ਹਾਥਰਸ ਕਾਂਡ: ਵਿਰੋਧੀ ਧਿਰਾਂ ਵੱਲੋਂ ਜੰਤਰ-ਮੰਤਰ ’ਤੇ ਰੋਸ ਮੁਜ਼ਾਹਰੇ

ਨਵੀਂ ਦਿੱਲੀ/ਨੌਇਡਾ : ਹਾਥਰਸ ਸਮੂਹਿਕ ਜਬਰ-ਜਨਾਹ ਕਾਂਡ ਖ਼ਿਲਾਫ਼ ਵਿਰੋਧੀ ਧਿਰਾਂ ਦੇ ਆਗੂਆਂ ਸਮੇਤ ਹੋਰਨਾਂ ਵਰਗਾਂ ਨੇ ਅੱਜ ਇੱਥੇ ਜੰਤਰ-ਮੰਤਰ ਨੇੜੇ ਕੇਂਦਰ ਤੇ ਯੂਪੀ ਸਰਕਾਰ ਖਿਲਾਫ਼ ਰੋਸ ਮੁਜ਼ਾਹਰੇ ਕੀਤੇ। ਬੁਲਾਰਿਆਂ ਨੇ ਮੁੱਖ ਯੋਗੀ ਆਦਿੱਤਿਅਨਾਥ ਦੇ ਅਸਤੀਫ਼ੇ ਦੀ ਮੰਗ ਕੀਤੀ। ਪ੍ਰਦਰਸ਼ਨਾਂ ਵਿੱਚ ਿਦੱਲੀ ਦੇ ਮੱੁਖ ਮੰਤਰੀ ਅਰਵਿੰਦ ਕੇਜਰੀਵਾਲ, ਸੀਪੀਐੱਮ ਆਗੂ ਸੀਤਾਰਾਮ ਯੇਚੁਰੀ, ਸੀਪੀਆਈ ਦੇ ਡੀ. ਰਾਜਾ, ਭੀਮ ਆਰਮੀ ਦੇ ਚੰਦਰਸ਼ੇਖਰ ਤੋਂ ਇਲਾਵਾ ‘ਆਪ’ ਵਿਧਾਇਕ ਸੌਰਭ ਭਾਰਦਵਾਜ, ਜਿਗਨੇਸ਼ ਮੇਵਾਣੀ, ਬੌਲੀਵੁੱਡ ਅਦਾਕਾਰਾ ਸਵਰਾ ਭਾਸਕਰ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
ਯੇਚੁਰੀ ਨੇ ਕਿਹਾ ਕਿ ਯੋਗੀ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਭੀਮ ਆਰਮੀ ਆਗੂ ਚੰਦਰਸ਼ੇਖਰ ਨੇ ਕਿਹਾ ਕਿ ਉਹ ਹਰ ਹਾਲ ਵਿੱਚ ਹਾਥਰਸ ਜਾ ਕੇ ਰਹੇਗਾ। ਸਵਰਾ ਭਾਸਕਰ ਨੇ ਕਿਹਾ ਕਿ ਹੁਣ ਸਮਾਂ ਹੈ ਜਦੋਂ ਦੇਸ਼ ਨੂੰ ‘ਬਲਾਤਕਾਰ ਦੀ ਮਹਾਮਾਰੀ’ ਨਾਲ ਲੜਨਾ ਹੋਵੇਗਾ। ਇਸ ਦੌਰਾਨ ਦਿੱਲੀ ਪੁਲੀਸ ਨੇ ਇਹਤਿਆਤ ਵਜੋਂ ਇੰਡੀਆ ਗੇਟ ਦੁਆਲੇ ਧਾਰਾ 144 ਲਾਗੂ ਕਰ ਦਿੱਤੀ ਹੈ। ਪੁਲੀਸ ਨੇ ਕਿਹਾ ਕਿ ਜੰਤਰ ਮੰਤਰ ਦੇ ਸੌ ਮੀਟਰ ਦੇ ਘੇਰੇ ਵਿੱਚ ਬਿਨਾਂ ਸਮਰੱਥ ਅਥਾਰਿਟੀ ਦੀ ਪ੍ਰਵਾਨਗੀ ਤੋਂ ਕਿਸੇ ਤਰ੍ਹਾਂ ਦੇ ਇਕੱਠ ’ਤੇ ਮੁਕੰਮਲ ਪਾਬੰਦੀ ਰਹੇਗੀ। ਇਸ ਦੌਰਾਨ ਯੋਗੀ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਹਾਥਰਸ ਦੇ ਜ਼ਿਲ੍ਹਾ ਮੈਜਿਸਟਰੇਟ ਸਮੇਤ ਕਈ ਪੁਲੀਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਉਧਰ ਗੌਤਮ ਬੁੱਧ ਨਗਰ ਪੁਲੀਸ ਨੇ ਹਾਥਰਸ ਲਈ ਪੈਦਲ ਮਾਰਚ ਦੌਰਾਨ ਸਮਾਜਿਕ ਦੂਰੀ ਦੀ ਉਲੰਘਣਾ ਤੇ ਮੂੰਹ ’ਤੇ ਮਾਸਕ ਨਾ ਪਾਉਣ ਦੇ ਦੋਸ਼ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਤੇ 200 ਦੇ ਕਰੀਬ ਹੋਰਨਾਂ ਪਾਰਟੀ ਵਰਕਰਾਂ ਖਿਲਾਫ਼ ਐਪੀਡੈਮਿਕ ਡਿਸੀਜ਼ਿਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਰਾਹੁਲ ਨੇ ਕਿਹਾ ਕਿ ਯੋਗੀ ਸਰਕਾਰ ਹਾਥਰਸ ਕਾਂਡ ਦੇ ਸੱਚ ਨੂੰ ਲੁਕਾਉਣ ਲਈ ਦਰਿੰਦਗੀ ’ਤੇ ਉਤਰ ਆਈ ਹੈ। ਇਸ ਦੌਰਾਨ ਦਿੱਲੀ ਦੇ ਪ੍ਰਾਚੀਨ ਵਾਲਮੀਕ ਮੰਦਰ ’ਚ ਹਾਥਰਸ ਪੀੜਤਾ ਲਈ ਰੱਖੀ ਪ੍ਰਾਰਥਨਾ ਸਭਾ ਮੌਕੇ ਪ੍ਰਿਯੰਕਾ ਨੇ ਕਿਹਾ ਦੇਸ਼ ਦੀ ਹਰ ਮਹਿਲਾ ਨੂੰ ‘ਹਾਥਰਸ ਦੀ ਧੀ’ ਨੂੰ ਨਿਆਂ ਦਿਵਾਉਣ ਲਈ ਆਵਾਜ਼ ਚੁੱਕਣ ਤੇ ਸਰਕਾਰ ਨੂੰ ਸਵਾਲ ਕਰਨ ਦਾ ਅਧਿਕਾਰ ਹੈ। ਪ੍ਰਿਯੰਕਾ ਨੇ ਕਿਹਾ ਕਿ ਹਾਈ ਕੋਰਟ ਦੇ ਦਖ਼ਲ ਨਾਲ ਪੀੜਤ ਪਰਿਵਾਰ ਨੂੰ ਆਸ ਦੀ ਇਕ ਕਿਰਨ ਨਜ਼ਰ ਆਈ ਹੈ। ਉਧਰ ਹਾਥਰਸ ਵਿੱਚ ਪੀੜਤ ਪਰਿਵਾਰ ਨੂੰ ਮਿਲਣ ਜਾ ਰਹੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੈਰੇਕ ਓ’ਬ੍ਰਾਇਨ ਤੇ ਹੋਰਨਾਂ ਪਾਰਟੀ ਵਰਕਰਾਂ ਨੂੰ ਪੁਲੀਸ ਨੇ ਰਾਹ ਵਿੱਚ ਹੀ ਰੋਕ ਦਿੱਤਾ। ਇਸ ਦੌਰਾਨ ਹੋਈ ਧੱਕਾਮੁੱਕੀ ਵਿੱਚ ਓ’ਬ੍ਰਾਇਨ ਜ਼ਮੀਨ ’ਤੇ ਡਿੱਗ ਗੲੇ। ਪਾਰਟੀ ਨੇ ਪੁਲੀਸ ਦੀ ਇਸ ਕਾਰਵਾਈ ਨੂੰ ਜੰਗਲ ਰਾਜ ਕਰਾਰ ਦਿੱਤਾ ਹੈ। ਉਧਰ ਸਾਲ 2012 ਨਿਰਭਯਾ ਕੇਸ ਦੀ ਪੈਰਵੀ ਕਰਨ ਵਾਲੀ ਵਕੀਲ ਸੀਮਾ ਕੁਸ਼ਵਾਹਾ ਨੇ ਕਿਹਾ ਕਿ ਉਹ ਹਾਥਰਸ ਪੀੜਤਾ ਦਾ ਕੇਸ ਲੜੇਗੀ। ਸੀਮਾ ਨੇ ਕਿਹਾ ਕਿ ਉਹ ਪੀੜਤਾ ਦੇ ਭਰਾ ਦੇ ਸੰਪਰਕ ਵਿੱਚ ਹੈ।