ਨੇਕੀ ਕਰ ਤੇ ਜੇਲ ਵਿਚ ਜਾ-ਸਤਨਾਮ ਸਿੰਘ ਚਾਹਲ
ਨੇਕੀ ਕਰ ਤੇ ਖੂਹ ਵਿਚ ਸੁਟ ? ਇਹ ਮੁਹਾਵਰਾ ਤਾਂ ਤੁਸੀਂ ਕਈ ਵਾਰ ਸੁਣਿਆ ਹੋਣਾ ਹੈ ਪਰ ਨੇਕੀ ਕਰ ਤੇ ਜੇਲ ਵਿਚ ਜਾ ਵਾਲਾ ਮੁਹਾਵਰਾ ਕੁਝ ਨਵਾਂ ਹੈ।ਇਹ ਮੇਰੇ ਨਾਲ ਬੀਤੀ ਇਕ ਘਟਨਾ ਨਾਲ ਸਬੰਧਤ ਹੈ ਜਿਹੜੀ ਘਟਨਾ ਅਜ ਤੋਂ ਬਾਈ ਸਾਲ ਬਾਆਦ ਵੀ ਮੈਨੂੰ ਨਹੀਂ ਭੁਲਦੀ।ਗਲ ਕੁਝ ਇਸ ਤਰਾਂ ਸੀ।ਇਹ ਗਲ ਸਾਲ ੧੯੯੭ ਦੀ ਹੈ।ਮੈਂ ਚੰਡੀਗੜ ਤੋਂ ਕਾਰ ਰਾਹੀਂ ਜਲੰਧਰ ਵੱਲ ਨੂੰ ਆ ਰਿਹਾ ਸਾਂ।ਜਦ ਮੈਂ ਨਵਾਂ ਸ਼ਹਿਰ ਰੇਲਵੇ ਫਾਟਕ ਕੋਲ ਪਹੁੰਚਾ ਤਾਂ ਉਥੇ ਲੋਕਾਂ ਦੀ ਇਕੱਠੀ ਹੋਈ ਭੀੜ ਇਕ ਐਕਸੀਡੈਂਟ ਦਾ ਸ਼ਿਕਾਰ ਹੋਏ ਨੌਜਵਾਨ ਮੁੰਡੇ ਦੇ ਆਸ ਪਾਸ ਖੜੀ ਸੀ।ਇਸ ਭੀੜ ਨੂੰ ਵੇਖ ਕੇ ਮੈਂ ਵੀ ਆਪਣੀ ਗੱਡੀ ਇਕ ਪਾਸੇ ਲਾ ਲਈ।ਭੀੜ ਵਿਚੋਂ ਕੁਝ ਬੰਦੇ ਮੈਨੂੰ ਕਹਿਣ ਲਗੇ ਕਿ ਭਾਜੀ ਤੁਸੀਂ ਇਸ ਨੌਜਵਾਨ ਨੂੰ ਸਿਵਲ ਹਸਪਤਾਲ ਪਹੁੰਚਾ ਦਿਉ।ਉਸ ਮੁੰਡੇ ਦੇ ਖੂਨ ਵੱਗ ਰਿਹਾ ਸੀ ਪਰ ਮੈਂ ਆਪਣੀ ਨਵੀਂ ਗੱਡੀ ਦੇ ਖੂਨ ਨਾਲ ਖਰਾਬ ਹੋਣ ਦੀ ਪਰਵਾਹ ਨਾ ਕਰਦੇ ਹੋਏ ਵੀ ਜਖਮੀ ਨੌਜਵਾਨ ਨੂੰ ਕਾਰ ਦੀ ਪਿਛਲੀ ਸੀਟ ਤੇ ਪਾ ਲਿਆ।ਮੇਰੀ ਕਾਰ ਦੀ ਪਿਛਲੀ ਸੀਟ ਖੂਨ ਨਾਲ ਲੱਥ ਪੱਥ ਹੋ ਚੁਕੀ ਸੀ।ਮੈਂ ਉਸ ਜਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਲੈ ਕੇ ਪਹੁੰਚ ਕੇ ਜਦ ਉਸ ਨੂੰ ਡਾਕਟਰਾਂ ਦੇ ਹਵਾਲੇ ਕਰਕੇ ਜਾਣ ਲੱਗਾ ਤਾਂ ਮੈਂ ਉਸਨੂੰ ਆਪਣੀ ਜੇਬ ਵਿਚੋਂ ਪੰਜ ਸੌ ਰੂਪਏ ਕੱਢ ਕੇ ਜਦ ਦਿਤੇ ਤਾਂ ਉਹ ਜਖਮੀ ਨੌਜਵਾਨ ਨੇ ਮੇਰੇ ਇਹਨਾਂ ਪੈਸਿਆਂ ਨੂੰ ਫੜਨ ਤੋਂ ਇਹ ਕਹਿਣ ਤੇ ਇਨਕਾਰ ਕਰ ਦਿਤਾ ਕਿ ਮੇਰੇ ਇਸ ਇਲਾਜ ਤੇ ਤਾਂ ਲੱਖਾਂ ਰੂਪੈ ਖਰਚ ਹੋਣੇ ਹਨ।ਇਸ ਲਈ ਘਟ ਤੋਂ ਘਟ ਪੰਜ ਲੱਖ ਰੂਪਏ ਦਿਉ।ਮਂੈ ਉਸਦੇ ਮਨ ਦੀ ਗਲ ਸਮਝ ਕੇ ਆਪਣੀ ਗੱਡੀ ਨੂੰ ਜਲੰਧਰ ਵੱਲ ਨੂੰ ਮੋੜ ਲਿਆ।ਲੇਕਿਨ ਮਨ ਵਿਚ ਇਹ ਡਰ ਜਰੂਰ ਬਣਿਆ ਰਿਹਾ ਕਿ ਇਹ ਜਖਮੀ ਮੁੰਡਾ ਮੇਰੇ ਲਈ ਕੋਈ ਮੁਸੀਬਤ ਬਣੇਗਾ।ਠੀਕ ਉਸੇ ਤਰਾਂ ਹੋਇਆ।ਅਗਲੇ ਦਿਨ ਥਾਣਾ ਬੰਗਾ ਤੋਂ ਐਸ.ਐਚ.ਉ ਦਾ ਫੋਨ ਆ ਗਿਆ ਤੇ ਉਹਨਾਂ ਦਸਿਆ ਕਿ ਮੇਰੇ ਵਿਰੁਧ ਇਕ ਸ਼ਿਕਾਇਤ ਆਈ ਹੈ ਕਿ ਮੈਂ ਕਿਸੇ ਨੌਜਵਾਨ ਵਿਚ ਆਪਣੀ ਗੱਡੀ ਮਾਰ ਕੇ ਭੱੱਜਿਆ ਹਾਂ ਇਸ ਲਈ ਕਿਸੇ ਵੇਲੇ ਥਾਣੇ ਆ ਕੇ ਆਪਣੇ ਬਿਆਨ ਦਰਜ ਕਰਵਾ ਜਾਉ।ਉਸ ਵੇਲੇ ਉਥੇ ਸ: ਸੁਰਿੰਦਰ ਸਿੰਘ ਸੋਢੀ ਐਸ.ਐਸ.ਪੀ ਸਨ ਤੇ ਗੁਰਪਰੀਤ ਸਿੰਘ ਤੂਰ (ਹੁਣ ਡੀ.ਆਈ.ਜੀ) ਐਸ.ਪੀ.(ਡੀ) ਸਨ।ਇਹ ਦੋਨੋਂ ਅਫਸਰ ਮੇਰੇ ਚੰਗੇ ਜਾਣਕਾਰ ਸਨ ਇਸ ਲਈ ਮੈਨੂੰ ਇਸ ਗਲ ਦਾ ਭਰੋਸਾ ਸੀ ਮੇਰੇ ਨਾਲ ਜਿਆਦਤੀ ਨਹੀਂ ਹੋਵੇਗੀ।ਉਧਰ ਉਸ ਮੁੰਡੇ ਦੇ ਨਾਲ ਕੁਝ ਕਾਮਰੇਡ ਵੀਰ ਹਰ ਰੋਜ ਥਾਣੇ ਆ ਕੇ ਮੰਗ ਕਰਦੇ ਸਨ ਕਿ ਮੈਂ ਨੌਜਵਾਨ ਜਖਮੀ ਮੁੰਡੇ ਨੂੰ ਮੁਆਵਜੇ ਵਜੋਂ ਘਰ ਬਣਾ ਕੇ ਦੇਵਾਂ ਕਿਉਂਕਿ ਉਹ ਬਹੁਤ ਗਰੀਬ ਆਦਮੀ ਹੈ॥ਅਖੀਰ ਦੁਖੀ ਹੋ ਕੇ ਇਕ ਦਿਨ ਮੈਨੂੰ ਸ: ਗੁਰਪਰੀਤ ਸਿੰਘ ਤੂਰ ਹੁਰਾਂ ਸੱਦ ਲਿਆ। ਉਹ ਮੈਨੂੰ ਕਹਿਣ ਲੱਗੇ ਕਿ ਚਲ ਯਾਰ ਕੁਝ ਥੋੜੇ ਬਹੁਤ ਪੈਸੇ ਦੇ ਕੇ ਗਲ ਨਿਬੇੜ ਦਿੰਦੇ ਹਾਂ।