ਕਿਸ ਮੋੜ ‘ਤੇ ਪਹੁੰਚ ਗਿਆਂ ਏਂ ਪੰਜਾਬ ਸਿੰਹਾਂ? ਡਾ ਗੁਰਬਖ਼ਸ਼ ਸਿੰਘ ਭੰਡਾਲ

ਪੰਜਾਬ ਸਿੰਹਾਂ! ਅੱਜ ਤੂੰ ਕਿਸ ਮੋੜ ‘ਤੇ ਆ ਖੜਾ ਹੋਇਆਂ ਕਿ ਕੋਈ ਵੀ ਤੇਰਾ ਵਾਲੀ ਵਾਰਸ ਨਜ਼ਰ ਨਹੀਂ ਆਉਂਦਾ। ਤੂੰ ਲੁੱਟਿਆ, ਕੁੱਟਿਆ ਤੇ ਪੁੱਟਿਆ ਗਿਆ। ਲਿਤਾੜਿਆ, ਉਜਾੜਿਆ ਤੇ ਮਾਰਿਆ ਗਿਆ। ਤੇਰੀਆਂ ਆਂਦਰਾਂ ਨੂੰ ਕੋਹਿਆ ਗਿਆ। ਤੇਰੇ ਦੀਦਿਆਂ ਸਾਹਵੇਂ ਤੇਰਾ ਵਜੂਦ ਖਤਮ ਕਰਨ ਲਈ ਚਾਲਾਂ ਚੱਲੀਆਂ ਗਈਆਂ। ਪਰ ਤੂੰ ਬੇਬੱਸ ਰਿਹਾ। ਤੂੰ ਤਾਂ ਭੋਲਾ-ਭਾਲਾ ਸੈਂ।  ਪਰ ਅਫਸੋਸ ਕਿ ਤੇਰੇ ਹਿਤਾਇਸ਼ੀ ਆਗੂਆਂ ਨੇ ਹੀ ਤੇਰੀ ਔਕਾਤ ਨਾਲ ਖੇਡਣਾ ਅਤੇ ਆਪਣੇ ਨਿੱਜੀ ਮੁਫ਼ਾਦਾਂ ਦੀ ਪੂਰਤੀ ਨੂੰ ਆਪਣੀ ਪਹਿਲ ਬਣਾ ਲਿਆ। ਜਦ ਸਾਰੇ ਰਾਜਨੀਤਕ ਦਲਾਂ ਦੀ ਸੋਚ ਸਿਰਫ਼ ਕੁਰਸੀ ਤੀਕ ਸੀਮਤ ਹੋ ਜਾਵੇ ਤਾਂ ਆਮ ਲੋਕਾਂ ਨੂੰ ਬਹੁਤ ਵੱਡਣੀ ਕੀਮਤ ਤਾਰਨੀ ਪੈਂਦੀ ਏ ਅਤੇ ਹੁਣ ਤੂੰ ਇਹ ਕੀਮਤ ਤਾਰ ਰਿਹਾਂ ਏ।
ਪੰਜਾਬ ਸਿੰਹਾਂ! ਤੈਨੂੰ ਪਤਾ ਹੀ ਨਾ ਲੱਗਾ ਕਿ ਤੇਰਾ ਨਾਲ ਕੀ, ਕਿਉਂ, ਕਿਵੇਂ ਅਤੇ ਕਿਸ ਸਮੇਂ ਤੋਂ ਇਹ ਕੁਝ ਹੋ ਇਹਦਾ ਏ? ਤੂੰ ਤਾਂ ਮਿਹਨਤ ਅਤੇ ਸੁਚਿਆਰੇਪਣ ਨੂੰ ਅਕੀਦਾ ਬਣਾ ਕੇ, ਕਿਰਤ-ਕਮਾਈ ਦੀ ਸੁੱਚਤਾ ਅਤੇ ਉਤਮਤਾ ਨੂੰ ਆਪਣਾ ਗੁਰ-ਪੀਰ ਮੰਨਿਆ ਸੀ। ਤੈਂਨੂੰ ਆਸ ਸੀ ਕਿ ਸ਼ਾਇਦ ਤੇਰੀ ਆਗਵਾਈ ਕਰਨ ਵਾਲੇ ਤੇਰੀ ਖੈæਰੀਅਤ ਅਤੇ ਫ਼ਿਕਰ ਨੂੰ ਆਪਣਾ ਕਰਮ-ਧਰਮ ਬਣਾਉਣਗੇ। ਪਰ ਅਜੇਹਾ ਨਹੀਂ ਹੋਇਆ। ਸਮੇਂ ਦੇ ਹਾਕਮਾਂ ਨੇ ਬਹੁਤ ਹੀ ਯੋਜਨਾਬੱਧ ਤਰੀਕੇ ਅਤੇ ਚੁੱਸਤੀ ਨਾਲ ਅਜੇਹਾ ਭਾਣਾ ਵਰਤਾ ਦਿਤਾ ਕਿ ਤਂੈਨੂੰ ਪਤਾ ਹੀ ਨਹੀਂ ਲੱਗਾ। ਇਹ ਸ਼ਾਇਦ ਕਿਸੇ ਸੋਚੀ-ਸਮਝੀ ਸਕੀਮ ਦਾ ਹੀ ਹਿੱਸਾ ਹੈ ਅਤੇ ਇਸਦੇ ਹੋਰ ਪੜਾਅ ਅਜੇ ਬਾਕੀ ਨੇ।
