ਕਿਸਾਨਾਂ ਦਾ ਸਰਕਾਰ ਨੂੰ ਸਿੱਧਾ ਸੁਆਲ : ਹਾਂ ਜਾਂ ਨਾਂਹ

ਨਵੀਂ ਦਿੱਲੀ : ਖੇਤੀ ਕਾਨੂੰਨਾਂ ਅਤੇ ਹੋਰ ਮੰਗਾਂ ਲਈ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਸਰਕਾਰ ਨਾਲ ਪੰਜਵੇਂ ਗੇੜ ਦੀ ਗੱਲਬਾਤ ਅੱਜ ਫਿਰ ਸਿਰੇ ਨਹੀਂ ਚੜ੍ਹ ਸਕੀ। ਬੈਠਕ ਦੌਰਾਨ ਕਈ ਉਤਰਾਅ ਚੜ੍ਹਾਅ ਵਾਲੇ ਪਲ ਵੀ ਆਏ ਅਤੇ ਗੱਲ ਬਾਈਕਾਟ ਤੱਕ ਵੀ ਪੁੱਜ ਗਈ ਸੀ। ਇਥੋਂ ਦੇ ਵਿਗਿਆਨ ਭਵਨ ’ਚ ਗੱਲਬਾਤ ਲਈ ਗਏ ਕਿਸਾਨਾਂ ਨੇ ਮੌਨ ਧਾਰ ਕੇ ਸਰਕਾਰ ਨੂੰ ‘ਹਾਂ ਜਾਂ ਨਾਂਹ’ ’ਚ ਜਵਾਬ ਦੇਣ ਲਈ ਕਿਹਾ ਕਿ ਉਹ ਖੇਤੀ ਕਾਨੂੰਨ ਵਾਪਸ ਲੈ ਰਹੇ ਹਨ ਜਾਂ ਨਹੀਂ। ਕਿਸਾਨਾਂ ਨੇ ਸਰਕਾਰ ਵੱਲੋਂ ਕਾਨੂੰਨਾਂ ’ਚ ਤਰਮੀਮਾਂ ਕਰਨ ਦੇ ਸੁਝਾਅ ਨੂੰ ਸਿਰੇ ਤੋਂ ਨਕਾਰ ਦਿੱਤਾ। ਕੁਝ ਕਿਸਾਨਾਂ ਨੇ ਆਪਣੇ ਮੂੰਹ ’ਤੇ ਉਂਗਲਾਂ ਰੱਖੀਆਂ ਹੋਈਆਂ ਸਨ ਅਤੇ ਹੱਥ ’ਚ ਕਾਗਜ਼ ਫੜਿਆ ਹੋਇਆ ਸੀ ਜਿਸ ’ਤੇ ‘ਹਾਂ ਜਾਂ ਨਾਂਹ’ ਲਿਖਿਆ ਹੋਇਆ ਸੀ।

ਸਰਕਾਰ ਨੇ 9 ਦਸੰਬਰ ਨੂੰ ਅਗਲੀ ਬੈਠਕ ਦੀ ਤਜਵੀਜ਼ ਰੱਖੀ ਹੈ ਅਤੇ ਅੱਗੇ ਵਿਚਾਰ ਵਟਾਂਦਰੇ ਮਗਰੋਂ ਪੁਖ਼ਤਾ ਪ੍ਰਸਤਾਵ ਪੇਸ਼ ਕਰਨ ਲਈ ਕਿਸਾਨ ਜਥੇਬੰਦੀਆਂ ਤੋਂ ਸਮਾਂ ਮੰਗਿਆ ਹੈ। ਉਂਜ ਕਿਸਾਨਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਕਾਇਮ ਹੈ ਅਤੇ ਇਹ ਸ਼ਾਂਤਮਈ ਹੋਵੇਗਾ। ਕਿਸਾਨ ਜਥੇਬੰਦੀਆਂ ਰਣਨੀਤੀ ਬਣਾਉਣ ਲਈ ਭਲਕੇ ਬੈਠਕ ਕਰਨਗੀਆਂ। ਚਾਰ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਮੀਟਿੰਗ ਦੌਰਾਨ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲ ਮੰਤਰੀ ਪਿਯੂਸ਼ ਗੋਇਲ ਅਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਹਾਜ਼ਰ ਸਨ। ਪੰਜਾਬ ਕਿਸਾਨ ਯੂਨੀਅਨ ਦੇ ਕਾਨੂੰਨੀ ਸਲਾਹਕਾਰ ਗੁਰਲਾਭ ਸਿੰਘ ਮਾਹਲ ਨੇ ਦੱਸਿਆ ਕਿ ਜਦੋਂ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਦਾ ਸਿੱਧੇ ਤੌਰ ’ਤੇ ਕੋਈ ਜਵਾਬ ਨਾ ਦਿੱਤਾ ਤਾਂ ਉਨ੍ਹਾਂ ਮੌਨ ਵਰਤ ਧਾਰਨ ਕਰ ਲਿਆ। ਬੈਠਕ ਮਗਰੋਂ ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਕੇਂਦਰੀ ਮੰਤਰੀਆਂ ਵੱਲੋਂ ਮੁੜ ਪਹਿਲਾਂ ਵਾਲੇ ਮੁੱਦੇ ਉਠਾਏ ਜਾਣ ’ਤੇ ਬਲਬੀਰ ਸਿੰਘ ਰਾਜੇਵਾਲ ਤੇ ਹੋਰਾਂ ਨੇ ਭਾਵੁਕਤਾ ਨਾਲ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਕੀ ਅੰਦੋਲਨਕਾਰੀਆਂ ’ਤੇ ਲਾਠੀਚਾਰਜ ਅਤੇ ਹੋਰ ਜਬਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ,‘‘ਜਦੋਂ ਮੰਤਰੀ ਸਾਡੇ ਅਸਲ ਮੁੱਦੇ ’ਤੇ ਨਹੀਂ ਆਏ ਤਾਂ ਅਸੀਂ ਕੁਰਸੀਆਂ ਪਿੱਛੇ ਕਰਦਿਆਂ ਮੌਨ ਸੱਤਿਆਗ੍ਰਹਿ ਸ਼ੁਰੂ ਕਰ ਦਿੱਤਾ ਜੋ ਕਰੀਬ ਅੱਧਾ ਘੰਟਾ ਜਾਰੀ ਰਿਹਾ।’’ ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ‘ਹਾਂ ਜਾਂ ਨਾਂਹ’ ਕਾਗਜ਼ਾਂ ਉਪਰ ਲਿਖਣ ਦਾ ਮਕਸਦ ਇਹ ਸੀ ਕਿ ਜੇਕਰ ਹਾਂ ਨਹੀਂ ਹੈ ਤਾਂ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਬੈਠਕ ਵਿੱਚੋਂ ਬਾਹਰ ਆਉਂਦੇ-ਜਾਂਦੇ ਰਹੇ। ਬੈਠਕ ਦੌਰਾਨ ਕਈ ਵਾਰ ਤਣਾਅ ਭਰੇ ਪਲ ਵੀ ਆਏ। ਕਿਸਾਨ ਆਗੂਆਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਵੱਲ ਵੀ ਧਿਆਨ ਦਿਵਾਇਆ।

