ਕਾਂਗਰਸੀ ਸੰਸਦ ਮੈਂਬਰਾਂ ਤੇ ਰੇਲ ਮੰਤਰੀ ਵਿਚਾਲੇ ਮੀਟਿੰਗ ਬੇਸਿੱਟਾ

ਚੰਡੀਗੜ੍ਹ : ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਤੇ ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਵਿਚਾਲੇ ਮੀਟਿੰਗ ਦੌਰਾਨ ਤਲਖ਼ੀ ਦਾ ਮਾਹੌਲ ਬਣਨ ਕਰਕੇ ਗੱਲ ਸਿਰੇ ਨਾ ਲੱਗ ਸਕੀ। ਰੋਹ ਵਿਚ ਆਏ ਕੁਝ ਸੰਸਦ ਮੈਂਬਰਾਂ ਨੇ ਕੇਂਦਰੀ ਰੇਲ ਮੰਤਰੀ ਦੀ ਮੀਟਿੰਗ ’ਚੋਂ ਵਾਕਆਊਟ ਕਰ ਦਿੱਤਾ। ਪੰਜਾਬ ’ਚ ਮਾਲ ਗੱਡੀਆਂ ਦੀ ਆਵਾਜਾਈ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਕਾਂਗਰਸੀ ਸੰਸਦ ਮੈਂਬਰ ਦਿੱਲੀ ’ਚ ਕੇਂਦਰੀ ਰੇਲ ਮੰਤਰੀ ਨੂੰ ਮਿਲੇ ਸਨ। ਇਹ ਸੰਸਦ ਮੈਂਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲਿਖਤੀ ਚਿੱਠੀ ਵੀ ਲੈ ਕੇ ਗਏ ਸਨ। ਕੋਈ ਗੱਲ ਸਿਰੇ ਨਾਲ ਲੱਗਣ ਕਰਕੇ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸਮਾਂ ਮੰਗਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸੀ ਸੰਸਦ ਮੈਂਬਰਾਂ ਤੋਂ ਪਹਿਲਾਂ ਅੱਜ ਪੰਜਾਬ ਭਾਜਪਾ ਦੇ ਆਗੂਆਂ ਦਾ ਵਫਦ ਕੇਂਦਰੀ ਮੰਤਰੀ ਹਰਦੀਪ ਪੁਰੀ ਦੀ ਅਗਵਾਈ ਵਿਚ ਕੇਂਦਰੀ ਰੇਲ ਮੰਤਰੀ ਨੂੰ ਮਿਲਿਆ। ਰੇਲ ਮੰਤਰੀ ਨੇ ਭਾਜਪਾ ਆਗੂਆਂ ਨਾਲ ਲੰਮੀ ਮੀਟਿੰਗ ਕਰਨ ਮਗਰੋਂ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੂੰ ਬੁਲਾਇਆ। ਕਾਂਗਰਸੀ ਸੰਸਦ ਮੈਂਬਰ ਪਹਿਲੋਂ ਇਸ ਗੱਲੋਂ ਖਫ਼ਾ ਹੋ ਗਿਆ ਕਿ ਉਨ੍ਹਾਂ ਤੋਂ ਰੇਲ ਮੰਤਰੀ ਨੇ ਲੰਮੀ ਉਡੀਕ ਕਰਵਾਈ। ਅੱਜ ਦੇ ਵਫਦ ਵਿੱਚ ਪੰਜਾਬ ਦੇ ਸਾਰੇ ਕਾਂਗਰਸੀ ਸੰਸਦ ਮੈਂਬਰ ਸਨ। ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਕਹਿਣਾ ਸੀ ਕਿ ਉਹ ਸਾਰੇ ਸੰਸਦ ਮੈਂਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲਿਖਤੀ ਚਿੱਠੀ ਲੈ ਕੇ ਕੇਂਦਰੀ ਰੇਲ ਮੰਤਰੀ ਨੂੰ ਪਹਿਲਾਂ ਲਏ ਸਮੇਂ ਅਨੁਸਾਰ ਮਿਲੇ। ਉਨ੍ਹਾਂ ਦੱਸਿਆ ਕਿ ਰੇਲ ਮੰਤਰੀ ਨੇ ਇੱਕੋ ਰੱਟ ਲਾਈ ਰੱਖੀ ਕਿ ਪਹਿਲਾਂ ਖੇਤੀ ਕਾਨੂੰਨਾਂ ਨੂੰ ਪੰਜਾਬ ਮੰਨੇ ਅਤੇ ਰੇਲਵੇ ਦੀ ਸੁਰੱਖਿਆ ਦਾ ਲਿਖਤੀ ਭਰੋਸਾ ਦਿੱਤਾ ਜਾਵੇ। ਰੇਲ ਮੰਤਰੀ ਨੇ ਇਹ ਵੀ ਆਖਿਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਰੇਲ ਮਾਰਗਾਂ ’ਤੇ ਬਿਠਾਇਆ ਹੈ। ਰਵਨੀਤ ਬਿੱਟੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰੇਲ ਮੰਤਰੀ ਨੂੰ ਇਹ ਵੀ ਭਰੋਸਾ ਦਿੱਤਾ ਗਿਆ ਕਿ ਉਹ ਹਰ ਗੱਡੀ ਨਾਲ ਆਪਣਾ ਇੱਕ-ਇੱਕ ਐੱਮਪੀ ਵੀ ਬਿਠਾ ਦਿੰਦੇ ਹਨ ਅਤੇ ਪੰਜਾਬ ਵਿਚ ਇਸ ਵੇਲੇ ਸਭ ਰੇਲ ਮਾਰਗ ਖਾਲੀ ਹਨ। ਬਿੱਟੂ ਦਾ ਕਹਿਣਾ ਸੀ ਕਿ ਰੇਲ ਮੰਤਰੀ ਪੂਰੀ ਤਰ੍ਹਾਂ ਕਾਰਪੋਰੇਟਾਂ ਨਾਲ ਖੜ੍ਹੇ ਹਨ। ਪਤਾ ਲੱਗਾ ਹੈ ਕਿ ਰਵਨੀਤ ਬਿੱਟੂ ਨਾਲ ਮੀਟਿੰਗ ’ਚੋਂ ਐੱਮਪੀ ਗੁਰਜੀਤ ਔਜਲਾ ਅਤੇ ਸੰਤੋਖ ਚੌਧਰੀ ਵੀ ਉੱਠ ਆਏ ਸਨ।

