ਸਾਹਿਤਕ, ਸੱਭਿਆਚਾਰਕ ਅਤੇ ਸਿੱਖਿਅਕ ਹਲਕਿਆਂ ਦਾ ਜਾਣਿਆ-ਪਛਾਣਿਆ ਨਾਂ : ਹਰਸ਼ਰਨ ਕੌਰ ਰੋਜ਼

ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬੁੱਟਰ ਸਰੀਂਹ ਦੀ ਜੰਮਪਲ ਹਰਸ਼ਰਨ ਨੂੰ ਲਿਖਣ ਕਲਾ ਵਿਰਾਸਤ ਵਿਚ ਹੀ ਮਿਲ ਗਈ ਸੀ; ਕਿਉਂਕਿ ਉਸਦੇ ਪਿਤਾ ਸ੍ਰ. ਸੋਹਣ ਸਿੰਘ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ, ਸਕੂਲ ਗਿੱਦੜਬਾਹਾ ਤੋਂ ਬਤੌਰ ਪ੍ਰਿੰਸੀਪਲ ਸੇਵਾ-ਮੁਕਤ ਹੋਏ ਹਨ, ਵੀ ਇਕ ਨਾਮਵਰ ਲਿਖਾਰੀ ਸਨ। ਮਾਤਾ ਸ੍ਰੀਮਤੀ ਸੁਰਿੰਦਰ ਕੌਰ ਜੀ ਦੀ ਪਾਕਿ ਕੁੱਖੋਂ ਜਨਮੀ ਹਰਸ਼ਰਨ ਨੇ ਦਸਵੀਂ ਜਮਾਤ ਵਿਚ ਪੜਦਿਆਂ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ। ਫਿਰ ਜਗਦੀਪ ਸਿੰਘ ਜੀ ਤੋਂ ਉਸਨੂੰ ਲਿਖਣ ਦੇ ਹੋਰ ਵੀ ਗੁਰ ਮਿਲੇ। ਹਰਸ਼ਰਨ ਨੇ ਪਲੱਸ-ਟੂ ਦੀ ਸਿੱਖਿਆ ਸਰਕਾਰੀ ਸੀਨੀਅਰ ਸੈਕੰਡਰੀ, ਸਕੂਲ ਬਾਜਾਖਾਨਾ ਤੋਂ ਅਤੇ ਈ. ਟੀ. ਟੀ. ਜਿਲਾ ਸਿੱਖਿਆ ਸਿਖਲਾਈ ਸੰਸਥਾ ਮੁਕਤਸਰ ਤੋਂ ਹਾਸਲ ਕੀਤੀ। 2001 ਵਿਚ ਸਰਕਾਰੀ ਨੌਕਰੀ ਵਿਚ ਆ ਜਾਣ ਮਗਰੋਂ ਬੀ. ਏ., ਐਮ. ਏ., ਬੀ. ਐਡ ਉਸ ਨੇ ਪੰਜਾਬੀ ਯੂਨੀ :  ਪਟਿਆਲਾ ਤੋਂ ਪ੍ਰਾਈਵੇਟ ਤੌਰ ਤੇ ਕੀਤੀ।

          ਅੱਜ ਕੱਲ ਸ਼ਹਿਰ ਬਠਿੰਡਾ ਵਿਚ ਰਹਿ ਕੇ ਸਰਕਾਰੀ ਪ੍ਰਾਇਮਰੀ ਸਕੂਲ, ਗਹਿਰੀ ਬਾਰਾ ਸਿੰਘ ਵਿਖੇ ਹੈਡੱ-ਟੀਚਰ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੀ ਇਸ ਮੁਟਿਆਰ ਨੇ ਇਕ ਸਵਾਲ ਦਾ ਜੁਵਾਬ ਦਿੰਦਿਆਂ ਕਿਹਾ,”ਨਸ਼ਿਆਂ, ਹਥਿਆਰਾਂ ਅਤੇ ਅਸ਼ਲੀਲਤਾ ਨੂੰ ਪ੍ਰਮੋਟ ਕਰਨ ਵਾਲੀਆਂ ਕਲਮਾਂ, ਅਵਾਜ਼ਾਂ ਤੇ ਰਿਕਾਰਡਿੰਗ ਕੰਪਨੀਆਂ ਨੂੰ ਮੈਂ ਤਾਂ ਹੱਥ ਜੋੜਕੇ ਇਹੋ ਬੇਨਤੀ ਕਰਾਂਗੀ ਕਿ ਬੇ-ਮਤਲਬੇ ਤੇ ਬੇ-ਅਰਥੇ ਗੀਤਾਂ ਨਾਲ ਸਾਡੀ ਨੌਜਵਾਨ ਪੀੜੀ ਗਲਤ ਪਾਸੇ ਨੂੰ ਵਧਦੀ ਜਾ ਰਹੀ ਹੈ। ਇਨਾਂ ਵਿਚ ਸਾਡੇ, ਤੁਹਾਡੇ ਆਪਣੇ ਸਭਨਾਂ ਦੇ ਹੀ ਬੱਚੇ ਹਨ। ਇਨਾਂ ਨੂੰ ਸਿੱਧੇ ਰਾਹੇ ਪਾਉਣ ਵਾਲੇ ਪਰਿਵਾਰਕ ਗੀਤ ਹੀ ਪ੍ਰੋਸੋ। ਇਸੇ ਵਿਚ ਹੀ ਸਰਬੱਤ ਦਾ ਭਲਾ ਹੈ।”  

