ਗੀਤਕਾਰੀ ਤੇ ਵਾਰਤਕ ‘ਚ ਨਾਮਨਾ ਖੱਟ ਰਹੀ ਜਾਨਦਾਰ ਕਲਮ : ਜੁਗਰਾਜ ਕੁਲਾਰਾਂ
ਕੋਈ ਵੀ ਕਲਾ ਖਰੀਦਿਆਂ ਨਹੀ ਮਿਲਦੀ। ਇਹ ਤਾਂ ਓਸ ਮਾਲਕ ਦੀ ਦਿੱਤੀ ਹੋਈ ਦਾਤ ਹੁੰਦੀ ਹੈ। ਉਹ ਮਾਲਕ ਜਿਸ ਉਤੇ ਦਿਆਲ ਹੁੰਦਿਆਂ, ਆਪਣੀ ਮਿਹਰ ਭਰੀ ਦਯਾ-ਦ੍ਰਿਸ਼ਟੀ ਪਾ ਕੇ ਇਹ ਮਾਣ ਬਖ਼ਸ਼ਣਾ ਹੈ, ਅਮੀਰੀ-ਗਰੀਬੀ ਜਾਂ ਜਾਤ-ਪਾਤ ਨਹੀਂ ਦੇਖਦਾ, ਬਲਕਿ ਛੱਤਣ ਪਾੜ ਕੇ ਵੀ ਬਖ਼ਸ਼ ਦਿੰਦਾ ਹੈ, ਉਸਨੂੰ। ਅੱਗੋਂ ਓਸ ਦਾਤ ਨੂੰ ਸੰਭਾਲਣਾ ਅਤੇ ਪ੍ਰਫੁੱਲਤ ਕਰਨਾ ਓਸ ਸਖ਼ਸ਼ ਦੇ ਹੱਥ ਵਸ ਹੁੰਦਾ ਹੈ ਕਿ ਉਹ ਪੂਰੀ ਲਗਨ, ਮਿਹਨਤ ਅਤੇ ਸ਼ੌਂਕ ਨਾਲ ਉਸ ਕਲਾ ਨੂੰ ਪਾਲਦਿਆਂ ਕਲਾ ਦੀ ਦਾਤ ਦੀ ਕਦਰ ਪਾਵੇ। ਕਲਮੀ ਕਲਾ ਦੀ ਬਖ਼ਸ਼ੀਸ਼ ਪ੍ਰਾਪਤ ਕਰਨ ਵਾਲੀਆਂ ਸੁਭਾਗੀਆਂ ਰੂਹਾਂ ਵਿਚੋਂ ਗੰਗਾ-ਜਲ ਵਰਗੀ ਪਾਕਿ-ਪਵਿੱਤਰ ਜਿਸ ਰੂਹ ਦਾ ਮੈਂ ਇਨਾਂ ਸਤਰਾਂ ਰਾਂਹੀਂ ਜ਼ਿਕਰ ਕਰਨ ਜਾ ਰਿਹਾ ਹਾਂ, ਓਸ ਸਖ਼ਸ਼ ਨੇ ਹਾਸਲ ਹੋਈ ਇਸ ਕਲਮੀ ਦਾਤ ਦੀ ਐਸੀ ਰੂਹ ਨਾਲ ਤਪੱਸਿਆ ਕੀਤੀ ਕਿ ਸਾਹਿਤਕ ਖੇਤਰ ਵਿਚ ਧਰੂ ਤਾਰੇ ਵਾਂਗ ਆਪਣੀ ਇਕ ਵਿਲੱਖਣ ਪਛਾਣ ਬਣਾ ਲਈ ਹੈ ਉਸ ਨੇ। ਮੇਰੀ ਮੁਰਾਦ ਹੈ, ਮਾਣ-ਮੱਤੀ ਓਸ ਕਲਮ ਤੋਂ, ਜਿਸ ਨੂੰ ਸਾਹਿਤਕ ਤੇ ਸੱਭਿਆਚਾਰਕ ਹਲਕਿਆਂ ਵਿਚ ਜੁਗਰਾਜ ਕੁਲਾਰਾਂ ਦੇ ਨਾਂਓਂ ਨਾਲ ਜਾਣਿਆ-ਪਛਾਣਿਆ ਤੇ ਸਤਿਕਾਰਿਆ ਜਾਂਦਾ ਹੈ। ਜ਼ਿਲਾ ਪਟਿਆਲਾ ਦੀ ਤਹਿਸੀਲ ਸਮਾਣਾ ਦੇ ਪਿੰਡ ਕੁਲਾਰਾਂ ਕਲਾਂ ਦੇ ਜੰਮਪਲ, ਮਿਲਾਪੜੇ, ਨਿੱਘੇ ਤੇ ਸਾਦਗੀ ਭਰੇ ਸੁਭਾਅ ਦੇ ਮਾਲਕ ਜੁਗਰਾਜ ਨੂੰ ਬਚਪਨ ਤੋਂ ਹੀ ਲਿਖਣ ਦੀ ਦਾਤ ਨਸੀਬ ਹੋ ਗਈ ਸੀ। ਪਿਤਾ ਸ. ਬਲੀ ਸਿੰਘ ਅਤੇ ਮਾਤਾ ਸ੍ਰੀਮਤੀ ਤੇਜ ਕੌਰ ਦਾ ਲਾਡਲਾ, ਆਪਣੇ ਮਾਤਾ-ਪਿਤਾ ਅਤੇ ਆਪਣੇ ਪਿੰਡ ਦੇ ਨਾਮ ਨੂੰ ਚਮਕਾਉਦਾ ਹੋਇਆ, ਗੀਤਕਾਰੀ ਦੇ ਖੇਤਰ ਵਿੱਚ ਬਹੁਤ ਸੁਹਣੀਆਂ ਤੇ ਲੰਮੀਆਂ ਪੁਲਾਂਘਾਂ ਪੱਟਦਾ ਪੰਜਾਬੀ ਮਾਂ-ਬੋਲੀ ਦੀ ਸੇਵਾ ਨੂੰ ਸਮਰਪਿਤ ਚੰਗਾ ਨਾਮਨਾ ਖੱਟ ਰਿਹਾ ਹੈ।
ਜੁਗਰਾਜ ਦੱਸਦਾ ਹੈ ਕਿ ਉਸ ਦੇ ਲਿਖਣ ਦੀ ਸ਼ੁਰੂਆਤ ਉਸ ਵਲੋਂ ਲਿਖੇ ਗਏ ਨਾਟਕ, ”ਚਮਤਕਾਰ” ਤੋਂ ਹੋਈ। ਜਦੋਂ ਇਹ ਨਾਟਕ ਸਟੇਜ ਉਤੇ ਖੇਡਿਆ ਗਿਆ ਤਾਂ ਉਸਦੀ ਕਲਮੀ ਦਿਲਚਸਪੀ ਵਿੱਚ ਬਹੁਤ ਵਾਧਾ ਹੋਇਆ। ਉਪਰੰਤ ਉਸ ਨੇ ਗੀਤਕਾਰੀ ਵੱਲ ਵੀ ਆਪਣੀ ਕਲਮ ਦੀ ਨੁਹਾਰ ਮੋੜ ਲਈ ਅਤੇ ਕਾਫ਼ੀ ਸਾਹਿਤਕ ਤੇ ਸੱਭਿਆਚਾਰਕ ਗੀਤਾਂ ਦੀ ਸਿਰਜਣਾ ਕੀਤੀ। ਉਸ ਦੇ ਲਿਖੇ ਗੀਤ ਵੱਖ-ਵੱਖ ਸੁਰੀਲੀਆਂ, ਦਮਦਾਰ ਅਤੇ ਨਾਮਵਰ ਅਵਾਜ਼ਾਂ ਵਿੱਚ ਰਿਕਾਰਡ ਹੋਏ। ਜਿਨਾਂ ਵਿੱਚ, ਗੀਤ ”ਲੋਹੜੀ” (ਗਾਇਕ ਪ੍ਰਗਟ ਕੈਂਥ), ”ਧਰਤੀ ਤੇ ਸਵਰਗ” (ਗਾਇਕ ਦੀਪ ਗਰੋਹ), ”ਗੁੱਡੀਆਂ ਪਟੋਲੇ” (ਗਾਇਕਾ ਜੈਸਮੀਨ ਚੋਟੀਆਂ), ”ਜੱਟ ਦੀ ਜੂਨ” (ਸੋਨੂੰ ਬੋਪਾਰਾਏ -ਹਿਮਾਨੀ ਸਮਾਣਾ), ”ਬਾਪੂ” (ਗਾਇਕ ਜਗਜੀਤ ਜੁਗਨੂੰ), ”ਦਿੱਲੀ” (ਗਾਇਕ ਕੁਲਵਿੰਦਰ ਮੱਟੂ), ”ਕਮਲੀ” (ਗਾਇਕ ਛੱਤਾ ਡੋਡ), ”ਚੰਨ ਤੇ ਪਲਾਟ” (ਲਾਡੀ ਗਿੱਲ ਤੇ ਮਿਸ ਜੋਤੀ), ”ਪਲਾਟੀਨਾ” (ਕੁਲਵੀਰ ਕਰਹਾਲੀ ਤੇ ਰਜਨੀ ਸਾਗ਼ਰ), ”ਚਿਮਟਾ” ਤੇ ”ਜਾਗੇ ਵਾਲੀ ਰਾਤ” (ਗਾਇਕ ਸੁਰੇਸ਼ ਗਰੇਵਾਲ) ਅਤੇ ”ਕਲਾਕਾਰ” (ਗਾਇਕ ਰਿੰਕੂ ਰਣਵੀਰ, ਆਦਿ ਵਿਸੇਸ਼ ਜ਼ਿਕਰ ਯੋਗ ਗੀਤ ਅਤੇ ਗਾਇਕ ਹਨ। ਜੁਗਰਾਜ ਦੇ ਆ ਰਹੇ ਗੀਤਾਂ ਵਿਚ, ”ਲੱਡੂ ਵੰਡ ਸਾਲੀਏ” (ਭੋਲਾ ਘਮੇੜੀ ਤੇ ਜੋਤੀ ਕੋਹਿਨੂਰ), ”ਤੂੰ ਹੀ ਤੂੰ” (ਗਾਇਕ ਬਿੱਲੂ ਸਾਬਰ), ”ਸਾਈਆਂ ਤੂੰ ਜਾਣੇ” (ਗਾਇਕ ਰਿੰਕੂ ਰਣਵੀਰ), ”ਜੱਟੀ ਤੇ ਜਵਾਨੀ” (ਗਾਇਕਾ ਕੰਚਨ ਬਾਵਾ) ਆਦਿ ਬਹੁਤ ਜਲਦੀ ਹੀ ਕਲਾ-ਪ੍ਰੇਮੀਆਂ ਨੂੰ ਸੁਣਨ ਨੂੰ ਮਿਲਣਗੇ। ਜੁਗਰਾਜ ਦੀ ਕਲਮੀ-ਕਲਾ ਗੀਤਾਂ ਤੱਕ ਹੀ ਸੀਮਿਤ ਨਹੀਂ। ਵਾਰਤਕ ਖੇਤਰ ਵਿਚ ਵੀ ਉਸਦੀ ਸੁਹਣੀ ਦਿਲਚਸਪੀ ਹੈ, ਜਿਸ ਦੇ ਨਤੀਜਨ ਉਸ ਦੇ ਲਿਖੇ ਨਾਟਕ ਦੀ ਸ਼ਾਨਦਾਰ ਕਾਮਯਾਬੀ ਉਪਰੰਤ ਹੁਣ ਇਕ ਫ਼ਿਲਮ, ‘ਲਾਡੋ’ ਵੀ ਉਸ ਵੱਲੋਂ ਬਹੁਤ ਜਲਦੀ ਹੀ ਸਰੋਤਿਆਂ ਦੇ ਰੂ-ਬ-ਰੂ ਕੀਤਾ ਜਾ ਰਹੀ ਹੈ।
ਰੱਬ ਕਰੇ ! ਪੰਜਾਬੀ ਮਾਂ-ਬੋਲੀ ਦੇ ਖ਼ਜ਼ਾਨੇ ਨੂੰ ਵਾਰਤਕ ਅਤੇ ਕਾਵਿ ਦੋਨੋਂ ਵਿਧਾਵਾਂ ਵਿਚ ਪ੍ਰਫੁਲਤ ਕਰਨ ਵਿਚ ਜੁਟੀ ਹੋਈ ਇਹ ਕਲਮ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ! ਸਫ਼ਲਤਾਵਾਂ ਭਰੀਆਂ ਮੰਜ਼ਲਾਂ ਸਿਰ ਨਿਵਾ ਕੇ ਇਸ ਗੱਭਰੂ ਦੇ ਕਦਮ ਚੁੰਮਦੀਆਂ ਰਹਿਣ !
-ਪ੍ਰੀਤਮ ਲੁਧਿਆਣਵੀ, (ਚੰਡੀਗੜ), 9876428641
ਸੰਪਰਕ : ਗੀਤਕਾਰ ਜੁਗਰਾਜ ਕੁਲਾਰਾਂ 8872460031