹੁਣ ਤੱਕ ਕਿਹੜੀ ਕਿਹੜੀ ਸੰਸਥਾ ਤੁਹਾਨੂੰ ਸਨਮਾਨਿਤ ਕਰ ਚੁੱਕੀ ਹੈ?”
0- ”ਕੇਂਦਰੀ ਹਿੰਦੀ ਨਿਦੇਸ਼ਾਲਯ ਨੇ ਮੇਰੇ ਕਾਵਿ-ਸੰਗ੍ਰਹਿ ‘ਦਰਦ ਕੀ ਮਹਿਕ’ ਨੂੰ ਇਕ ਲੱਖ ਰੁਪਏ ਦਾ ਪੁਰਸਕਾਰ ਦੇ ਕੇ ਮੇਰੀ ਕਲਮ ਨੂੰ ਮਾਣ ਦਿੱਤਾ ਹੈ। ਇਸ ਤੋਂ ਇਲਾਵਾ ਪੁਰਵੋਤੱਰ ਹਿੰਦੀ ਸਾਹਿਤ ਅਕਾਦਮੀ ਵਲੋਂ 2008 ‘ਚ ‘ਮਹਾਰਾਜਾ ਕ੍ਰਿਸ਼ਨ ਜੈਨ ਸਮ੍ਰਿਤਿ’ ਪੁਰਾਸਕਾਰ, ਵਿਕ੍ਰਮਸ਼ੀਲਾ ਹਿੰਦੀ ਵਿਦਿਆਪੀਠ ਵਲੋਂ, ‘ਵਿੱਦਿਆ ਵਾਚਸਪਤੀ’ ਸਨਮਾਨ, ਆਗਮਨ ਸਾਹਿਤਕ ਸੰਸਥਾ ਵੱਲੋਂ ‘ਅੰਮ੍ਰਿਤਾ ਪ੍ਰੀਤਮ’ ਸਨਮਾਨ, ਮਹਾਤਮਾ ਫੁਲੇ ਪ੍ਰਤਿਭਾ ਅਕਾਦਮੀ ਵਲੋਂ ‘ਅੰਮ੍ਰਿਤਾ ਪ੍ਰੀਤਮ ਲਿਟਰੇਰੀ ਐਵਾਰਡ’, ਰਾਂਚੀ ਦੀ ‘ਸਪੇਨੀਨ ਸੰਸਥਾ ਵਲੋਂ ‘ਸਪੇਨੀਨ ਸਾਹਿਤ ਗੌਰਵ ਸਨਮਾਨ’, ਰਾਸ਼ਟਰੀ ਰਾਜਭਾਸ਼ਾ ਪੀਠ ਇਲਾਹਾਬਾਦ ਵਲੋਂ ‘ਭਾਰਤੀ ਭੂਸ਼ਣ ਸਨਮਾਨ’, ਬਾਬੁਜੀ ਕਾ ਭਾਰਤ ਮਿਤ੍ਰ ਵਲੋਂ ‘ਦਮਯੰਤੀ ਯਾਦਵ ਸਮ੍ਰਿਤਿ ਪੁਰਸਕਾਰ’ ਆਦਿ ਬਹੁਤ ਸਾਰੇ ਸਨਮਾਨ ਮਿਲ ਚੁੱਕੇ ਹਨ। ।”
?- ”ਹਰਕੀਰਤ ਜੀ ਤੁਹਾਡਾ ਜਨਮ ਸਥਾਨ ਅਤੇ ਮਾਤਾ ਪਿਤਾ ਦਾ ਨਾਂ ਜਾਨਣਾ ਚਾਹਾਂਗਾ, ਦੱਸੋਂਗੇ?”
0- ”ਜੀ, ਮੇਰਾ ਜਨਮ ਅਸਾਮ ਦੇ ਤਿਨਸੁੱਕਿਆ ਜਿਲੇ ਦਾ ਹੈ। ਮਾਤਾ ਜੀ ਦਾ ਨਾਂ ਬੀਬੀ ਚੰਨਣ ਕੌਰ ਅਤੇ ਪਿਤਾ ਜੀ ਦਾ ਨਾਂ ਸ੍ਰ. ਗੁੱਜਰ ਸਿੰਘ ਫੁੱਲ ਹੈ। ਮੈਂ ਬੜੀ ਖੁਸ਼ਕਿਸਮਤ ਹਾਂ ਕਿ ਮੇਰੇ ਪਿਤਾ ਜੀ ਦੀ ਉਮਰ ਇਸ ਵਕਤ 94 ਵਰੇ ਅਤੇ ਮਾਤਾ ਜੀ ਦੀ ਉਮਰ 90 ਵਰੇ ਹੈ।”
?- ”ਬੜੀ ਅਜ਼ੀਬ ਤੇ ਹੈਰਾਨੀ ਵਾਲੀ ਗੱਲ ਹੈ ਕਿ ਤੁਸੀਂ ਅਸਾਮ ਵਿੱਚ ਜਨਮ ਲੈ ਕੇ ਵੀ ਗੁਰਮੁਖੀ ਸਿੱਖੀ ਅਤੇ ਗੁਰਮੁਖੀ ਵਿੱਚ ਲਿਖਿਆ ਵੀ। ਇਹ ਕਿਵੇਂ?”
