ਪੰਜਾਬੀ ਤੇ ਹਿੰਦੀ ਸਾਹਿਤ ਦੀ ਪੁਜਾਰਨ : ਪੁਨੀਤ ਗੋਇਲ

          ਪਟਿਆਲਾ ਦੀ ਰਹਿਣ ਵਾਲੀ ਪੁਨੀਤ ਗੋਇਲ, ‘ਸਨ ਫਲਾਵਰ ਸਕੂਲ ਤੋਂ ਲੈਕੇ, ‘ਵੁਮੈਨ ਕਾਲਜ਼ ਪਟਿਆਲਾ’ ਤੋਂ ਬੀ. ਏ. ਕਰਨ ਦੌਰਾਨ ਵੀ ਲਿਖਦੀ ਰਹੀ ਹੈ। ਪਰ, ਉਸ ਨੂੰ ਕਿਸੇ ਨੇ ਵੀ ਜਦ ਰਸਤਾ ਨਾ ਦਿਖਾਇਆ ਤਾਂ ਉਹ ਲਿਖ-ਲਿਖ ਕੇ ਖ਼ੁਦ ਪੜ ਕੇ ਅਤੇ ਸਹੇਲੀਆਂ ਨੂੰ ਪੜਾਂ ਕੇ ਖ਼ੁਦ ਹੀ ਆਪਣੀਆਂ ਲਿਖਤਾਂ ਨੂੰ ਪਾੜ ਦਿੰਦੀ ਰਹੀ। ਮੁਲਾਕਾਤ ਦੌਰਾਨ ਉਸ ਕਿਹਾ, ”ਅੱਜ ਤੋਂ ਤਿੰਨ ਕੁ ਸਾਲ ਪਹਿਲਾਂ ਮੈਨੂੰ ਮੇਰੇ ਪਿਤਾ ਜੀ ਨੇ ਸਾਹਿਤ ਦੀ ਨਾਮਵਰ ਸਖ਼ਸ਼ੀਅਤ ਸ੍ਰੀ ਸਾਗਰ ਸੂਦ ਜੀ ਨਾਲ ਮਿਲਵਾਇਆ। ਉਨਾਂ ਨੂੰ ਰਚਨਾਵਾਂ ਦਿਖਾਈਆਂ ਤਾਂ ਉਨਾ ਨੇ ਮੈਨੂੰ ਮਾਰਗ-ਦਰਸ਼ਕ ਵਜੋਂ ਨਵੀਂ ਕਲਮੀ-ਰਾਹ ਦਿਖਾਈ। ਇਸ ਕਾਰਜ ਵਿੱਚ ਮੇਰੇ ਜੀਵਨ-ਸਾਥੀ ਨੇ ਵੀ ਮੇਰੀ ਕਲਮ ਦੀ ਪਰਖ਼ ਕਰਦਿਆਂ ਮੈਨੂੰ ਭਰਪੂਰ ਸਾਥ ਦਿੱਤਾ ਅਤੇ ਮੈਡਮ ਜਸਪ੍ਰੀਤ ਕੌਰ ਪ੍ਰੀਤ ਜੀ ਨੇ ਵੀ ਮੈਨੂੰ ਅੱਗੇ ਵਧਣ ਲਈ ਖ਼ੂਬ ਉਤਸ਼ਾਹਿਤ ਕੀਤਾ। ਬਸ ਚਾਰੇ ਪਾਸਿਓਂ ਮਿਲ ਰਹੀ ਹੱਲਾ-ਸ਼ੇਰੀ ਦੇ ਖੰਭਾਂ ਉਤੇ ਮੈਂ ਐਸੀਆਂ ਉਡਾਰੀਆਂ ਮਾਰਨ ਲੱਗੀ ਕਿ ਮੇਰੀ ਕਲਮ ਨੂੰ ਜਾਣੋ ਮੇਰੇ ਤੋਂ ਵੀ ਵੱਧ ਚਾਅ ਚੜਦਾ ਗਿਆ, ਅੱਗੇ-ਤੋਂ-ਅੱਗੇ ਵਧਣ ਲਈ।”

