ਜਦੋਂ ਉਹ ਨਿਊਯਾਰਕ ਦੀਆਂ ਸੜਕਾਂ ਤੇ ਸਾਰਾ ਦਿਨ ਖਾਲੀ ਟੈਕਸੀ ਭਜਾਉਂਦਾ ਰਿਹਾ
ਅਮਰੀਕਾ ਪੰਜਾਬੀਆਂ ਦੇ ਸੁਪਨਿਆਂ ਦਾ ਦੇਸ਼ ਹੈ।ਇੱਥੇ ਆਉਣ ਲਈ ਬਹੁ-ਗਿਣਤੀ ਪੰਜਾਬੀ ਤਰਲੋ ਮੱਛੀ ਹੋਏ ਰਹਿੰਦੇ ਨੇ।ਇਸ ਦੇਸ਼ ਵਿੱਚ ਜਦੋਂ ਕੋਈ ਆ ਜਾਂਦਾ ਹੈ ਫਿਰ ਉਸਦੀ ਜਿੰਦਗੀ ਦਾ ਸੰਘਰਸ਼ ਸ਼ੁਰੂ ਹੁੰਦਾ ਹੈ।ਸ਼ੁਰੂਆਤੀ ਦੌਰ ਵਿੱਚ ਨਾ ਤਾਂ ਕੋਈ ਖਾਸ ਵਾਕਫੀਅਤ ਹੁੰਦੀ ਹੈ ਅਤੇ ਨਾ ਹੀ ਅੰਗਰੇਜੀ ਦੀ ਮੁਹਾਰਤ।ਪੈਸੇ ਧੇਲੇ ਪੱਖੋਂ ਵੀ ਹੱਥ ਤੰਗ ਹੀ ਹੁੰਦਾ ਹੈ।ਬੰਦੇ ਨੂੰ ਕਈ ਪਾਸਿਆਂ ਤੋਂ ਮਾਰ ਪੈਂਦੀ ਹੈ।ਅੱਜ ਤੋਂ ਵੀਹ-ਬਾਈ ਸਾਲ ਪਹਿਲਾਂ ਦੀ ਕਹਾਣੀ ਹੈ ਇਹ ਮੇਰੇ ਇੱਕ ਦੋਸਤ ਦੀ ਜਿਸਨੇ ਕਾਮਯਾਬ ਹੋਣ ਲਈ ਬਹੁਤ ਸੰਘਰਸ਼ ਕੀਤਾ।ਉਹ ਸ਼ੁਰੂਆਤੀ ਦੌਰ ਵਿੱਚ ਨਿਊਯਾਰਕ ਸ਼ਹਿਰ ਵਿੱਚ ਆਇਆ ਸੀ ਜਿੱਥੇ ਹਰ ਦੇਸ਼ ਦੇ ਲੋਕ ਮਿਲ ਜਾਂਦੇ ਹਨ।ਉਸਨੇ ਪਹਿਲਾਂ ਕਈ ਕਿਸਮ ਦੇ ਕੰਮਾਂ ਵਿੱਚ ਕਿਸਮਤ ਅਜਮਾਈ ਪਰ ਇੱਕ ਦਿਨ ਆਪਣੇ ਦੋਸਤ ਦੇ ਕਹਿਣ ਤੇ ਟੈਕਸੀ ਪਾ ਲਈ।ਇਸ ਸ਼ਹਿਰ ਵਿੱਚ ਬਹੁਤੇ ਪੰਜਾਬੀ ਟੈਕਸੀ ਚਲਾਉਣ ਦਾ ਕੰਮ ਕਰਦੇ ਹਨ।ਇਸ ਕੰਮ ਵਿੱਚ ਪੈਸਾ ਚੰਗਾ ਬਣ ਜਾਂਦਾ ਹੈ।
