ਜੱਗੀ ਜੌਹਲ ਨੂੰ ਹਾਈ ਕੋਰਟ ’ਚੋਂ ਜ਼ਮਾਨਤ

ਮੋਗਾ : ਸੂਬੇ ’ਚ ਕਰੀਬ 4 ਵਰ੍ਹੇ ਪਹਿਲਾਂ ਹਿੰਦੂ ਜਥੇਬੰਦੀ ਆਗੂਆਂ ਸਣੇ ਮਿਥ ਕੇ ਕੀਤੇ ਗਏ ਕਤਲਾਂ ਦੀਆਂ ਵਾਰਦਾਤਾਂ ’ਚ ਕਥਿਤ ਸ਼ਾਮਲ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਨੂੰ ਇੱਕ ਕੇਸ ’ਚ ਹਾਈ ਕੋਰਟ ’ਚੋਂ ਮਿਲੀ ਜ਼ਮਾਨਤ ਮਿਲ ਗਈ ਹੈ, ਪਰ ਹੋਰ ਕਤਲ ਕੇਸਾਂ ’ਚ ਨਾਮਜ਼ਦ ਹੋਣ ਕਾਰਨ ਉਸ ਦੀ ਰਿਹਾਈ ਨਹੀਂ ਹੋਵੇਗੀ।

ਬਰਤਾਨਵੀ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਮੂਲ ਰੂਪ ਵਿੱਚ ਪਿੰਡ ਗੱਗੜ ਪੱਤੀ, ਜੰਡਿਆਲਾ (ਜਲੰਧਰ) ਦਾ ਰਹਿਣ ਵਾਲਾ ਹੈ। ਉਹ ਸਾਲ 2017 ਵਿੱਚ ਵਿਆਹ ਕਰਵਾਉਣ ਆਇਆ ਸੀ।

ਜੱਗੀ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਜੱਗੀ ਜੌਹਲ ਨੂੰ ਥਾਣਾ ਬਾਘਾਪੁਰਾਣਾ ਵਿਖੇ 17 ਦਸੰਬਰ 2016 ਨੂੰ ਆਰਮਜ਼ ਅਤੇ ਯੂਏਪੀ ਐਕਟ ਤਹਿਤ ਦਰਜ ਕੇਸ ’ਚ ਹਾਈ ਕੋਰਟ ’ਚੋਂ ਜ਼ਮਾਨਤ ਮਿਲ ਗਈ ਹੈ। ਉਹ ਨਿਆਂਇਕ ਹਿਰਾਸਤ ਤਹਿਤ ਕੇਂਦਰੀ ਜੇਲ ਨੰਬਰ 1, ਤਿਹਾੜ ਨਵੀਂ ਦਿੱਲੀ ਵਿੱਚ ਬੰਦ ਹੈ। ਵਕੀਲ ਨੇ ਦੱਸਿਆ ਕਿ 8 ਹੋਰ ਕੇਸ ਪੈਂਡਿੰਗ ਹਨ ਅਤੇ ਇਨ੍ਹਾਂ ਕੇਸਾਂ ’ਚ ਵੀ ਜ਼ਮਾਨਤ ਲਈ ਹਾਈ ਕੋਰਟ ’ਚ ਅਰਜ਼ੀ ਦਾਇਰ ਕੀਤੀ ਜਾਵੇਗੀ।

ਸਟੇਟ ਸਪੈਸ਼ਲ ਸੈੱਲ ਵੱਲੋਂ ਜੱਗੀ ਜੌਹਲ ਨੂੰ ਪੰਜਾਬ ’ਚ ਹਿੰਦੂ ਜਥੇਬੰਦੀ ਆਗੂਆਂ ਸਣੇ ਮਿਥ ਕੇ ਕੀਤੇ ਗਏ ਕਤਲਾਂ ਦੀਆਂ ਵਾਰਦਾਤਾਂ ’ਚ ਨਾਮਜ਼ਦ ਕਰਨ ਮਗਰੋਂ ਇਹ ਤਫ਼ਤੀਸ਼ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਤਬਦੀਲ ਹੋ ਗਈ ਸੀ। ਜੱਗੀ ਜੌਹਲ ’ਤੇ ਇਨ੍ਹਾਂ ਸਿਆਸੀ ਕਤਲਾਂ ਲਈ ਤੇ ਅਤਿਵਾਦੀ ਸਰਗਰਮੀਆਂ ਕਰਵਾਉਣ ਅਤੇ ਖ਼ਾਲਿਸਤਾਨੀ ਸੰਗਠਨਾਂ ਨੂੰ ਬਦਅਮਨੀ ਫੈਲਾਉਣ ਲਈ ਫੰਡ ਮੁਹੱਈਆ ਕਰਵਾਉਣ ਦੇ ਦੋਸ਼ ਲੱਗੇ ਸਨ। ਥਾਣਾ ਬਾਜਾਖਾਨਾ (ਫ਼ਰੀਦਕੋਟ) ਵਿੱਚ 26 ਜੂਨ 2017 ਨੂੰ ਦਰਜ ਕੇਸ ’ਚ ਕਰੀਬ ਡੇਢ ਵਰ੍ਹਾ ਪਹਿਲਾਂ ਜੁਲਾਈ, 2019 ਵਿੱਚ ਫ਼ਰੀਦਕੋਟ ਦੀ ਅਦਾਲਤ ਨੇ ਜੱਗੀ ਜੌਹਲ ਤੇ ਹੋਰਾਂ ਨੂੰ ਸਬੂਤਾਂ ਦੀ ਘਾਟ ਕਾਰਨ ਕੇਸ ਵਿੱਚੋਂ ਬਰੀ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਦਾ ਵਿਆਹ 18 ਅਕਤੂਬਰ 2017 ਨੂੰ ਮਹਿਤਪੁਰ ਨੇੜਲੇ ਪਿੰਡ ਸੋਹਲ ਜਗੀਰ ਦੀ ਇੱਕ ਲੜਕੀ ਨਾਲ ਹੋਇਆ ਸੀ। 

Leave a Reply

Your email address will not be published. Required fields are marked *