ਆਲ ਇੰਡੀਆ ਕਿਸਾਨ ਸਭਾ ਦੇ ਹਨਨ ਮੌਲਾ ਨੇ ਕਿਹਾ ਕਿ ਜਥੇਬੰਦੀਆਂ ਨੇ ਦ੍ਰਿੜ੍ਹ ਸਟੈਂਡ ਲੈਂਦਿਆਂ ਮੀਟਿੰਗ ਦੀ ਸ਼ੁਰੂਆਤ ਵਿੱਚ ਸਰਕਾਰੀ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਕਾਨੂੰਨਾਂ ਵਿੱਚ ਸੋਧ ਨਹੀਂ ਚਾਹੁੰਦੇ ਹਨ। ਉਨ੍ਹਾਂ ਕਿਹਾ,‘‘ਇੰਜ ਜਾਪਦਾ ਹੈ ਕਿ ਸਰਕਾਰ ਕਾਨੂੰਨਾਂ ਨੂੰ ਨਿਸ਼ਚਿਤ ਰੂਪ ਵਿੱਚ ਵਾਪਸ ਲਵੇਗੀ।’’ ਕਿਸਾਨ ਆਗੂਆਂ ਨੇ ਦੱਸਿਆ ਕਿ ਮੰਤਰੀਆਂ ਨੇ ਘੱਟੋ-ਘੱਟ ਸਮਰਥਨ ਮੁੱਲ ਦੇਣ, ਮੰਡੀਕਰਨ ਤੇ ਗਾਰੰਟੀ ਨਾਲ ਸਰਕਾਰੀ ਖਰੀਦ ਤੇ 2021 ਬਾਰੇ ਗੱਲ ਘੁੰਮਾਉਣੀ ਸ਼ੁਰੂ ਕਰ ਦਿੱਤੀ ਸੀ, ਜਿਸ ਕਾਰਨ ਕਿਸਾਨ ਹੱਥਾਂ ਵਿੱਚ ਕਾਗਜ਼ ਫੜ ਕੇ ‘ਹਾਂ ਜਾਂ ਨਾਂਹ’ ਉਪਰ ਅੜ ਗਏ। ਫਿਰ ਪਿਯੂਸ਼ ਗੋਇਲ ਨੇ ਵਿਚ ਪੈ ਕੇ ਗੱਲ ਅੱਗੇ ਤੋਰੀ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮੁਖੀ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਮਹਿਕਮਿਆਂ ਅਤੇ ਮੰਤਰੀਆਂ ਨਾਲ ਚਰਚਾ ਕਰਨ ਮਗਰੋਂ ਤਜਵੀਜ਼ ਕਿਸਾਨਾਂ ਨੂੰ ਭੇਜੇਗੀ, ਜਿਸ ਮਗਰੋਂ ਕਿਸਾਨ ਅਗਲੀ ਬੈਠਕ ਵਿੱਚ ਸ਼ਾਮਲ ਹੋਣਗੇ। ਭਾਰਤ ਕਿਸਾਨ ਯੂਨੀਅਨ (ਡਕੌਂਦਾ) ਦੇ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਕਿਸਾਨ ਇਹ ਕਾਨੂੰਨ ਰੱਦ ਕਰਵਾ ਕੇ ਹੀ ਹਟਣਗੇ ਕਿਉਂਕਿ ਇਹ ਕਾਨੂੰਨ ਬਣਿਆ ਹੀ ਗ਼ਲਤ ਹੈ। ਇਕ ਹੋਰ ਕਿਸਾਨ ਨੇ ਕਿਹਾ ਕਿ ਹੁਣ ਹੋਰ ਸੰਸਥਾਵਾਂ ਤੇ ਨੌਜਵਾਨਾਂ ਦੀ ਸ਼ਮੂਲੀਅਤ ਵਧਣ ਲੱਗੀ ਹੈ ਅਤੇ ਬਜ਼ੁਰਗਾਂ ਤੇ ਬੱਚਿਆਂ ਨੂੰ ਵਾਪਸ ਭੇਜਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ। ਲੱਖੋਵਾਲ ਯੂਨੀਅਨ ਦੇ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਜਾਰੀ ਰਹੇਗਾ ਕਿਉਂਕਿ ਬੈਠਕ ਵਿੱਚ ਵੀ ਮੰਤਰੀ ਗੱਲ ਤੱਣ-ਪੱਤਣ ਨਹੀਂ ਲੱਗਣ ਦੇ ਰਹੇ ਸਨ। ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨਾ ਵਿਕੀਆਂ ਹਨ ਅਤੇ ਨਾ ਹੀ ਵਿਕਣਗੀਆਂ। ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਕਾਨੂੰਨ ਕਿਸਾਨਾਂ ਤੋਂ ਬਿਨਾਂ ਪੁੱਛੇ ਗ਼ਲਤ ਤਰੀਕੇ ਨਾਲ ਬਣਾ ਕੇ ਗ਼ਲਤ ਢੰਗ ਨਾਲ ਪਾਸ ਕੀਤੇ ਗਏ ਹਨ। ਬੈਠਕ ਵਿੱਚ ਪੱਛਮੀ ਬੰਗਾਲ ਤੋਂ ਹਨਨ ਮੌਲਾ, ਕਰਨਾਟਕ ਦੇ ਕਵਿਤਾ ਕੁਰੂਗੁੰਟੀ, ਹਰਿਆਣਾ ਤੋਂ ਗੁਰਨਾਮ ਸਿੰਘ ਚੜੂਨੀ, ਬੂਟਾ ਸਿੰਘ ਬੁਰਜਗਿੱਲ, ਡਾ ਦਰਸ਼ਨਪਾਲ, ਬਲਬੀਰ ਸਿੰਘ ਰਾਜੇਵਾਲ, ਜਗਜੀਤ ਸਿੰਘ ਡੱਲੇਵਾਲ, ਕੁਲਵੰਤ ਸੰਧੂ, ਰੁਲਦੂ ਸਿੰਘ ਮਾਨਸਾ, ਨਿਰਭੈ ਸਿੰਘ ਢੁੱਡੀਕੇ, ਬੋਘ ਸਿੰਘ, ਹਰਿੰਦਰ ਸਿੰਘ ਲੱਖੋਵਾਲ, ਹਰਮੀਤ ਸਿੰਘ ਕਾਦੀਆਂ, ਸੁਰਜੀਤ ਸਿੰਘ ਫੂਲ, ਮੇਜਰ ਸਿੰਘ ਪੁੰਨਾਂਵਾਲ, ਬਲਦੇਵ ਸਿੰਘ ਨਿਹਾਲਗੜ੍ਹ ਆਦਿ ਹਾਜ਼ਰ ਸਨ।

