ਸਿਰਮੌਰ ਸਾਹਿਤਕਾਰਾ : ਸਟੇਟ ਅਵਾਰਡੀ ਮੁਟਿਆਰ, ਰੇਣੂ ਕੌਸ਼ਲ

ਸਾਹਿਤਕ, ਸੱਭਿਆਚਾਰਕ ਤੇ ਸਿੱਖਿਅਕ ਖੇਤਰ ਵਿਚ ਹਸੂ-ਹਸੂ ਕਰਦੇ ਚਿਹਰੇ ਵਾਲੀ ਮੁਟਿਆਰ ਰੇਣੂ ਕੌਸ਼ਿਲ ਨੇ ਆਪਣੀ ਮਿਹਨਤ, ਲਗਨ, ਸ਼ੌਂਕ ਤੇ ਦ੍ਰਿੜਤਾ ਨਾਲ ਕੰਮ ਕਰਦਿਆਂ ਆਪਣੀ ਨਿਵੇਕਲੀ ਵਿਲੱਖਣ ਪਛਾਣ ਬਣਾ ਰੱਖੀ ਹੈ। ਆਪਣੇ ਅਧਿਆਪਨ ਦੇ ਪੇਸ਼ੇ ‘ਚ ਪ੍ਰਤੀਬੱਧਤਾ ਨਾਲ, ਇਕ ਤਪੱਸਵੀ ਵਾਂਗ ਤਪੱਸਿਆ ਕਰਦੇ ਹੋਏ ਸਿੱਖਿਆ ਵਿਭਾਗ ਤੋਂ ਸਟੇਟ ਐਵਾਰਡ ਹਾਸਿਲ ਕੀਤਾ ਹੈ, ਉਸਨੇ। ਸਿੱਖਿਆ ਦੇ ਖੇਤਰ ਵਿੱਚ ਜਿੱਥੇ ਉਸ ਦੇ ਕੰਮ ਮੂੰਹ ਚੜ ਬੋਲਦੇ ਹਨ, ਉੱਥੇ ਸਾਹਿਤ ਦੀ ਲੜੀ ਵਿਚ ਵੀ ਵੰਨ-ਸੁਵੰਨੀਆਂ ਰਚਨਾਵਾਂ ਰੂਪੀ ਮਣਕਿਆਂ ਨੂੰ ਸੰਜੀਦਗੀ ਨਾਲ ਪਰੋਣ ਦਾ ਵੀ ਉਸ ਨੂੰ ਬਲ ਹੈ। ਉਹ ਆਪਣੀ ਨਿੱਕੀ ਜਿਹੀ ਗੱਲ ਨਾਲ ਵੀ ਇਕ ਵੱਡਾ ਸੰਦੇਸ਼ ਦੇਣ ਦੀ ਅਲੌਕਿਕ ਸਮਰੱਥਾ ਰੱਖਦੀ ਹੈ। ਕੁਦਰਤ ਦੇ ਅਥਾਹ ਸੁਹੱਪਣ ਵਿਚ ਵਸੇ ਛੋਟੇ ਜਿਹੇ ਕਸਬੇ ਨੰਗਲ ਦੀ ਵਸਨੀਕ ਸ੍ਰੀਮਤੀ ਰੇਣੂ ਕੌਸ਼ਲ ਅੱਜ ਕਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਈ. ਈ. ਨੰਗਲ ਵਿਖੇ ਆਪਣੀ ਅਧਿਆਪਨ ਰੂਪੀ ਸਾਧਨਾ ਵਿਚ ਮਗਨ ਹੈ।