          ਪਟਿਆਲਾ ਦੇ ‘ਸਤਿਆ ਜੋਤੀ ਸਕੂਲ’ ਅਤੇ ‘ਵੁੱਡ ਸਟੋਕ ਸਕੂਲ’ ਵਿੱਚ ਅਧਿਆਪਕਾ ਰਹਿ ਚੁੱਕੀ ਪੁਨੀਤ ਐਸੀ ਖੁਸ਼ਕਿਸਮਤ ਕਵਿੱਤਰੀ ਹੈ, ਜਿਸ ਨੂੰ ਹਿੰਦੀ ਤੇ ਪੰਜਾਬੀ ਦੀ ਕਵਿਤਾ ਰਚਣ ਦੀ ਬਰਾਬਰ ਦੀ ਮੁਹਾਰਿਤ ਹਾਸਲ ਹੈ। ਪੁਨੀਤ ਦੱਸਦੀ ਹੈ ਕਿ ਉਹ ਜਿੱਥੇ ਇੱਕ ਹਿੰਦੀ ਦੀ ਮੌਲਿਕ ਕਿਤਾਬ, ‘ਇਹਸਾਸ’ ਸਾਹਿਤ-ਜਗਤ ਨੂੰ ਦੇ ਚੁੱਕੀ ਹੈ, ਉਥੇ ‘ਨਵੇਂ ਰਸਤੇ ਨਵੀਆਂ ਮੰਜ਼ਿਲਾਂ’, ‘ਸੁਪਨਿਆਂ ਤੋਂ ਹਕੀਕਤ ਤੱਕ’, ‘ਆਪਣੀ ਜ਼ਮੀਨ ਅਪਣਾ ਆਸਮਾਨ’ ਆਦਿ ਸਾਂਝੀਆਂ ਪੁਸਤਕਾਂ ਵਿਚ ਵੀ ਕਲਮੀ ਹਾਜ਼ਰੀਆਂ ਭਰ ਚੁੱਕੀ ਹੈ। ਇਸੇ ਤਰਾਂ, ‘ਸਾਹਿਤ ਕਲਸ਼ ਮੈਗਜ਼ੀਨ’ ਤੋਂ ਇਲਾਵਾ ਦੂਜੇ ਸੂਬਿਆਂ ਦੀਆਂ, ‘ਨਰਮਦਾ ਪ੍ਰਕਾਸ਼ਨ ਲਖਨਊ’, ‘ਲਕਸ਼ ਭੇਦ ਪਬਲੀਕੇਸ਼ਨਜ਼’ ਅਤੇ ‘ਕ੍ਰਿਸ਼ਨ ਕਲਮ ਮੰਚ ਜੈਪੁਰ ਰਾਜਸਥਾਨ’ ਆਦਿ ਪੱਤ੍ਰਿਕਾਵਾਂ ਵਿਚ ਵੀ ਪੁਨੀਤ ਦੀਆਂ ਕਵਿਤਾਵਾਂ ਛਪਦੀਆਂ ਆ ਰਹੀਆਂ ਹਨ। ਕਵਿੱਤਰੀ ਦੇ ਲਿਖਣ ਦਾ ਅੰਦਾਜ ਦੇਖੋ-

”ਹੁਣ ਕੌਣ ਚਲਾਵੇ ਚੱਕੀ,

ਤੇ ਹੁਣ ਕੌਣ ਭੁਨਾਵੇ ਮੱਕੀ।

ਕੋਈ ਨਹੀਂ ਕਿਸੇ ਦਾ,

ਮੈਂ ਵੇਖਾਂ ਹੱਕੀ-ਬੱਕੀ।

ਨਾ ਗਲੀਆਂ ਵਿੱਚ ਖੇਡਣ ਬਾਲ,

ਡਿਉਢੀ ਵੀ ਹੋ ਗਈ ਪੱਕੀ।

ਕਿੱਥੇ ਗਏ ਉਹ ਖੇਡ ਪੁਰਾਣੇ?

ਨਵੇਂ ਸਮੇਂ ਨੇ ਤਾਂ ਅੱਤ ਹੈ ਚੁੱਕੀ।

ਨਾ ਮਾਣ, ਨਾ ਸਨਮਾਨ ਰਿਹਾ,

ਸ਼ਰਮ ਤਾਂ ਸਭ ਨੇ ਲਾਹ ਸੁੱਟੀ।

ਇੱਜ਼ਤਾਂ ਨੂੰ ਰੋਲਦੇ ਕੀ ਧੀਆਂ ਤੇ ਕੀ ਪੁੱਤ,

ਮਾਂ ਬਾਪ ਦੀ ਕਦਰ ਤਾਂ ਦਿਲੋਂ ਮੁੱਕੀ।

ਹਰ ਕੋਈ ਕਹੇ ਮੈਂ ਸਿਆਣਾ,

ਪੁਰਾਣਾ ਸਮਾਂ ਅੰਦਰੋਂ ਅੰਦਰ ਜਾਵੇ ਸੁੱਕੀ।

ਹੁਣ ਵੀ ਸਮਾਂ ਹੈ ਸੰਭਾਲ ਲਓ ਵਿਰਾਸਤ,

ਸਭ ਕੁਝ ਠੀਕ ਹੋ ਜਾਣਾ, ‘ਪੁਨੀਤ’,

ਜੇ ਪੰਜ ਉਂਗਲਾਂ ਵਾਂਗ ਰਲ ਕੇ,

ਅਸੀਂ ਬਣਾ ਲਈਏ ਮੁੱਠੀ।”

          ਰੱਬ ਕਰੇ !  ਕਲ-ਕਲ ਵਗਦੇ ਪਹਾੜੀ ਝਰਨੇ ਵਾਂਗ ਵਗਦੀ ਪੁਨੀਤ ਗੋਇਲ ਦੀ ਸ਼ਾਨਦਾਰ ਤੇ ਜਾਨਦਾਰ ਕਲਮ ਨਿਰੰਤਰ ਵਗਦੀ ਸਾਹਿਤ ਪ੍ਰੇਮੀਆਂ ਦੇ ਹਿਰਦਿਆਂ ਨੂੰ ਠੰਡਕ ਵਰਤਾਉਂਦੀ ਮੰਜ਼ਲਾਂ ਸਰ ਕਰਦੀ ਰਵੇ ! 

          -ਪ੍ਰੀਤਮ ਲੁਧਿਆਣਵੀ, (ਚੰਡੀਗੜ), 9876428641 

ਸੰਪਰਕ : ਪੁਨੀਤ ਗੋਇਲ, ਪਟਿਆਲਾ, 9780161152

Leave a Reply

Your email address will not be published. Required fields are marked *