ਮੇਰੇ ਦੋਸਤ ਨੇ ਜਦੋਂ ਟੈਕਸੀ ਲੈ ਆਂਦੀ ਤਾਂ ਉਸਦੇ ਰਾਹ ਵਿੱਚ ਸਭ ਤੋਂ ਵੱਡਾ ਅੜਿੱਕਾ ਬਣਿਆ ਰਸਤੇ ਲੱਭਣ ਦਾ।ਉਹਨਾਂ ਦਿਨਾਂ ਵਿੱਚ ਅੱਜ ਵਰਗੀ ਸਹੂਲਤ ਨਹੀਂ ਸੀ ਹੁੰਦੀ ਕਿ ਜੀ.ਪੀ.ਐਸ.ਲਾਓ ਤੇ ਤੋਰ ਲਓ ਟੈਕਸੀ।ਰਸਤਿਆਂ ਦੀ ਜਾਣਕਾਰੀ ਦਿਮਾਗ ਵਿੱਚ ਫਿੱਟ ਕਰਨੀ ਪੈਂਦੀ ਸੀ।ਪਹਿਲੇ ਦਿਨ ਉਹ ਜਦੋਂ ਟੈਕਸੀ ਲੈ ਕੇ ਘਰੋਂ ਨਿਕਲਿਆ ਤਾਂ ਸਭ ਤੋਂ ਪਹਿਲਾਂ ਖਾਲੀ ਟੈਕਸੀ ਨੁੰ ਨਿਊਯਾਰਕ ਦੀਆਂ ਸੜਕਾਂ ਤੇ ਇਹ ਸੋਚਕੇ ਘੁਮਾਉਂਦਾ ਰਿਹਾ ਕਿ ਅੱਜ ਸੜਕਾਂ ਦੀ ਜਾਣਕਾਰੀ ਹਾਸਿਲ ਕਰ ਲਈ ਜਾਵੇਗੀ।ਸਾਰਾ ਦਿਨ ਟੈਕਸੀ ਸੜਕਾਂ ਤੇ ਦੌੜਦੀ ਰਹੀ।ਸ਼ਾਮ ਦੇ ਵਕਤ ਜਦੋਂ ਉਹ ਘਰ ਵਾਪਿਸ ਆਇਆ ਤਾਂ ਉਸਦੇ ਦੋਸਤ ਨੇ ਉਸ ਨੂੰ ਉਸ ਦਿਨ ਦੀ ਕਮਾਈ ਬਾਰੇ ਪੁੱਛਿਆ।ਹੁਣ ਵਿਚਾਰਾ ਕਮਾਈ ਬਾਰੇ ਕੀ ਦੱਸੇ। ਉਸ ਦਿਨ ਪੈਸਾ ਤਾਂ ਕੋਈ ਕਮਾਇਆ ਹੀ ਨਹੀਂ ਸੀ ਸਗੋਂ ਤੇਲ ਤੇ ਖਰਚ ਬਥੇਰੇ ਕਰ ਦਿੱਤੇ ਸਨ।ਜਦੋਂ ਉਸਨੇ ਆਪਣੇ ਦੋਸਤ ਨੂੰ ਅਸਲੀਅਤ ਦੱਸੀ ਤਾਂ ਉਹ ਵੀ ਹੈਰਾਨ-ਪ੍ਰੇਸ਼ਾਨ ਜਿਹਾ ਹੋ ਗਿਆ।ਉਸਦੇ ਦੋਸਤ ਨੇ ਸੁਝਾਅ ਦਿੱਤਾ ਕਿ ਇੰਝ ਭਾਵੇਂ ਤੂੰ ਖਾਲੀ ਟੈਕਸੀ ਮਹੀਨਾ ਭਰ ਘੁਮਾਈ ਜਾਈਂ ਤੇਂਨੂੰ ਸੜਕਾਂ ਦਾ ਗਿਆਨ ਉਦੋਂ ਤੱਕ ਨਹੀਂ ਹੋਣਾ ਜਦੋਂ ਤੱਕ ਤੂੰ ਸਵਾਰੀਆਂ ਨਹੀਂ ਚੁੱਕਦਾ।
ਰਾਤ ਦਾ ਵਕਤ ਸੀ।ਖਾਣਾ ਖਾ ਕੇ ਦੋਵੇਂ ਜਣੇ ਸੌਂ ਗਏ।ਭਲਾਂ ਮੇਰੇ ਦੋਸਤ ਨੂੰ ਨੀਂਦ ਕਿੱਥੋਂ ਆਵੇ।ਉਹਦੇ ਦਿਮਾਗ’ਚ ਤਾਂ ਸਾਰੀ ਰਾਤ ਸੜਕਾਂ ਹੀ ਘੁੰਮਦੀਆਂ ਰਹੀਆਂ।ਅਗਲੇ ਦਿਨ ਸਵੇਰੇ ਹੀ ਉਹ ਕੰਮ ਤੇ ਨਿਕਲ ਗਿਆ।