ਨਿਤੀਸ਼ ਕੁਮਾਰ ਸੱਤਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ

ਪਟਨਾ : ਜਨਤਾ ਦਲ (ਯੂ) ਮੁਖੀ ਨਿਤੀਸ਼ ਕੁਮਾਰ (69) ਨੇ ਦੋ ਦਹਾਕਿਆਂ ’ਚ ਅੱਜ ਸੱਤਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਰਾਜਪਾਲ ਫਾਗੂ ਚੌਹਾਨ ਨੇ ਰਾਜ ਭਵਨ ’ਚ ਊਨ੍ਹਾਂ ਦੀ ਅਗਵਾਈ ਹੇਠ 14 ਮੈਂਬਰੀ ਮੰਤਰੀ ਮੰਡਲ ਨੂੰ ਹਲਫ਼ ਦਿਵਾਇਆ। ਭਾਜਪਾ ਦੇ ਦੋ ਆਗੂਆਂ ਤਾਰਕਿਸ਼ੋਰ ਪ੍ਰਸਾਦ ਅਤੇ ਰੇਣੂ ਦੇਵੀ ਨੂੰ ਸੁਸ਼ੀਲ ਕੁਮਾਰ ਮੋਦੀ ਦੀ ਥਾਂ ’ਤੇ ਇਸ ਵਾਰ ਊਪ ਮੁੱਖ ਮੰਤਰੀ ਬਣਾਇਆ ਗਿਆ ਹੈ ਜਦਕਿ ਪਾਰਟੀ ਦੇ ਪੰਜ ਹੋਰ ਵਿਧਾਇਕ ਮੰਤਰੀ ਬਣੇ ਹਨ। ਮੰਤਰੀ ਮੰਡਲ ’ਚ ਜਨਤਾ ਦਲ (ਯੂ) ਦੇ 5, ਹਿੰਦੁਸਤਾਨੀ ਅਵਾਮ ਮੋਰਚਾ ਅਤੇ ਵਿਕਾਸਸ਼ੀਲ ਇਨਸਾਨ ਪਾਰਟੀ ਦੇ ਇਕ-ਇਕ ਆਗੂ ਨੂੰ ਥਾਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਨਵੰਬਰ 2015 ਤੋਂ ਲਗਾਤਾਰ ਮੁੱਖ ਮੰਤਰੀ ਅਹੁਦੇ ’ਤੇ ਕਾਬਜ਼ ਹਨ। ਊਂਜ 2014-15 ਦੌਰਾਨ ਜੀਤਨ ਰਾਮ ਮਾਂਝੀ ਕੁਝ ਸਮੇਂ ਲਈ ਮੁੱਖ ਮੰਤਰੀ ਰਹੇ ਸਨ। ਨਿਤੀਸ਼ ਕੁਮਾਰ ਨੇ ਸ੍ਰੀਕ੍ਰਿਸ਼ਨਾ ਸਿੰਘ ਦੇ ਰਿਕਾਰਡ ਨੂੰ ਤੋੜਿਆ ਹੈ ਜੋ ਆਜ਼ਾਦੀ ਤੋਂ ਬਾਅਦ ਆਪਣੀ ਮੌਤ 1961 ਤੱਕ ਬਿਹਾਰ ਦੇ ਮੁੱਖ ਮੰਤਰੀ ਰਹੇ ਸਨ।