ਮੀਟਿੰਗ ਤੋਂ ਪਹਿਲਾਂ ਮੋਦੀ ਨੂੰ ਮਿਲੇ ਕੇਂਦਰੀ ਮੰਤਰੀ

ਨਵੀਂ ਦਿੱਲੀ:ਅੰਦੋਲਨ ਕਰ ਰਹੇ ਕਿਸਾਨਾਂ ਨਾਲ ਅੱਜ ਅਹਿਮ ਮੀਟਿੰਗ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੈਠਕ ਦੌਰਾਨ ਪੇਸ਼ ਕੀਤੀਆਂ ਜਾਣ ਵਾਲੀਆਂ ਤਜਵੀਜ਼ਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਸਾਨ ਅੰਦੋਲਨ ਖ਼ਤਮ ਕਰਨ ਲਈ ਖੁਦ ਅੱਗੇ ਆਉਣ ਦਾ ਫ਼ੈਸਲਾ ਲਿਆ ਹੈ। ਇਹ ਪਹਿਲੀ ਵਾਰ ਹੈ ਕਿ ਪ੍ਰਧਾਨ ਮੰਤਰੀ ਨੇ ਮੰਤਰੀਆਂ ਨਾਲ ਕਿਸਾਨ ਅੰਦੋਲਨ ਬਾਰੇ ਬੈਠਕ ਕੀਤੀ ਹੈ। ਇਸ ਤੋਂ ਪਹਿਲਾਂ ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਕੇਂਦਰੀ ਮੰਤਰੀਆਂ ਨਾਲ ਕਿਸਾਨਾਂ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ।

Leave a Reply

Your email address will not be published. Required fields are marked *