ਜਾਂਦਿਆਂ ਹੀ ਸਵਾਰੀ ਮਿਲ ਗਈ।ਦਿਲ ਦੀ ਧੜਕਣ ਵੀ ਤੇਜ ਹੋ ਗਈ।ਉਸਨੇ ਸਵਾਰੀ ਨੂੰ ਬੇਨਤੀ ਕੀਤੀ ਕਿ ਮੈਂ ਬਿਲਕੁੱਲ ਨਵਾਂ ਹਾਂ ਇਸ ਸ਼ਹਿਰ ਵਿੱਚ ਮੈਂਨੂੰ ਅਜੇ ਸੜਕਾਂ ਦੀ ਜਾਣਕਾਰੀ ਨਹੀਂ ਹੈ,ਕ੍ਰਿਪਾ ਕਰਕੇ ਮੈਂਨੂੰ ਤੁਸੀਂ ਆਪਣੇ ਘਰ ਨੂੰ ਜਾਂਦੇ ਰਸਤੇ ਬਾਰੇ ਗਾਈਡ ਕਰਦੇ ਰਹਿਣਾ। ਉਸ ਨਾਲ ਇੰਝ ਹੀ ਹੋਇਆ।ਸਵਾਰੀ ਨੂੰ ਉਸਦੇ ਟਿਕਾਣੇ ਤੇ ਪਹੁੰਚਾਕੇ ਉਸਨੂੰ ਚਾਅ ਜਿਹਾ ਚੜ੍ਹ ਗਿਆ।ਭਾੜੇ ਦੇ ਮਿਲੇ ਪੈਸਿਆਂ ਨੂੰ ਮੱਥੇ ਨਾਲ ਲਾਇਆ ਤੇ ਜੇਬ ਵਿੱਚ ਪਾ ਲਿਆ।ਇਸ ਕੰਮ ਵਿੱਚ ਇਹ ਉਸਦੀ ਪਹਿਲੀ ਕਮਾਈ ਜੋ ਸੀ।ਹੌਲੀ-ਹੌਲੀ ਉਹ ਨਿਊਯਾਰਕ ਦੀਆਂ ਸਾਰੀਆਂ ਸੜਕਾਂ ਦਾ ਭੇਤੀ ਹੁੰਦਾ ਗਿਆ।ਉਸਦਾ ਕੰਮ ਚੰਗਾ ਚੱਲ ਨਿਕਲਿਆ।ਇਸ ਕੰਮ ਵਿੱਚ ਚੰਗੀ ਕਮਾਈ ਹੋਣ ਲੱਗੀ।ਸਮਾਂ ਬੀਤਣ ਦੇ ਨਾਲ ਉਹ ਹਰ ਕੰਮ ਦਾ ਭੇਤੀ ਹੁੰਦਾ ਗਿਆ।ਆਖਰਕਾਰ ਇਸ ਬੇਗਾਨੀ ਧਰਤੀ ਤੇ ਉਸ ਨੇ ਆਪਣੇ ਪੈਰ ਚੰਗੀ ਤਰਾਂ ਜਮਾਉਣ ਵਿੱਚ ਕਾਮਯਾਬੀ ਹਾਸਿਲ ਕਰ ਲਈ।
ਹਰ ਸਫਲਤਾ ਦਾ ਮੁੱਢ ਮਿਹਨਤ ਅਤੇ ਸਿਰੜ ਹੀ ਬੰਨ੍ਹਦਾ ਹੈ।ਅੱਜਕੱਲ੍ਹ ਮੇਰਾ ਇਹ ਦੋਸਤ ਆਪਣੀ ਟਰੱਕਿੰਗ ਕੰਪਨੀ ਚਲਾ ਕੇ ਵਧੀਆ ਕਮਾਈ ਕਰ ਰਿਹਾ ਹੈ।ਗੱਲਬਾਤ ਕਰਦਿਆਂ ਉਹ ਦੱਸਦਾ ਹੁੰਦਾ ਹੈ ਕਿ ਕੋਈ ਵੀ ਕੰਮ ਨਾ-ਮੁਮਕਿਨ ਨਹੀਂ ਹੁੰਦਾ ਜੇ ਤੁਹਾਡੀ ਇੱਛਾ ਸ਼ਕਤੀ ਮਜਬੂਤ ਹੋਵੇ।