0- ”ਪੜਨ ਦਾ ਸ਼ੌਂਕ ਸਭ ਕੁਝ ਸਿਖਾ ਦਿੰਦਾ ਹੈ ਜੀ। ਮੇਰੇ ਪਿਤਾ ਜੀ ਪੰਜਾਬੀ ਦੇ ਨਾਵਲ ਬੜੇ ਪੜਦੇ ਸਨ। ਉਹਨਾਂ ਨਾਵਲਾਂ ਨੂੰ ਪੜਨ ਦੇ ਸ਼ੌਕ ਕਾਰਨ ਹੀ ਅਸੀਂ ਪਿਤਾ ਜੀ ਤੋਂ ਗੁਰਮੁਖੀ ਦਾ ਗਿਆਨ ਲਿਆ।”
?- ”ਉਹ ਕਿਹੜੀਆਂ ਸ਼ਖਸ਼ੀਅਤਾਂ ਹਨ ਜਿਹਨਾਂ ਨੇ ਤੁਹਾਡੇ ਇੱਥੇ ਤੱਕ ਦੇ ਸਫ਼ਰ ‘ਚ ਸਾਥ ਦਿੱਤਾ?”
0- ”ਸਭਤੋਂ ਪਹਿਲਾਂ ਤਾਂ ਅੰਮ੍ਰਿਤਾ ਪ੍ਰੀਤਮ ਜੀ ਦਾ ਹੀ ਨਾਂ ਹੀ ਲਵਾਂਗੀ। ਇਮਰੋਜ਼ ਜੀ ਨੇ ਵੀ ਮੇਰੀ ਬਹੁਤ ਹੌਸਲਾ ਅਫ਼ਜ਼ਾਈ ਕੀਤੀ। ਉਹਨਾਂ ਨੇ ਮੈਨੂੰ, ”ਦੂਸਰੀ ਅੰਮ੍ਰਿਤਾ” ਕਿਹਾ ਅਤੇ ਉਹਨਾਂ ਦੇ ਕਈ ਵਰਿਆਂ ਤੀਕ ਖ਼ਤ ਆਂਉਂਦੇ ਰਹੇ। ਉਹ ਨਜ਼ਮ ਵਿੱਚ ਹੀ ਸਵਾਲ ਕਰਦੇ ਅਤੇ ਮੈਂ ਨਜ਼ਮ ਵਿੱਚ ਹੀ ਉਸਦਾ ਜਵਾਬ ਦਿੰਦੀ। ਉਹ ਪੱਲ ਬਹੁਤ ਹੀ ਪਿਆਰੇ ਹੁੰਦੇ ਸਨ। ਫਿਰ, ਉਹ ਦਿੱਲੀ ਤੋਂ ਮੁੰਬਈ ਚਲੇ ਗਏ ਅਤੇ ਖ਼ਤ ਵੀ ਬੰਦ ਹੋ ਗਏ। ਪਰ, ਓਹਨਾਂ ਦੀ ਇਕ ਗੱਲ ਮੈਨੂੰ ਹਮੇਸ਼ਾ ਮਾਣ ਦੇਂਦੀ ਹੈ, ਮੈਂ ਪਹਿਲਾਂ ਆਪਣਾ ਤੁਖੱਲੂਸ ਹਰਕੀਰਤ ‘ਹਕੀਰ’ ਲਿਖਦੀ ਸਾਂ, ਇਮਰੋਜ਼ ਜੀ ਨੇ ਕਿਹਾ ਕਿ ਕੋਈ ਵੀ ਲੇਖਕ ਕਦੇ ‘ਹਕੀਰ’ ਨਹੀਂ ਹੁੰਦਾ, ਤੂੰ ਤੇ ਹੀਰ ਹੈਂ ਹੀਰ : ਤੂੰ ਆਪਣਾ ਤੁਖੱਲੂਸ ‘ਹੀਰ’ ਲਿਖਿਆ ਕਰ। ਬਸ ਇਹ ‘ਹਕੀਰ’ ਉਸ ਦਿਨ ਤੋਂ ਹੀ, ‘ਹੀਰ’ ਹੋ ਗਈ। ਬਾਕੀ ਮੇਰੇ ਦੋਸਤਾਂ-ਮਿਤਰਾਂ ਨੇ ਅਤੇ ਪਾਠਕਾਂ ਨੇ ਬਹੁਤ ਮਾਣ- ਸਨਮਾਨ ਅਤੇ ਸਹਿਯੋਗ ਦਿੱਤਾ। ਮੈਂ ਉਹਨਾਂ ਸਾਰਿਆਂ ਦੀ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਜਿਹਨਾਂ ਨੇ ਮੈਨੂੰ ਏਥੇ ਤੀਕ ਪਹੁੰਚਾਇਆ।”
