ਮਨੁੱਖੀ ਪੀੜਾ ਨੂੰ ਸਫ਼ਿਆਂ ਤੇ ਚਿਤਰਨ ਵਾਲਾ, ਛੋਟੀ ਉਮਰ ਦਾ ਨਾਵਲਕਾਰ : ਅਜ਼ੀਜ਼ ਸਰੋਏ
ਬਚਪਨ ਤੋਂ ਹੀ ਰੰਗਾਂ ਅਤੇ ਸ਼ਬਦਾਂ ਨਾਲ ਮੁਹੱਬਤ ਪਾਲਣ ਵਾਲੇ, ‘ਬਨੇਰੇ ਖਾਮੋਸ਼ ਹਨ’ (ਕਾਵਿ ਪੁਸਤਕ), ‘ਹਨੇਰੀ ਰਾਤ ਦੇ ਜੁਗਨੂੰ’ (ਨਾਵਲ), ”ਕੇਹੀ ਵਗੇ ਹਵਾ” (ਨਾਵਲ) ਅਤੇ ‘ਆਪਣੇ ਲੋਕ’ (ਨਾਵਲ) ਸਾਹਿਤ ਦੀ ਝੋਲ੍ਰੀ ਪਾਉਣ ਵਾਲਾ ਨੌਜਵਾਨ ਨਾਵਲਕਾਰ ਅਜ਼ੀਜ਼ ਸਰੋਏ ਮਾਲਵਾ ਖਿੱਤੇ ਦੀ ਦੇਣ ਹੈ। ਨਿੱਕੀ ਉਮਰ ਦੇ ਇਸ ਨਾਵਲਕਾਰ ਦਾ ਜਨਮ ਇੱਕ ਕਿਰਤੀ ਪਰਿਵਾਰ ਵਿੱਚ 01 ਮਈ 1983 ਨੂੰ ਪਿਤਾ ਸ੍ਰ. ਭੂਰਾ ਸਿੰਘ ਦੇ ਘਰ ਮਾਤਾ ਸ਼੍ਰੀਮਤੀ ਅਮਰਜੀਤ ਕੌਰ ਦੀ ਕੁੱਖੋਂ ਜ਼ਿਲਾ ਮਾਨਸਾ ਦੇ ਸਹੂਲਤਾਂ ਪੱਖੋਂ ਪਿਛੜੇ ਪਿੰਡ ਰਿਉਂਦ ਕਲਾਂ ਵਿਖੇ ਹੋਇਆ। ਸਰੋਏ ਨੇ ਹਾਈ ਪੱਧਰ ਦੀ ਪੜਾਈ ਪਿੰਡ ਦੇ ਸਕੂਲ ਤੋਂ ਹੀ ਹਾਸਲ ਕੀਤੀ। ਪੜਾਈ ਦੇ ਨਾਲ-ਨਾਲ ਅਜ਼ੀਜ਼ ਪਿੰਡ ਦੀ ਪੰਚਾਇਤੀ ਲਾਇਬਰੇਰੀ ਤੋਂ ਪੁਸਤਕਾਂ ਲੈ ਕੇ ਪੜਦਾ ਰਿਹਾ। ਉਸਦੀ ਸਾਹਿਤਕ ਚੱਸ ਅਤੇ ਗੁਣਾਂ ਨੂੰ ਉਸ ਦੇ ਪੰਜਾਬੀ ਅਧਿਆਪਕ ਸ੍ਰ. ਬੂਟਾ ਸਿੰਘ ਦੀ ਪਾਰਖੂ ਅੱਖ ਨੇ ਕੈਦ ਕਰ ਲਿਆ। ਨਤੀਜਾ ਇਹ ਹੋਇਆ ਕਿ ਉਨਾਂ ਮਿਡਲ ਜਮਾਤ ਵਿੱਚ ਪੜਦੇ ਆਪਣੇ ਇਸ ਚਹੇਤੇ ਸ਼ਾਗਿਰਦ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨ ਲਈ ਆਪਣੀ ਘਰੇਲੂ ਲਾਇਬ੍ਰੇਰੀ ਤੋਂ ਪੁਸਤਕਾਂ ਮੁਹੱਈਆ ਕਰਵਾਈਆਂ। ਦਸਵੀਂ ਜਮਾਤ ਤਕ ਅੱਪੜਦਿਆਂ ਅਜ਼ੀਜ਼ ਨੇ ਨਾਨਕ ਸਿੰਘ ਦੇ ਨਾਵਲਾਂ ਤੋਂ ਪ੍ਰੇਰਨਾ ਲੈ ਕੇ ਆਪਣਾ ਪਲੇਠਾ ਨਾਵਲ ‘ਹਨੇਰੀ ਰਾਤ ਦੇ ਜੁਗਨੂੰ’ ਲਿਖਣਾ ਆਰੰਭ ਕੀਤਾ। ਗਿਆਰ•ਵੀਂ ਜਮਾਤ ਵਿੱਚ ਜਦ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਾ ਵਿੱਚ ਦਾਖ਼ਲ ਹੋਇਆ ਤਾਂ ਉਸ ਦਾ ਵਾਹ ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ ਨਾਲ ਪਿਆ। ਉਨਾਂ ਦੀ ਪਾਰਖੂ ਅੱਖ ਨੇ ਵੀ ਅਜ਼ੀਜ਼ ਸਰੋਏ ਅੰਦਰ ਛੁਪੀਆਂ ਸਾਹਿਤਕ ਰੁਚੀਆਂ ਨੂੰ ਸਹੀ ਦਿਸ਼ਾ ਦਿੱਤੀ ਅਤੇ ਉਨਾਂ ਦੀ ਉਂਗਲ ਫੜ ਕੇ ਸਾਹਿਤਕ ਸਫ਼ਰ ਵੱਲ ਤੋਰਿਆ।
ਕਿਉਂਕਿ ਅਜ਼ੀਜ਼ ਅੰਦਰ ਰੰਗਾਂ ਦਾ ਸੰਸਾਰ ਵੀ ਵਸਦਾ ਸੀ, ਬਾਰ•ਵੀਂ ਦੀ ਪੜਾਈ ਅੱਧਵਾਟੇ ਛੱਡ ਕੇ ਉਸ ਨੇ ਆਰਟਸ ਕਾਲਜ ਨਾਭਾ ਵਿਖੇ ਕਲਾ ਅਧਿਆਪਕ ਦਾ ਦੋ ਸਾਲਾ ਕੋਰਸ ਆਰੰਭ ਕਰ ਦਿੱਤਾ। ਕੋਰਸ ਦੌਰਾਨ ਬੁਰਸ਼ ਅਤੇ ਕਲਮ ਦੀ ਸਾਂਝ ਨਾਲ-ਨਾਲ ਚੱਲਦੀ ਰਹੀ। ਆਰਥਿਕ ਹਲਾਤਾਂ ਸੰਗ ਜੂਝਦਿਆਂ ਅਜ਼ੀਜ਼ ਨੇ ਨਾਲ- ਨਾਲ ਬਾਰਵੀਂ ਅਤੇ ਬੀ. ਏ. ਦੀ ਪੜਾਈ ਚਾਲੂ ਰੱਖਣ ਦਾ ਫ਼ੈਸਲਾ ਲਿਆ। ਜ਼ਿੰਦਗੀ ਦੇ ਉਤਰਾਅ ਚੜਾਅ ਪਾਰ ਕਰਦਿਆਂ ਉਸ ਨੇ 2006 ਵਿੱਚ ਮਨੁੱਖੀ ਸੰਵੇਦਨਾ ਅਤੇ ਤਿੜਕੇ ਰਿਸ਼ਤਿਆਂ ਦੀ ਬਾਤ ਪਾਉਂਦੀ ਪਹਿਲੀ ਕਾਵਿ ਪੁਸਤਕ, ‘ਬਨੇਰੇ ਖਾਮੋਸ਼ ਹਨ’ ਨਾਲ ਸਾਹਿਤਕ ਸਫ਼ਰ ਆਰੰਭ ਕੀਤਾ। 