ਲੜਕੀ ਦੀ ਬਾਂਹ ਫੜਨੀ ਬਨਾਮ ਰੇਪ-ਸਤਨਾਮ ਸਿੰਘ ਚਾਹਲ

ਇਹ ਗਲ ਹੱਡ ਬੀਤੀ ਕਹਾਣੀ ਤੇ ਅਧਾਰਿਤ ਹੈ।ਇਹ ਉਸ ਸਮੇਂ ਦੀ ਗਲ ਹੈ ਜਦ ਮੈਂ ਚੌਥੀ ਜਮਾਤ ਵਿਚ ਪੜਿਆ ਕਰਦਾ ਸਾਂ।ਇਸ ਲਈ ਦੁਨੀਆਦਾਰੀ ਦੀਆਂ ਬਹੁਤ ਸਾਰੀਆਂ ਗਲਾਂ ਤੋਂ ਅਣਜਾਣ ਸਾਂ।ਉਸ ਵਕਤ ਮੇਰੇ ਦਾਦਾ ਜੀ ਸ: ਚੈਨ ਸਿੰਘ ਜੀ ਜਿਊਂਦੇ ਹੁੰਦੇ ਸਨ ਤੇ ਉਹ ਅਕਸਰ ਖੂਹ ਤੇ ਹੀ ਰਹਿੰਦੇ ਸਨ।ਮੈਂ ਆਪਣਾ ਸਕੂਲ ਖਤਮ ਕਰਕੇ ਉਹਨਾਂ ਦੇ ਕੋਲ ਚਲਾ ਜਾਇਆ ਕਰਦਾ ਸਾਂ ।ਇਹ ਮੇਰਾ ਹਰ ਰੋਜ ਦਾ ਕੰਮ ਹੁੰਦਾ ਸੀ ਕਿਉਂਕਿ ਬਾਪੂ ਜੀ ਦੀ ਰੋਟੀ ਵੀ ਲੈ ਕੇ ਜਾਣੀ ਪੈਂਦੀ ਸੀ।ਮੇਰੇ ਬਾਪੂ ਦੀ ਆਸ ਪਾਸ ਦੇ ਪਿੰਡਾਂ ਤੇ ਪਿੰਡ ਦੇ ਲੋਕਾਂ ਵਿਚ ਇਸ ਗਲ ਦੀ ਚਰਚਾ ਹਮੇਸ਼ਾਂ ਰਹਿੰਦੀ ਸੀ ਕਿ ਜੇਕਰ ਕਿਸੇ ਨਾਲ ਬੇਇਨਸਾਫੀ ਹੁੰਦੀ ਹੈ ਤਾਂ ਉਹ ਬਾਪੂ ਚੈਨ ਸਿੰਘ ਦੇ ਕੋਲ ਚਲਾ ਜਾਵੇ।ਇਸਦਾ ਪਿਛਲਾ ਇਤਿਹਾਸ ਪਤਾ ਨਹੀਂ ਕੀ ਸੀ।ਸਾਡਾ ਪਿੰਡ ਉਸ ਵਕਤ ਭਾਵੇਂ ਇਕ ਹੀ ਸੀ ਪਰ ਵਿਚਕਾਰ ਰਸਤਾ ਨਿਕਲਣ ਕਰਕੇ ਸਾਰਾ ਪਿੰਡ ਦੋ ਹਿਸਿਆਂ ਵਿਚ ਵੰਡਿਆ ਹੋਇਆ ਸੀ।ਇਸ ਲਈ ਇਕ ਹਿਸੇ ਨੂੰ ਜਲੋਵਾਲ ਕਹਿੰਦੇ ਸਨ ਤੇ ਦੂਸਰੇ ਹਿੱਸੇ ਨੂੰ ਮਾਧੋਪੁਰ ਕਹਿੰਦੇ ਸਨ।ਹੁਣ ਸ਼ਾਇਦ ਨਾਮ ਉਲਟੇ ਪੁਲਟੇ ਹੋ ਗਏ ਹਨ।ਇਕ ਦਿਨ ਜਦ ਮੈਂ ਪਿੰਡ ਤੋਂ ਆ ਕੇ ਬਾਪੂ ਜੀ ਕੋਲ ਪਹੁੰਚਿਆ ਤਾਂ ਉਹਨਾਂ ਕੋਲ ਦੋ ਕੁ ਨੌਜਵਾਨ ਤੇ ਇਕ ਸਿਆਣੀ ਉਮਰ ਦਾ ਮਰਦ ਬੈਠੇ ਆਪਣੀ ਕੋਈ ਦਰਦਨਾਕ ਕਹਾਣੀ ਸੁਣਾ ਰਹੇ ਸਨ।