ਮਿਹਨਤ ਦਾ ਲੜ ਕਦੇ ਨਾ ਛੱਡੋ ਅੱਗੇ ਵੱਧਣ ਲਈ ਰਸਤੇ ਆਪਣੇ-ਆਪ ਹੀ ਬਣਦੇ ਰਹਿੰਦੇ ਹਨ।ਇਹੋ ਜਿਹੇ ਸਿਰੜੀ ਅਤੇ ਨੇਕ ਇਰਾਦੇ ਰੱਖਣ ਵਾਲੇ ਇਨਸਾਨ ਲੋਕਾਂ ਲਈ ਨਵੀਂਆਂ ਪੈੜਾਂ ਪਾ ਜਾਂਦੇ ਹਨ,ਜਿਹਨਾਂ ਤੇ ਤੁਰਕੇ ਕੋਈ ਵੀ ਕਾਮਯਾਬੀ ਦਾ ਮੁਕਾਮ ਹਾਸਿਲ ਕਰ ਸਕਦਾ ਹੈ।ਮੁਸ਼ਕਿਲਾਂ ਵਿੱਚੋਂ ਦੀ ਹੋ ਕੇ ਲੰਘਣ ਨਾਲ ਜਿਹੜੀ ਸਫਲਤਾ ਮਿਲਦੀ ਹੈ,ਉਹਦਾ ਵੱਖਰਾ ਹੀ ਆਨੰਦ ਹੁੰਦਾ ਹੈ।ਇਹੋ ਜਿਹੇ ਮਿਹਨਤੀ ਲੋਕਾਂ ਅੱਗੇ ਆਪਣੇ-ਆਪ ਹੀ ਸਿਰ ਝੁੱਕ ਜਾਂਦਾ ਹੈ।
ਮੇਰੇ ਇਸ ਦੋਸਤ ਦਾ ਕਹਿਣਾ ਹੈ ਕਿ ਮਿਹਨਤ ਕਦੇ ਵੀ ਅਜਾਈਂ ਨਹੀਂ ਜਾਂਦੀ।ਮਿਹਨਤ ਦਾ ਫਲ਼ ਜਰੂਰ ਮਿਲਦਾ ਹੈ ਭਾਵੇਂ ਦੇਰ ਨਾਲ ਹੀ ਮਿਲੇ।ਚੰਗੇ ਲੋਕਾਂ ਦੀ ਸੰਗਤ ਦੀ ਹੀ ਚੰਗੀ ਰੰਗਤ ਹੁੰਦੀ ਹੈ।ਜਿੰਦਗੀ ਵਿੱਚ ਇਹ ਹਮੇਸ਼ਾ ਹੀ ਯਾਦ ਰੱਖੋ ਕਿ ਚੜ੍ਹਦੀ ਕਲਾ ਵਾਲੇ ਲੋਕ ਹੀ ਤੁਹਾਨੁੰ ਚੰਗੀ ਸਲਾਹ ਅਤੇ ਰਾਏ ਦੇ ਸਕਦੇ ਹਨ,ਢਹਿੰਦੀ ਕਲਾ ਵਿੱਚ ਰਹਿਣ ਵਾਲਿਆਂ ਨੇ ਆਪ ਤਾਂ ਡੁੱਬਣਾ ਹੀ ਹੁੰਦਾ,ਉਹ ਨਾਲ ਦੇ ਸਾਥੀਆਂ ਨੂੰ ਵੀ ਡੋਬ ਲੈਂਦੇ ਨੇ।ਚੰਗਾ ਸੋਚੋ,ਚੰਗਾ ਕਰੋ ਤਾਂ ਇਸਦਾ ਨਤੀਜਾ ਵੀ ਚੰਗਾ ਹੀ ਹੋਵੇਗਾ।ਸਿਰੜੀਆਂ ਅਤੇ ਮਿਹਨਤ ਮੁਸ਼ੱਕਤ ਕਰਨ ਵਾਲੇ ਲੋਕਾਂ ਨੁੰ ਮੇਰਾ ਸਲਾਮ।
ਜਸਪਾਲ ਸਿੰਘ ਨਾਗਰਾ ‘ਮਹਿੰਦਪੁਰੀਆ’
ਯੂਬਾ ਸਿਟੀ-ਕੈਲੇਫੋਰਨੀਆ (ਅਮਰੀਕਾ)
ਫੋਨ-੦੦੧-੩੬੦-੪੪੮-੧੯੮੯