ਪੰਜਾਬ ਸਿੰਹਾਂ! ਜੋ ਕੁਝ ਹੁਣ ਨਜ਼ਰ ਆਉਂਦਾ ਏ ਇਸਦੀ ਸ਼ੁਰੂਆਤ ਤਾਂ ਰਾਜਨੀਤਕ ਚਾਲਬਾਜ਼ਾਂ ਨੇ ਹਰੀ ਕਰਾਂਤੀ ਤੋਂ ਹੀ ਕਰ ਦਿਤੀ ਸੀ। ਸਮੁੱਚੇ ਭਾਰਤ ਦੀ ਭੁੱਖਮਰੀ ਦੂਰ ਕਰਨ ਲਈ ਤੇਰੇ ਕੁਦਰਤੀ ਸਰੋਤਾਂ ਨੂੰ ਵਰਤਿਆ ਗਿਆ। ਤੇਰੇ ਖੇਤੀ ਵਿਗਿਆਨੀਆਂ ਨੂੰ ਖਰੀਦ ਕੇ, ਤੈਨੂੰ ਕਣਕ ਤੇ ਝੋਨੇ ਦੇ ਚੱਕਰਵਿਊ ਵਿਚ ਅਜੇਹਾ ਫਸਾਇਆ ਕਿ ਪਹਿਲੇ ਕੁਝ ਸਾਲ ਤਾਂ ਤੂੰ ਥੋੜ੍ਹਚਿਰੀ ਖੁਸ਼ਹਾਲੀ ਕਾਰਨ, ਇਸਦੇ ਦੂਰਰਸੀ ਸਿੱਟਿਆਂ ਬਾਰੇ ਸੋਚਿਆ ਹੀ ਨਾ। ਪਰ ਜਦ ਤੈਨੂੰ ਕੁਝ ਹੋਸ਼ ਆਉਣ ਲੱਗੀ ਤਾਂ ਉਸ ਸਮੇਂ ਤੀਕ ਤੇਰੇ ਅੰਮ੍ਰਿਤ ਵਰਗੇ ਪਾਣੀ ਜ਼ਹਿਰੀæੇ ਹੋ ਚੁੱਕੇ ਸਨ। ਦਰਿਆ, ਬਰੇਤੇ ਬਣ ਗਏ ਸਨ ਅਤੇ ਪੰਜਾਬ, ਮਾਰੂਥਲ ਬਣਨ ਦੀ ਕਗਾਰ ਤੇ ਪਹੁੰਚ ਗਿਆ। ਬੰਦੇ ਜੰਮਣ ਵਾਲੀ ਤੇਰੀ ਧਰਤੀ ਵਿਚ ਹੁਣ ਖੁਦਕੁਸ਼ੀਆਂ ਦੀ ਫਸਲ ਉਗਦੀ ਏ। ਜੀਵਨ ਬਖਸ਼ਣ ਵਾਲੇ ਪੌਣ-ਪਾਣੀ ਵਿਚ ਹੁਣ ਬਿਮਾਰੀਆਂ ਦੀ ਭਰਮਾਰ ਹੈ। ਇਹ ਕੇਹੀ ਹਰੀ ਕ੍ਰਾਂਤੀ ਸੀ ਕਿ ਭਾਰਤ ਦਾ ਢਿੱਡ ਭਰਦਾ ਭਰਦਾ, ਤੂੰ ਸਾਰਾ ਹੀ ਬਿਮਾਰ ਗਿਆ। ਹੁਣ ਪੰਜਾਬ, ਪੰਜ ਦਰਿਆਵਾਂ ਦੀ ਧਰਤੀ ਨਹੀਂ ਸਗੋਂ ਹਸਪਤਾਲਾਂ ਦੀ ਨਗਰੀ ਬਣ ਗਈ। ਪੰਜਾਬੀਆਂ ਨੂੰ ਤਾਂ ਔਲਾਦ ਲਈ ਵੀ ਹੁਣ ਫਰਟੀਲਟੀ ਸੈਂਟਰਾਂ ਵਿਚ ਖ਼ਜ਼ਲ ਖੁਆਰ ਹੋਣਾ ਪੈ ਰਿਹਾ ਏ। ਇਸ ਥੋੜ੍ਹਚਿਰੀ ਅਮੀਰੀ ਕਾਰਨ ਤੇਰੇ ਪੁੱਤ ਕਿਰਤ ਤੋਂ ਦੂਰ ਹੋ ਗਏ ਅਤੇ ਪ੍ਰਵਾਸੀ ਮਜਦੂਰਾਂ ‘ਤੇ ਅਜੇਹੀ ਨਿਰਭਰਤਾ ਬਣੀ ਕਿ ਹੁਣ ਉਹ ਪ੍ਰਵਾਸੀਆਂ ਮਜ਼ਦੂਰਾਂ ਦੀਆਂ ਲਿੱਲਕੜੀਆਂ ਕੱਢਦੇ ਵੇਖੇ ਜਾ ਸਕਦੇ ਨੇ।