ਭਾਜਪਾ ਦੇ ਦੋ ਊਪ ਮੁੱਖ ਮੰਤਰੀਆਂ ਸਮੇਤ ਮੰਗਲ ਪਾਂਡੇ, ਅਮਰੇਂਦਰ ਪ੍ਰਤਾਪ ਸਿੰਘ, ਰਾਮਪ੍ਰਿਤ ਪਾਸਵਾਨ, ਜਿਬੇਸ਼ ਕੁਮਾਰ ਅਤੇ ਰਾਮ ਸੂਰਤ ਰਾਏ ਨੂੰ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਗਿਆ ਹੈ। ਜਨਤਾ ਦਲ (ਯੂ) ਦੇ ਬਿਜੇਂਦਰ ਪ੍ਰਸਾਦ ਯਾਦਵ, ਅਸ਼ੋਕ ਚੌਧਰੀ, ਵਿਜੈ ਕੁਮਾਰ ਚੌਧਰੀ, ਮੇਵਾ ਲਾਲ ਚੌਧਰੀ ਅਤੇ ਸ਼ੀਲਾ ਕੁਮਾਰੀ ਮੰਡਲ ਨੂੰ ਮੰਤਰੀ ਬਣਾਇਆ ਗਿਆ ਹੈ। ਹਿੰਦੁਸਤਾਨੀ ਅਵਾਮ ਮੋਰਚਾ ਦੇ ਐੱਮਐੱਲਸੀ ਸੰਤੋਸ਼ ਕੁਮਾਰ ਸੁਮਨ, ਜਿਨ੍ਹਾਂ ਦੇ ਪਿਤਾ ਜੀਤਨ ਰਾਮ ਮਾਂਝੀ ਹਨ, ਨੇ ਵਿਕਾਸਸ਼ੀਲ ਇਨਸਾਨ ਪਾਰਟੀ ਦੇ ਬਾਨੀ ਮੁਕੇਸ਼ ਸਾਹਨੀ ਨਾਲ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ। ਪਿਛਲੀ ਸਰਕਾਰ ’ਚ ਊੱਪ ਮੁੱਖ ਮੰਤਰੀ ਰਹੇ ਸੁਸ਼ੀਲ ਕੁਮਾਰ ਮੋਦੀ ਇਸ ਵਾਰ ਕੋਈ ਅਹੁਦਾ ਨਾ ਮਿਲਣ ਕਾਰਨ ਊੱਖੜੇ ਊੱਖੜੇ ਦਿਖਾਈ ਦਿੱਤੇ। ਭਾਜਪਾ ਦੇ ਹੰਢੇ ਹੋਏ ਆਗੂ ਨੰਦ ਕਿਸ਼ੋਰ ਯਾਦਵ ਨੂੰ ਨਵਾਂ ਸਪੀਕਰ ਬਣਾਇਆ ਜਾ ਸਕਦਾ ਹੈ। ਨੇਮਾਂ ਤਹਿਤ 243 ਮੈਂਬਰੀ ਬਿਹਾਰ ਵਿਧਾਨ ਸਭਾ ’ਚ ਵੱਧ ਤੋਂ ਵੱਧ 36 ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਸੂਤਰਾਂ ਮੁਤਾਬਕ ਵਿਧਾਨ ਸਭਾ ਦਾ ਇਜਲਾਸ 23 ਨਵੰਬਰ ਨੂੰ ਸੱਦਿਆ ਜਾ ਸਕਦਾ ਹੈ। ਹਲਫ਼ਦਾਰੀ ਸਮਾਗਮ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਸਮੇਤ ਐੱਨਡੀਏ ਦੇ ਚੋਟੀ ਦੇ ਆਗੂ ਹਾਜ਼ਰ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਤੀਸ਼ ਕੁਮਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਐੱਨਡੀਏ ਪਰਿਵਾਰ ਹੁਣ ਸੂਬੇ ਦੀ ਤਰੱਕੀ ਲਈ ਰਲ ਕੇ ਕੰਮ ਕਰੇਗਾ। ਆਪਣੇ ਟਵੀਟ ’ਚ ਪ੍ਰਧਾਨ ਮੰਤਰੀ ਨੇ ਸੂਬੇ ਦੀ ਭਲਾਈ ਲਈ ਮੁੱਖ ਮੰਤਰੀ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ। -ਪੀਟੀਆਈ

ਮੁੱਖ ਮੰਤਰੀ ਨਿਤੀਸ਼ ਕੁਮਾਰ ਥੱਕੇ ਹੋਏ ਆਗੂ: ਪ੍ਰਸ਼ਾਂਤ ਕਿਸ਼ੋਰ

ਨਵੀਂ ਦਿੱਲੀ:ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਨਿਤੀਸ਼ ਕੁਮਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਹੈ ਕਿ ਊਨ੍ਹਾਂ ਨੂੰ ਭਾਜਪਾ ਨੇ ਮੁੱਖ ਮੰਤਰੀ ਅਹੁਦੇ ਲਈ ‘ਨਾਮਜ਼ਦ’ ਕੀਤਾ ਹੈ ਅਤੇ ਸੂਬੇ ਨੂੰ ਕੁਝ ਹੋਰ ਸਾਲਾਂ ਲਈ ‘ਇਕ ਥੱਕੇ ਹੋਏ ਅਤੇ ਸਿਆਸੀ ਤੌਰ ’ਤੇ ਮਹੱਤਵਹੀਣ ਹੋ ਗਏ ਆਗੂ’ ਦੇ ਪ੍ਰਭਾਵਹੀਣ ਸ਼ਾਸਨ ਲਈ ਤਿਆਰ ਰਹਿਣਾ ਚਾਹੀਦਾ ਹੈ। ਕਦੇ ਨਿਤੀਸ਼ ਦੇ ਕਰੀਬੀ ਰਹੇ ਕਿਸ਼ੋਰ ਨੂੰ ਜਨਤਾ ਦਲ (ਯੂ) ਦਾ ਮੀਤ ਪ੍ਰਧਾਨ ਬਣਾਇਆ ਗਿਆ ਸੀ ਪਰ ਤਿੱਖੇ ਬਿਆਨਾਂ ਕਾਰਨ ਊਨ੍ਹਾਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ ਸੀ। ਟਵਿੱਟਰ ’ਤੇ ਸਰਗਰਮ ਰਹਿਣ ਵਾਲੇ ਪ੍ਰਸ਼ਾਂਤ ਕਿਸ਼ੋਰ ਨੇ ਕਰੀਬ ਚਾਰ ਮਹੀਨਿਆਂ ਬਾਅਦ ਇਹ ਪਹਿਲਾ ਟਵੀਟ ਕੀਤਾ ਹੈ। -ਪੀਟੀਆਈ