ਦੂਜੇ ਪਾਸੇ ਅੱਜ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਰੇਲ ਮੰਤਰੀ ਨਾਲ ਮੀਟਿੰਗ ਮਗਰੋਂ ਦੱਸਿਆ ਕਿ ਪੰਜਾਬ ਸਰਕਾਰ ਲਿਖਤੀ ਰੂਪ ਵਿਚ ਰੇਲਵੇ ਦੀ ਸੁਰੱਖਿਆ ਦੀ ਗਾਰੰਟੀ ਦੇਵੇ ਅਤੇ ਉਸ ਮਗਰੋਂ ਹੀ ਰੇਲ ਮੰਤਰੀ ਨੇ ਰੇਲ ਗੱਡੀਆਂ ਸ਼ੁਰੂ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਤਾਂ ਕਿਸਾਨਾਂ ਨੂੰ ਉਕਸਾ ਕੇ ਰੇਲ ਮਾਰਗਾਂ ’ਤੇ ਬਿਠਾ ਰਹੇ ਹਨ। ਤਰੁਣ ਚੁੱਘ ਨੇ 31 ਰੇਲ ਮਾਰਗਾਂ ’ਤੇ ਅੱਜ ਵੀ ਕਿਸਾਨਾਂ ਦੇ ਬੈਠੇ ਹੋਣ ਦੀਆਂ ਤਸਵੀਰਾਂ ਵੀ ਦਿਖਾਈਆਂ।