ਪੰਜਾਬ ਸਿੰਹਾਂ! ਇਕ ਹੋਰ ਚਾਲ ਨਾਲ ਤੇਰੇ ਪੁੱਤਰਾਂ ਨੂੰ ਨਸ਼ਿਆਂ ਦੇ ਲੜ ਲਾ ਦਿਤਾ ਗਿਆ।  ਨੌਜਵਾਨ ਨਸ਼ਿਆਂ ਵਿਚ ਅਜੇਹੇ ਗਤਲਾਨ ਹੋਏ ਕਿ ਮਾਪਿਆਂ ਨੂੰ ਆਪਣੇ ਲਾਡਲਿਆਂ ਦਾ ਸਿਵਾ ਸੇਕਣਾ ਪੈ ਰਿਹਾ ਏ। ਉਹਨਾਂ ਦੇ ਮੁਹਾਂਦਰੇ ਵਿਚ ਪੰਜਾਬੀ ਰੋਹਬਦਾਰੀ, ਦਮਦਾਰੀ ਅਤੇ ਮੜਕ ਗਾਇਬ ਹੈ। ਪੜਾਈ ਤੋਂ ਬੇਮੁੱਖ ਅਤੇ ਬੇਰੁਜਗਾਰੀ ਤੋਂ ਮਾਯੂਸ ਹੋਏ ਨੌਜ਼ਵਾਨਾਂ ਨੇ ਵਿਦੇਸ਼ਾਂ ਨੂੰ ਵਹੀਰਾਂ ਘੱਤ ਲਈਆਂ ਨੇ। ਕਿਸੇ ਵੀ ਰਾਜਸੀ  ਧਿਰ ਨੇ ਇਸ ਸਮੱਸਿਆ ਨੂੰ ਹੱਲ ਕਰਨ ਵੱਲ ਧਿਆਨ ਨਹੀਂ ਦਿਤਾ। ਉਹਨਾਂ ਦਾ ਸਰੋਕਾਰ ਤਾਂ ਨੌਜ਼ਵਾਨਾਂ ਤੋਂ ਪਹਿੜਾ ਛੁੱਡਵਾਉਣਾ ਹੈ ਕਿਉਂਕਿ ਨੌਜ਼ਵਾਨ ਤਾਂ ਆਪਣੇ ਹੱਕ ਅਤੇ ਰੁਜਗਾਰ ਦੀ ਮੰਗ ਕਰੇਗਾ।  ਕੋਈ ਨਹੀਂ ਸੋਚਦਾ ਕਿ ਪੰਜਾਬ ਦਾ ਕਿੰਨਾ ਧਨ ਹਰ ਸਾਲ ਬਾਹਰ ਜਾ ਰਿਹਾ ਏ ਅਤੇ ਨਾਲ ਹੀ ਜਾ ਰਿਹਾ ਹੈ ਉਹ ਵਰਗ ਜਿਹਨੇ 40 ਸਾਲ ਤੀਕ ਪੰਜਾਬ ਦੇ ਵਿਕਾਸ ਵਿਚ ਯੋਗਦਾਨ ਪਾਉਣਾ ਸੀ। ਵਪਾਰਕ ਬਿਰਤੀ ਵਾਲੇ ਪੰਜਾਬੀਆਂ ਵਲੋਂ ਥਾਂ-ਥਾਂ ‘ਤੇ ਖੋਲੇ ਹੋਏ ਵਿਦਿਅਕ ਅਦਾਰੇ ਭਾਂ ਭਾਂ ਕਰਦੇ ਨੇ ਅਤੇ ਇਹਨਾਂ ਅਦਾਰਿਆਂ ਨੇ ਹੁਣ ਕਾਰਪੋਰੇਟ ਅਦਾਰਿਆਂ ਦੇ ਸਟੋਰ ਬਣਨਾ ਏ।
ਪੰਜਾਬ ਸਿੰਹਾਂ! ਤੂੰ ਰਾਜਸੀ æਧਿਰਾਂ ਦੀ ਅਜੇਹੀ ਚਾਲ ਵਿਚ ਆ ਗਿਆ ਕਿ ਹੁਣ ਹਰ ਪੰਜਾਬੀ ਰੌਣਹਾਕਾ ਹੈ। ਇਸ ਵਿਚ ਸ਼ਾਮਲ ਹੈ ਹਰ ਪੰਜਾਬੀ ਭਾਵੇਂ ਉਹ ਦੁਕਾਨਦਾਰ ਹੋਵੇ, ਕਿਰਸਾਨ ਹੋਵੇ, ਬੁੱਧੀਜੀਵੀ ਹੋਵੇ, ਛੋਟਾ ਵਪਾਰੀ ਹੋਵੇ, ਮਜਦੂਰ ਹੋਵੇ, ਆੜਤੀਆ ਹੋਵੇ ਜਾਂ ਕਿਸੇ ਵੀ ਕਿੱਤੇ ਨਾਲ ਸਬੰਧਤ ਹੋਵੇ। ਪਤਾ ਨਹੀਂ ਗੈਰਤਮੰਦ ਪੰਜਾਬੀ ਹੁਣ ਵਿਕਾਊ ਕਿਉਂ ਹੋ ਗਏ ਨੇ? ਜਦ ਪੰਜਾਬ ਲਈ ਫ਼ਿਕਰਮੰਦੀ ਜਿਤਾਉਣ ਵਾਲੇ ਚਿੰਤਕ, ਸੇਵਾ-ਮੁੱਕਤ ਅਧਿਕਾਰੀ, ਪ੍ਰੋਫੈਸਰ, ਗਾਇਕ, ਕਲਾਕਾਰ ਜਾਂ ਨੌਜਵਾਨਾਂ ਲਈ ਰੋਲ-ਮਾਡਲ ਬਣਨ ਵਾਲੇ ਲੋਕ ਹੀ ਵਿੱਕ ਜਾਣ ਅਤੇ ਉਹ ਇਕ ਵਿਸ਼ੇਸ਼ ਵਿਚਾਰਧਾਰਾ ਨੂੰ ਪ੍ਰਚਾਰਨ ਵਿਚ ਰੁੱਝ ਜਾਣ ਤਾਂ ਪੰਜਾਬ ਦੀ ਖੈਰ-ਸੁੱਖ ਨੂੰ ਕਿਵੇਂ ਕਿਆਸਿਆ ਜਾ ਸਕਦਾ?