2007 ਵਿੱਚ ਬਤੌਰ ਕਲਾ ਅਧਿਆਪਕ ਸਿੱਖਿਆ ਵਿਭਾਗ ਵਿੱਚ ਹਾਜ਼ਰ ਹੋਇਆ ਤਾਂ ਰੰਗਾਂ ਅਤੇ ਸ਼ਬਦਾਂ ਦਾ ਸਫ਼ਰ ਸਮਾਂਤਰ ਚੱਲ ਪਿਆ। ਅਜ਼ੀਜ਼ ਦਾ ਕਹਿਣਾ ਹੈ ਕਿ ਉਸ ਅੰਦਰ ਕਵਿਤਾ ਨਹੀਂ ਸਗੋਂ ਨਾਵਲ ਦੇ ਰੰਗ ਪਏ ਸਨ। ਅਗਲਾ ਕਦਮ ਪੁੱਟਦਿਆਂ ਉਸ ਨੇ ਨਿਮਨ ਵਰਗ, ਕਿਸਾਨੀ ਸੰਕਟ ਤੇ ਪੇਂਡੂ ਧਰਾਤਲ ਨੂੰ ਆਧਾਰ ਬਣਾ ਕੇ ਪਲੇਠਾ ਨਾਵਲ, ‘ਹਨ•ੇਰੀ ਰਾਤ ਦੇ ਜੁਗਨੂੰ’ 2011 ਵਿੱਚ ਲੋਕ- ਅਰਪਣ ਕੀਤਾ। 2014 ਵਿੱਚ ਚੇਤਨਾ ਪ੍ਰਕਾਸ਼ਨ ਵੱਲੋਂ ਦੂਜਾ ਨਾਵਲ, ”ਕੇਹੀ ਵਗੇ ਹਵਾ” ਛਾਪਿਆ ਗਿਆ। ਇਸ ਬਹੁ-ਪਰਤੀ ਨਾਵਲ ਰਾਹੀਂ ਅਜ਼ੀਜ਼ ਨੇ ਪੇਂਡੂ ਰੰਗਣ, ਸ਼ਰੀਕੇਬਾਜ਼ੀ, ਕੁਦਰਤੀ ਖੇਤੀ, ਮੁੱਲ ਦੀਆਂ ਔਰਤਾਂ ਦੀ ਪੀੜਾ ਦੇ ਨਾਲ-ਨਾਲ ਕੈਂਸਰ ਅਤੇ ਏਡਜ਼ ਜਿਹੀਆਂ ਭਿਆਨਕ ਅਲਾਮਤਾਂ ਦਾ ਬਾਖ਼ੂਬੀ ਚਿਤਰਣ ਕੀਤਾ। ਲੇਖਕ ਨੇ ਆਪਣੇ ਵਡੇਰਿਆਂ ਦੇ ਮੂੰਹੋਂ ਚੁਰਾਸੀ ਜਾਂ ਸੰਤਾਲੀ ਵਿੱਚ ਹੰਢਾਈ ਪੀੜਾ ਜਾਂ ਦਰਦ ਨੂੰ ਸੁਣਿਆ ਹੀ ਨਹੀਂ ਸਗੋਂ ਮਹਿਸੂਸਿਆ ਵੀ। ਅਮਾਨਵੀ ਵੰਡ ਦੇ ਦਰਦ ਦਾ ਉਸ ਦੇ ਮਨ ਤੇ ਐਨਾ ਗਹਿਰਾ ਅਸਰ ਹੋਇਆ ਕਿ ਉਸ ਨੇ ਨੇੜਲੇ ਪਿੰਡਾਂ ਵਿਚ ਜਾ ਕੇ ਸੰਤਾਲੀ ਦਾ ਸੰਤਾਪ ਭੋਗਣ ਵਾਲੀਆਂ ਧਿਰਾਂ ਅਤੇ ਚਸ਼ਮਦੀਦ ਬਜ਼ੁਰਗਾਂ ਨਾਲ ਲੰਬੀਆਂ ਮੁਲਾਕਾਤਾਂ ਕੀਤੀਆਂ। ਉਨਾਂ ਦੇ ਦਰਦ ਨੂੰ ਆਪਣਾ ਦਰਦ ਸਮਝ ਕੇ ਤੀਸਰੇ ਨਾਵਲ ‘ ਆਪਣੇ ਲੋਕ ‘ – 2018 ਦੀ ਸਿਰਜਣਾ ਕੀਤੀ। ਇਹ ਨਾਵਲ ਇੰਨਾ ਕੁ ਮਕਬੂਲ ਹੋਇਆ ਕਿ ਗੁਰਮੁਖੀ ਦੇ ਨਾਲ-ਨਾਲ ਸ਼ਾਹਮੁਖੀ ਵਿੱਚ ਅਨੁਵਾਦ ਹੀ ਨਹੀਂ ਹੋਇਆ, ਸਗੋਂ ਲਾਹੌਰ ਦੇ ਨਾਮੀਂ ਅਖ਼ਬਾਰ, ‘ਡੇਲੀ ਭੁਲੇਖਾ’ ਵਿੱਚ ਲੜੀਵਾਰ ਛਪਦਾ ਵੀ ਰਿਹਾ ਹੈ। ਮਾਣ ਵਾਲੀ ਗੱਲ ਹੈ ਕਿ ਅਜ਼ੀਜ਼ ਦੇ ਨਾਵਲਾਂ ਨੂੰ ਆਧਾਰ ਬਣਾ ਕੇ ਕੁੱਝ ਸਿਖਿਆਰਥੀ ਐਮ. ਫਿਲ. ਅਤੇ ਪੀ. ਐਚ. ਡੀ. ਕਾਰਜ ਕਰ ਰਹੇ ਹਨ।
ਮੂਲ ਨਾਲ ਜੁੜਿਆ ਲੇਖਕ ਅਜ਼ੀਜ਼ ਆਪਣੇ ਪਰਿਵਾਰ ਨਾਲ ਰਿਉਂਦ ਕਲਾਂ ਵਿਖੇ ਰਹਿ ਕੇ ਸਾਹਿਤ ਸਿਰਜਣਾ ਦਾ ਕਾਰਜ ਬੇਰੋਕ ਅਤੇ ਨਿਰਵਿਘਨ ਕਰ ਰਿਹਾ ਹੈ। ਕਲਾ ਅਧਿਆਪਕ ਵਜੋਂ ਸਰਕਾਰੀ ਸਮਾਰਟ ਸਕੂਲ ਕੁਲਰੀਆਂ ਵਿਖੇ ਤਾਇਨਾਤ ਇਹ ਲੇਖਕ ਰੰਗਾਂ ਦੇ ਨਾਲ-ਨਾਲ ਸ਼ਬਦਾਂ ਨੂੰ ਵੀ ਵੰਡਣ ਦਾ ਕਾਰਜ ਕਰ ਰਿਹਾ ਹੈ। ਅਜ਼ੀਜ਼ ਸਰੋਏ ਤੋਂ ਨਾਵਲ-ਜਗਤ ਨੂੰ ਭਵਿੱਖ ਵਿੱਚ ਹੋਰ ਚੰਗੇ ਨਾਵਲਾਂ ਦੀਆਂ ਅਸੀਮ ਸੰਭਾਵਨਾਵਾਂ ਹਨ। ਮਾਲਕ ਉਸਨੂੰ ਰੰਗਾਂ ਅਤੇ ਸ਼ਬਦਾਂ ਦੀ ਹੋਰ ਵੀ ਬਰਕਤ ਬਖਸ਼ੇ ! ਐਵਾਰਡ ਤੇ ਪੁਰਸਕਾਰ ਉਸ ਦੀਆਂ ਕੋਸ਼ਿਸ਼ਾਂ ਦੀ ਕਦਰ ਪਾਉਣ ਲਈ ਉਸ ਦੀ ਝੋਲ਼ੀ ਦਾ ਸ਼ਿੰਗਾਰ ਬਣਨ ! ਆਮੀਨ !
-ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641
ਸੰਪਰਕ : ਅਜ਼ੀਜ਼ ਸਰੋਏ, 89688-70888