ਆਰਜੇਡੀ ਵੱਲੋਂ ਹਲਫ਼ਦਾਰੀ ਸਮਾਗਮ ਦਾ ਬਾਈਕਾਟ

ਪਟਨਾ:ਬਿਹਾਰ ਵਿਧਾਨ ਸਭਾ ਚੋਣਾਂ ’ਚ ਸਭ ਤੋਂ ਵੱਡੀ ਪਾਰਟੀ ਬਣ ਕੇ ਊਭਰੀ ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇ ਅੱਜ ਨਿਤੀਸ਼ ਕੁਮਾਰ ਦੇ ਹਲਫ਼ਦਾਰੀ ਸਮਾਗਮ ਦਾ ਬਾਈਕਾਟ ਕੀਤਾ। ਊਂਜ ਪਾਰਟੀ ਦੇ ਮੁਖੀ ਤੇਜਸਵੀ ਯਾਦਵ ਨੇ ਨਿਤੀਸ਼ ਕੁਮਾਰ ਵੱਲੋਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੇ ਜਾਣ ’ਤੇ ਊਨ੍ਹਾਂ ਨੂੰ ਵਧਾਈ ਦਿੱਤੀ ਹੈ। ਤੇਜਸਵੀ ਨੇ ਚੋਣਾਂ ਦੌਰਾਨ ਵੋਟਾਂ ਦੀ ਗਿਣਤੀ ਪ੍ਰਕਿਰਿਆ ’ਚ ਗੜਬੜੀ ਦੇ ਦੋਸ਼ ਲਾਏ ਸਨ। ਊਨ੍ਹਾਂ ਆਸ ਜਤਾਈ ਕਿ ਨਿਤੀਸ਼ ਕੁਮਾਰ ਕੁਰਸੀ ਬਚਾਏ ਜਾਣ ਦੀ ਬਜਾਏ ਬਿਹਾਰ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਵੱਲ ਧਿਆਨ ਦੇਣਗੇ। -ਪੀਟੀਆਈ

ਆਸ ਕਰਦਾ ਹਾਂ ਨਿਤੀਸ਼ ਐੱਨਡੀਏ ਦੇ ਮੁੱਖ ਮੰਤਰੀ ਬਣੇ ਰਹਿਣਗੇ: ਚਿਰਾਗ

ਪਟਨਾ:ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਚਿਰਾਗ ਪਾਸਵਾਨ ਨੇ ਨਿਤੀਸ਼ ਕੁਮਾਰ ਨੂੰ ਸੱਤਵੀਂ ਵਾਰ ਮੁੱਖ ਮੰਤਰੀ ਬਣਨ ’ਤੇ ਵਧਾਈ ਦਿੰਦਿਆਂ ਆਸ ਜਤਾਈ ਕਿ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ ਅਤੇ ਊਹ ਐੱਨਡੀਏ ਦੇ ਮੁੱਖ ਮੰਤਰੀ ਬਣੇ ਰਹਿਣਗੇ। ਊਨ੍ਹਾਂ ਨਿਤੀਸ਼ ਨੂੰ ਮੁੱਖ ਮੰਤਰੀ ਬਣਾਏ ਜਾਣ ਲਈ ਭਾਜਪਾ ਨੂੰ ਵੀ ਵਧਾਈ ਦਿੱਤੀ। ਊਨ੍ਹਾਂ ਲੋਕ ਜਨਸ਼ਕਤੀ ਪਾਰਟੀ ਦੇ ਚੋਣ ਮਨੋਰਥ ਪੱਤਰ ਦੀ ਕਾਪੀ ਵੀ ਨਿਤੀਸ਼ ਨੂੰ ਭੇਜੀ ਹੈ ਤਾਂ ਜੋ ਊਹ ਲੋਕਾਂ ਨਾਲ ਕੀਤੇ ਗਏ ਕੁਝ ਵਾਅਦਿਆਂ ਨੂੰ ਵੀ ਪੂਰਾ ਕਰ ਸਕਣ। ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਨੂੰ ਚੋਣਾਂ ’ਚ ਹਰਾਊਣ ਲਈ ਚਿਰਾਗ ਪਾਸਵਾਨ ਨੇ ਜਨਤਾ ਦਲ (ਯੂ) ਦੇ ਊਮੀਦਵਾਰਾਂ ਖ਼ਿਲਾਫ਼ ਆਪਣੀ ਪਾਰਟੀ ਦੇ ਊਮੀਦਵਾਰ ਮੈਦਾਨ ’ਚ ਊਤਾਰੇ ਸਨ।

Leave a Reply

Your email address will not be published. Required fields are marked *