ਇਕ ਮੁਲਾਕਾਤ ਦੌਰਾਨ ਗੱਲ ਕਰਦਿਆਂ ਰੇਣੂ ਨੇ ਦੱਸਿਆ ਕਿ ਉਸ ਨੂੰ ਆਪਣੇ ਮਨ-ਭਾਉਂਦੇ ਅਧਿਆਪਕ ਸ੍ਰੀ ਓਂਕਾਰ ਚੰਦ ਵਾਸੂਦੇਵ ਜੀ ਦੇ ਯਤਨਾਂ ਸਦਕਾ ਲਾਇਬ੍ਰੇਰੀ ‘ਚੋਂ ਸਧਾਰਨ ਗਿਆਨ, ਵਿਗਿਆਨੀਆਂ, ਸਮਾਜਕ ਸੁਧਾਰਕਾਂ ਅਤੇ ਮਹਾਨ ਔਰਤਾਂ ਦੀਆਂ ਜੀਵਨੀਆਂ ਸੰਬੰਧੀ ਕਿਤਾਬਾਂ ਲੈ ਲੈ ਕੇ ਪੜਨ ਦੀ ਚੇਟਕ ਲੱਗ ਗਈ ਸੀ। ਦਸਵੀਂ ਤਕ ਉਸ ਨੇ ਕਹਾਣੀ ਲਿਖਣ ਦੇ ਨਾਲ-ਨਾਲ ਕਵਿਤਾ ਦੀ ਤੁਕ-ਬੰਦੀ ਵੀ ਕਰਨੀ ਸਿੱਖ ਲਈ ਸੀ। ਕਾਲਜ ਸਮੇਂ ਵੀ ਉਹ ਕਹਾਣੀਆਂ ਅਤੇ ਕਵਿਤਾਵਾਂ ਦੀਆਂ ਦਿਲ ਟੁੰਬਵੀਆਂ ਸਤਰਾਂ ਡਾਇਰੀ ‘ਚ ਨੋਟ ਕਰਦਿਆਂ ਡਾਇਰੀ ਲਿਖਣ ਦਾ ਡਾਹਢਾ ਸ਼ੌਂਕ ਪਾਲਦੀ ਰਹੀ।
ਬਤੌਰ ਅਧਿਆਪਕਾ ਸੇਵਾ ਨਿਭਾ ਰਹੀ ਰੇਣੂ ਦੀ ਮੁਲਾਕਾਤ ਫਿਰ ਪੰਜਾਬੀ ਦੇ ਉੱਘੇ ਲੇਖਕ ਅਤੇ ਮਹਾਨ ਗ਼ਜ਼ਲਗੋ ਸ੍ਰ. ਬਲਬੀਰ ਸੈਣੀ, ਸੰਪਾਦਕ, ”ਸੂਲ ਸੂਰਾਹੀ” ਜੀ ਨਾਲ ਹੋਈ, ਜਿਨਾਂ ਨੇ ਲੇਖਿਕਾ ਦਾ ਲੇਖ, ”ਬੱਚਿਆਂ ਦਾ ਸਵਰਗ” ”ਸੂਲ ਸੂਰਾਹੀ ਪਤ੍ਰਿਕਾ” ਵਿਚ ਛਾਪਿਆ। ਫਿਰ, ਬਾਅਦ ਵਿਚ ਸੈਣੀ ਸਾਹਿਬ ਤੋਂ ਹੀ ਉਸ ਨੇ ਕਵਿਤਾ, ਗੀਤ ਅਤੇ ਵਾਰਤਕ ਦੀਆਂ ਬਾਰੀਕੀਆਂ ਸਿੱਖਣੀਆਂ-ਸਮਝਣੀਆਂ ਸ਼ੁਰੂ ਕੀਤੀਆਂ। ਉਨਾਂ ਦੀ ਯੋਗ ਅਗਵਾਈ ‘ਚ ਹੀ ਉਹ ਲਿਖਣ ਅਤੇ ਅੱਡ-ਅੱਡ ਅਖਬਾਰਾਂ ‘ਚ ਛਪਣਾ ਸ਼ੁਰੂ ਹੋਈ। 