ਪੰਜਾਬ ਸਿੰਹਾਂ! ਤੂੰ ਧਰਮ ਦੇ ਨਾਮ ‘ਤੇ ਸਦਾ ਜਿਊਂਦਾ ਸੀ। ਤੇਰੀ ਧਾਰਮਿਕਤਾ ਵਿਚ ਸਰਬੱਤ ਦਾ ਭਲਾ ਅਤੇ ਸਮੁੱਚੀ ਮਾਨਵਜਾਤੀ ਦੇ ਕਲਿਆਣ ਦਾ ਨਾਦ ਗੂੰਜਦਾ ਸੀ। ਤੇਰੇ ਵਿਹੜੇ ਵਿਚ ਅਰਦਾਸ, ਆਰਤੀ ਅਤੇ ਅਜ਼ਾਨ ਦੀ ਇਕਸੁਰਤਾ ਕਾਰਨ ਹਵਾ ਵਿਚ ਸੰਗੀਤਕ ਧੁੰਨਾਂ ਪੈਦਾ ਹੂੰਦੀਆਂ ਸਨ। ਸਮੁੱਚੇ ਪੰਜਾਬੀ ਇਹਨਾਂ ਨੂੰ ਅੰਤਰੀਵ ਵਿਚ ਵਸਾ, ਰਾਂਗਲੇ ਪੰਜਾਬ ਦੀਆਂ ਸਿਫ਼ਤਾਂ ਕਰਦੇ ਅਤੇ ਦੁਨੀਆਂ ਵਿਚ ਇਸਦੀ ਪ੍ਰਫੂਲੱਤਾ ਅਤੇ ਪਾਕੀਜ਼ਗੀ ਦਾ ਪੈਗਾਮ ਦਿੰਦੇ ਸਨ। ਪਰ ਪੰਜਾਬ ਸਿੰਹਾਂ! ਹੁਣ ਤੇਰੀ ਧਾਰਮਿਕਤਾ ਬਿਮਾਰ ਹੋ ਗਈ ਏ। ਮਸੰਦ ਤੇ ਪੁਜਾਰੀ ਭਾਰੂ ਨੇ। ਉਹ ਸਿਰਫ਼ ਗੋਲਕਾਂ ਤੇ ਚੜਾਵੇ ਤੀਕ ਸੀਮਤ। ਧਾਰਮਿਕ ਅਸਥਾਨਾਂ ਨੂੰ ਨਿੱਜੀ ਜਾਇਦਾਦਾਂ ਬਣਾ ਕੇ ਪੰਜਾਬੀਆਂ ਨੂੰ ਮਾਨਸਿਕ ਰੂਪ ਵਿਚ ਭੁੱਚਲਾਉਣ, ਵਰਗਲਾਉਣ ਅਤੇ ਆਪਣੇ ਹਿੱਤਾਂ ਦੀ ਪੂਰਤੀ ਕਰਨ ਵਿਚ ਰੁਚਿੱਤ ਨੇ। ਥਾਂ ਥਾਂ ਤੇ ਡੇਰੇ, ਮੰਦਰ, ਗੁਰਦੁਆਰੇ, ਚਰਚ, ਮਸਜਿਦਾਂ ਆਦਿ ਸਭ ਧਾਰਮਿਕ ਅਡੰਬਰ ਨੇ। ਇਹਨਾਂ ਰਾਹੀਂ ਪੰਜਾਬੀ ਮਾਨਸਿਕਤਾ ਨੂੰ ਕੁਰਾਹੇ ਪਾਇਆ ਜਾ ਰਿਹਾ ਏ। ਪੰਜਾਬੀਆਂ ਨੂੰ ਭਰਾ ਮਾਰੂ ਜੰਗ ਵਿਚ ਉਲਝਾ ਕੇ, ਰਾਜਸੀ ਧਿਰਾਂ ਕੁਰਸੀਆਂ ਦੇ ਪਾਵੇ ਗਿਣਨ ਵਿਚ ਮਸਰੂਫ਼ ਨੇ।
ਪੰਜਾਬ ਸਿੰਹਾਂ! ਇਕ ਗੱਲ ਦੱਸਾਂ, ਕੋਈ ਵੀ ਰਾਜਸੀ ਧਿਰ ਤੇਰੇ ਪ੍ਰਤੀ ਸਮਰਪਿੱਤ ਜਾਂ ਸੰਜ਼ੀਦਾ ਨਹੀਂ। ਅੰਦਰਖਾਤੇ ਉਹਨਾਂ ਦੀ ਰਾਜ ਕਰੇਂਦੀ ਧਿਰ ਨਾਲ ਮੂਕ ਸਹਿਮਤੀ ਏ। ਉਹ ਸਿਰਫ਼ ਲੋਕ-ਦਿਖਾਵੇ ਲਈ ਹੀ ਹੇਜ਼ ਦਿਖਾ ਰਹੇ ਨੇ। ਉਹਨਾਂ ਦੀਆਂ ਕੂੜ-ਚਾਲਾਂ ਵਿਚ ਲੋਕ-ਰੋਹ ਨੂੰ ਦਬਾਉਣ ਦੀਆਂ ਕੋਹਝੀਆਂ ਚਾਲਾਂ ਹੁੰਦੀਆਂ ਨੇ। ਉਹ ਲੋਕ-ਸੰਘਰਸ਼ ਵਿਚ ਵੜ ਕੇ, ਇਸਨੂੰ ਨਕਾਮ ਕਰਨ ਲਈ ਹਰ ਹਰਬਾ ਵਰਤਦੇ ਨੇ। ਪੰਜਾਬ ਸਿੰਹਾਂ! ਸਭ ਤੋਂ ਜਰੂਰੀ ਹੈ ਇਹਨਾਂ ਰਾਜਸੀ ਲੋਕਾਂ ਤੋਂ ਵਿੱਥ ਬਣਾਉਣਾ। ਇਹਨਾਂ ਦੀਆਂ ਕਮੀਨਗੀਆਂ, ਕੁਤਾਹੀਆਂ ਅਤੇ ਕਾਲੇ ਕਾਰਨਾਮਿਆਂ ਨੂੰ ਜੱਗ-ਜ਼ਾਹਰ ਕਰਨ ਦੀ ਲੋੜ ਹੈ ਤਾਂ ਕਿ ਲੋਕ ਇਹਨਾਂ ਦੀਆਂ ਚਾਲਾਂ ਵਿਚ ਆ ਕੇ ਗੁੰਮਰਾਹ ਨਾ ਹੋਣ।
