ਸ਼ਰਾਫ਼ਤ, ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ- ਉਜਾਗਰ ਸਿੰਘ
ਪੁਲਿਸ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਬਾਰੇ ਆਮ ਲੋਕਾਂ ਵਿਚ ਇਹ ਪ੍ਰਭਾਵ ਹੈ ਕਿ ਉਨ੍ਹਾਂ ਦਾ ਆਮ ਲੋਕਾਂ ਨਾਲ ਵਿਵਹਾਰ ਮਾਨਵੀ ਕਦਰਾਂ ਕੀਮਤਾਂ ਵਾਲਾ ਨਹੀਂ ਹੁੰਦਾ। ਉਹ ਜਦੋਂ ਵੀ ਕਿਸੇ ਕਥਿਤ ਮੁਜ਼ਰਮ ਜਾਂ ਆਮ ਲੋਕਾਂ ਨਾਲ ਗੱਲਬਾਤ ਵੀ ਕਰਦੇ ਹਨ ਤਾਂ ਕੁਰੱਖ਼ਤ ਅਤੇ ਗੈਰ ਮਨੁੱਖੀ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ ਪ੍ਰੰਤੂ ਜੇਕਰ ਤੁਸੀਂ ਅਮਰਦੀਪ ਸਿੰਘ ਰਾਏ ਜੋ ਕਿ ਵਧੀਕ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਦੇ ਅਹੁਦੇ ਤੇ ਤਾਇਨਾਤ ਹਨ ਨੂੰ ਮਿਲੋ ਤਾਂ ਤੁਹਾਡਾ ਇਹ ਪ੍ਰਭਾਵ ਮਿੰਟਾਂ ਸਕਿੰਟਾਂ ਵਿਚ ਹੀ ਕਾਫੂਰ ਹੋ ਜਾਵੇਗਾ। ਉਨ੍ਹਾਂ ਨੂੰ ਮਿਲਕੇ ਇਹ ਪ੍ਰਭਾਵ ਕਿਧਰੇ ਵੀ ਨਹੀਂ ਪੈਂਦਾ ਕਿ ਤੁਸੀਂ ਇਤਨੇ ਵੱਡੇ ਅਹੁਦੇ ਵਾਲੇ ਪੁਲਿਸ ਅਧਿਕਾਰੀ ਨੂੰ ਮਿਲ ਰਹੇ ਹੋ। ਉਨ੍ਹਾਂ ਨੇ ਪੁਲਿਸ ਵਿਭਾਗ ਵਿਚ ਆ ਕੇ ਵਿਭਾਗੀ ਕਾਰਗੁਜ਼ਾਰੀ ਵਿਚ ਮਦਦਗਾਰ ਹੋਣ ਵਾਲੇ ਸਾਰੇ ਕੋਰਸਾਂ ਵਿਚ ਹਿੱਸਾ ਹੀ ਨਹੀਂ ਲਿਆ ਸਗੋਂ ਉਥੋਂ ਜੋ ਸਿਖਿਆ ਪ੍ਰਾਪਤ ਕੀਤੀ, ਉਸਨੂੰ ਅਮਲੀ ਜੀਵਨ ਵਿਚ ਅਪਣਾਇਆ, ਜਿਸ ਕਰਕੇ ਉਨ੍ਹਾਂ ਦੀ ਸ਼ਖ਼ਸੀਅਤ ਵਿਚ ਨਿਖ਼ਾਰ ਆਇਆ ਹੈ। ਉਹ ਸ਼ਰਾਫ਼ਤ, ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਹਨ। ਆਮ ਤੌਰ ਤੇ ਬਹੁਤੇ ਪੁਲਿਸ ਕਰਮਚਾਰੀ ਅਤੇ ਅਧਿਕਾਰੀ ਅਜਿਹੇ ਕੋਰਸਾਂ ਵਿਚ ਜਾਣ ਦੇ ਇੱਛਕ ਨਹੀਂ ਹੁੰਦੇ ਪ੍ਰੰਤੂ ਆਪ ਹਮੇਸਾ ਤਿਆਰ ਬਰ ਤਿਆਰ ਰਹਿੰਦੇ ਸਨ। ਉਨ੍ਹਾਂ ਬੀ ਏ ਅਤੇ ਐਮ ਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਰਾਜਨੀਤੀ ਸ਼ਾਸਤਰ ਅਤੇ ਇੰਟਰਨੈਸ਼ਨਲ ਰੀਲੇਸ਼ਨਜ਼ ਦੇ ਵੇਸ਼ ਵਿਚ ਪਾਸ ਕੀਤੀਆਂ, ਜਿਸ ਕਰਕੇ ਉਨ੍ਹਾਂ ਨੂੰ ਲੋਕਾਂ ਨਾਲ ਆਪਸੀ ਸੰਬੰਧਾਂ ਨੂੰ ਕਿਵੇਂ ਬਣਾਉਣਾ ਤੇ ਬਰਕਰਾਰ ਰੱਖਣਾ ਹੁੰਦਾ ਹੈ ਵਿਚ ਸਫਲਤਾ ਮਿਲੀ ਹੈ। 