ਮੈਂ ਬਾਪੂ ਜੀ ਦੀ ਰੋਟੀ ਰਖ ਕੇ ਉਹਨਾਂ ਦੀਆਂ ਗੱਲਾਂ ਸੁਣਨ ਬੈਠ ਗਿਆ ਸਾਂ ਪਰ ਉਹ ਜਿਸ ਤਰਾਂ ਗੱਲਾਂ ਬਾਤਾਂ ਕਰ ਰਹੇ ਸਨ ਉਸ ਤੋਂ ਮੈਨੂੰ ਕਿਸੇ ਗੱਲ ਦੀ ਜਾਣਕਾਰੀ ਵੀ ਨਹੀਂ ਮਿਲ ਰਹੀ ਸੀ ਕਿ ਆਖਿਰ ਗਲਬਾਤ ਕਿਸ ਵਿਸ਼ੇ ਤੇ ਹੋ ਰਹੀ ਸੀ।ਮੁੱਕਦੀ ਗੱਲ ਕਿ ਮੇਰੇ ਪੱਲੇ ਇਸ ਗੱਲਬਾਤ ਬਾਰੇ ਕੁਝ ਨਹੀਂ ਪਿਆ ਤੇ ਨਾ ਹੀ ਬਾਪੂ ਜੀ ਮੈਨੂੰ ਕੁਝ ਦਸਣਾ ਚਾਹੁੰਦੇ ਸਨ।ਉਹਨਾਂ ਦੇ ਚਲੇ ਜਾਣ ਤੋਂ ਬਾਆਦ ਜਦ ਮੈਂ ਬਾਰ ਬਾਰ ਬਾਪੂ ਜੀ ਨੂੰ ਪੁਛਣੋ ਨਾ ਹਟਿਆ ਤਾਂ ਉਹ ਮੈਨੂੰ ਡਾਂਟ ਕੇ ਕਹਿਣ ਲਗੇ ਕਿ ਤੂੰ ਬੰਦੇ ਦਾ ਪੁਤ ਬਣਨਾ ਕਿ ਨਹੀਂ ? ਮੈਨੂੰ ਪਤਾ ਸੀ ਕਿ ਇਹ ਸਾਡੇ ਬਾਪੂ ਦਾ ਤਖੀਆ ਕਲਾਮ ਹੁੰਦਾ ਸੀ।ਅਖੀਰ ਬਾਪੂ ਜੀ ਨੇ ਇਹ ਗਲ ਮੈਨੂੰ ਦਸ ਤਾਂ ਦਿਤੀ ਪਰ ਗੱਲ ਫਿਰ ਵੀ ਮੇਰੇ ਸਮਝ ਵਿਚ ਨਾ ਆਈ।ਬਾਪੂ ਜੀ ਨੇ ਦਸਿਆ ਕਿ ਇਹਨਾਂ ਦੀ ਕੁੜੀ ਜਦ ਫਲਾਣਿਆਂ ਦੀ ਕਣਕ ਵਿਚ ਜੰਗਲ ਪਾਣੀ ਗਈ ਤਾਂ ਫਲਾਣਿਆਂ ਦੇ ਪਟਵਾਰੀ ਮੁੰਡੇ ਨੇ ਉਸਦਾ ਹੱਥ ਫੜ ਲਿਆ।ਮੈਂ ਕਿ ਬਾਪੂ ਜੀ ਫਿਰ ਕੀ ਹੋਇਆ? ਉਹ ਮੈਨੂੰ ਡਾਂਟ ਕੇ ਕਹਿਣ ਲਗੇ ਜਾਹ ਨੱਠ ਜਾ ਆਪਣੀ ਮਾਂ ਕੋਲ ਉਸਨੂੰ ਜਾ ਕੇ ਪੁਛ ਲਈਂ ਕਿ ਕੁੜੀ ਦੀ ਬਾਂਹ ਫੜਨ ਦਾ ਮਤਲਬ ਕੀ ਹੁੰਦਾ ਹੈ।ਅਜੇ ਮੈਂ ਪਿੰਡ ਨੂੰ ਜਾਣ ਲਈ ਤਿਆਰ ਹੀ ਹੋ ਰਿਹਾ ਸਾਂ ਕਿ ਬਾਪੂ ਜੀ ਨੇ ਮੇਰੀ ਮਾਂ ਦੇ ਨਾਮ ਮੈਨੂੰ ਇਕ ਸੁਨੇਹਾ ਦੇ ਦਿਤਾ ਕਿ ਕੱਲ ਨੂੰ ਦੱਸ ਬਾਰਾਂ ਬੰਦਿਆਂ ਦੀ ਰੋਟੀ ਤੇ ਚਾਹ ਇਸੇ ਵੇਲੇ ਲੈ ਕੇ ਆਉਣੀ ਹੈ ਤੇ ਆਪਣੀ ਮਾਂ ਨੂੰ ਕਹੀਂ ਕਿ ਉਹ ਆਪ ਇਹ ਸਭ ਕੁਝ ਲੈ ਕੇ ਆਵੇ ਕਿਉਕਿ ਕੱਲ ਨੂੰ ਕੁਝ ਆਦਮੀ ਸਲਾਹ ਮਸ਼ਵਰੇ ਲਈ ਬੁਲਾਏ ਹਨ।ਘਰ ਜਾ ਕੇ ਮੈਂ ਆਪਣੀ ਮਾਂ ਨੂੰ ਪੁਛਿਆਂ ਕਿ ਕੁੜੀ ਦੀ ਬਾਂਹ ਫੜਨ ਦਾ ਮਤਲਬ ਕੀ ਹੁੰਦਾ ਹੈ।ਉਸਨੇ ਇਸ ਬਾਰੇ ਪਹਿਲਾਂ ਸਾਰਾ ਕੁਝ ਮੈਨੂੰ ਪੁਛਿਆ ਕਿ ਇਹ ਸਭ ਕੁਝ ਮੈਂ ਕਿਥੋਂ ਸਿਖ ਕੇ ਆਇਆ ਹਾਂ।ਮੈਂ ਵੀ ਦਸ ਦਿਤਾ ਕਿ ਬਾਪੂ ਜੀ ਗਲਾਂ ਕਰਦੇ ਸਨ।ਤੇ ਨਾਲ ਹੀ ਬਾਪੂ ਜੀ ਦਾ ਸੁਨੇਹਾ ਮੈਂ ਆਪਣੀ ਮਾਂ ਨੂੰ ਦੇ ਦਿਤਾ।ਦੂਸਰੇ ਦਿਨ ਪੀੜਤ ਕੁੜੀ ਦਾ ਪਰਿਵਾਰ ਤੇ ਬਾਪੂ ਦੇ ਯਾਰ ਦੋਸਤ ਸਾਰੇ ਇਕੱਠੇ ਹੋਏ।ਬੜੀ ਲੰਬੀ ਵਿਚਾਰ ਚਰਚਾ ਹੋਈ।ਪੀੜਤ ਕੁੜੀ ਦਾ ਪਰਿਵਾਰ ਬਾਪੂ ਜੀ ਤੇ ਦਬਾਅ ਬਣਾਉਂਦਾ ਰਿਹਾ ਕਿ ਦੋਸ਼ੀ ਪਟਵਾਰੀ ਦੀ ਭੈਣ ਨੂੰ ਚੌਰਾਹੇ ਵਿਚ ਖੜੀ ਕਰਕੇ ਨੰਗਾ ਕੀਤਾ ਜਾਵੇ ਤਾਂ ਜਾ ਕੇ ਸਾਡਾ ਮਨ ਠੰਡਾ ਹੁੰਦਾ ਹੈ।ਇਸ ਕਾਰਵਾਈ ਨੂੰ ਕਰਨ ਲਈ ਬਾਪੂ ਜੀ ਤੇ ਉਸਦੇ ਦੋਸਤਾਂ ਨੇ ਬਿਲਕੁਲ ਇਹ ਕਹਿ ਕਿ ਇਨਕਾਰ ਕਰ ਦਿਤਾ ਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ।ਇਸ ਲਈ ਅਸੀਂ ਇਹ ਕੰਮ ਨਹੀਂ ਕਰ ਸਕਦੇ।ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਪੀੜਤ ਕੁੜੀ ਦੀ ਮਾਂ ਦੋਸ਼ੀ ਮੁੰਡੇ ਦੀ ਮਾਂ ਨੂੰ ਉਸਦੇ ਘਰ ਤੋਂ ਘਸੀਟ ਕੇ ਵਿਚਕਾਰ ਵਾਲੇ ਰਸਤੇ ਵਿਚ ਲਗੇ ਹੋਏ ਨਿੰਮ ਦੇ ਬੂਟੇ ਕੋਲ ਲੈ ਆਵੇਗੀ ਉਥੇ ਲਿਆਣ ਕੇ ਉਹ ਉਸਦੀ ਮਾਂ ਨੂੰ ਰੱਸੇ ਨਾਲ ਬੰਨ ਦੇਵੇਗੀ।ਇਹ ਸਾਰਾ ਨਜਾਰਾ ਦੋਹਾਂ ਪਿੰਡਾ ਦੇ ਲੋਕ ਵੇਖਣ ਲਈ ਇਕਠੇ ਹੋ ਚੁਕੇ ਸਨ।