ਮੈਂ ਕਿਹਾ ਕਿ ਜਿਸ ਤਰਾਂ ਚੰਗਾ ਲਗਦਾ ਹੈ ਨਿਬੇੜ ਲਵੋ।ਉਹਨਾਂ ਉਸ ਵੇਲੇ ਡੀ.ਐਸ.ਪੀ ਦੇਹਲ ਸਹਿਬ(ਪੂਰਾ ਨਾਮ ਭੁਲ ਗਿਆ) ਦੇ ਜੁੰਮੇ ਇਹ ਕੰਮ ਲਾ ਦਿਤਾ ।ਦੂਸਰੇ ਦਿਨ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਸੱਦ ਲਿਆ ।ਮੈਂ ਵੀ ਆਪਣੀ ਕਹਾਣੀ ਦੱਸੀ ਤੇ ਉਹਨਾਂ ਕਾਮਰੇਡ ਵੀਰਾਂ ਨੇ ਵੀ ਦਸਿਆ ।ਤੇ ਮੌਕੇ ਦੇ ਗਵਾਹ ਵਜੋਂ ਕਹਿੰਦੇ ਰਹੇ ਕਿ ਇਹਨਾਂ ਨੇ ਹੀ ਉਸ ਮੁੰਡੇ ਵਿਚ ਗੱਡੀ ਮਾਰੀ ਹੈ ਇਸ ਲਈ ਉਸਨੂੰ ਇਸਦੇ ਮੁਆਵਜੇ ਵਜੋਂ ਇਕ ਘਰ ਬਣਾ ਕੇ ਦੇਵੇ।ਮੈਂ ਸਾਰਾ ਕੁਝ ਡੀ.ਐਸ.ਪੀ ਦੇਹਲ ਸਾਹਿਬ ਤੇ ਛਡ ਦਿਤਾ ਸੀ।ਅਖੀਰ ਜਦ ਉਹ ਕਾਮਰੇਡ ਨਾ ਹੀ ਮੰਨੇ ਤਾਂ ਉਹ ਉਥੇ ਬੈਠੇ ਸਬ ਇੰਸਪੈਕਟਰ ਨੂੰ ਕਹਿਣ ਲਗੇ ਕਿ ਚਾਹਲ ਸਹਿਬ ਦੀ ਗੱਡੀ ਅੰਦਰ ਬੰਦ ਕਰ ਦਿਉ ਤੇ ਕਾਮਰੇਡਾਂ ਨੂੰ ਕਹਿਣ ਲਗੇ ਕਿ ਹੁਣ ਤੁਸੀਂ ਕੋਰਟ ਵਿਚ ਜਾ ਕੇ ਆਪਣਾ ਮੁਕੱਦਮਾ ਲੜੋ ਉਥੇ ਜਾ ਕੇ ਭਾਵੇਂ ਕੋਠਾ ਬਣਾਉ ਭਾਵੇਂ ਕੋਠੀ।ਇਹ ਗੱਲ ਕਹਿ ਕਿ ਉਹ ਉਥੋਂ ਉਠ ਕੇ ਚਲੇ ਗਏ।ਕੁਝ ਹੀ ਮਿੰਟਾਂ ਵਿਚ ਇਹ ਸਾਰੇ ਕਾਮਰੇਡ ਢਿਲੇ ਪੈ ਗਏ ਤੇ ਵੀਹ ਹਜਾਰ ਰੂਪੈ ਦੀ ਮੰਗ ਕਰਨ ਲਗ ਪਏ।ਮੁੱਕਦੀ ਗਲ ਕਿ ਅੱਠ ਹਜਾਰ ਰੂਪੈ ਇਸ ਨੇਕ ਕੰਮ ਦਾ ਜੁਰਮਾਨਾ ਦੇ ਕੇ ਮੈਂ ਆਪਣੀ ਜਾਨ ਛੁਡਾਈ।ਅਜ ਵੀ ਜਦ ਇਸ ਫਾਟਕ ਦੇ ਕੋਲ ਮੈਂ ਪਹੁੰਚਦਾ ਹਾਂ ਤਾਂ ਮੈਨੂੰ ਇਹ ਸਾਰੀ ਕਹਾਣੀ ਇਕ ਫਿਲਮ ਦੀ ਰੀਲ ਵਾਂਗ ਮੇਰੇ ਦਿਮਾਗ ਵਿਚ ਘੁੰਮ ਜਾਂਦੀ ਹੈ