2008 ਵਿਚ ਲੇਖਿਕਾ, ”ਆਰਟ ਓਫ ਲਿਵਿੰਗ” ਸੰਸਥਾ ਨਾਲ ਜੁੜੀ, ਜਿਸ ਦੇ ਸੰਸਥਾਪਕ ਸ੍ਰੀ ਰਵੀ ਸ਼ੰਕਰ ਜੀ ਹਨ। ਇੱਥੇ ਆਣ ਕੇ ਉਹ, ”ਜ਼ਿੰਦਗੀ ਜਿਉਣ ਦੀ ਕਲਾ” ਦੀ ਅਧਿਆਪਕਾ ਬਣ ਕੇ ਸਮਾਜ ‘ਚ ਵਿਚਰਦੇ ਲੋਕਾਂ ਨੂੰ ਤਣਾਓ-ਰਹਿਤ, ਆਨੰਦ ਭਰਪੂਰ ਜ਼ਿੰਦਗੀ ਜਿਉਣ ਦੇ ਗੁਰ ਸਿਖਾਉਣ ਲੱਗੀ। ਰੇਣੂ ਦੀ ਜਲਦੀ ਹੀ ਆ ਰਹੀ ਪੁਸਤਕ ਵਿਚੋਂ ਰਚਨਾ, ”ਪਿਆਰ ਦੀ ਖੁਸ਼ਬੋ” ਦੀਆਂ ਦੋ ਸਤਰਾਂ ਦੇਖੋ-
”ਤੇਰਾ ਪਿਆਰ ਵੰਡੇ ਖੁਸ਼ਬੋਆਂ,
ਮੇਰੀ ਜਿੰਦੜੀ ਮਹਿਕਣ ਲੱਗੀ।
ਅੰਬੀਆਂ ਦੀ ਡਾਲੀ ਤੇ ਬਹਿ,
ਜਿਉਂ ਮੈਨਾ ਚਹਿਕਣ ਲੱਗੀ।

ਚੂਲੀ ਭਰ ਤੇਰੇ ਦਰਸ਼ਨ ਦੀ,
ਗਟ ਗਟ ਕੇ ਮੈਂ ਪੀ ਜਾਵਾਂ।
ਤੇਰੀ ਪ੍ਰੀਤ ਦੇ ਸੋਹਣੇ ਸੋਹਲੇ,
ਮੈਂ ਉੱਠਦੀ ਬਹਿੰਦੀ ਗਾਵਾਂ।
ਤੱਕ ਮੁਖੜਾ ਚੰਨ ਦਾ ਟੁਕੜਾ,
ਇਹ ਫਿਜ਼ਾ ਵੀ ਬਹਿਕਣ ਲੱਗੀ।”
ਸਿੱਖਿਆਦਾਇਕ ਸਾਹਿਤ ਦੀ ਧਨੀ, ਸਮਾਜ ਲਈ ਆਦਰਸ਼ ਮੁਨਾਰਾ ਬਣੀ ਅਧਿਆਪਕਾ ਤੇ ਸਮਾਜ-ਸੇਵਿਕਾ ਮੁਟਿਆਰ ਰੇਣੂ ਕੌਸ਼ਲ ਦੇ ਆਪਣੇ ਸੁਚੱਜੇ ਕੰਮਾਂ ਅਤੇ ਕੋਸ਼ਿਸ਼ਾਂ ਨੂੰ ਭਰਵਾਂ ਬੂਰ ਪਵੇ ! ਉਸ ਦੇ ਹੱਥਾਂ ‘ਚ ਨੈਸ਼ਨਲ ਐਵਾਰਡ ਵਰਗੇ ਸਨਮਾਨ ਵੇਖਣ ਨੂੰ ਮਿਲਣ, ਦਿਲੀ ਦੁਆਵਾਂ ਤੇ ਇੱਛਾਵਾਂ ਹਨ, ਮੇਰੀਆਂ!
-ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641
ਸੰਪਰਕ : ਰੇਣੂ ਕੌਸ਼ਲ (ਸਟੇਟ ਅਵਾਰਡੀ), (9876877607)

Leave a Reply

Your email address will not be published. Required fields are marked *