ਪੰਜਾਬ ਸਿੰਹਾਂ! ਰੋਹ ਦੀ ਜਵਾਲਾ ਜਿਹੜੀ ਹੁਣ ਫੁੱਟੀ ਹੈ, ਇਹ ਤਾਂ ਬੜੇ ਚਿਰ ਤੋਂ ਧੁੱਖਦੀ ਸੀ। ਖੁਦਕੁਸ਼ੀਆਂ ਅਤੇ ਕਰਜੇæ ਦਾ ਦੈਂਤ ਤਾਂ ਕਿਸਾਨਾਂ ਅਤੇ ਗਰੀਬਾਂ ਨੂੰ ਨਿਗਲ ਰਿਹਾ ਸੀ। ਬੈਂਕਾਂ ਵਲੋਂ ਅਸਾਨ ਤਰੀਕੇ ਨਾਲ ਜ਼ਮੀਨ ਤੇ ਦਿਤੇ ਜਾ ਰਹੇ ਕਰਜ਼ਿਆਂ ਦੇ ਜਾਲ ਵਿਚ ਤੂੰ ਅਜੇਹਾ ਫੱਸ ਗਿਆ ਕਿ ਹੁਣ ਇਹ ਕਰਜ਼ਾ ਹੀ ਤੇਰੇ ਪੈਰਾਂ ਵਿਚਲਾ ਪੈਂਖੜ ਆ ਜੋ ਤੈਂਨੂੰ ਨਿਗਲ ਜਾਣ ਲਈ ਕਾਹਲਾ ਏ। ਤੈਂਨੂੰ ਸਿਆਣਪ ਨਾ ਆਈ ਕਿ ਇਸ ਕਰਜ਼ੇ ਨਾਲ ਉਸਾਰੀਆਂ ਕੋਠੀਆਂ, ਮਹਿੰਗੀਆਂ ਕਾਰਾਂ ਜਾਂ ਵੱਡੇ ਵੱਡੇ ਟਰੈਕਟਰ ਖਰੀਦਣਾ ਦਰਅਸਲ ਮੱਕੜ ਜਾਲ ਹੈ। ਟੁੱਟੀਆਂ ਕਿਸ਼ਤਾਂ ਕਾਰਨ ਤੇਰੀਆਂ ਜ਼ਮੀਨਾਂ ਤਾਂ ਬੈਂਕਾਂ ਨੇ ਹਥਿਆਉਣੀਆਂ ਨੇ। ਫਿਰ ਬੈਂਕਾਂ ਕੋਲੋਂ ਕਾਰਪੋਰੇਟ ਅਦਾਰਿਆਂ ਕੋਲ ਚਲੀਆ ਜਾਣੀਆਂ ਨੇ ਅਤੇ ਤੂੰ ਸਿਰਫ਼ ਇਕ ਮੁਜਾਰਾ ਬਣਕੇ, ਉਹਨਾਂ ਲਈ, ਉਹਨਾਂ ਅਨੁਸਾਰ ਕੰਮ ਕਰਦਾ, ਆਪਣੀ ਜ਼ਮੀਰ ਨੂੰ ਨਿੱਤ ਦਿਨ ਕੋਹਿਆ ਕਰੇਂਗਾ। ਤੂੰ ਕਿੰਨਾ ਅਵੇਸਲਾ ਸੈਂ ਕਿ ਤੇਰੀ ਕਣਕ/ਝੋਨਾ ਤਾਂ ਸਰਕਾਰ ਨਿਗੂਣੇ ਰੇਟ ਤੇ ਖਰੀਦਦੀ ਰਹੀ। (ਜਿਹੜੀ ਹੁਣ ਖਰਦੀਣੀ ਬੰਦ ਕਰ ਦੇਣੀ ਏ)। ਪਰ ਤੇਰੇ ਖੇਤੀ ਦੇ ਸੰਦ, ਬੀਜ, ਕੀਟ-ਨਾਸ਼ਕ ਦਵਾਈਆਂ ਦੇ ਰੇਟ ਤਾਂ ਵਪਾਰਕ ਅਦਾਰੇ ਨਿਸਚਿੱਤ ਕਰਦੇ ਰਹੇ। ਬਹੁਤੀ ਵਾਰ ਨਕਲੀ ਬੀਜਾਂ ਜਾਂ ਦਵਾਈਆਂ ਨਾਲ ਸਰਕਾਰੀ ਅਫਸਰ ਅਤੇ ਰਾਜਨੀਤਕ ਲੋਕ ਤਜੌਰੀਆਂ ਵੀ ਭਰਦੇ ਰਹੇ।। ਮੌਜੂਦਾ ਵਿਰੋਧ, ਕਿਰਸਾਨ ਦੀ ਹੋਂਦ ਦਾ ਸਵਾਲ ਹੈ। ਉਸਦੀ ਮਾਂ ਵਰਗੀ ਜ਼ਮੀਨ ਦੀ ਆਬਰੂ ਦਾ ਪ੍ਰਸ਼ਨ ਹੈ। ਉਸਦੀ ਅਣਖ ਅਤੇ ਕਿਰਤ ਲਈ ਵੰਗਾਰ ਹੈ। ਇਸ ਵੰਗਾਰ ਨੂੰ ਪੰਜਾਬੀਆਂ ਨੇ ਕਿਸ ਰੂਪ ਵਿਚ ਲੈਣਾ, ਇਸਨੇ ਹੀ ਤਹਿ ਕਰਨਾ ਏ ਕਿ ਕੀ ਪੰਜਾਬ ਨੇ ਜਿਉਂਦੇ ਰਹਿਣਾ ਏ ਜਾਂ ਰਾਜਸੀ ਲੋਭ ਹੇਠ ਗਿਰਵੀ ਹੋ ਕੇ, ਤਿੱਲ ਤਿੱਲ ਮਰਨਾ ਏ?