ਪੰਜਾਬ ’ਚ ਅੱਜ ਤੋਂ ਖਾਲੀ ਹੋ ਜਾਣਗੇ ਰੇਲ ਮਾਰਗ: ਰੇਲਵੇ ਬੋਰਡ ਚੇਅਰਮੈਨ

ਨਵੀਂ ਦਿੱਲੀ : ਰੇਲਵੇ ਬੋਰਡ ਦੇ ਚੇਅਰਮੈਨ ਵੀ ਕੇ ਯਾਦਵ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਰੇਲਵੇ ਨੂੰ ਭਰੋਸਾ ਦਿੱਤਾ ਹੈ ਕਿ ਸਾਰੇ ਰੇਲ ਟਰੈਕਾਂ ਤੋਂ ਪ੍ਰਦਰਸ਼ਨਕਾਰੀ ਭਲਕੇ ਸਵੇਰ ਤੱਕ ਹਟ ਜਾਣਗੇ। ਉਨ੍ਹਾਂ ਕਿਹਾ ਕਿ 31 ਰੇਲ ਮਾਰਗਾਂ ’ਚੋਂ 14 ਅੱਜ ਸ਼ਾਮ ਤੱਕ ਖਾਲੀ ਹੋ ਗਏ ਸਨ। ਸ੍ਰੀ ਯਾਦਵ ਨੇ ਕਿਹਾ ਕਿ ਸੂਬਾ ਅਧਿਕਾਰੀਆਂ ਅਤੇ ਆਰਪੀਐੱਫ ਦੀ ਸਾਂਝੀ ਟੀਮ ਬਣਾਈ ਗਈ ਹੈ ਜੋ ਪੰਜਾਬ ’ਚ ਟਰੇਨਾਂ ਸੁਰੱਖਿਅਤ ਚਲਾਉਣ ਦੇ ਹਾਲਾਤ ਦਾ ਜਾਇਜ਼ਾ ਲਵੇਗੀ। ਉਨ੍ਹਾਂ ਕਿਹਾ ਕਿ ਰੇਲਵੇ ਦੀਆਂ ਮੇਂਟੀਨੈਂਸ ਟੀਮਾਂ ਤਿਆਰ ਹਨ ਅਤੇ ਜਿਵੇਂ ਹੀ ਪਟੜੀਆਂ ਰੇਲਵੇ ਦੇ ਕੰਟਰੋਲ ’ਚ ਆ ਜਾਣਗੀਆਂ ਤਾਂ ਉਹ ਟਰੇਨਾਂ ਚਲਾਉਣੀਆਂ ਸ਼ੁਰੂ ਕਰ ਦੇਣਗੇ। ਤਿੰਨ ਖੇਤੀ ਬਿੱਲਾਂ ਦੇ ਸੰਸਦ ’ਚ ਪਾਸ ਹੋਣ ਮਗਰੋਂ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਕਾਰਨ ਪੰਜਾਬ ’ਚ ਰੇਲਾਂ 24 ਸਤੰਬਰ ਤੋਂ ਹੀ ਬੰਦ ਹਨ।

ਇਸ ਤੋਂ ਪਹਿਲਾਂ ਰੇਲ ਮੰਤਰੀ ਪਿਯੂਸ਼ ਗੋਇਲ ਨੇ ਪੰਜਾਬ ਸਰਕਾਰ ਨੂੰ ਮੁੜ ਬੇਨਤੀ ਕੀਤੀ ਸੀ ਕਿ ਉਹ ਰੇਲ ਪਟੜੀਆਂ ਖਾਲੀ ਕਰਵਾਏ ਤਾਂ ਜੋ ਮਾਲ ਅਤੇ ਮੁਸਾਫ਼ਰ ਗੱਡੀਆਂ ਛੇਤੀ ਤੋਂ ਛੇਤੀ ਬਹਾਲ ਹੋ ਸਕਣ। ਇਹ ਬੇਨਤੀ ਉਸ ਸਮੇਂ ਕੀਤੀ ਗਈ ਜਦੋਂ ਅੱਜ ਪੰਜਾਬ ਦੇ ਭਾਜਪਾ ਆਗੂਆਂ ਦਾ ਵਫ਼ਦ ਉਨ੍ਹਾਂ ਨੂੰ ਮਿਲਣ ਲਈ ਆਇਆ। ਮੀਟਿੰਗ ’ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਭਾਜਪਾ ਤਰਜਮਾਨ ਆਰ ਪੀ ਸਿੰਘ ਅਤੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਹਾਜ਼ਰ ਸਨ। ਭਾਜਪਾ ਆਗੂਆਂ ਨੇ ਸ੍ਰੀ ਗੋਇਲ ਨੂੰ ਪੰਜਾਬ ਦੇ ਹਾਲਾਤ ਦੀ ਜਾਣਕਾਰੀ ਦਿੱਤੀ ਅਤੇ ਰੇਲ ਸੇਵਾਵਾਂ ਛੇਤੀ ਬਹਾਲ ਕਰਨ ਦੀ ਮੰਗ ਉਠਾਈ। ਉਨ੍ਹਾਂ ਕਿਹਾ ਕਿ ਮਾਲ ਗੱਡੀਆਂ ਨਾ ਆਉਣ ਕਾਰਨ ਪੰਜਾਬ ’ਚ ਕੋਲੇ, ਖਾਦ, ਸੀਮੰਟ ਅਤੇ ਹੋਰ ਜ਼ਰੂਰੀ ਵਸਤਾਂ ਦੀ ਘਾਟ ਹੋ ਗਈ ਹੈ।

Leave a Reply

Your email address will not be published. Required fields are marked *