          ਦਾਦਾ ਸ. ਕਰਤਾਰ ਸਿੰਘ ਬੁੱਟਰ ਜੀ ਪਾਸੋਂ ”ਰੋਜ਼” ਦੇ ਮਿਲੇ ਲਾਡਾਂ-ਚਾਵਾਂ ਭਰੇ ਸ਼ਬਦ ਨੂੰ ਸਾਹਿਤਕ ਤਖੱਲਸ ਬਣਾ ਕੇ ਹਰਸ਼ਰਨ ਕੌਰ ਤੋਂ ਹਰਸ਼ਰਨ ਕੌਰ ”ਰੋਜ” ਬਣ ਕੇ ਉਹ ਪੱਕੇ ਤੌਰ ਤੇ ਕਲਮੀ-ਮੈਦਾਨ ਵਿਚ ਸੰਨ 2018 ਵਿਚ ਨਿੱਤਰੀ ਤਾਂ ਉਸ ਨੂੰ ਚੱਲਦੇ-ਚੱਲਦਿਆਂ ਸਫ਼ਰ ਦੌਰਾਨ ਸ੍ਰੀ ਨਰੇਸ਼ ਗਰਗ (ਸੰਪਾਦਕ, ”ਸੱਚੀ ਖ਼ਬਰ ”), ਸ. ਅਵਤਾਰ ਸਿੰਘ ਰਾਏਸਰ (ਸੰਪਾਦਕ, ”ਅਦਬੀ ਸਾਂਝ”), ਸ. ਗੁਰਜੰਟ ਸਿੰਘ ਪਟਿਆਲਾ, ਸ. ਨਿਰਮਲ ਸਿੰਘ ਸੇਖੋਂ, ਸ. ਕੁੰਡਾ ਸਿੰਘ ਧਾਲੀਵਾਲ ਅਤੇ ਸ੍ਰੀ ਜਤਿੰਦਰ ਸ਼ਰਮਾ ਆਦਿ ਵਰਗੀਆਂ ਸਾਹਿਤਕ ਖੇਤਰ ਵਿਚ ਹੱਲਾ-ਸ਼ੇਰੀ ਦੇਣ ਵਾਲੀਆਂ ਸੂਝਵਾਨ ਤੇ ਤਜ਼ਰਬੇਕਾਰ ਕਲਮਾਂ ਮਿਲਦੀਆਂ ਗਈਆਂ ਤਾਂ ਤੁਰਨ ਲਈ ਹੌਂਸਲੇ ਹੋਰ ਵੀ ਬੁਲੰਦ ਹੁੰਦੇ ਗਏ।  ”ਵਿਚਾਰੀ ਰੂਪ”, ”ਅਧੂਰੇ ਸੁਪਨੇ”, ”ਸੋਚਾਂ ਸਮੁੰਦਰੋਂ ਪਾਰ ਦੀਆਂ”, ”ਕਾਰਵਾਂ-ਏ-ਜ਼ਿੰਦਗੀ”, ”ਉਹ ਵੇਲਾ”, ”ਕਿਤੋਂ ਆ ਵੇ ਭਗਤ ਸਿੰਘ ਵੀਰਨਾ”, ”ਉਮਰਾਂ ਬੀਤੀਆਂ ਕਦੇ ਵਾਪਿਸ ਨਹੀਂ ਆਉਂਦੀਆਂ”, ”ਸੋਹਣਿਆਂ”, ”ਹੱਸਣੇ ਦੀ ਆਦਤ ਪਾ ਸੱਜਣਾ”, ”ਇਹ ਹਾਦਸੇ” ਅਤੇ ”ਰੁੱਖਾਂ ਵਰਗੇ ਜ਼ੇਰੇ” ਆਦਿ ਦੇਸ਼-ਵਿਦੇਸ਼ ਦੇ ਰੋਜਾਨਾ ਪੇਪਰਾਂ ਅਤੇ ਮੈਗਜ਼ੀਨਾਂ ਦਾ ਸ਼ਿੰਗਾਰ ਬਣੀਆਂ ਉਸ ਦੀਆਂ ਅਨਗਿਣਤ ਰਚਨਾਵਾਂ ਦੱਸਦੀਆਂ ਹਨ ਕਿ ਉਸ ਨੂੰ ਕਹਾਣੀ, ਨਿੱਕੀ-ਕਹਾਣੀ, ਗ਼ਜ਼ਲ, ਕਵਿਤਾ ਅਤੇ ਲੇਖ ਆਦਿ ਹਰ ਵਿਧਾ ‘ਤੇ ਵਧੀਆ ਲਿਖਣ ਦੀ ਪੂਰਨ ਮੁਹਾਰਤ ਹਾਸਲ ਹੈ। ਹੁਣ ਇਨਾਂ ਰਚਨਾਵਾਂ ਨੂੰ ਅੱਡ-ਅੱਡ ਕਿਤਾਬੀ ਰੂਪ ਦੇਣ ਲਈ ਉਸਦੀ ਤਿਆਰੀ ਚੱਲ ਰਹੀ ਹੈ। ਨਮੂਨੇ ਮਾਤਰ ਪੇਸ਼ ਹਨ, ਉਸ ਦੀ ਰਚਨਾ ਦੀਆਂ ਕੁਝ ਸਤਰਾਂ :-