ਪੰਜਾਬ ਸਿੰਹਾਂ! ਤੇਰੀ ਹੋਂਦ ਤੇ ਹਸਤੀ ਦਾ ਪ੍ਰਸ਼ਨ ਹੁਣ ਹਰ ਪੰਜਾਬੀ ਦੀ ਜੁਬਾਨ ‘ਤੇ ਹੈ। ਉਹ ਇਸਨੂੰ ਪੰਜਾਬੀਅਤ ‘ਤੇ ਪਿਆ ਡਾਕਾ ਸਮਝ ਕੇ, ਇਕਜੁੱਟਤਾ ਵਿਚੋਂ ਹੀ ਕੁਝ ਕਰਨ ਅਤੇ ਮਰਨ ਦੀ ਭਾਵਨਾ ਲੈ ਕੇ ਮੈਦਾਨ ਵਿਚ ਉਤਰੇ ਨੇ। ਅਜੇਹੇ ਮੌਕੇ ਤੇ ਚਿੰਤਾ ਤੋਂ ਚਿੰਤਨ ਤੀਕ ਦਾ ਸਫ਼ਰ ਕਰਨ ਦੀ ਲੋੜ ਹੈ ਕਿ ਕਿਉਂਕਿ ਭਵਿੱਖਮੁੱਖੀ ਸੋਚ, ਸਮਝ ਅਤੇ ਸਰੋਕਾਰਾਂ ਦੀ ਸਮੁੱਚਤਾ ਹੀ ਭਵਿੱਖ ਨੂੰ ਨਿਰਧਾਰਤ ਕਰਦੀ ਏ। ਅਜੇਹੇ ਮਾਰਗ ਦਰਸ਼ਨ ਲਈ ਸੁਚਿਆਰੀ ਅਤੇ ਸਵਾਰਥਹੀਣ ਅਗਵਾਈ ਦੀ ਲੋੜ ਹੈ ਜਿਹੜੀ ਸਿਰਫ਼ ਤੂੰ ਹੀ ਦੇ ਸਕਦਾ ਏਂ।
ਪੰਜਾਬ ਸਿੰਹਾਂ! ਦੁੱਖ ਤਾਂ ਬਹੁਤ ਨੇ! ਕੀ ਕੀ ਗਿਣਾਵਾਂ? ਤੇਰੇ ਪ੍ਰਦੇਸੀ ਪੁੱਤ ਅਕਸਰ ਗੇੜਾ ਮਾਰਦੇ ਸਨ ਅਤੇ ਤੇਰੀ ਸਾਰ ਜਰੂਰ ਲੈਂਦੇ ਸਨ। ਪਰ ਉਹਨਾਂ ਦੀਆਂ ਜਾਇਦਾਦਾਂ ਤੇ ਕਬਜ਼ੇ, ਉਹਨਾਂ ਦੀਆਂ ਕੋਠੀਆਂ ਨੂੰ ਗੈਰ-ਕਾਨੂੰਨੀ ਹਥਿਆਉਣਾ, ਡਰਾਉਣਾ, ਧਮਕਾਉਣਾ ਅਤੇ ਜ਼ਲੀਲ ਕਰਨਾ ਜਦ ਉਹਨਾਂ ਦੇ ਆਪਣਿਆਂ ਦਾ ਕਿਰਦਾਰ ਬਣ ਜਾਵੇ ਤਾਂ ਪ੍ਰਦੇਸੀ ਮਨ ਵੀ ਉਚਾਟ ਹੋ ਜਾਂਦਾ। ਕਰੋਨਾ ਦੌਰਾਨ ਸਮੁੱਚੇ ਪੰਜਾਬੀ ਪ੍ਰਵਾਸੀਆਂ ਨੂੰ ਕਸੂਰਵਾਰ ਠਹਿਰਾਅ ਕੇ, ਉਹਨਾਂ ਨੂੰ ਮਾਨਸਿਕ ਤੌਰ ਤੇ ਜ਼ਲੀਲ ਕਰਨਾ ਅਤੇ ਰੋਟੀ-ਪਾਣੀ ਬੰਦ ਕਰਨ ਤੀਕ ਦੀ ਜਦ ਨੌਬਤ ਆ ਜਾਵੇ ਤਾਂ ਤੇਰੇ ਪ੍ਰਵਾਸੀ ਪੁੱਤ ਬਹੁਤ ਹੀ ਹਿਤਾਸ਼ ਹੋ ਗਏ। ਂਕਿਸੇ ਨੇ ਉਹਨਾਂ ਵਲੋਂ ਪਿੰਡਾਂ ਦੀ ਤਰੱਕੀ ਲਈ ਕੀਤੇ ਉਪਰਾਲੇ, ਲਾਏ ਮੈਡੀਕਲ ਕੈਂਪ, ਗਰੀਬ ਧੀਆਂ ਦੇ ਵਿਆਹ, ਖੇਡ ਮੇਲੇ ਜਾਂ ਉਹਨਾਂ ਵਲੋਂ ਅਸਿੱਧੇ ਰੂਪ ਵਿਚ ਪੰਜਾਬ ਦੇ ਵਿਕਾਸ ਪਾਏ ਯੋਗਦਾਨ ਦਾ ਕਿਸੇ ਨੂੰ ਖਿਆਲ ਹੀ ਨਾ ਆਇਆ। ਸੂਖ਼ਮ ਰੂਪ ਵਿਚ ਅਜੇਹੇ ਵਰਤਾਰੇ ਲਈ ਸਰਕਾਰੀ ਧਿਰ ਦੀ ਮੂਕ ਸਹਿਮਤੀ ਵੀ ਸੀ। ਪ੍ਰਵਾਸੀਆਂ ਦੇ ਪੰਜਾਬ ਵਿਚ ਨਾ ਆਉਣ ਕਾਰਨ, ਤੈਂਨੂੰ ਹੋਣ ਵਾਲੇ ਆਰਥਿਕ ਨੁਕਸਾਨ ਦਾ ਅੰਦਾਜ਼ਾ ਕੋਈ ਅਰਥ-ਸ਼ਾਸ਼ਤਰੀ ਲਾਵੇ ਤਾਂ ਸਹਿਜੇ ਹੀ ਅਹਿਸਾਸ ਹੋ ਜਾਵੇਗਾ ਕਿ ਪੰਜਾਬ ਦੀ ਖੁਸ਼ਹਾਲੀ ਵਿਚ ਪ੍ਰਵਾਸੀਆਂ ਦਾ ਕਿੰਨਾ ਵੱਡਾ ਯੋਗਦਾਨ ਹੈ?
ਪੰਜਾਬ ਸਿੰਹਾਂ! ਜੇ ਮੌਜੂਦਾ ਮਾਰੂ ਰੁਝਾਨ ਨੂੰ ਠੱਲ ਨਾ ਪਾਈ ਗਏ ਤਾਂ ਸਿਰਫ਼ ਕਿਰਸਾਨ ਹੀ ਨਹੀਂ ਮਰਨੇ ਸਗੋਂ ਖੇਤੀ ਮਜਦੂਰਾਂ ਦੇ ਚੁੱਲੇ ਵੀ ਠੰਢੇ ਹੋ ਜਾਣਗੇ। ਆੜਤੀਆਂ ਦੀਆਂ ਵਹੀ ਖਾਤਿਆਂ ਨੂੰ ਕਿਸੇ ਨਹੀਂ ਫਰੋਲਣਾ। ਛੋਟੇ ਦੁਕਾਰਦਾਰ ਆਪਣੀਆਂ ਸਫ਼ਾਂ ਲਪੇਟ ਲੈਣਗੇ। ਕੋਲਡ ਸਟੋਰ ਟੁੱਟੀਆਂ ਕਿਸ਼ਤਾਂ ਦਾ ਰੁੱਦਨ ਬਣ ਜਾਣਗੇ। ਖੇਤੀ ਨਾਲ ਜੁੱੜੇ ਸਮੁੱਚੇ ਛੋਟੇ ਵੱਡੇ ਕਾਰੋਬਾਰ ਅਤੇ ਧੰਦੇ ਚੋਪਟ ਹੋ ਜਾਣਗੇ। ਸਿਰਫ਼ ਕੁਝ ਕੁ ਕਾਰਪੋਰੇਟ ਅਦਾਰਿਆਂ ਦੀ ਅਜ਼ਾਰੇਦਾਰੀ ਹੇਠ ਜਿਉਂਦੇ ਲੋਕ ਆਪਣੇ ਸਾਹਾਂ ਦੀ ਖੈæਰਾਤ ਵੀ ਇਹਨਾਂ ਕੋਲੋਂ ਹੀ ਮੰਗਿਆ ਕਰਨਗੇ। ਇਸ ਨਾਲ ਬਦਲ ਜਾਵੇਗਾ ਖੇਤੀ ਦਾ ਰੂਪ, ਲੋਕਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਅਤੇ ਜੀਵਨ ਵਰਤਾਰਾ ਕਿਉਂਕਿ ਕਾਰਪਰੋਟ ਅਦਾਰਿਆਂ ਦਾ ਮਕਸਦ ਹੀ ਲੋਕ ਰੁਝਾਨ ਨੂੰ ਅਜੇਹਾ ਪ੍ਰਭਾਵਤ ਕਰਨਾ ਹੁੰਦਾ ਜਿਸ ਨਾਲ ਘੱਟ ਤੋਂ ਘੱਟ ਲਾਗਤ ਨਾਲ ਵੱਧ ਤੋਂ ਵੱਧ ਮੁਨਾਫ਼ਾ ਕਮਾਇਆ ਜਾ ਸਕੇ। ਅਜੇਹੇ ਵਿਚ ਅਡੰਬਰੀ ਧਰਮ ਦਾ ਕਾਰੋਬਾਰ ਵੀ ਹੋਰ ਵਧੇਰੇ ਚਮਕੇਗਾ ਕਿਉਂਕਿ ਬਹੁਤ ਅਸਾਨ ਹੁੰਦਾ ਹੈ ਧਾਰਮਿਕ ਰੂਪ ਵਿਚ ਵਰਗਲਾ ਕੇ ਲੋਕ-ਚੇਤਨਾ ਨੂੰ ਮਰਸੀਏ ਵਿਚ ਤਬਦੀਲ ਕਰਨਾ। ਵੈਸੇ ਵੀ ਅੱਜ ਕੱਲ ਵੱਡੇ ਵੱਡੇ ਧਨਾਢ ਲੋਕ ਹੀ ਧਾਰਮਿਕ ਡੇਰਿਆਂ ‘ਤੇ ਕਾਬਜ਼ ਨੇ ਕਿਉਂਕਿ ਉਹਨਾਂ ਦੀ ਕਮਾਈ ਦਾ ਸਭ ਤੋਂ ਸੌਖਾ ਸਾਧਨ ਹੈ ਲੋਕਾਂ ਦੀ ਅੰਨੀ ਸ਼ਰਧਾ ਅਤੇ ਇਸਨੂੰ ਆਪਣੇ ਹਿੱਤ ਲਈ ਵਰਤਣ ਦੀ ਚਲਾਕੀ।