ਕਿਸੇ ਦੀ ਵੀ ਇਹ ਹਿੰਮਤ ਨਹੀਂ ਸੀ ਪੈ ਰਹੀ ਕਿ ਉਹ ਦੋਸ਼ੀ ਮੁੰਡੇ ਦੀ ਮਾਂ ਨੂੰ ਛੁਡਾਉਣ ਲਈ ਅਗੇ ਆ ਸਕੇ।ਅਖੀਰ ਸਾਡੇ ਨਜਦੀਕੀ ਪਿੰਡ ਸੁੰਨੜਾਂ ਤੋਂ ਸਾਡੇ ਪਿੰਡ ਵਿਚ ਕੋਈ ਮਕਾਣ ਆ ਰਹੀ ਸੀ।ਮਕਾਣ ਵਿਚ ਸ਼ਾਮਲ ਸਾਰੇ ਲੋਕ ਉਥੇ ਇਹ ਤਮਾਸ਼ਾਂ ਵੇਖਣ ਲਈ ਰੁਕ ਗਏ।ਜਦ ਉਹਨਾਂ ਨੂੰ ਵੀ ਅਸਲ ਕਹਾਣੀ ਦਾ ਪਤਾ ਲਗਾ ਤਾਂ ਉਹਨਾਂ ਨੇ ਬਾਪੂ ਜੀ ਨੂੰ ਕਿਹਾ ਕਿ ਉਹ ਉਹਨਾਂ ਦੀ ਬੇਨਤੀ ਨੂੰ ਪਰਵਾਨ ਕਰਦੇ ਹੋਏ ਦੋਸ਼ੀ ਮੁੰਡੇ ਦੀ ਮਾਂ ਨੂੰ ਅਜਾਦ ਕਰ ਦੇਣ।ਬਾਪੂ ਜੀ ਨੇ ਬਾਹਰੋਂ ਆਏ ਪਿੰਡ ਦੇ ਮਹਿਮਾਨਾਂ ਦੀ ਇਜਤ ਕਰਦਿਆਂ ਉਸ ਔਰਤ ਨੂੰ ਅਜਾਦ ਕਰ ਦਿਤਾ।ਉਸਤੋਂ ਬਾਅਦ ਅਜ ਤਕ ਸਾਰੇ ਦੇ ਸਾਰੇ ਪਿੰਡ ਨੇ ਉਸ ਪੀੜਤ ਕੁੜੀ ਦੇ ਪੀਰਵਾਰ ਦਾ ਸਮਜਿਕ ਤੇ ਪਰਿਵਾਰਕ ਬਾਈਕਾਟ ਕੀਤਾ ਹੋਇਆ ਹੈ।ਉਧਰ ਅਜ ਦਾ ਜਮਾਨਾ ਵੇਖ ਲਉ। ਹਰ ਰੋਜ ਰੇਪ ਤੇ ਰੇਪ ਹੋ ਰਿਹਾ ਹੈ ਗਰੀਬ ਪਰਿਵਾਰਾਂ ਦੀਆਂ ਪੀੜਤ ਲੜਕੀਆਂ ਦੀ ਅਵਾਜ ਕਿਸ ਤਰਾਂ ਦਬਾਅ ਦਿਤੀ ਜਾਂਦੀ ਹੈ।ਰਿਸ਼ਤਿਆਂ ਦੀ ਕੋਈ ਅਹਿਮੀਅਤ ਨਹੀਂ ਰਹਿ ਗਈ।ਸ਼ੋਸ਼ਲ ਮੀਡੀਆ ਤੇ ਹਰ ਰੋਜ ਚਲ ਰਹੇ ਕਿੱਸੇ ਕਹਾਣੀਆ ਤੋਂ ਪਤਾ ਲਗਾ ਹੈ ਕਿ ਦੁਨੀਆਂ ਤੇ ਸਿਰਫ ਇਕ ਮਾਂ ਦਾ ਰਿਸ਼ਤਾ ਹੀ ਵਿਸ਼ਵਾਸ਼ ਕਰਨ ਲਈ ਰਹਿ ਗਿਆ ਹੈ।ਬਾਕੀ ਸਾਰੇ ਰਿਸ਼ਤੇ ਰਾਤ ਦੇ ਅੰਧੇਰੇ ਵਿਚ ਗੁਆਚ ਕੇ ਰਹਿ ਗਏ ਹਨ

Leave a Reply

Your email address will not be published. Required fields are marked *