”ਤੇਰੇ ਬਾਰੇ ਰਹਾਂ ਸਾਰਾ ਦਿਨ ਹੀ ਮੈਂ ਸੋਚਦੀ ਵੇ,

ਦੱਸ ਮੇਰੇ ਚੰਨਾ ਕਿੱਥੇ ਦਿਨ ਤੂੰ ਬਿਤਾਉਂਦਾ ਏਂ ?

ਸਾਰਾ ਦਿਨ ਯਾਦਾਂ ਵਾਲੇ ਵਰਕੇ ਫਰੋਲਦੀ ਮੈਂ, 

ਯਾਦਾਂ ‘ਚੋਂ ਵੀ ਮੈਨੂੰ ਤੂੰ ਤਾਂ ਕਦੇ ਨਾ ਥਿਆਉਂਦਾ ਏਂ।

ਆਵੇ ਨਾ ਖਿਆਲ ਤੈਨੂੰ ਮੇਰਾ ਇੱਕ ਪਲ ਦਾ ਵੀ,

ਕੀਹਦੇ ਨਾਲ ਦੱਸ ਚੰਨਾ ਅੱਖੀਆਂ ਮਿਲਾਉਦਾਂ ਏਂ ?

ਗੱਲੀਂ-ਬਾਤੀਂ ਕਰਾਂ ਤੇਰੇ ਨਾਲ ਮੈਂ ਸ਼ਰਾਰਤਾਂ ਵੇ,

ਤੂੰ ਮੈਨੂੰ ਕਦੇ ਵੀ ਨਾ ਹੱਸਕੇ ਬਲਾਉਦਾਂ ਏਂ।

ਤੇਰੇ ਉੱਤੇ ਕਰਦੀ ਹਾਂ ਰੱਬਾ ਜਿੰਨਾ ਮਾਣ ਵੇ ਮੈਂ,

ਘੂਰਕੇ ਪਲਾਂ ‘ਚ ਮੇਰੀ ਜਿੰਦ ਨੂੰ ਸੁਕਾਉਦਾ ਏਂ।

ਸੱਚੀ ਗੱਲ ਦੱਸ ਮੇਰੇ ਦਿਲ ਦਿਆ ਜਾਨੀਆਂ ਵੇ,

”ਰੋਜ਼” ਨੂੰ ਹੀ ਦਿਲੋਂ ਜਾਂ ਕਿਸੇ ਹੋਰ ਨੂੰ ਵੀ ਚਾਹੁੰਦਾਂ ਏਂ?” 

          ਸਾਹਿਤਕ, ਸੱਭਿਆਚਾਰਕ ਅਤੇ ਸਿੱਖਿਅਕ ਹਲਕਿਆਂ ਵਿਚ ਰੋਸ਼ਨੀਆਂ ਵੰਡਦੀ ਇਸ ਮੁਟਿਆਰ ਹਰਸ਼ਰਨ ਕੌਰ ਰੋਜ਼ ਦੀਆਂ ਕਲਮੀ ਤੇ ਵਿੱਦਿਅਕ ਸੇਵਾਵਾਂ ਇਸੇ ਤਰਾਂ ਨਿਰੰਤਰ ਵਗਦੀਆਂ, ਉਸਨੂੰ ਮਾਨ-ਸਨਮਾਨ ਦਿਵਾਉਂਦੀਆਂ, ਸ਼ੋਹਰਤ ਦੀਆਂ ਬੁਲੰਦੀਆਂ ਉਪਰ ਪਹੁੰਚਾ ਦੇਣ, ਪੱਲਾ ਅੱਡ ਕੇ ਖ਼ੈਰਾਂ ਮੰਗਦਾ ਹਾਂ, ਓਸ ਪਰਵਰਦਗਾਰ ਤੋਂ !

    -ਪ੍ਰੀਤਮ ਲੁਧਿਆਣਵੀ, (ਚੰਡੀਗੜ), 9876428641

ਸੰਪਰਕ : ਹਰਸ਼ਰਨ ਕੌਰ ਰੋਜ਼, ਬਠਿੰਡਾ, 7009287036

Leave a Reply

Your email address will not be published. Required fields are marked *