?- ”ਅੱਛਾ, ਹਰਕੀਰਤ ਜੀ ਜੋ ਅੱਜ ਦਿਨ ਸਾਹਿਤਕ ਅਤੇ ਸੱਭਿਆਚਾਰਕ ਖੇਤਰ ਵਿੱਚ ਅਸ਼ਲੀਲਤਾ ਵੱਧ ਰਹੀ ਹੈ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ?”
0- ਮੰਦ-ਭਾਗੀ ਗੱਲ ਹੈ ਜੀ। ਸਾਨੂੰ ਆਪਣੀ ਸੱਭਿਅਤਾ ਅਤੇ ਸੰਸਕਾਰ ਨਹੀਂ ਭੁਲਾਉਣੇ ਚਾਹੀਦੇ। ਇਹਨਾਂ ਸੰਸਕਾਰਾਂ ਨਾਲ ਹੀ ਭਾਰਤ ਦੁਨੀਆਂ ਵਿੱਚ ਜਾਣਿਆਂ ਜਾਂਦਾ ਹੈ। ਇਹਨਾਂ ਸੰਸਕਾਰਾਂ ਨਾਲ ਹੀ ਸਾਡਾ ਮਾਣ ਹੈ। ਅਸ਼ਲੀਲ ਲੇਖਣੀ, ਅਸ਼ਲੀਲ ਸਭਿਆਚਾਰ ਸਾਡੇ ਹੀ ਚਰਿੱਤਰ ਨੂੰ ਦਰਸਾਉਂਦਾ ਹੈ। ਸੁਚੱਜੀ ਲੇਖਣੀ, ਸੁਚੱਜਾ ਸੱਭਿਆਚਾਰ ਸਾਨੂੰ ਮਾਣ-ਸਨਮਾਨ ਅਤੇ ਅਤੇ ਪ੍ਰਤਿਸ਼ਠਾ ਦਿਵਾਉਂਦਾ ਹੈ।”
ਸਾਹਿਤਕ ਖੇਤਰ ਵਿਚ ਧਰੂ ਤਾਰੇ ਦੀ ਨਿਆਈਂ ਚਮਕਦੀ-ਦਮਕਦੀ ਹਰਕੀਰਤ ਹੀਰ ਜਿਹੀ ਕਲਮ, ਜੋ ਅਸਾਮ ਦੀ ਜੰਮਪਲ ਹੋ ਕੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਅੰਤਾਂ ਦਾ ਮੋਹ ਪਾਲ ਰਹੀ ਹੈ, ਉਤੇ ਜਿੰਨਾ ਵੀ ਮਾਣ ਕੀਤਾ ਜਾਵੇ। ਰੱਬ ਕਰੇ ਹਰਕੀਰਤ ਦੀ ਝੋਲ਼ੀ ਹੋਰ ਵੀ ਵੱਡੇ-ਵੱਡੇ ਪੁਰਸਕਾਰਾਂ ਅਤੇ ਐਵਾਰਡਾਂ ਨਾਲ ਨੱਕੋ-ਨੱਕ ਭਰ ਜਾਵੇ !
-ਪ੍ਰੀਤਮ ਲੁਧਿਆਣਵੀ, ਚੰਡੀਗੜ, 9876428641
ਸੰਪਰਕ : ਹਰਕੀਰਤ ਹੀਰ, 18 ਇਸਟ ਲੇਨ, ਸੁੰਦਰਪੁਰ, ਗੁਵਾਹਾਟੀ , (ਅਸਾਮ), 8638761826