1994 ਵਿਚ ਉਨ੍ਹਾਂ ਦੀ ਆਈ ਪੀ ਐਸ ਵਿਚ ਚੋਣ ਹੋਈ, ਜਿਸ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਪੋਸਟਿੰਗ ਅੰਮ੍ਰਿਤਸਰ ਵਿਚ ਹੋਈ। ਅੰਮ੍ਰਿਤਸਰ ਕਿਉਂਕਿ ਸਰਹੱਦੀ ਜਿਲ੍ਹਾ ਹੈ ਇਸ ਲਈ ਇਸ ਪੋਸਟਿੰਗ ਦੇ ਤਜ਼ਰਬਿਆਂ ਨੇ ਉਨ੍ਹਾਂ ਦੀ ਪੁਲਿਸ ਦੀ ਨੌਕਰੀ ਵਿਚ ਲਾਭ ਪਹੁੰਚਾਇਆ। ਆਪਨੂੰ ਸਾਰੀ ਸਰਵਿਸ ਬਹੁਤ ਸਾਰੇ ਮਹੱਤਵਪੂਰਨ ਅਹੁਦਿਆਂ ਤੇ ਤਾਇਨਾਤ ਕੀਤਾ ਗਿਆ ਜਿਹੜੇ ਵੰਗਾਰ ਪੂਰਨ ਸਨ। 1996 ਵਿਚ ਜੰਮੂ ਕਸ਼ਮੀਰ ਵਿਚ ਸਤ ਸਾਲ ਦੇ ਲੰਮੇ ਵਕਫੇ ਤੋਂ ਬਾਅਦ ਚੋਣ ਹੋਈ। ਉਸ ਚੋਣ ਵਿਚ ਆਪ ਜੀ ਦੀ ਡਿਊਟੀ ਲੱਗਾਈ ਗਈ। ਆਪਨੇ ਆਈ ਜੀ ਪੀ ਦੇ ਸਟਾਫ ਅਧਿਕਾਰੀ ਦੇ ਤੌਰ ਤੇ ਕੰਮ ਕਰਦਿਆਂ ਚੋਣ ਕਰਵਾਈ। ਜੰਮੂ ਕਸ਼ਮੀਰ ਦਾ ਸੂਬਾ ਅਸਥਿਰਤਾ ਦੇ ਮਾਹੌਲ ਵਾਲਾ ਸੀ, ਉਥੇ ਸਾਂਤਮਈ ਢੰਗ ਨਾਲ ਚੋਣ ਕਰਵਾਉਣ ਲਈ ਡਿਊਟੀ ਕਰਨੀ ਕੰਡਿਆਂ ਦੀ ਸੇਜ ਦੇ ਬਰਾਬਰ ਸੀ। ਉਹ ਚੋਣ ਕਰਵਾਉਣ ਕਰਕੇ ਆਪਨੂੰ” ਏ ਕਥੀਆਂ ਸੇਵਾ ਮੈਡਲ” ਨਾਲ ਸਨਮਾਨਤ ਕੀਤਾ ਗਿਆ। ਉਸ ਤੋਂ ਬਾਅਦ ਲੁਧਿਆਣਾ ਵਿਖੇ ਐਸ ਪੀ ਟਰੈਫਿਕ ਲਗਾਇਆ ਗਿਆ। ਲੁਧਿਆਣਾ ਪੰਜਾਬ ਦਾ ਸਭ ਤੋਂ ਸੰਘਣਾ ਤੇ ਵੱਧ ਆਬਾਦੀ ਵਾਲਾ ਸ਼ਹਿਰ ਹੈ, ਜਿਥੇ ਟਰੈਫਿਕ ਦੀ ਸਮੱਸਿਆ ਹਮੇਸ਼ਾ ਹੀ ਬਣੀ ਰਹਿੰਦੀ ਸੀ। ਆਪਨੇ ਆਪਣੀ ਕਾਬਲੀਅਤ ਅਤੇ ਲੋਕਾਂ ਦੇ ਸਹਿਯੋਗ ਨਾਲ ਸ਼ਹਿਰ ਦੀ ਟਰੈਫਿਕ ਦੇ ਅਜਿਹੇ ਪ੍ਰਬੰਧ ਕੀਤੇ ਜਿਨਾ ਨਾਲ ਆਮ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਕਾਫੀ ਨਿਜਾਤ ਮਿਲੀ। ਇਸ ਸਫਲਤਾ ਤੋਂ ਬਾਅਦ 1999 ਵਿਚ ਖਾਲਸਾ ਸਾਜਨਾ ਦੀ ਤੀਜੀ ਸ਼ਤਾਬਦੀ ਦੇ ਮੌਕੇ ਆਨੰਦਪੁਰ ਸਾਹਿਬ ਵਿਖੇ ਵੱਡਾ ਸਮਾਗਮ ਆਯੋਜਤ ਕੀਤਾ ਗਿਆ, ਜਿਸ ਵਿਚ ਦੇਸ ਵਿਦੇਸ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਭਾਰਤ ਦੇ ਪ੍ਰਧਾਨ ਮੰਤਰੀ, ਹੋਰ ਰਾਜਾਂ ਦੇ ਮੁੱਖ ਮੰਤਰੀ ਅਤੇ ਬਹੁਤ ਸਾਰੇ ਪਤਵੰਤੇ ਵਿਅਕਤੀ ਵੀ ਸ਼ਾਮਲ ਹੋਏ। ਇਨ੍ਹਾਂ ਸਮਾਗਮਾ ਦੇ ਆਯੋਜਨ ਸਮੇਂ ਟਰੈਫਿਕ ਦੀ ਸਮੱਸਿਆ ਦੇ ਹਲ ਲਈ ਆਪਦੀ ਵਿਸੇਸ਼ ਤੌਰ ਤੇ ਡਿਊਟੀ ਲਗਾਈ ਗਈ। ਖਾਲਸਾ ਸਾਜਨਾ ਦੇ ਸਾਰੇ ਸਮਾਗਮ ਬਿਨਾ ਕਿਸੇ ਟਰੈਫਿਕ ਦੀ ਸਮੱਸਿਆ ਦੇ ਨੇਪਰੇ ਚੜ੍ਹ ਗਏ। ਇਸਤੋਂ ਆਪਦੀ ਕਾਬਲੀਅਤ ਦਾ ਸਿੱਕਾ ਜੰਮ ਗਿਆ। ਇਸੇ ਤਰ੍ਹਾਂ 1999 ਵਿਚ ਫਰੀਦਕੋਟ ਵਿਖੇ ਚੋਣ ਹੋ ਰਹੀ ਸੀ, ਜਿਸ ਵਿਚ ਰਾਜ ਦੇ ਮੁੱਖ ਮੰਤਰੀ ਦਾ ਸਪੁਤਰ ਚੋਣ ਲੜ ਰਿਹਾ ਸੀ। ਚੋਣ ਕਮਿਸਨ ਨੇ ਨਿਰਪੱਖ ਚੋਣ ਕਰਵਾਉਣ ਲਈ ਆਪਦੀ ਚੋਣ ਕੀਤੀ, ਜਿਸ ਵਿਚ ਆਪਨੂੰ ਸਫਲਤਾ ਮਿਲੀ। ਹਰ ਵੰਗਾਰ ਦਾ ਆਪ ਖਿੜੇ ਮੱਥੇ ਮੁਕਾਬਲਾ ਕਰਕੇ ਸਫਲਤਾ ਪ੍ਰਾਪਤ ਕਰਦੇ ਰਹੇ। 2000 ਤੋਂ 2002 ਤੱਕ ਆਪ ਏ ਆਈ ਜੀ ਮੁੱਖ ਦਫਤਰ ਰਹੇ ਜਿਥੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਬਦਲੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ, ਜਿਹੜੀ ਡਿਊਟੀ ਬੜੀ ਗੁੰਝਲਦਾਰ ਹੁੰਦੀ ਹੈ ਕਿਉਂਕਿ ਸਿਫਾਰਸ਼ਾਂ ਦੀ ਬਹੁਤਾਤ ਹੁੰਦੀ ਹੈ ਪ੍ਰੰਤੂ ਆਪ ਹਰ ਕੰਮ ਮੈਰਿਟ ਉਪਰ ਹੀ ਕਰਦੇ ਸਨ। 2002 ਵਿਚ ਸੰਗਰੂਰ, 2005 ਵਿਚ ਪਟਿਆਲਾ ਅਤੇ 2007 ਵਿਚ ਲੁਧਿਆਣਾ ਵਿਖੇ ਐਸ ਐਸ ਪੀ ਰਹੇ। ਇਨ੍ਹਾਂ ਤਿੰਨਾ ਜਿਲ੍ਹਿਆਂ ਵਿਚ ਅੱਜ ਤੱਕ ਵੀ ਲੋਕ ਆਪ ਦੀ ਕਾਬਲੀਅਤ ਨਿਰਪੱਖਤਾ ਅਤੇ ਇਮਾਨਦਾਰੀ ਨੂੰ ਯਾਦ ਕਰਦੇ ਹਨ। ਜਦੋਂ ਆਪ ਪਟਿਆਲਾ ਵਿਖੇ ਐਸ ਐਸ ਪੀ ਤਾਇਨਾਤ ਸਨ ਤਾਂ ਪਟਿਆਲਾ ਵਿਖੇ ਇੰਡੋ ਪਾਕ ਖੇਡਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਖੇਡਾਂ ਨੂੰ ਵੀ ਸਾਂਤਮਈ ਨੇਪਰੇ ਚਾੜ੍ਹਨਾ ਵੰਗਾਰ ਭਰਿਆ ਕੰਮ ਸੀ ਜਿਸ ਵਿਚ ਵੀ ਆਪ ਸਫਲ ਹੋਏ।