ਬਰਗਾੜੀ ਕਾਂਡ ’ਚ ‘ਸ਼ਾਮਲ’ ਨੌਜਵਾਨ ਦੇ ਪਿਤਾ ਦੀ ਗੋਲੀਆਂ ਮਾਰ ਕੇ ਹੱਤਿਆ

ਬਠਿੰਡਾ : ਕਸਬਾ ਭਗਤਾ ਭਾਈ ਕਾ ਵਿੱਚ ਅੱਜ ਸ਼ਾਮੀਂ ਦੋ ਮੂੰਹ-ਢਕੇ ਅਣਪਛਾਤੇ ਦੋ ਮੋਟਰਸਾਈਕਲ ਸਵਾਰਾਂ ਨੇ ਆਪਣੀ ਦੁਕਾਨ ’ਚ ਬੈਠੇ ਇਕ ਵਿਅਕਤੀ ਨੂੰ ਗੋਲ਼ੀਆਂ ਮਾਰ ਕੇ ਗੰਭੀਰ ਰੂਪ ‘ਚ ਜ਼ਖ਼ਮੀ ਕਰ ਦਿੱਤਾ। ਇਸ ਪਿੱਛੋਂ ਹਮਲਾਵਰ ਆਪਣੇ ਕਾਲੇ ਰੰਗ ਦੇ ਮੋਟਰਸਾਈਕਲ ‘ਤੇ ਫ਼ਰਾਰ ਹੋ ਗਏ। ਜ਼ਖ਼ਮੀ ਵਿਅਕਤੀ ਨੂੰ ਤੁਰੰਤ ਬਠਿੰਡਾ ਦੇ ਆਦੇਸ਼ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁੱਢਲੀ ਜਾਣਕਾਰੀ ਮੁਤਾਬਕ ਘਟਨਾ ਵਕਤ ਮਨੋਹਰ ਲਾਲ ਅਰੋੜਾ (53) ਬਾਜ਼ਾਰ ‘ਚ ਸਥਿਤ ਮਨੀ ਚੇਂਜਰ ਦੀ ਦੁਕਾਨ ‘ਜਤਿੰਦਰ ਟੈਲੀਕਾਮ’ ‘ਤੇ ਬੈਠਾ ਸੀ। ਮਨੋਹਰ ਲਾਲ ਦੇ ਇਕ ਗੋਲੀ ਸਿਰ ਵਿਚ ਅਤੇ ਇਕ ਬਾਂਹ ‘ਤੇ ਲੱਗੀ। ਵਾਰਦਾਤ ਤੋਂ ਤੁਰੰਤ ਬਾਅਦ ਪੁਲੀਸ ਵੀ ਘਟਨਾ ਸਥਾਨ ‘ਤੇ ਪਹੁੰਚ ਗਈ ਅਤੇ ਜ਼ਖ਼ਮੀ ਨੂੰ ਇਲਾਜ ਲਈ ਬਠਿੰਡਾ ਸਥਿਤ ਆਦੇਸ਼ ਹਸਪਤਾਲ ਵਿਚ ਲਿਜਾਇਆ ਗਿਆ। ਭਾਵੇਂ ਇਸ ਘਟਨਾ ਦੇ ਪਿਛੋਕੜੀ ਕਾਰਨਾਂ ਬਾਰੇ ਕੋਈ ਤੱਥ ਉੱਭਰਵੇਂ ਰੂਪ ‘ਚ ਸਾਹਮਣੇ ਨਹੀਂ ਆਇਆ ਪਰ ਇਸ ਨੂੰ ਬਰਗਾੜੀ ਬੇਅਦਬੀ ਕਾਂਡ ਨਾਲ ਜੋੜ ਕੇ ਕਈ ਤਰ੍ਹਾਂ ਦੇ ਕਿਆਫ਼ੇ ਲਾਏ ਜਾ ਰਹੇ ਹਨ। ਗੌਰਤਲਬ ਹੈ ਕਿ ਮਨੋਹਰ ਲਾਲ ਅਰੋੜਾ ਦੇ ਡੇਰਾ ਪ੍ਰੇਮੀ ਬੇਟੇ ਜਤਿੰਦਰ ਅਰੋੜਾ ਉਰਫ਼ ਜਿੰਮੀ ਸਮੇਤ ਪੰਜ ਡੇਰਾ ਸ਼ਰਧਾਲੂਆਂ ਦੀ ਬਰਗਾੜੀ ਬੇਅਦਬੀ ਮਾਮਲੇ ਦੇ ਸਬੰਧ ‘ਚ ਕੁਝ ਅਰਸਾ ਪਹਿਲਾਂ ਗ੍ਰਿਫ਼ਤਾਰੀ ਹੋਈ ਸੀ। ਜਿੰਮੀ ਨੂੰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਵੇਲੇ ਜਿੰਮੀ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਹੈ। ਸ਼ੱਕ ਕੀਤਾ ਜਾ ਰਿਹਾ ਹੈ ਕਿ ਇਹ ਮਾਮਲਾ ਵੀ ਉਸੇ ਪ੍ਰਸੰਗ ਨਾਲ ਜੁੜਿਆ ਹੋਇਆ ਹੈ। ਦੇਰ ਸ਼ਾਮ ਨੂੰ ਐੱਸਐੱਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਅਤੇ ਐੱਸਪੀ ਜੀਐੱਸ ਸੰਘਾ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਹਮਲਾਵਰਾਂ ਦਾ ਪਤਾ ਲਾਉਣ ਲਈ ਪੁਲੀਸ ਵੱਲੋਂ ਵਾਰਦਾਤ ਵਾਲੀ ਥਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਹੰਘਾਲੀ ਜਾ ਰਹੀ ਹੈ।