ਪੰਜਾਬ ਸਿੰਹਾਂ! ਤੇਰੀ ਜਵਾਨੀ ਕੁਝ ਤਾਂ ਡੇਰਿਆਂ ਦੀ ਭਗਤ ਬਣ ਗਈ। ਕੁਝ ਨਸ਼ਿਆਂ ਵਿਚ ਗਰਕ ਗਈ। ਕੁਝ ਵਿਦੇਸ਼ ਨੂੰ ਉਡਾਣ ਭਰ ਗਈ। ਕੁਝ ਗੈਂਗ ਬਣਾ ਕੇ ਰਾਜਸੀ ਧਿਰਾਂ ਦੀ ਰਖੇਲ ਬਣ ਗਏ। ਕੁਝ ਰਾਜਸੀ ਰੋਟੀਆਂ ਸੇਕਣ ਲਈ ਆਪਣੀ ਸੋਚ ਅਤੇ ਜ਼ਹਿਨੀਅਤ ਨੂੰ ਗਿਰਵੀ ਰੱਖ ਗਏ। ਕਲਮਾਂ ਤਾਂ ਰਾਜਸੀ ਲੋਕਾਂ ਦੇ ਕਸੀਦੇ ਗਾਉਣ ਲੱਗ ਪਈਆਂ। ਚਿੰਤਕ ਖਾਮੋਸ਼ ਹੋ ਗਏ ਅਤੇ ਸੁਚੱਜੀ ਅਗਵਾਈ ਦੀ ਅਣਹੋਂਦ ਵਿਚ ਬੌਂਦਲਿਆਂ ਹਾਰ ਫਿਰ ਰਿਹਾ ਏ ਪੰਜਾਬੀ। ਹੁਣ ਤਾਂ ਏਨਿਆਂ ‘ਚੋਂ ਉਠੋ ਸੂਰਮਾ ਵਾਲੀ ਹੀ ਗੱਲ ਹੋਣੀ ਆ। ਤੂੰ ਬਹੁਤ ਵਾਰ ਮਧੋਲਿਆ, ਲਿਤਾੜਿਆ ਤੇ ਮਸਲਿਆ ਗਿਆ। ਪਰ ਜਦ ਤੂੰ ਜਾਗਦਾ ਏਂ ਤਾਂ ਤੇਰੀ ਲਲਕਾਰ ਸਾਹਵੇਂ ਥਿਰ ਨਹੀਂ ਰਹਿੰਦੀਆਂ ਰੋਕਾਂ ਅਤੇ ਆਖ਼ਰ ਤੂੰ ਆਪਣੀ ਦਿੱਖ, ਦਮਦਾਰੀ ਅਤੇ ਅਨੂਠੇ ਰੂਪ ਵਿਚ ਹਾਜ਼ਰ-ਨਾਜ਼ਰ ਹੁੰਦਾ ਏਂ।
ਪੰਜਾਬ ਸਿੰਹਾਂ! ਹੁਣ ਉਠਿਆ ਏ ਤਾਂ ਅੱਖਾਂ ਅਤੇ ਕੰਨ ਖੁੱਲੀਆਂ ਰੱਖੀਂ। ਚਾਲਾਂ-ਕੁਚਾਲਾਂ ਨੂੰ ਸਮਝਣ ਦੀ ਸੋਝੀ ਅਤੇ ਸਮਰੱਥਾ ਨੂੰ ਆਪਣਾ ਹਾਸਲ ਬਣਾਵੀਂ। ਆਪਣੇ ਹਰ ਕਦਮ ਨੂੰ ਪੱਕੇ ਪੈਰੀਂ ਟਿਕਾਈਂ ਅਤੇ ਥਿੜਕੀਂ ਨਾ। ਰਾਜਸੀ ਲੋਕ ਬਹੁਤ ਸ਼ਾਸਤ ਹੁੰਦੇ ਅਤੇ ਉਹ ਲੂੰਬੜ ਚਾਲਾਂ ਰਾਹੀਂ ਕੁਝ ਵੀ ਕਰਵਾ ਸਕਦੇ ਅਤੇ ਤੇਰੇ ਨਾਮ ਲਾ ਸਕਦੇ ਨੇ। ਵੀਰਿਆ ਸੁਚੇਤ ਰਹੀਂ। ਫਿਰ ਤੇਰੇ ਰਾਹਾਂ ਵਿਚ ਜਿੱਤਾਂ ਹੀ ਨੱਤਮਸਤਕ ਹੋਣਗੀਆਂ।
ਫੋਨ #001- 216-556-2080

Leave a Reply

Your email address will not be published. Required fields are marked *